ਵਧਦੀ ਮਹਿੰਗਾਈ ਅਤੇ ਸਰਕਾਰਾਂ ਦੀ ਕਮਜ਼ੋਰ ਇੱਛਾ ਸ਼ਕਤੀ ਹੋਣ ਕਾਰਨ ਆਮ ਲੋਕਾਂ ਦੀ ਪਹੁੰਚ ਤੋਂ ਲਾਜ਼ਮੀ ਸਹੂਲਤਾਂ ਦੂਰ ਹੋ ਰਹੀਆਂ ਹਨ ਦੇਸ਼ ਦੀ ਵੱਡੀ ਅਬਾਦੀ ਦਾ ਜੀਵਨ ਨਿਰਬਾਹ ਔਖਾ ਹੋ ਗਿਆ ਹੈ ਜ਼ਿੰਦਗੀ ਜਿਉਣ ਦੇ ਬਦਲਦੇ ਢੰਗ ਅਤੇ ਨਾਮੁਰਾਦ ਬੀਮਾਰੀਆਂ ਦੀ ਆਮਦ ਨੇ ਲੋਕਾਂ ਨੂੰ ਤੰਦਰੁਸਤ ਰਹਿਣ ਦੀ ਚੁਣੌਤੀ ਦਿੱਤੀ ਹੈ ਸਾਡੇ ਦੇਸ਼ ਅੰਦਰ ਪ੍ਰਤੀ ਵਿਅਕਤੀ ਸਿਹਤ ਖਰਚ ਦੂਜੇ ਦੇਸ਼ਾਂ ਦੇ ਮੁਕਾਬਲੇ ਮਾਮੂਲੀ ਹੈ ਦੇਸ਼ ਦੀ ਦੋ ਤਿਹਾਈ ਅਬਾਦੀ ਪੀਣ ਵਾਲੇ ਸਾਫ ਪਾਣੀ ਤੋਂ ਵਾਂਝੀ ਹੈ ਅਤੇ ਪੰਜਾਬ ਸੂਬੇ ਵਿੱਚ ਵੀ ਲੋਕ ਦੂਸ਼ਿਤ ਪਾਣੀ ਪੀਣ ਲਈ ਮਜ਼ਬੂਰ ਹਨ ਜਿਸ ਕਰਕੇ ਇੱਥੇ ਕੈਂਸਰ, ਕਾਲਾ ਪੀਲੀਆ ਅਤੇ ਹੋਰ ਖਤਰਨਾਕ ਬੀਮਾਰੀਆਂ ਨੇ ਲੋਕਾਂ ਨੂੰ ਆਪਣੀ ਜਕੜ ‘ਚ ਲੈ ਲਿਆ ਹੈ। (Health)
ਨਸ਼ਿਆਂ ਦੇ ਕੋਹੜ ਨੇ ਪੰਜਾਬ ਦੀ ਜਵਾਨੀ ਨੂੰ ਨਾਗਵਲ਼ ਪਾਇਆ ਹੋਇਆ ਹੈ ਸੂਬੇ ਦਾ ਮਾਲਵਾ ਖੇਤਰ ਜੋ ਕਪਾਹ ਪੱਟੀ ਨਾਲ ਮਸ਼ਹੂਰ ਸੀ, ਹੁਣ ਕੈਂਸਰ ਪੱਟੀ ਦੇ ਨਾਂਅ ਨਾਲ ਜਾਣਿਆ ਜਾਂਦਾ ਹੈ ਬਠਿੰਡਾ, ਮਾਨਸਾ, ਸ੍ਰੀ ਮੁਕਤਸਰ ਸਾਹਿਬ ਅਤੇ ਨਾਲ ਲੱਗਦੇ ਇਲਾਕਿਆਂ ‘ਚ ਕੈਂਸਰ ਅਤੇ ਕਾਲੇ ਪੀਲੀਏ ਨੇ ਕਹਿਰ ਮਚਾਇਆ ਹੋਇਆ ਹੈ ਕੈਂਸਰ ਦੇ ਇਲਾਜ ਲਈ ਲੋਕ ਦੂਜੇ ਸੂਬਿਆਂ ‘ਚ ਜਾਣ ਲਈ ਬੇਵੱਸ ਹਨ ਬਠਿੰਡਾ ਤੋਂ ਬੀਕਾਨੇਰ ਜਾਂਦੀ ਰੇਲਗੱਡੀ ਕੈਂਸਰ ਟਰੇਨ ਦੇ ਨਾਂਅ ਨਾਲ ਮਸ਼ਹੂਰ ਹੈ।
ਸੰਨ 2014 ਵਿੱਚ ਸੂਬੇ ਦੇ ਸਿਹਤ ਵਿਭਾਗ ਦੁਆਰਾ ਕੀਤੇ ਸਰਵੇਖਣ ਵਿੱਚ 265000 ਲੋਕਾਂ ਦੀ ਜਾਂਚ ਕੀਤੀ ਗਈ ਜਿਨ੍ਹਾਂ ‘ਚੋਂ 24000 ਲੋਕ ਕੈਂਸਰ ਪੀੜਤ ਸਨ ਅਤੇ 84453 ਲੋਕਾਂ ਨੂੰ ਕੈਂਸਰ ਦੇ ਸ਼ੱਕੀ ਮਰੀਜਾਂ ਵਜੋਂ ਰੱਖਿਆ ਗਿਆ ਸੀ ਇਹ ਖੇਤਰ ਕੈਂਸਰ ਤੋਂ ਬੁਰੀ ਤਰ੍ਹਾਂ ਪ੍ਰਭਾਵਿਤ ਹੈ ਇੱਥੇ ਕੈਂਸਰ ਦੇ ਮਰੀਜ਼ਾਂ ਦਾ ਅਨੁਪਾਤ 107:100000 ਹੈ ਜਦਕਿ ਕੌਮੀ ਪੱਧਰ ‘ਤੇ ਇਹ ਅਨੁਪਾਤ 80:100000 ਹੈ (Health)
ਆਮ ਲੋਕਾਂ ਤੋਂ ਜਨਤਕ ਸਿਹਤ ਸਹੂਲਤਾਂ ਦੂਰ
ਸੂਬੇ ਦੇ ਨਾਲ ਪੂਰੇ ਦੇਸ਼ ਦੇ ਜਨਤਕ ਸਿਹਤ ਖੇਤਰ ਦੀ ਹਾਲਤ ਪਤਲੀ ਹੈ ਸਰਕਾਰਾਂ ਸਿਹਤ ਸਹੂਲਤਾਂ ਦਾ ਜਿੰਮਾ ਨਿੱਜੀ ਅਤੇ ਕਾਰਪੋਰੇਟ ਖੇਤਰਾਂ ਨੂੰ ਦੇ ਕੇ ਤਮਾਸ਼ਬੀਨ ਬਣ ਕੇ ਤਮਾਸ਼ਾ ਦੇਖਣ ਤੱਕ ਸੀਮਤ ਹਨ ਉਨ੍ਹਾਂ ਦੇ ਹਿੱਤਾਂ ਦੀ ਰਾਖੀ ਲਈ ਤਾਂ ਸਰਕਾਰਾਂ ਵਚਨਬੱਧ ਹਨ ਪਰ ਆਮ ਜਨਤਾ ਦੇ ਹੱਕਾਂ ਦੀ ਚਿੰਤਾ ਕਿਸੇ ਨੂੰ ਵੀ ਨਹੀਂ ਹੈ ਆਮ ਲੋਕਾਂ ਤੋਂ ਜਨਤਕ ਸਿਹਤ ਸਹੂਲਤਾਂ ਦੂਰ ਜਾ ਰਹੀਆਂ ਹਨ ਤੇ ਲੋਕ ਨਿੱਜੀ ਖੇਤਰ ਦੀਆਂ ਮਹਿੰਗੀਆਂ ਸਿਹਤ ਸਹੂਲਤਾਂ ਲੈਣ ਲਈ ਮਜ਼ਬੂਰ ਹਨ ਜਿਸ ਕਾਰਨ ਕਰਜਿਆਂ ਦਾ ਬੋਝ ਵਧਣਾ ਲਾਜ਼ਮੀ ਹੈ ਇਹ ਵਰਤਾਰਾ ਸਰਕਾਰ ਦੇ ਚੰਗੀਆਂ ਸਿਹਤ ਸਹੂਲਤਾਂ ਦੇਣ ਦੇ ਦਾਅਵਿਆਂ ਦੀ ਪੋਲ ਖੋਲ੍ਹਦਾ ਹੈ ਸਿਹਤ ਵਿਭਾਗ ਅਕਸਰ ਹੀ ਅਣਗਹਿਲੀਆਂ ਕਰਕੇ ਚਰਚਾ ‘ਚ ਰਹਿੰਦਾ ਹੈ।
ਮੁਲਕ ਦੀ 60 ਫੀਸਦੀ ਅਬਾਦੀ ਪੇਂਡੂ ਇਲਾਕਿਆਂ ‘ਚ ਵਸਦੀ ਹੈ ਜੋ ਸਿਹਤ ਸਹੂਲਤਾਂ ਦੀ ਮਾਰ ਹੇਠ ਹਨ ਸਿਹਤ ਸਹੂਲਤਾਂ ਲਈ ਲੋਕ ਪਿੰਡਾਂ ‘ਚ ਪ੍ਰੈਕਟਿਸ ਕਰਦੇ ਯੂ ਆਰ ਐਮ ਪੀ ਡਾਕਟਰਾਂ (ਅਣਰਜਿਸਟਰਡ ਮੈਡੀਕਲ ਪ੍ਰੈਕਟੀਸ਼ਨਰ) ‘ਤੇ ਨਿਰਭਰ ਹਨ ਇਨ੍ਹਾਂ ਖੇਤਰਾਂ ਵਿੱਚ ਸਿਹਤ ਸਹੂਲਤਾਂ ਇਨ੍ਹਾਂ ਡਾਕਟਰਾਂ ਦੇ ਸਿਰ ‘ਤੇ ਹੀ ਚੱਲ ਰਹੀਆਂ ਹਨ ਪਰ ਇਨ੍ਹਾਂ ਡਾਕਟਰਾਂ ਦੇ ਉਜਾੜੇ ਲਈ ਸਿਹਤ ਵਿਭਾਗ ਅਤੇ ਸਰਕਾਰਾਂ ਪੱਬਾਂ ਭਾਰ ਹਨ ਹਕੀਕਤ ‘ਚ ਇਹ ਦਿਨ-ਰਾਤ ਲੋਕਾਂ ਨੂੰ ਸਿਹਤ ਸੇਵਾਵਾਂ ਦੇਣ ਲਈ ਤੱਤਪਰ ਹਨ ਸਿੱਕੇ ਦੋ ਪਹਿਲੂਆਂ ਵਾਂਗ ਕਈ ਜਗ੍ਹਾ ਇਨ੍ਹਾਂ ਡਾਕਟਰਾਂ ਦੇ ਨਾਕਾਰਤਮਿਕ ਪੱਖ ਵੀ ਉਜਾਗਰ ਹੋਏ ਹਨ।
ਜਨਤਕ ਸਿਹਤ ਸਹੂਲਤਾਂ ‘ਚ ਕ੍ਰਾਂਤੀ
ਪਰ ਫਿਰ ਵੀ ਸਿਹਤ ਸੇਵਾਵਾਂ ‘ਚ ਬਣਦੇ ਇਨ੍ਹਾਂ ਦੇ ਯੋਗਦਾਨ ਤੋਂ ਮੁਨਕਰ ਨਹੀਂ ਹੋਇਆ ਜਾਂ ਸਕਦਾ ਸਰਕਾਰਾਂ ਜੇਕਰ ਚਾਹੁਣ ਤਾਂ ਇਨ੍ਹਾਂ ਪੇਂਡੂ ਡਾਕਟਰਾਂ ਲਈ ਕਿਸੇ ਟ੍ਰੇਨਿੰਗ ਆਦਿ ਦਾ ਪ੍ਰਬੰਧ ਕਰਕੇ ਇਨ੍ਹਾਂ ਨੂੰ ਰਜਿਸਟਰਡ ਕਰਨ ਦੀ ਤਜਵੀਜ਼ ‘ਤੇ ਗੌਰ ਕੀਤਾ ਜਾ ਸਕਦਾ ਹੈ ਇਸ ਨਾਲ ਰੁਜ਼ਗਾਰ ਦੇ ਮੌਕੇ ਵਧਣਗੇ ਅਤੇ ਸਿਹਤ ਸਹੂਲਤਾਂ ‘ਚ ਵੀ ਵਾਧਾ ਹੋਵੇਗਾ ਜੇਕਰ ਸਿਹਤ ਵਿਭਾਗ ਇਨ੍ਹਾਂ ਨੂੰ ਆਪਣੇ ਨਾਲ ਮਿਲ ਕੇ ਕੰਮ ਕਰਨ ਦਾ ਸੱਦਾ ਦਿੰਦਾ ਹੈ ਤਾਂ ਲਾਜ਼ਮੀ ਹੀ ਜਨਤਕ ਸਿਹਤ ਸਹੂਲਤਾਂ ‘ਚ ਕ੍ਰਾਂਤੀ ਆ ਸਕਦੀ ਹੈ ਨਹੀਂ ਤਾਂ ਕਮਿਸ਼ਨ ਦੀ ਚਾਟ ਨੇ ਇਸ ਕਿੱਤੇ ਨੂੰ ਦੱਬ ਰੱਖਿਆ ਹੈ, ਜਿੱਥੇ ਪ੍ਰਵਾਨਿਤ ਡਾਕਟਰ ਖਾਸ ਕਰਕੇ ਨਿੱਜੀ ਸਿਹਤ ਸੰਸਥਾਵਾਂ ਦੇ ਡਾਕਟਰਾਂ ਦੀ ਆਰ.ਐਮ.ਪੀ ਡਾਕਟਰਾਂ ਅਤੇ ਨਾਮੀ ਦਵਾਈ ਨਿਰਮਾਤਾ ਕੰਪਨੀਆਂ ਨਾਲ ਗੰਢਤੁਪ ਲੋਕਾਂ ਲਈ ਮਾਰੂ ਸਾਬਤ ਹੋ ਰਹੀ ਹੈ।
ਡਾਕਟਰ ਭਾਈਚਾਰੇ ਦੇ ਅਕਸ ਨੂੰ ਡੂੰਘੀ ਸੱਟ
ਇਹ ਪੇਂਡੂ ਡਾਕਟਰ ਪਿੰਡਾਂ ਵਾਲਿਆਂ ਦੇ ਦੁੱਖ-ਸੁਖ ਦੇ ਭਾਈਵਾਲ ਹੁੰਦੇ ਹਨ ਅਤੇ ਔਖੀ ਘੜੀ ‘ਚ ਹਰ ਬਣਦੀ ਮੱਦਦ ਕਰਦੇ ਹਨ ਅਕਸਰ ਹੀ ਇਹ ਉਧਾਰ ਅਤੇ ਕਈ ਵਾਰ ਲੋੜਵੰਦਾਂ ਨੂੰ ਮੁਫ਼ਤ ਦਵਾਈ ਤੱਕ ਦਿੰਦੇ ਹਨ ਰਾਤ ਨੂੰ ਲੋਕ ਇਨ੍ਹਾਂ ਦਾ ਹੀ ਦਰਵਾਜਾ ਖੜਕਾਉਂਦੇ ਹਨ ਅਤੇ ਇਹ ਮੱਥੇ ਵੱਟ ਪਾਏ ਬਿਨਾਂ ਹੀ ਦਵਾਈ ਦੇਣ ਲਈ ਮਰੀਜ਼ ਦੇ ਘਰ ਤੱਕ ਪਹੁੰਚ ਕਰਦੇ ਹਨ ਉਹ ਵੀ ਮਾਮੂਲੀ ਫੀਸ ਲੈਂਦੇ ਹਨ ਕੁਝ ਕੁ ਇਨ੍ਹਾਂ ਡਾਕਟਰਾਂ ਦਾ ਨਸ਼ੀਲੀਆਂ ਦਵਾਈਆਂ ਵੇਚਣ ‘ਚ ਨਾਂਅ ਆਉਣ ਕਾਰਨ ਪੂਰੇ ਇਸ ਡਾਕਟਰ ਭਾਈਚਾਰੇ ਦੇ ਅਕਸ ਨੂੰ ਡੂੰਘੀ ਸੱਟ ਮਾਰੀ ਹੈ ਜੇਕਰ ਦੇਖਿਆ ਜਾਵੇ ਤਾਂ ਪ੍ਰਵਾਨਿਤ ਡਾਕਟਰ ਵੀ ਅਣਗਹਿਲੀਆਂ ਕਰਦੇ ਹਨ ਮਾਨਵ ਅੰਗਾਂ ਦੀ ਤਸਕਰੀ ‘ਚ ਡਿਗਰੀਧਾਰੀ ਡਾਕਟਰਾਂ ਦਾ ਨਾਂਅ ਸ਼ੁਮਾਰ ਹੈ ਤਾਂ ਸਾਰਾ ਦੋਸ਼ ਫਿਰ ਇਨ੍ਹਾਂ ਦਾ ਹੀ ਕਿਉਂ? Health
ਹੋਣਾ ਤਾਂ ਇਹ ਚਾਹੀਦਾ ਹੈ ਕਿ ਇਨ੍ਹਾਂ ਸਾਰਿਆਂ ‘ਤੇ ਨਜ਼ਰਸਾਨੀ ਲਈ ਕਮੇਟੀ ਗਠਿਤ ਹੋਵੇ ਪਰ ਨਜ਼ਰਸਾਨੀ ਦੀ ਆੜ ਹੇਠ ਇਨ੍ਹਾਂ ਨੂੰ ਪਰੇਸ਼ਾਨ ਕਤਈ ਨਾ ਕੀਤਾ ਜਾਵੇ, ਜੋ ਅੱਜ ਕੱਲ੍ਹ ਧੜੱਲੇ ਨਾਲ ਕੀਤਾ ਜਾ ਰਿਹਾ ਹੈ ਸਿਹਤ ਵਿਭਾਗ ਇਨ੍ਹਾਂ ਦੀ ਯੋਗਤਾ ਪਰਖਣ ਲਈ ਕੁਝ ਮਾਪਦੰਡ ਰੱਖ ਸਕਦਾ ਹੈ ਜੋ ਉਸਨੂੰ ਪੂਰਾ ਕਰੇ ਉਸਨੂੰ ਹੀ ਸੀਮਤ ਦਵਾਈਆਂ ਨਾਲ ਪ੍ਰੈਕਟਿਸ ਕਰਨ ਦੀ ਇਜਾਜ਼ਤ ਦੇਵੇ। Health
ਅਲਾਦੀਨ ਦਾ ਚਿਰਾਗ
ਇੱਕ ਅੰਦਾਜ਼ੇ ਮੁਤਾਬਕ ਪੰਜਾਬ ਸੂਬੇ ‘ਚ ਪੌਣੇ ਚਾਰ ਲੱਖ ਪੇਂਡੂ ਡਾਕਟਰ ਹਨ ਜੋ ਸਿਹਤ ਸਹੂਲਤਾਂ ‘ਚ ਬਣਦਾ ਯੋਗਦਾਨ ਦੇ ਰਹੇ ਹਨ ਜੇਕਰ ਇਨ੍ਹਾਂ ਦੀ ਪ੍ਰੈਕਟਿਸ ਰੋਕ ਦਿੱਤੀ ਜਾਂਦੀ ਹੈ ਤਾਂ ਇਨ੍ਹਾਂ ਲੋਕਾਂ ਦੇ ਰੁਜ਼ਗਾਰ ਦਾ ਪ੍ਰਬੰਧ ਕੌਣ ਕਰੇਗਾ ਜੋ ਲੋਕ ਇਨ੍ਹਾਂ ਦੇ ਉਜਾੜੇ ਲਈ ਤਰਲੋਮੱਛੀ ਹੋ ਰਹੇ ਹਨ, ਉਹ ਇਨ੍ਹਾਂ ਦੇ ਚੁੱਲ੍ਹੇ ਬਾਲਣ ਲਈ ਕਿਹੜਾ ਅਲਾਦੀਨ ਦਾ ਚਿਰਾਗ ਰਗੜਣਗੇ ਇਹ ਜੱਗ ਜਾਹਿਰ ਹੈ ਸੂਬੇ ਦੀ ਜਵਾਨੀ ਬੇਰੁਜ਼ਗਾਰੀ ਨਾਲ ਦੋ ਚਾਰ ਹੋ ਰਹੀ ਹੈ ਜੇਕਰ ਇੰਨੀ ਵੱਡੀ ਗਿਣਤੀ ‘ਚ ਲੋਕਾਂ ਨੂੰ ਬੇਰੁਜ਼ਗਾਰ ਕੀਤਾ ਜਾਵੇਗਾ ਤਾਂ ਬੇਚੈਨੀ ਦਾ ਆਲਮ ਤਾਂ ਵਧੇਗਾ ਹੀ ਨਾਲ ਹੀ ਗਰੀਬ ਲੋਕਾਂ ਲਈ ਵੀ ਮੁਸ਼ਕਲਾਂ ਦੇ ਪਹਾੜ ਖੜ੍ਹੇ ਹੋ ਸਕਦੇ ਹਨ।
ਮੁਕਦੀ ਗੱਲ ਸਿੱਕੇ ਦੇ ਦੋ ਪਹਿਲੂਆਂ ਵਾਂਗ ਇਨ੍ਹਾਂ ਦੇ ਨਾਕਾਰਾਤਮਕ ਪੱਖ ਘੋਖਣ ਦੀ ਬਜਾਏ ਇਨ੍ਹਾਂ ਦੇ ਸਾਕਾਰਾਤਮਕ ਪੱਖ ਨੂੰ ਵੀ ਵਾਚਣ ਦੀ ਲੋੜ ਹੈ ਨਿਰਸੰਦੇਹ ਜਾਂਚ ਪੜਤਾਲ ਜਰੂਰ ਹੋਵੇ, ਉਹ ਡਿਗਰੀ ਪ੍ਰਾਪਤ ਲੋਕਾਂ ਦੀ ਵੀ ਹੋਵੇ, ਜੋ ਦੋਸ਼ੀ ਪਾਇਆ ਜਾਵੇ ਉਸ ਲਈ ਸਖ਼ਤ ਸਜ਼ਾ ਦਾ ਅਮਲ ਲਾਜ਼ਮੀ ਹੈ ਤਿੰਨ ਦਹਾਕੇ ਪਹਿਲਾਂ ਮਾਤਰ ਸਿਖਲਾਈ ਪ੍ਰਾਪਤ ਲੋਕਾਂ ਨੂੰ ਸਿਹਤ ਵਿਭਾਗ ਰਜਿਸਟ੍ਰੇਸ਼ਨ ਦੇ ਦਿੰਦਾ ਸੀ ਉਨ੍ਹਾਂ ‘ਚੋਂ ਅੱਜ ਵੀ ਕਾਫੀ ਲੋਕ ਬੇਰੋਕ ਆਪਣੀ ਪ੍ਰੈਕਟਿਸ ਕਰ ਰਹੇ ਹਨ ਉਸੇ ਤਰਜ਼ ‘ਤੇ ਹੁਣ ਵੀ ਇਸਨੂੰ ਅਮਲ ‘ਚ ਲਿਆਂਦਾ ਜਾ ਸਕਦਾ ਹੈ ਕਿਉਂਕਿ ਦੇਸ਼ ਅਜੇ ਵੀ ਡਾਕਟਰਾਂ, ਪੈਰਾ ਮੈਡੀਕਲ ਕਾਮਿਆਂ ਦੀ ਕਮੀ ਦੀ ਮਾਰ ਹੇਠਾਂ ਹੈ ਇਸ ਸਮੇਂ ਇਹੀ ਡਾਕਟਰ ਉਨ੍ਹਾਂ ਦਾ ਪ੍ਰਤੀਰੂਪ ਹੋ ਨਿੱਬੜਣਗੇ ਨੀਮ ਹਕੀਮਾਂ ਪ੍ਰਤੀ ਜਿੰਨਾ ਸਖ਼ਤ ਹੋਣ ਦੀ ਲੋੜ ਹੈ, ਉਸ ਤੋਂ ਜ਼ਿਆਦਾ ਸਹੀ ਕੰਮ ਕਰਨ ਵਾਲਿਆਂ ਪ੍ਰਤੀ ਨਰਮ ਹੋਕੇ ਉਨ੍ਹਾਂ ਨੂੰ ਸਿਹਤ ਵਿਭਾਗ ਨਾਲ ਜੋੜਨ ਦੀ ਲੋੜ ਹੈ ਤਾਂ ਜੋ ਲੋਕ ਸਿਹਤ ਸਹੂਲਤਾਂ ਤੋਂ ਵਾਂਝੇ ਨਾ ਹੋਣ।