ਜੇਲ ਅੰਦਰ ਮੋਬਾਈਲ ਵਰਤੋਂ ਕਰਨ ‘ਤੇ ਸਖਤੀ ਕੀਤੀ ਤਾਹੀਂ ਝੂਠੇ ਇਲਜ਼ਾਮ ਲਾਏ ਜਾ ਰਹੇ ਹਨ : ਜੇਲ ਸੁਪਰਡੈਂਟ
ਰੂਪਨਗਰ। ਪੰਜਾਬ ਦੀਆਂ ਜੇਲਾਂ ਆਏ ਦਿਨ ਵਿਵਾਦਾਂ ‘ਚ ਰਹਿੰਦੀਆਂ ਹਨ। ਕਈ ਵਾਰੀ ਸੁਰਖੀਆਂ ‘ਚ ਰਹਿਣ ਵਾਲੀ ਰੂਪਨਗਰ ਜੇਲ ਇੱਕ ਵਾਰੀ ਫਿਰ ਵਿਵਾਦਾਂ ਦੇ ਘੇਰੇ ‘ਚ ਆ ਗਈ ਹੈ। ਰੂਪਨਗਰ ਜੇਲ ‘ਚੋਂ ਲਾਈਵ ਹੋ ਕੇ ਕੈਦੀ ਵੱਲੋਂ ਜੇਲ ਪ੍ਰਸ਼ਾਸਨ ਦੀ ਪੋਲ ਖੋਲ੍ਹਣ ਦਾ ਮਾਮਲਾ ਸਾਹਮਣੇ ਆਇਆ ਹੈ। ਰੂਪਨਗਰ ਜੇਲ ‘ਚੋਂ ਇਕ ਕੈਦੀ ਦੀ ਵੀਡੀਓ ਵਾਇਰਲ ਹੋਈ ਹੈ, ਜਿਸ ‘ਚ ਕੈਦੀ ਆਪਣਾ ਨਾਂਅ ਮਨੋਜ ਦੱਸ ਰਿਹਾ ਹੈ। ਵੀਡੀਓ ‘ਚ ਕੈਦੀ ਵੱਲੋਂ ਜੇਲ ਪ੍ਰਸ਼ਾਸਨ ਖਿਲਾਫ ਵੱਡੇ ਦੋਸ਼ ਲਗਾਏ ਗਏ ਹਨ।
ਕੈਦੀ ਨੇ ਦੋਸ਼ ਲਗਾਉਂਦਿਆਂ ਕਿਹਾ ਕਿ ਜੇਲ ਸੁਪਰਡੈਂਟ ਅਤੇ ਜੇਲ ਦੇ ਅਧਿਕਾਰੀ ਉਸ ਨੂੰ ਜਬਰਨ ਜੇਲ ਦੇ ਅੰਦਰ ਨਸ਼ਾ ਤਸਕਰੀ ਅਤੇ ਮੋਬਾਇਲ ਵੇਚਣ ਲਈ ਮਜਬੂਰ ਕਰ ਰਹੇ ਹਨ। ਇਹ ਹੀ ਨਹੀਂ ਉਸ ਨੇ ਦੋਸ਼ ਲਾਇਆ ਕਿ ਅਧਿਕਾਰੀਆਂ ਵੱਲੋਂ ਪੈਸਿਆਂ ਦੀ ਵੀ ਮੰਗ ਕੀਤੀ ਜਾਂਦੀ ਹੈ। ਕੈਦੀ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਰੂਪਨਗਰ ਜੇਲ ਪ੍ਰਸ਼ਾਸਨ ਦੇ ਉੱਪਰ ਵੱਡੇ ਸਵਾਲ ਉੱਠਣੇ ਸ਼ੁਰੂ ਹੋ ਗਏ ਹਨ।
ਦੂਜੇ ਪਾਸੇ ਜੇਲ ਪ੍ਰਸ਼ਾਸਨ ਨੇ ਲੱਗੇ ਰਹੇ ਦੋਸ਼ਾਂ ਨੂੰ ਸਿਰੇ ਤੋਂ ਨਕਾਰਿਆ ਹੈ। ਰੂਪਨਗਰ ਜੇਲ ਦੇ ਸੁਪਰਡੈਂਟ ਜਸਵੰਤ ਸਿੰਘ ਥਿੰਡ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਨ੍ਹਾਂ ਨੂੰ ਜੇਲ ‘ਚ ਸ਼ਿਫਟ ਹੋਏ 15 ਦਿਨ ਹੋਏ ਹਨ, ਜਿਸ ਕਾਰਨ ਉਨ੍ਹਾਂ ਨੇ ਜੇਲ ਦੇ ਅੰਦਰ ਮੋਬਾਇਲ ਦੀ ਵਰਤੋਂ ਕਰ ਰਹੇ ਤਿੰਨ ਹੋਰ ਕੈਦੀਆਂ ‘ਤੇ ਸਖਤੀ ਕੀਤੀ ਸੀ, ਇਸ ਕਰਕੇ ਇਸ ਕੈਦੀ ਨੇ ਉਨ੍ਹਾਂ ‘ਤੇ ਝੂਠੇ ਇਲਜ਼ਾਮ ਲਗਾਉਂਦੇ ਹੋਏ ਵੀਡੀਓ ਵਾਇਰਲ ਕੀਤੀ ਹੈ। ਜੇਲ ਸੁਪਰਡੈਂਟ ਨੇ ਦੱਸਿਆ ਕਿ ਵੀਡੀਓ ਵਾਇਰਲ ਕਰਨ ਵਾਲੇ ਕੈਦੀ ਖਿਲਾਫ ਸਿਟੀ ਰੂਪਨਗਰ ‘ਚ ਐੱਫ. ਆਰ. ਆਈ. ਦਰਜ ਕਰਵਾ ਦਿੱਤੀ ਹੈ, ਜਿਸ ਦੀ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।