ਸਫ਼ਲਤਾ ਦਾ ਰਾਜ: ਦ੍ਰਿੜ ਇਰਾਦਾ ਤੇ ਸਖ਼ਤ ਮਿਹਨਤ

ਦੂਜਿਆਂ ਲਈ ਪ੍ਰਾਰਥਨਾ ਕਰਨਾ ਵੀ  ਭਗਤੀ ਹੈ। ਸਰਬੱਤ ਦਾ ਭਲਾ ਮੰਗਦੇ ਰਹਿਣ ਵਾਲਿਆਂ ਦਾ ਹੀ ਭਲਾ ਹੁੰਦਾ ਹੈ। ਕੋਈ ਵੀ ਕੰਮ ਕਰਨ ਤੋਂ ਪਹਿਲਾਂ ਇਹ ਸੋਚੋ, ਇਸ ਨਾਲ ਦੂਜਿਆਂ ਦਾ ਕੋਈ ਨੁਕਸਾਨ ਤਾਂ ਨਹੀਂ ਹੁੰਦਾ। ਨਿੱਜੀ ਮੁਫ਼ਾਦਾਂ ਲਈ ਕੋਈ ਅਜਿਹਾ ਕੰਮ ਨਾ ਕਰੋ, ਜਿਸ ਨਾਲ ਤੁਹਾਡੀ ਆਤਮਾ ਸ਼ਰਮਸਾਰ ਹੋਵੇ । ਕੁਦਰਤ ਦੇ ਰਹੱਸਾਂ ਨੂੰ ਸਮਝੋ। ਹਵਾ ਸਾਰਿਆਂ ਲਈ ਵਗਦੀ ਹੈ। ਸੂਰਜ-ਚੰਦਰਮਾ, ਤਾਰੇ ਕਿਸੇ ਨਾਲ ਭੇਦ-ਭਾਵ ਨਹੀਂ ਕਰਦੇ। ਰੁੱਖ ਸਾਰਿਆਂ ਲਈ ਠੰਢੀਆਂ-ਮਿੱਠੀਆਂ ਛਾਵਾਂ ਦਿੰਦੇ ਹਨ, ਉਨ੍ਹਾਂ ਦਾ ਕਿਸੇ ਜਾਤ-ਪਾਤ ਜਾਂ ਧਰਮ ਨਾਲ ਕੋਈ ਸਬੰਧ ਨਹੀਂ ਹੁੰਦਾ। ਫੁੱਲ ਸਿਰਫ਼ ਆਪਣੇ ਲਈ ਨਹੀਂ ਖਿੜਦੇ। (Success)

ਮਨੁੱਖ ਦਾ ਜਨਮ ਸਾਰੀਆਂ ਜੂਨਾਂ ਤੋਂ ਉੱਤਮ ਹੈ।  ਜੇ ਮਨੁੱਖ ਹੋ ਕੇ ਮਨੁੱਖਾਂ ਵਾਲੇ ਕਰਮ ਨਹੀਂ ਕਰਦੇ ਤਾਂ ਸਾਨੂੰ ਮਨੁੱਖ ਅਖਵਾਉਣ ਦਾ ਕੋਈ ਅਧਿਕਾਰ ਨਹੀਂ ਹੈ। ਪੰਛੀ ਆਪਣਾ ਚੋਗ ਆਪ ਚੁਗਦੇ ਹਨ, ਕਿਸੇ ਤੋਂ ਖੋਹ ਕੇ ਨਹੀਂ ਖਾਂਦੇ । ਪ੍ਰੰਤੂ ਅਸੀਂ ਦੂਜਿਆਂ ਤੋਂ ਖੋਹ ਕੇ ਖਾਣ ‘ਚ ਵਿਸ਼ਵਾਸ ਕਰਦੇ ਹਾਂ । ਸਭ ਤੋਂ ਵੱਡੀ ਪ੍ਰਾਪਤੀ ਆਤਮ ਨਿਰਭਰ ਹੋਣ ਦੀ ਹੈ। ਆਪਣੇ ਬੁਰੇ ਵਿਚਾਰਾਂ ਨਾਲ ਜੰਗ ਲੜਨ ਵਾਲਿਆਂ ਦੀ ਹੀ ਸੰਸਾਰ ‘ਚ ਜਿੱਤ ਹੁੰਦੀ ਹੈ। ਚੰਗੇ ਮਨੁੱਖ ਫੁੱਲਾਂ ਵਾਂਗ ਖ਼ੁਸ਼ਬੋਆਂ ਵੰਡਦੇ ਹਨ, ਸਦਾ ਅਨੰਦਿਤ ਰਹਿੰਦੇ ਹਨ। ਈਰਖ਼ਾਲੂ ਲੋਕਾਂ ਨੂੰ ਮੱਚਣ ਲਈ ਸਿਰਫ਼ ਈਰਖ਼ਾ ਦੀ ਅੱਗ ਹੀ ਕਾਫ਼ੀ ਹੈ ਜਵਾਨੀ ਦਾ ਜੋਸ਼ ਮਾੜੇ ਕੰਮ ਕਰਨ ਲਈ ਨਹੀਂ ਹੁੰਦਾ , ਕਿਸੇ ਨਿਹੱਥੇ ‘ਤੇ ਹੁੰਦੇ ਜ਼ਬਰ-ਜ਼ੁਲਮ ਖ਼ਿਲਾਫ਼ ਜੰਗ ਲੜਨ ਲਈ ਹੁੰਦਾ ਹੈ। ਜਿਹੜੇ ਆਪਣੀ ਜਵਾਨੀ ਸੰਭਾਲਦੇ ਹਨ, ਲੰਮੀ ਤੇ ਤੰਦਰੁਸਤ ਜ਼ਿੰਦਗੀ ਜਿਉਂਦੇ ਹਨ। ਤੰਦਰੁਸਤ ਵਿਚਾਰਾਂ ਲਈ ਚੰਗੀ ਸੋਚ ਤੇ Àੁੱਚੇ-ਸੁੱਚੇ ਵਿਚਾਰ ਹੋਣਾ ਅਤਿ ਜ਼ਰੂਰੀ ਹੁੰਦਾ ਹੈ।

 ਇਰਾਦੇ ਤੇ ਦ੍ਰਿੜ ਸਕੰਲਪ ਦੀ ਲੋੜ Success

ਆਪਣੇ ਫ਼ਰਜ ਤੇ ਹੱਕ ਪਛਾਨਣਾ, ਜ਼ਿੰਦਗੀ ਜਿਉਣ ਦਾ ਮੁੱਢਲਾ ਸਿਧਾਂਤ ਹੈ। ਆਪਣੀ ਆਜ਼ਾਦੀ ਤੋਂ ਪਹਿਲਾਂ ਦੂਜਿਆਂ ਦੀ ਆਜ਼ਾਦੀ ਦਾ ਖ਼ਿਆਲ ਰੱਖਣਾ ਚਾਹੀਦਾ ਹੈ। ਆਪਣੀ ਮੰਜ਼ਿਲ ‘ਤੇ ਪਹੁੰਚਣ ਲਈ ਪਰਪੱਕ ਇਰਾਦੇ ਤੇ ਦ੍ਰਿੜ ਸਕੰਲਪ ਦੀ ਲੋੜ ਪੈਂਦੀ ਹੈ। ਆਪਣੇ ਬੱਚਿਆਂ ਨੂੰ ਸੁੱਖ ਸਹੂਲਤਾਂ ਦੇਣ ਲਈ ਦੂਜਿਆਂ ਦੇ ਬੱਚਿਆਂ ਦਾ ਹੱਕ ਖੋਹਣਾ ਪਾਪ ਹੈ। ਜੇਕਰ ਅਸੀਂ ਕਿਸੇ ਦੇ ਜ਼ਖ਼ਮਾਂ ‘ਤੇ ਮੱਲ੍ਹਮ ਨਹੀਂ ਲਾ ਸਕਦੇ ਚੇੜਨ ਦਾ ਕੋਈ ਅਧਿਕਾਰ ਨਹੀਂ। ਜੇਕਰ ਅਸੀਂ ਕਿਸੇ ਨੂੰ ਹਸਾ ਨਹੀਂ ਸਕਦੇ, ਰੁਆਉਣ ਦਾ ਵੀ ਕੋਈ ਅਧਿਕਾਰ ਨਹੀਂ। ਪ੍ਰਮਾਤਮਾ ਅੱਗੇ ਇਹ ਅਰਦਾਸ ਕਰੋ ਕਿ ਇਨ੍ਹਾਂ ਹੱਥਾਂ ਨਾਲ ਕੋਈ ਮਾੜਾ ਕਰਮ ਨਾ ਹੋ ਜਾਵੇ, ਇਹ ਹੱਥ ਚੰਗੇ ਕਰਮ ਕਰਨ ।

ਵਿਸ਼ਵਾਸ ਦੋਸਤੀ ਦੀਆਂ ਨੀਂਹਾਂ ਨੂੰ ਪੱਕਾ ਤੇ ਮਜ਼ਬੂਤ ਰੱਖਣ ਲਈ ਸੀਮਿੰਟ ਦਾ ਕੰਮ ਕਰਦਾ ਹੈ। ਜੇਕਰ ਤੁਹਾਡੇ ਦਿਲ ਅੰਦਰ ਕਿਸੇ ਨੂੰ ਮੁਆਫ਼ ਕਰਨ ਦੀ ਭਾਵਨਾ ਨਹੀਂ, ਇਸ ਦਾ ਮਤਲਬ ਤੁਸੀਂ ਆਪ ਹੀ ਗ਼ਲਤ ਹੋ। ਕਿਉਂਕਿ ਗ਼ਲਤੀਆਂ ਅਕਸਰ ਇਨਸਾਨਾਂ ਤੋਂ ਹੋ ਹੀ ਜਾਂਦੀਆਂ ਹਨ। ਮੁਆਫ਼ ਕਰਨ ਦਾ ਜੇਰਾ ਹੀ ਕਿਸੇ ਨੂੰ ਮਹਾਨ ਬਣਾਉਂਦਾ ਹੈ।ਦੁੱਖ-ਸੁਖ ਸਹਿਣ ਦੀ ਸ਼ਕਤੀ ਪੈਦਾ ਕਰਦਾ ਹੈ। ਦੁੱਖ ਜਰਨ ਵਾਲੇ ਹੀ ਖ਼ੁਸ਼ੀ ਨੂੰ ਹਜਮ ਕਰ ਸਕਦੇ ਹਨ। ਖ਼ੁਸ਼ੀ ਨੂੰ ਹਜਮ ਨਾ ਕਰਨ ਵਾਲੇ, ਮੁਸੀਬਤਾਂ ਸਮੇਂ ਛੇਤੀ ਡੋਲਦੇ ਹਨ, ਜਿਹੜੇ ਮਨੁੱਖ ਨੂੰ ਪਿਆਰ ਦੀ ਭਾਸ਼ਾ ਨਹੀਂ ਆਉਂਦੀ ਉਹ ਨਾ ਕਿਸੇ ਦਾ ਵਧੀਆ ਦੋਸਤ ਬਣ ਸਕਦਾ ਹੈ ਤੇ ਨਾ ਹੀ ਕੋਈ ਵਧੀਆ ਦੋਸਤ ਬਣਾ ਸਕਦਾ ਹੈ।

ਪਿਆਰ ਤੋਂ ਸੱਖਣੇ ਅਮੀਰ ਲੋਕ ਵੀ ਦਿਵਾਲੀਏ

ਪਾਣੀ ਪਿਆਸ ਬੁਝਾਉਣ ਲਈ ਹੁੰਦਾ ਹੈ, ਡੁੱਬਣ ਲਈ ਨਹੀਂ। ਅੱਗ ਚੁੱਲ੍ਹਾ ਤਪਾਉਣ ਲਈ ਹੁੰਦੀ ਹੈ, ਘਰ ਫੂਕਣ ਲਈ ਨਹੀਂ। ਜਿੱਥੇ ਪਿਆਰ ਸਤਿਕਾਰ ਨਹੀਂ ਹੁੰਦਾ, ਉੱਥੇ ਸਭ ਕੁੱਝ ਹੋਣ ਦੇ ਬਾਵਜੂਦ ਵੀ ਕੁੱਝ ਨਹੀਂ ਹੁੰਦਾ। ਪਿਆਰ ਤੋਂ ਸੱਖਣੇ ਅਮੀਰ ਲੋਕ ਵੀ ਦਿਵਾਲੀਏ ਹੀ ਲਗਦੇ ਹਨ। ਪਿਆਰ ਦੀ ਅਮੀਰੀ ਵਾਲੇ ਗ਼ਰੀਬ ਵਿਅਕਤੀ ਵੀ ਅਮੀਰ ਹੀ ਲੱਗਦੇ ਹਨ। ਅਮੀਰੀ-ਗ਼ਰੀਬੀ ਪੈਸੇ ਦੀ ਨਹੀਂ ਨੀਤ ਤੇ ਦਿਲ ਦੀ ਹੁੰਦੀ ਹੈ। ਸੁਭਾਅ ਦੀ ਗ਼ਰੀਬੀ, ਅਮੀਰੀ ਲਿਵਾਸ ਨੂੰ ਗ਼ਰੀਬ ਦਿਖਣ ਲਾ ਦਿੰਦੀ ਹੈ।

ਪੈਸਾ ਤੇ ਗਿਆਨ ਉਹ ਹੈ ਜੋ ਲੋੜ ਵੇਲੇ ਕੰਮ ਆਵੇ। ਖੜ੍ਹੀਆਂ ਗੱਡੀਆਂ ਸਿਰਫ਼ ਲੋਹਾ ਹੀ ਹੁੰਦੀਆਂ ਹਨ । ਖੜ੍ਹੇ ਪਾਣੀ ਛੱਪੜ ਹੀ ਹੁੰਦੇ ਹਨ, ਭਾਵੇਂ ਕਿੰਨੀ ਵੀ ਮਾਤਰਾ ਜਾਂ ਬਹੁਤਾਤ ‘ਚ ਹੋਣ। ਵਗਦੇ ਪਾਣੀ ਖਾਲ਼-ਨਦੀਆਂ ਤੇ ਦਰਿਆ ਅਖਵਾਉਂਦੇ ਹਨ। ਵਿਚਾਰਾਂ ਦੀ ਪ੍ਰਵਾਹ ਹੀ ਜੀਵਨ ਦੀ ਨਿਰੰਤਰਤਾ ਹੈ। ਵਿਚਾਰਾਂ ਦੀ ਖੜੋਤ, ਜੀਵਨ ‘ਚ ਖੜੋਤ ਪੈਦਾ ਕਰ ਦਿੰਦੀ ਹੈ। ਵਗਦੀਆਂ ਹਵਾਵਾਂ ਹੀ ਪੌਣਾਂ ਬਣਦੀਆਂ ਹਨ ਤੇ ਕਿਸੇ ਨੂੰ ਠੰਢਕ ਦਿੰਦੀਆਂ ਹਨ, ਹਵਾਵਾਂ ਦਾ ਰੁਕਣਾ ਹੀ ਹੁੰਮਸ ਹੁੰਦਾ ਹੈ।

ਮਿਹਨਤ ਉਹ ਹੁੰਦੀ ਹੈ, ਜਿਸ ਨੂੰ ਕੋਈ ਦੇਖ ਨਾ ਸਕੇ, ਫ਼ਲ ਦਿਖਾਈ ਦੇਵੇ। ਜਿਹੜੇ ਬੱਚੇ, ਆਪਣੀ ਨੀਂਦ ਖਰਾਬ ਕਰਕੇ ਪੜ੍ਹਾਈ ਕਰਦੇ ਹਨ, ਕਾਮਯਾਬ ਹੁੰਦੇ ਹਨ। ਜਿਹੜੇ ਵਿਅਕਤੀ ਜਵਾਨੀ ‘ਚ ਸਫ਼ਲਤਾ ਤੇ ਕਾਮਯਾਬੀ ਦੇ ਬੀਜ ਉਗਾਉਂਦੇ ਹਨ, ਬੁਢਾਪੇ ਵੇਲੇ ਉਨ੍ਹਾਂ ਤੋਂ ਬਣੇ ਰੁੱਖਾਂ ਦੀਆਂ ਛਾਵਾਂ ਦਾ ਅਨੰਦ ਮਾਣਦੇ ਹਨ। ਸਮਾਂ ਕੋਲ ਹੋਣ ‘ਤੇ ਅਸੀਂ ਕਦਰ ਨਹੀਂ ਕਰਦੇ, ਜਦੋਂ ਇਹ ਦੂਰ ਚਲਾ ਜਾਂਦਾ ਹੈ ਤਾਂ ਪਛਤਾਵਾ ਕਰਦੇ ਹਾਂ। ਕਦੇ ਵੀ ਆਪਣੇ-ਆਪ ਨੂੰ ਵੱਡਾ ਤੇ ਮਹਾਨ ਨਾ ਸਮਝੋ, ਵਿਕਾਸ ਰੁਕ ਜਾਵੇਗਾ। ਆਪਣੇ-ਆਪ ਨੂੰ ਛੋਟਾ ਸਮਝ ਕੇ, ਨਵੇਂ ਵਿਚਾਰਾਂ ਦੇ ਪੱਤੇ ਕੱਢਦੇ ਰਹੋਂਗੇ, ਹਮੇਸ਼ਾ ਵਧਦੇ ਰਹੋਂਗੇ।

ਜ਼ਿਆਦਾ ਤੇ ਝੂਠੀ ਪ੍ਰਸੰਸਾ, ਘਮੰਡੀ ਬਣਾ ਕੇ ਵਿਕਾਸ ਵੀ ਰੋਕ ਦਿੰਦੀ ਹੈ

ਸੂਰਜ ਹਰ ਰੋਜ ਹਨ੍ਹੇਰੇ ਨਾਲ ਲੜਦਾ ਹੈ, ਹਨ੍ਹੇਰੇ ਨੂੰ ਜਿੱਤਦਾ ਵੀ ਹੈ, ਹਰਦਾ ਵੀ ਹੈ, ਨਿਰੰਤਰਤਾ ਹੀ ਉਸ ਦੀ ਹੋਂਦ ਹੈ। ਪ੍ਰਸੰਸਾ ਕਿਸੇ ਥੱਕੇ ਹੋਏ ਦਾ ਥਕੇਵਾਂ ਵੀ ਦੂਰ ਕਰ ਦਿੰਦੀ ਹੈ, ਜ਼ਿਆਦਾ ਤੇ ਝੂਠੀ ਪ੍ਰਸੰਸਾ, ਉਸ ਨੂੰ ਘਮੰਡੀ ਬਣਾ ਕੇ ਵਿਕਾਸ ਵੀ ਰੋਕ ਦਿੰਦੀ ਹੈ। ਕਿਸੇ ਦਾ ਪੈਸਾ ਵਾਪਸ ਕੀਤਾ ਜਾ ਸਕਦਾ ਹੈ। ਮੁਸੀਬਤ ਸਮੇਂ ਕੀਤੀ ਹਮਦਰਦੀ ਵਾਪਸ ਨਹੀਂ ਕੀਤੀ ਜਾ ਸਕਦੀ, ਕਾਗ਼ਜ਼ ‘ਤੇ ਲਿਖੇ ਅੱਖਰ ਸਮਾਂ ਪਾ ਕੇ ਮਿਟ ਜਾਂਦੇ ਹਨ, ਔਖੇ ਸਮੇਂ ਕੀਤੀ ਹਮਦਰਦੀ ਕਦੇ ਵੀ ਨਹੀਂ ਮਿਟਦੀ। ਕਿਸੇ ‘ਤੇ ਅਹਿਸਾਨ ਜ਼ਰੂਰ ਕਰੋ, ਇਹ ਨਾ ਹੋਵੇ, ਤੁਹਾਡੇ ਅਹਿਸਾਨਾਂ ਦੇ ਭਾਰ ਹੇਠ ਦੱਬ ਕੇ ਰਹਿ ਜਾਵੇ। ਕਿਸੇ ਨੂੰ ਹਮਦਰਦੀ ਜ਼ਰੂਰ ਕਰੋ, ਨਜ਼ਾਇਜ ਫ਼ਾਇਦਾ ਨਾ ਉਠਾਓ।

ਜੇਕਰ ਚੰਗੇ ਕੰਮ ਕਰਕੇ ਮਨ ਸ਼ਾਂਤ ਨਹੀਂ ਹੋਇਆ, ਇਸ ਦਾ ਮਤਲਬ ਅਸੀਂ ਚੰਗੇ ਕੰਮ ਨਹੀਂ ਕਰਦੇ, ਸਿਰਫ਼ ਚੰਗੇ ਕਰਮ ਦਾ ਵਿਖਾਵਾ ਕਰਦੇ ਹਾਂ। ਭਾਵ-ਭਾਵਨਾ ਤੇ ਭਾਵਨਾਵਾਂ ਵਿਚਾਰ-ਖ਼ਿਆਲ ਤੇ ਹਿਰਦਾ ਪਵਿੱਤਰ ਹੈ ਤਾਂ ਤੁਸੀਂ ਧਾਰਮਿਕਤਾ ਵੱਲ ਵਧ ਰਹੇ ਹੋ। ਮਾਂ-ਭੈਣ-ਧੀ ਦੇ ਪਵਿੱਤਰ ਸ਼ਬਦਾਂ ਦੀ ਮਰਿਆਦਾ ਜਾਨਣ ਤੇ ਸਮਝਣ ਵਾਲਿਆਂ ਦੇ ਦਿਲ ‘ਚੋਂ ਬੁਰੇ ਵਿਚਾਰ ਖ਼ਤਮ ਹੋ ਜਾਂਦੇ ਹਨ।

ਕੁਰਾਹੇ ਪਾਉਣ ਦਾ ਵੀ ਕੋਈ ਅਧਿਕਾਰ ਨਹੀਂ

ਸੱਚ ਦੇ ਮਾਰਗ ‘ਤੇ ਚੱਲਣ ਵਾਲਿਆਂ ਦੇ ਰਾਸਤੇ ਭੀੜੇ ਹੁੰਦੇ ਹਨ। ਇਸ ਲਈ ਸੱਚ ਦੇ ਰਾਹ ‘ਤੇ ਚੱਲਣ ਵਾਲਿਆਂ ਦੀ ਬਹੁਤੀ ਭੀੜ ਨਹੀਂ ਹੁੰਦੀ। ਸੱਚ ਦੇ ਰਾਹ ਵੱਲ ਕੁਝ ਕੁ ਲੋਕ ਕਦਮ ਪੁੱਟਦੇ ਹਨ। ਜੇਕਰ ਅਸੀਂ ਕਿਸੇ ਨੂੰ ਚੰਗੇ ਰਾਹ ਨਹੀਂ ਪਾ ਸਕਦੇ, ਕੁਰਾਹੇ ਪਾਉਣ ਦਾ ਵੀ ਕੋਈ ਅਧਿਕਾਰ ਨਹੀਂ। ਜੇਕਰ ਕਿਸੇ ਦਾ ਚੰਗਾ ਨਹੀਂ ਕਰ ਸਕਦੇ, ਬੁਰਾ ਕਰਨ ਦਾ ਹੱਕ ਕਿਸ ਨੇ ਦਿੱਤਾ ਹੈ। ਜੀਓ ਤੇ ਜਿਉਣ ਦਿਓ ਦਾ ਸਿਧਾਂਤ ਅਪਣਾਉਣਾ ਚਾਹੀਦਾ ਹੈ, ਜੇਕਰ ਕਿਸੇ ਨੂੰ ਉੱਚਾ ਨਹੀਂ ਉਠਾ ਸਕਦੇ, ਡੇਗਣਾ ਵੀ ਚੰਗਾ ਨਹੀਂ ਹੈ।

ਇਸ ਜੀਵਨ ਦਾ ਕੋਈ ਪਤਾ ਨਹੀਂ, ਅੱਜ ਸਾਡਾ ਹੈ, ਕੱਲ੍ਹ ਕਿਸੇ ਹੋਰ ਦਾ ਹੋ ਸਕਦਾ ਹੈ। ਦੀਵਿਆਂ ਦੀ ਜ਼ਰੂਰਤ ਹਨ੍ਹੇਰਿਆਂ ਨੂੰ ਹੁੰਦੀ ਹੈ, ਸਵੇਰਿਆਂ ਨੂੰ ਨਹੀਂ। ਸਵੇਰੇ ਤਾਂ ਰਾਤਾਂ ਨਾਲ ਲੜਦੇ-ਲੜਦੇ ਆਪਣਾ ਮੁਕਾਮ ਹਾਸਲ ਕਰ ਲੈਂਦੇ ਹਨ। ਜਾਗਦੇ ਵਿਅਕਤੀਆਂ ਨੂੰ ਰਾਤਾਂ ਬਾਰੇ ਕਿਸੇ ਤੋਂ ਜਾਣਕਾਰੀ ਲੈਣ ਦੀ ਜ਼ਰੂਰਤ ਨਹੀਂ ਪੈਂਦੀ। ਨਿਰੰਤਰ ਤੁਰਨ ਵਾਲੇ ਕਿਸੇ ਤੋਂ ਆਪਣੀ ਮੰਜ਼ਿਲ ਦਾ ਸਿਰਨਾਵਾਂ ਨਹੀਂ ਪੁੱਛਦੇ। ਸਿਰਨਾਵਾਂ ਉਨ੍ਹ੍ਹਾਂ ਦੇ ਦਿਲ ਅੰਦਰ ਪਹਿਲਾਂ ਹੀ ਸਿਰਜਿਆ ਹੁੰਦਾ ਹੈ। ਤੁਹਾਨੂੰ ਆਪਣੇ ਗੁਣਾਂ ਦੀ ਨੁਮਾਇਸ਼ ਲਾਉਣ ਦੀ ਲੋੜ ਨਹੀਂ, ਔਗੁਣਾਂ ਨੂੰ ਦੂਰ ਕਰਨ ਦੀ ਜ਼ਰੂਰਤ ਹੈ। ਪਾਣੀ ਨੂੰ ਆਪਣਾ ਨਾਂਅ ਦੱਸਣ ਦੀ ਜ਼ਰੂਰਤ ਨਹੀਂ ਪੈਂਦੀ। ਉਸ ਦੀ ਠੰਢਕ ਹੀ ਪਛਾਣ ਹੁੰਦੀ ਹੈ। ਵਿਸ਼ੇਸ਼ ਬਣਨ ਦੀ ਜ਼ਰੂਰਤ ਨਹੀਂ, ਵਿਸ਼ੇਸ਼ਤਾ ਸੰਭਾਲਣ ਦੀ ਜ਼ਰੂਰਤ ਪੈਂਦੀ ਹੈ।

 ਦਰਸ਼ਨ ਸਿੰਘ ਗੁਰੂ
ਅਮਲਾ ਸਿੰਘ ਵਾਲਾ (ਬਰਨਾਲਾ)
ਮੋ : 98728-62891