ਲੁਧਿਆਣਾ ‘ਚ ਲੁਟੇਰਿਆਂ ਲੁੱਟਿਆ 30 ਕਿੱਲੋ ਸੋਨਾ
ਹਥਿਆਰਾਂ ਦੀ ਨੋਕ ‘ਤੇ ਦਿੱਤਾ ਘਟਨਾ ਨੂੰ ਅੰਜਾਮ
ਲੁਧਿਆਣਾ, ਸੱਚ ਕਹੂੰ ਨਿਊਜ਼। ਸਥਾਨਕ ਆਈਆਈਐਫਐਲ ਗੋਲਡ ਲੋਨ ਦੀ ਸ਼ਾਖਾ ਵਿੱਚ ਲੁਟੇਰਿਆਂ ਵੱਲੋਂ 30 ਕਿਲੋ ਸੋਨੇ ਦੀ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਘਟਨਾ ਸਵੇਰੇ ਲਗਭਗ ਪੌਣੇ 11 ਵਜੇ ਵਾਪਰੀ। ਇਸ ਘਟਨਾ ਨੂੰ ਲਗਭਗ ਚਾਰ ਲੁਟੇਰਿਆਂ ਨੇ ਅੰਜਾਮ ਦਿੱਤਾ, ਜੋ ਕਿ ਹਥਿਆਰਾਂ ਦੀ ਨੋਕ ‘ਤੇ ਬੈਂਕ ਵਿੱਚ ਦਾਖਲ ਹੋਏ ਤੇ 30 ਕਿੱਲੋ ਸੋਨਾ ਲੁੱਟ ਕੇ ਫਰਾਰ ਹੋ ਗਏ। ਇਸ ਸੋਨੇ ਦੀ ਕੀਮਤ ਲਗਭਗ 12 ਕਰੋੜ ਰੁਪਏ ਦੱਸੀ ਜਾ ਰਹੀ ਹੈ। Ludhiana
ਇਹ ਘਟਨਾ ਗੋਲਡ ਲੋਨ ਸ਼ਾਖਾ ਦੀ ਬਿਲਡਿੰਗ ਦੇ ਨਾਲ ਲੱਗੇ ਸੀਸੀਟੀਵੀ ਕੈਮਰਿਆਂ ‘ਚ ਕੈਦ ਹੋ ਗਈ ਜਿਸ ‘ਚ ਸਾਫ ਦਿਸ ਰਿਹਾ ਹੈ ਕਿ ਪਹਿਲਾਂ 2 ਲੁਟੇਰੇ ਸ਼ਾਖਾ ਵਿੱਚ ਦਾਖਲ ਹੋਏ ਤੇ ਫਿਰ ਦੋ ਹੋਰ ਲੁਟੇਰੇ ਸ਼ਾਖਾ ਵਿੱਚ ਦਾਖਲ ਹੋਏ, ਜਿਹਨਾਂ ਨੇ ਬੈਂਕ ਕਰਮਚਾਰੀਆਂ ਤੋਂ ਹਥਿਆਰਾਂ ਦੇ ਦਮ ‘ਤੇ 30 ਕਿਲੋ ਸੋਨਾ ਲੁੱਟਿਆ ਤੇ ਫਿਰ ਬੈਂਕ ਕਰਮਚਾਰੀਆਂ ਨੂੰ ਰੱਸਿਆਂ ਨਾਲ ਬੰਨ੍ਹ ਕੇ ਉਥੋਂ ਫਰਾਰ ਹੋ ਗਏ। ਇਹ ਘਟਨਾ ਕੁਝ ਹੀ ਮਿੰਟਾਂ ‘ਚ ਵਾਪਰੀ।
ਇਸ ਘਟਨਾ ਦੀ ਸੂਚਨਾ ਮਿਲਦੇ ਹੀ ਸਥਾਨਕ ਪੁਲਿਸ ਮੌਕੇ ‘ਤੇ ਪਹੁੰਚੀ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ। ਸੀਸੀਟੀਵੀ ਦੀਆਂ ਸਾਹਮਣੇ ਆਈਆਂ ਤਸਵੀਰਾਂ ‘ਚ ਸਾਫ ਪਤਾ ਲੱਗ ਰਿਹਾ ਹੈ ਕਿ ਲੁਟੇਰੇ ਦੋ ਬੈਗ ਤੇ ਤਿੰਨ ਵੱਡੇ ਪੌਲੀਥੀਨ ਦੇ ਲਿਫਾਫਿਆਂ ਵਿੱਚ ਸੋਨਾ ਭਰਕੇ ਲੈ ਗਏ। ਲੁਟੇਰੇ ਚਿੱਟੇ ਰੰਗ ਦੀ ਮਾਰੂਤੀ ਸਵਿੱਫਟ ਕਾਰ ‘ਚ ਫਰਾਰ ਹੋਏ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।