ਮੀਂਹ ਦਾ ਪਾਣੀ ਨਾ ਝੱਲਕੇ ਬਠਿੰਡਾ ਦੀਆਂ ਸੜਕਾਂ ਬਣੀਆਂ ਝੀਲਾਂ

ਮੀਂਹ ਕਾਰਨ ਸ਼ਹਿਰ ’ਚ ਚਾਰ-ਚੁਫੇਰੇ ਹੋਇਆ ਪਾਣੀ-ਪਾਣੀ

ਬਠਿੰਡਾ, (ਸੁਖਜੀਤ ਮਾਨ) ਝੀਲਾਂ ਦੇ ਸ਼ਹਿਰ ਵਜੋਂ ਜਾਣੇ ਜਾਂਦੇ ਬਠਿੰਡਾ ’ਚ ਅੱਜ ਹਰ ਸੜਕ ’ਤੇ ਝੀਲ ਦਿਖਾਈ ਦਿੱਤੀ ਕਰੀਬ ਇੱਕ ਘੰਟਾ ਪਏ ਮੀਂਹ ਨੇ ਸ਼ਹਿਰ ਦੀਆਂ ਸੜਕਾਂ ਡੋਬ ਦਿੱਤੀਆਂ ਸਿਆਸੀ ਆਗੂਆਂ ਦੇ ਦਾਅਵੇ ਮੀਂਹ ’ਚ ਰੁੜਦੇ ਦਿਖਾਈ ਦਿੱਤੇ ਮੀਂਹ ਕਾਰਨ ਰਾਹਗੀਰਾਂ ਨੂੰ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ ਖਾਸ ਕਰਕੇ ਸਕੂਲੋਂ ਛੁੱਟੀ ਹੋਣ ਮਗਰੋਂ ਵਿਦਿਆਰਥੀ ਪਾਣੀ ’ਚ ਫਸ ਗਏ ਕਈ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਮਾਪੇ ਲੈਣ ਲਈ ਸਕੂਲਾਂ ’ਚ ਪਹੁੰਚੇ

ਵੇਰਵਿਆਂ ਮੁਤਾਬਿਕ ਅੱਜ ਦੁਪਹਿਰ ਕਰੀਬ 12 ਵਜੇ ਸ਼ੁਰੂ ਹੋਇਆ ਮੀਂਹ ਘੰਟਾ ਕੁ ਦੱਬ ਕੇ ਵਰਿ੍ਹਆ ਮੀਂਹ ਹਟਣ ਦੇ ਤਿੰਨ-ਚਾਰ ਘੰਟਿਆਂ ਮਗਰੋਂ ਵੀ ਸ਼ਹਿਰ ਦੀਆਂ ਸੜਕਾਂ ਪਾਣੀ ਨਾਲ ਜਲਥਲ ਹੋਈਆਂ ਰਹੀਆਂ ਬੱਸ ਅੱਡੇ ਨੇੜਲੇ ਪਾਵਰ ਹਾਊਸ ਰੋਡ ਦਾ ਸਭ ਤੋਂ ਜ਼ਿਆਦਾ ਬੁਰਾ ਹਾਲ ਸੀ ਇਸ ਰੋਡ ’ਤੇ ਕਈ ਹਸਪਤਾਲ ਹੋਣ ਤੋਂ ਇਲਾਵਾ ਇਹ ਰੋਡ ਆਈਲੈਟਸ ਤੇ ਹੋਰ ਕੋਚਿੰਗ ਸੈਂਟਰਾਂ ਕਰਕੇ ਮਸ਼ਹੂਰ ਅਜੀਤ ਰੋਡ ਨੂੰ ਮਿਲਦਾ ਹੋਣ ਕਰਕੇ ਇੱਥੋਂ ਦੀ ਵੱਡੀ ਗਿਣਤੀ ਲੋਕ ਲੰਘਦੇ ਹਨ ਕਈ ਮਰੀਜ਼ਾਂ ਦੇ ਵਾਰਿਸਾਂ ਤੋਂ ਇਲਾਵਾ ਵਿਦਿਆਰਥੀ ਅੱਜ ਸੜਕ ’ਤੇ ਖੜ੍ਹੇ ਕਈ-ਕਈ ਫੁੱਟ ਪਾਣੀ ’ਚੋਂ ਬੜੀ ਮੁਸ਼ਕਿਲ ਨਾਲ ਲੰਘੇ ਪਾਣੀ ’ਚੋਂ ਲੰਘਦੇ ਲੋਕ ਸਰਕਾਰ ਅਤੇ ਸਥਾਨਕ ਪ੍ਰਸ਼ਾਸ਼ਨ ਨੂੰ ਕੋਸਦੇ ਦੇਖੇ ਗਏ

ਇਸ ਸੜਕ ’ਤੇ ਖੜ੍ਹੀਆਂ ਕਈ ਕਾਰਾਂ ਵੀ ਅੱਧ ਤੋਂ ਵੱਧ ਪਾਣੀ ’ਚ ਡੁੱਬ ਗਈਆਂ ਦੋਪਹੀਆ ਵਾਹਨ ਚਾਲਕਾਂ ਨੂੰ ਤਾਂ ਆਪਣੇ ਵਾਹਨ ਰੋੜਕੇ ਲਿਜਾਣੇ ਪਏ ਕਈ ਚਾਰ ਪਹੀਆ ਵਾਹਨਾਂ ਨੂੰ ਵੀ ਧੱਕਾ ਲਗਾ ਕੇ ਪਾਣੀ ’ਚੋਂ ਕੱਢਿਆ ਗਿਆ ਪਾਵਰ ਹਾਊਸ ਰੋਡ ਤੋਂ ਇਲਾਵਾ ਮਾਲ ਰੋਡ ਵੀ ਪਾਣੀ ਦੀ ਮਾਰ ਤੋਂ ਨਹੀਂ ਬਚ ਸਕਿਆ ਇਸ ਰੋਡ ’ਤੇ ਖੜ੍ਹੇ ਪਾਣੀ ’ਚੋਂ ਵੀ ਲੋਕ ਬੜੀ ਮੁਸ਼ਕਿਲ ਨਾਲ ਲੰਘਕੇ ਆਪਣੀ ਮੰਜਿਲ ਵੱਲ ਵਧੇ ਮਹਿਲਾ ਥਾਣਾ ਅਤੇ ਕਚਿਹਰੀ ਰੋਡ ਵੀ ਮੀਂਹ ਦੇ ਪਾਣੀ ’ਚ ਡੁੱਬ ਗਿਆ ਥਾਣੇ ਅਤੇ ਕਚਿਹਰੀ ’ਚ ਆਏ ਲੋਕ ਕਾਫੀ ਪ੍ਰੇਸ਼ਾਨ ਹੋਏ ਲੋਕਾਂ ਦੀ ਪ੍ਰੇਸ਼ਾਨੀ ਦਾ ਵੱਡਾ ਫਾਇਦਾ ਆਟੋ ਅਤੇ ਰਿਕਸ਼ਾ ਚਾਲਕਾਂ ਨੇ ਚੁੱਕਿਆ ਜਿੰਨ੍ਹਾਂ ਨੇ ਭਾਰੀ ਕਿਰਾਏ ’ਤੇ ਲੋਕਾਂ ਨੂੰ ਪਾਣੀ ’ਚੋਂ ਬਾਹਰ ਕੱਢਿਆ ਇਸ ਤੋਂ ਇਲਾਵਾ ਸ਼ਹਿਰ ਦੇ ਹੋਰ ਵੀ ਕਈ ਇਲਾਕਿਆਂ ’ਚ ਮੀਂਹ ਕਾਰਨ ਕਾਫੀ ਪਾਣੀ ਖੜ੍ਹ ਗਿਆ

ਦੱਸਣਯੋਗ ਹੈ ਕਿ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਵੱਲੋਂ ਸ਼ਹਿਰ ਦੀ ਸਭ ਤੋਂ ਵੱਡੀ ਸਮੱਸਿਆ ਮੀਂਹ ਦੇ ਪਾਣੀ ਦੀ ਨਿਕਾਸੀ ਲਈ ਕਰੋੜਾਂ ਰੁਪਏ ਖਰਚ ਕੀਤੇ ਗਏ ਹਨ ਪਾਵਰ ਹਾਊਸ ਰੋਡ ’ਤੇ ਖੜ੍ਹਦੇ ਮੀਂਹ ਦੇ ਪਾਣੀ ਲਈ ਕਰੋੜਾਂ ਦੀ ਲਾਗਤ ਨਾਲ ਡਿਸਪੋਜਲ ਬਣਾਇਆ ਗਿਆ ਹੈ ਲਾਈਨੋਂ ਪਾਰ ਖੇਤਰ ’ਚ ਵੀ ਡਿਸਪੋਜਲ ਬਣਾਇਆ ਗਿਆ ਹੈ ਮੀਂਹ ਜ਼ਿਆਦਾ ਪੈਂਦਾ ਹੈ ਜਾਂ ਡਿਸਪੋਜਲ ਸਹੀ ਨਿਕਾਸੀ ਨਹੀਂ ਕਰਦੇ ਕਿਉਂਕਿ ਸੜਕਾਂ ’ਤੇ ਪਾਣੀ ਕਾਫੀ ਦੇਰ ਤੱਕ ਖੜ੍ਹਦਾ ਹੈ ਕਾਂਗਰਸੀ ਆਗੂਆਂ ਦਾ ਦਾਅਵਾ ਹੈ ਕਿ ਮੀਂਹ ਪੈਣ ਦੌਰਾਨ ਤਾਂ ਸੜਕਾਂ ’ਤੇ ਪਾਣੀ ਖੜ੍ਹਨਾ ਹੀ ਹੈ ਪਰ ਮੀਂਹ ਪੈਣ ਤੋਂ ਕੁੱਝ ਘੰਟਿਆਂ ਮਗਰੋਂ ਨਿਕਾਸੀ ਹੋ ਜਾਂਦੀ ਹੈ ਜਦੋਂਕਿ ਇਸ ਤੋਂ ਪਹਿਲਾਂ ਇਹ ਪਾਣੀ ਅਗਲੇ ਦਿਨ ਤੱਕ ਵੀ ਖੜ੍ਹਾ ਰਹਿੰਦਾ ਸੀ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagramlinkedin , YouTube‘ਤੇ ਫਾਲੋ ਕਰੋ