Beas River: ਸੁਲਤਾਨਪੁਰ ਲੋਧੀ। ਬੀਤੇ ਦਿਨਾਂ ਤੋਂ ਪਹਾੜੀ ਖੇਤਰਾਂ ਵਿੱਚ ਹੋ ਰਹੀ ਭਾਰੀ ਬਾਰਿਸ਼ ਅਤੇ ਬੱਦਲ ਫਟਣ ਦੀਆਂ ਘਟਨਾਵਾਂ ਕਾਰਨ ਦਰਿਆ ਬਿਆਸ ਵਿੱਚ ਵੱਡੇ ਪੱਧਰ ’ਤੇ ਆਏ ਪਾਣੀ ਨੇ ਬਹੁਤੇ ਥਾਵਾਂ ’ਤੇ ਝੋਨੇ ਦੀ ਸੈਂਕੜੇ ਏਕੜ ਫਸਲ ਡੋਬ ਦਿੱਤੀ ਹੈ। ਕਈ ਥਾਵਾਂ ਅਤੇ ਆਰਜੀ ਬੰਨ੍ਹਾਂ ਨੂੰ ਖ਼ਤਰਾ ਪੈਦਾ ਹੋ ਗਿਆ ਹੈ। ਮੰਡ ਖੇਤਰ ਦੇ ਉੱਘੇ ਕਿਸਾਨ ਆਗੂ ਕੁਲਦੀਪ ਸਿੰਘ ਸਾਂਗਰਾ ਨੇ ਦੱਸਿਆ ਕਿ ਮੰਡ ਮੁਬਾਰਕਪੁਰ ਦੇ ਨੇੜੇ ਆਰਜੀ ਬੰਨ੍ਹ ਨੂੰ ਬਹੁਤ ਵੱਡਾ ਖ਼ਤਰਾ ਪੈਦਾ ਹੋ ਗਿਆ ਹੈ। ਮੰਡ ਨਿਵਾਸੀ ਸਵੇਰ ਤੋਂ ਹੀ ਆਰਜੀ ਬੰਨ੍ਹ ਉੱਪਰ ਮਿੱਟੀ ਪਾ ਰਹੇ ਹਨ।
ਉਨ੍ਹਾਂ ਦੱਸਿਆ ਕਿ ਮੰਡ ਬਾਊਪੁਰ ਤੋਂ ਲੈ ਕੇ ਮੁਬਾਰਕਪੁਰ ਤੱਕ ਆਰਜੀ ਬੰਨ੍ਹ ਕਿਸੇ ਵੇਲੇ ਵੀ ਟੁੱਟ ਸਕਦਾ ਹੈ, ਜਿਸ ਨਾਲ ਹਜ਼ਾਰਾਂ ਏਕੜ ਝੋਨੇ ਦੀ ਫ਼ਸਲ ਬਰਬਾਦ ਹੋ ਸਕਦੀ ਹੈ। ਉਨ੍ਹਾਂ ਨੇ ਕਿਹਾ ਕਿ ਆਰਜੀ ਬੰਨ੍ਹ ਤੋਂ ਦਰਿਆ ਵਾਲੇ ਪਾਸੇ ਵੱਲ ਨੂੰ ਝੋਨੇ ਦੀ ਫ਼ਸਲ ਲਗਭਗ ਸਾਰੀ ਹੀ ਡੁੱਬ ਚੁੱਕੀ ਹੈ। ਉਨਾਂ ਕਿਹਾ ਕਿ ਦਰਿਆ ਬਿਆਸ ਵਿੱਚ ਲਗਾਤਾਰ ਪਾਣੀ ਦੇ ਪੱਧਰ ਵਿੱਚ ਵਾਧਾ ਹੋ ਰਿਹਾ ਹੈ।
Beas River
ਇਸ ਮੌਕੇ ਮੰਡ ਖੇਤਰ ਦੇ ਆਗੂ ਅਮਰ ਸਿੰਘ ਮੰਡ ਨੇ ਦੱਸਿਆ ਕਿ ਪਾਣੀ ਦੇ ਪੱਧਰ ਵਿੱਚ ਲਗਾਤਾਰ ਵਾਧਾ ਹੋ ਰਿਹਾ ਅਤੇ ਸਥਿਤੀ 2023 ਵਾਲੀ ਬਣਦੀ ਜਾ ਰਹੀ ਹੈ। ਜੇਕਰ ਪ੍ਰਸ਼ਾਸਨ ਹੁਣ ਵੀ ਜਾਗ ਪਵੇ ਤਾਂ ਸਥਿਤੀ ਕੰਟਰੋਲ ਵਿੱਚ ਹੋ ਸਕਦੀ ਹੈ। ਉਨ੍ਹਾਂ ਨੇ ਕਿਹਾ ਜਿਸ ਤਰ੍ਹਾਂ ਪਾਣੀ ਦਾ ਪੱਧਰ ਲਗਾਤਾਰ ਵੱਧ ਰਿਹਾ, ਉਸ ਨਾਲ ਪੂਰੇ ਮੰਡ ਖੇਤਰ ਵਿੱਚ ਵੱਡਾ ਨੁਕਸਾਨ ਹੋਣ ਖ਼ਦਸ਼ਾ ਪੈਦਾ ਹੋ ਗਿਆ। ਉਨ੍ਹਾਂ ਕਿਹਾ ਕਿ ਹੁਣ ਤੱਕ ਕੋਈ ਵੀ ਪ੍ਰਸ਼ਾਸਨਿਕ ਅਧਿਕਾਰੀ ਜਾਂ ਸਿਆਸੀ ਆਗੂ ਉਨ੍ਹਾਂ ਦੀ ਸਾਰ ਲੈਣ ਨਹੀਂ ਪਹੁੰਚਿਆ ਅਤੇ ਮੰਡ ਖੇਤਰ ਦੇ ਕਿਸਾਨਾਂ ਵੱਲੋਂ ਆਪਣੇ ਤੌਰ ’ਤੇ ਆਰਜੀ ਬੰਨ੍ਹਾਂ ਉੱਪਰ ਮਿੱਟੀ ਪਾਈ ਜਾ ਰਹੀ ਹੈ।
Read Also : ਪੰਜਾਬ ਦਾ ਇਹ ਹਾਈਵੇ ਬਣੇਗਾ ਖੂਬਸੂਰਤ ਤੋਹਫ਼ਾ, 6 ਲੇਨ ਬਾਈਪਾਸ ਦੇ ਪੂਰਾ ਹੁੰਦਿਆਂ ਬਣੇਗੀ ਮੌਜ
ਮੰਡ ਖੇਤਰ ਦੇ ਕਿਸਾਨਾਂ ਨੇ ਦੱਸਿਆ ਕਿ ਪਰਤਾਪਪੁਰਾ, ਖਿਜਰਪੁਰ, ਸ਼ੇਰਪੁਰ ਡੋਗਰਾਂ, ਮਹੀਂਵਾਲ, ਮੰਡ ਧੂੰਦਾ ਆਦਿ ਪਿੰਡਾਂ ਵਿੱਚ ਵੀ ਝੋਨੇ ਦੀ ਫ਼ਸਲ ਡੁੱਬ ਚੁੱਕੀ ਹੈ ਅਤੇ ਸਥਿਤੀ ਨਾਜ਼ੁਕ ਬਣੀ ਹੋਈ ਹੈ। ਇਸ ਮੌਕੇ ਕਿਸਾਨ ਆਗੂ ਪਰਮਜੀਤ ਸਿੰਘ ਬਾਊਪੁਰ ਨੇ ਦੱਸਿਆ ਕਿ ਮੰਡ ਬਾਊਪੁਰ ਦੇ ਨਜਦੀਕ ਦਰਿਆ ਬਿਆਸ ਵਿੱਚ 60 ਹਜਾਰ ਕਿਊਸਿਕ ਦੇ ਕਰੀਬ ਪਾਣੀ ਅੱਗੇ ਜਾ ਰਿਹਾ ਹੈ ਜਦ ਕਿ ਹਰੀਕੇ ਹੈੱਡ ਤੋਂ ਅੱਗੇ ਬਹੁਤ ਘੱਟ ਪਾਣੀ ਰੀਲੀਜ਼ ਕੀਤਾ ਜਾ ਰਿਹਾ ਹੈ। ਜੇਕਰ ਪ੍ਰਸ਼ਾਸਨ ਨੇ ਤਰੁੰਤ ਕਦਮ ਨਾ ਚੁੱਕੇ ਤਾਂ ਸਮੁੱਚੇ ਮੰਡ ਵਿੱਚ ਵੱਡਾ ਨੁਕਸਾਨ ਹੋਣ ਦਾ ਡਰ ਹੈ।
Beas River
ਉਨ੍ਹਾਂ ਨੇ ਦੱਸਿਆ ਕਿ ਕੁਝ ਥਾਵਾਂ ਤੇ ਕਿਸਾਨਾਂ ਵੱਲੋਂ ਆਪਣੇ ਪੱਧਰ ’ਤੇ ਲਾਏ ਗਏ ਆਰਜੀ ਬੰਨ੍ਹ ਵੀ ਟੁੱਟ ਗਏ ਹਨ। ਦਰਿਆ ਬਿਆਸ ਵਿੱਚ ਵੱਧ ਰਹੇ ਲਗਾਤਾਰ ਪਾਣੀ ਦੇ ਪੱਧਰ ਕਾਰਨ ਮੰਡ ਖੇਤਰ ਵਿੱਚ ਵੀ ਹੜ੍ਹ ਵਰਗੀ ਸਥਿਤੀ ਪੈਦਾ ਹੋ ਗਈ ਹੈ।
ਪੌਂਗ ਡੈਮ ਦਾ ਇਕ ਫਲੋਅ 199568 ਕਿਊਸਕ ਅਤੇ ਓਵਰਫਲੋਅ 12,754 ਕਿਊਸਿਕ ਹੈ। ਉਨ੍ਹਾਂ ਦੱਸਿਆ ਕਿ ਹਰੀਕੇ ਹੈਡ ਤੋਂ ਬੀਤੇ ਦਿਨੀਂ ਸਾਡੇ ਵੱਲੋਂ ਜੋ ਦਰ ਖੁਲਵਾਏ ਗਏ ਸਨ ਉਹ ਫਿਰ ਡੈਮ ਅਧਿਕਾਰੀਆਂ ਨੇ ਬੰਦ ਕਰ ਦਿੱਤੇ ਹਨ ਜਿਸ ਕਾਰਨ ਪਾਣੀ ਬਹੁਤ ਘੱਟ ਮਾਤਰਾ ਵਿੱਚ ਰਿਲੀਜ਼ ਹੋਣ ਕਾਰਨ ਦਰਿਆ ਬਿਆਸ ਵਿੱਚ ਪਾਣੀ ਦਾ ਪੱਧਰ ਵਧਣ ’ਤੇ ਮੰਡ ਖੇਤਰ ਹੜ ਦੀ ਲਪੇਟ ਵਿੱਚ ਆ ਰਿਹਾ ਹੈ। ਉਨ੍ਹਾਂ ਸਰਕਾਰ ਅਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਹਰੀਕੇ ਹੈੱਡ ਵਰਕਸ ਤੋਂ ਜਲਦ ਪਾਣੀ ਰੀਲੀਜ ਕਰਵਾਇਆ ਜਾਵੇ ਤਾਂ ਕਿ ਕਿਸਾਨਾਂ ਨੂੰ ਰਾਹਤ ਮਿਲ ਸਕੇ ਅਤੇ ਉਹਨਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਸਥਿਤੀ ਨੂੰ ਵੇਖਦਿਆਂ ਮੰਡ ਖੇਤਰ ਦੇ ਲੋਕਾਂ ਲਈ ਢੁੱਕਵੇਂ ਪ੍ਰਬੰਧ ਜਲਦ ਕੀਤੇ ਜਾਣ।