Rising Road Accidents: ਵਧ ਰਹੇ ਸੜਕ ਹਾਦਸੇ ਚਿੰਤਾਜਨਕ

Rising Road Accidents
Rising Road Accidents: ਵਧ ਰਹੇ ਸੜਕ ਹਾਦਸੇ ਚਿੰਤਾਜਨਕ

Rising Road Accidents: ਭਾਰਤ ਦੀ ਗਿਣਤੀ ਹੁਣ ਅਜਿਹੇ ਦੇਸ਼ਾਂ ਵਿੱਚ ਹੋਣ ਲੱਗੀ ਹੈ ਜੋ ਸੜਕ ਹਾਦਸਿਆਂ ਵਿੱਚ ਮੋਹਰੀ ਹਨ। ਸੰਘਣੀ ਅਬਾਦੀ ਵਾਲੇ ਭਾਰਤ ਵਿੱਚ ਅੱਜ ਇਹ ਸਮੱਸਿਆ ਪੂਰੀ ਤਰ੍ਹਾਂ ਗੰਭੀਰ ਬਣ ਚੁੱਕੀ ਹੈ ਕਿ ਸਫ਼ਰ ਕਿਵੇ ਸੁਰੱਖਿਅਤ ਹੋਵੇ? ਸੜਕੀ ਹਾਦਸੇ ਕਿਵੇਂ ਘੱਟ ਹੋਣ? ਸੜਕ ’ਤੇ ਜ਼ਿੰਦਗੀਆਂ ਕਿਵੇਂ ਸੁਰੱਖਿਅਤ ਹੋਣ? ਅੰਕੜਿਆਂ ਅਨੁਸਾਰ ਭਾਰਤ ਵਿੱਚ ਬਹੁਤੇ ਸੜਕੀ ਹਾਦਸੇ ਦੋ ਪਹੀਆ ਵਾਹਨਾਂ ਨਾਲ ਜਾਂ ਉਨ੍ਹਾਂ ਕਾਰਨ ਵਾਪਰਦੇ ਹਨ। ਭਾਵੇਂ ਟ੍ਰੈਫ਼ਿਕ ਪੁਲਿਸ ਵੱਲੋਂ ਦੋ ਪਹੀਆ ਵਾਹਨ ਚਾਲਕਾਂ ਨੂੰ ਵਾਹਨ ਚਲਾਉਂਦੇ ਸਮੇਂ ਹੈਲਮਟ ਦਾ ਪ੍ਰਯੋਗ ਕਰਨ ਤੇ ਦੋ ਪਹੀਆ ਵਾਹਨਾਂ ’ਤੇ ਤੀਜੀ ਸਵਾਰੀ ਤੋਂ ਰੋਕਣ ਲਈ ਸਮੇਂ-ਸਮੇਂ ’ਤੇ ਸਮਝਾਇਆ ਜਾਂਦਾ ਹੈ।

ਇਹ ਖਬਰ ਵੀ ਪੜ੍ਹੋ : Childhood Protection Awareness: ਬਚਪਨ ਨੂੰ ਸੁਰੱਖਿਆ ਦੀ ਲੋੜ, ਬੋਝ ਦੀ ਨਹੀਂ !

ਪਰ ਇਹ ਸਮੱਸਿਆ ਇਕੱਲੇ ਪੁਲਿਸ ਪ੍ਰਸ਼ਾਸਨ ਦੀ ਮੁਸ਼ਤੈਦੀ ਨਾਲ ਹੀ ਹੱਲ ਨਹੀਂ ਹੋ ਸਕਦੀ। ਵੇਖਣ ਵਿੱਚ ਆਉਂਦਾ ਹੈ ਕਿ ਦੋ ਪਹੀਆ ਵਾਹਨ ਅਕਸਰ ਹੀ ਛੋਟੀ-ਛੋਟੀ ਉਮਰ ਦੇ ਬੱਚਿਆਂ ਵੱਲੋਂ ਵੀ ਚਲਾਏ ਜਾ ਰਹੇ ਹਨ। ਇੱਥੇ ਮਾਪਿਆਂ ਦਾ ਫਰਜ਼ ਬਣਦਾ ਹੈ ਕਿ ਉਹ ਆਪਣੇ ਛੋਟੇ ਬੱਚਿਆਂ ਨੂੰ ਹੀ ਦੋ ਪਹੀਆ ਵਾਹਨ ਦੇ ਕੇ ਸਿੱਧੇ ਸੜਕਾਂ ’ਤੇ ਨਾ ਭੇਜਣ ਸਗੋਂ ਕਿਸੇ ਵਧੀਆ ਡਰਾਈਵਿੰਗ ਸਕੂਲ ਵਿੱਚ ਟਰੇਨਿੰਗ ਦਿਵਾ ਕੇ 18 ਸਾਲ ਤੋਂ ਬਾਅਦ ਹੀ ਉਨ੍ਹਾਂ ਨੂੰ ਸੜਕਾਂ ’ਤੇ ਉਤਾਰਿਆ ਜਾਵੇ। ਇਸ ਨਾਲ ਜਿੱਥੇ ਬੱਚਿਆਂ ਵਿੱਚ ਟਰੈਫ਼ਿਕ ਨਿਯਮਾਂ ਪ੍ਰਤੀ ਗਿਆਨ ਹੋਵੇਗਾ, ਉੱਥੇ ਹੀ ਉਹ ਇਨ੍ਹਾਂ ਨਿਯਮਾਂ ਨੂੰ ਵੀ ਅਸਾਨੀ ਨਾਲ ਅਪਣਾਉਣ ਦੇ ਕਾਬਲ ਬਣਨਗੇ।

ਸਕੂਲ ਪ੍ਰਬੰਧਕਾਂ ਤੇ ਟਰੈਫ਼ਿਕ ਪੁਲਿਸ ਨੂੰ ਚਾਹੀਦੈ ਕਿ ਉਹ ਬੱਚਿਆ ਵਿੱਚ ਟਰੈਫ਼ਿਕ ਨਿਯਮਾਂ ਦੀ ਪਾਲਣਾ ਲਈ ਜਾਗਰੂਕਤਾ ਕੈਂਪ ਲਾਉਣ। ਸਮਾਜ ਸੇਵੀ ਸੰਸਥਾਵਾਂ ਵੀ ਅਜਿਹੇ ਜਾਗਰੂਕਤਾ ਕੈਂਪ ਲਾ ਕੇ ਬੱਚਿਆਂ ਨੂੰ ਟਰੈਫ਼ਿਕ ਨਿਯਮਾਂ ਪ੍ਰਤੀ ਜਾਗਰੂਕ ਕਰਨ ਵਿੱਚ ਆਪਣਾ ਯੋਗਦਾਨ ਪਾ ਸਕਦੀਆਂ ਹਨ। ਵਰਲਡ ਆਰਗੇਨਾਈਜੇਸ਼ਨ ਦੀ ਰਿਪੋਰਟ ਅਨੁਸਾਰ 40 ਪ੍ਰਤੀਸ਼ਤ ਹਾਦਸੇ ਲਾਪਰਵਾਹੀ ਕਾਰਨ ਵਾਪਰਦੇ ਹਨ। ਜਿੰਨਾ ਸਮਾਂ ਹਰ ਵਾਹਨ ਚਾਲਕ ਲਾਪਰਵਾਹੀ ਵਰਤਣ ਤੋਂ ਗੁਰੇਜ਼ ਨਹੀਂ ਕਰੇਗਾ ਉਦੋਂ ਤੱਕ ਸੜਕੀ ਹਾਦਸਿਆਂ ਨੂੰ ਰੋਕਣਾ ਸੰਭਵ ਨਹੀਂ ਹੈ। ਸਰਦੀ ਦੇ ਮੌਸਮ ਵਿੱਚ ਸੜਕੀ ਹਾਦਸੇ ਜ਼ਿਆਦਾ ਵਾਪਰਦੇ ਹਨ। Rising Road Accidents

ਜਿਸ ਦਾ ਮੁੱਖ ਕਾਰਨ ਧੁੰਦ ਵਿੱਚ ਗੱਡੀਆਂ ਦੀ ਤੇਜ ਰਫਤਾਰ ਜਾਂ ਡਿੱਪਰ ਆਦਿ ਦਾ ਪ੍ਰਯੋਗ ਨਾ ਕਰਨਾ ਹੈ। ਅਜਿਹੇ ਮੌਸਮ ਵਿੱਚ ਪੁਲਿਸ ਪ੍ਰਸ਼ਾਸਨ ਵੱਲੋਂ ਵੀ ਸਮੇਂ-ਸਮੇਂ ’ਤੇ ਵਾਹਨ ਚਾਲਕਾਂ ਲਈ ਵਿਸ਼ੇਸ਼ ਹਿਦਾਇਤਾਂ ਜਾਰੀ ਕੀਤੀਆਂ ਜਾਂਦੀਆਂ ਹਨ ਤੇ ਧੁੰਦ ਦੇ ਮੌਸਮ ਵਿੱਚ ਸੜਕ ’ਤੇ ਵਾਹਨ ਚਲਾਉਂਦੇ ਸਮੇਂ ਇੱਕ-ਦੂਸਰੇ ਤੋਂ ਫਾਸਲਾ ਰੱਖਣ ਲਈ ਵੀ ਗਾਈਡਲਾਈਨ ਜਾਰੀ ਹੁੰਦੀ ਹੈ ਪਰ ਵੇਖਣ ਵਿੱਚ ਆਉਂਦਾ ਹੈ ਕਿ ਜ਼ਿਆਦਾਤਰ ਵਾਹਨ ਚਾਲਕ ਫਿਰ ਵੀ ਲਾਪਰਵਾਹੀ ਵਰਤਦੇ ਹਨ ਜਿਸ ਕਾਰਨ ਸੜਕਾਂ ’ਤੇ ਆਏ ਦਿਨ ਹੀ ਹਾਦਸੇ ਵਾਪਰਦੇ ਰਹਿੰਦੇ ਹਨ। ਇਸ ਲਈ ਜਰੂਰੀ ਹੈ ਖਾਸਕਰ ਸਰਦੀ ਦੇ ਮੌਸਮ ਵਿੱਚ ਵਾਹਨ ਚਲਾਉਂਦੇ ਸਮੇਂ ਜਿੱਥੇ ਟ੍ਰੈਫਿਕ ਨਿਯਮਾਂ ਦੀ ਪੂਰੀ ਸ਼ਿੱਦਤ ਨਾਲ ਪਾਲਣਾ ਕੀਤੀ ਜਾਵੇ, ਉੱਥੇ ਹੀ ਲਾਪਰਵਾਹੀ ਤੋਂ ਵੀ ਬਚਿਆ ਜਾਵੇ, ਕਿਉਂਕਿ ਜ਼ਿੰਦਗੀ ਬਹੁਤ ਕੀਮਤੀ ਹੈ। Rising Road Accidents

ਐਲਨਾਬਾਦ, ਸਰਸਾ (ਹਰਿਆਣਾ)
ਮੋ. 94670-95953