ਲਾਡਲਿਆਂ ਦੀ ਸੁਰੱਖਿਅਤ ਵਤਨ ਵਾਪਸੀ ਤੇ ਰੋਜ਼ਮਰਾਂ ਦੀਆਂ ਖੁਰਾਕੀ ਲੋੜਾਂ ਦੀ ਪੂਰਤੀ ਬਣੀ ਭਾਰਤੀਆਂ ਲਈ ਚਿੰਤਾ ਦਾ ਵਿਸ਼ਾ
(ਜਸਵੀਰ ਸਿੰਘ ਗਹਿਲ) ਬਰਨਾਲਾ। ਰੂਸ ਅਤੇ ਯੂਕਰੇਨ ਦਰਮਿਆਨ ਚੱਲ ਰਹੀ ਜੰਗ (Russia-Ukraine War) ਦਾ ਅਸਰ ਜਿੱਥੇ ਭਾਰਤੀਆਂ ਦੇ ਦਿਲਾਂ ਤੇ ਦਿਮਾਗ ’ਤੇ ਪਿਆ ਹੈ ਉੱਥੇ ਹੀ ਇਸ ਦਾ ਮਾੜਾ ਪ੍ਰਭਾਵ ਭਾਰਤੀਆਂ ਦੀਆਂ ਜੇਬਾਂ ’ਤੇ ਵੀ ਕਾਫ਼ੀ ਜ਼ਿਆਦਾ ਪਿਆ ਹੈ ਜੋ ਰਸੋਈ ਘਰ ਦੀਆਂ ਲੋੜੀਦੀਂਆਂ ਅਹਿਮ ਵਸਤਾਂ ਰਾਹੀਂ ਲੋਕਾਂ ’ਤੇ ਵੱਡੀ ਆਰਥਿਕ ਮਾਰ ਸਾਬਤ ਹੋ ਰਿਹਾ ਹੈ। ਭਾਰਤੀਆਂ ਨੂੰ ਇੱਕ ਪਾਸੇ ਪੜ੍ਹਾਈ ਕਰਨ ਯੂਕਰੇਨ ਗਏ ਬੱਚਿਆਂ ਦੀ ਸੁਰੱਖਿਅਤ ਘਰ ਵਾਪਸੀ ਦੀ ਚਿੰਤਾ ਸਤਾ ਰਹੀ ਹੈ ਉੱਥੇ ਹੀ ਰਸੋਈ ਘਰ ਦੇ ਖਰਚੇ ਤੋਰਨ ਦਾ ਫਿਕਰ ਵੀ ਚਿੰਤਾ ਦਾ ਵਿਸ਼ਾ ਬਣ ਗਿਆ ਹੈ।
ਭਾਰਤੀ ਬਜ਼ਾਰ ਦੀ ਗੱਲ ਕੀਤੀ ਜਾਵੇ ਤਾਂ ਹਰ ਘਰ ਦੀ ਰਸੋਈ ਅੰਦਰ ਵਰਤੋਂ ’ਚ ਆਉਣ ਵਾਲੇ ਰਾਸ਼ਨ ਦੇ ਖਰਚ ’ਚ ਹੈਰਾਨੀ ਜਨਕ ਵਾਧਾ ਹੋਇਆ ਹੈ। ਯੁੱਧ ਦੌਰਾਨ ਰਿਫ਼ਾਇੰਡ, ਘਿਓ, ਕੱਪੜੇ ਧੋਣ ਵਾਲਾ ਅਤੇ ਨਹਾਉਣ ਵਾਲਾ ਸਾਬਣ, ਦੇਸੀ ਘਿਓ ਤੋਂ ਬਣਨ ਵਾਲੀਆਂ ਵਸਤਾਂ ਦੇ ਭਾਅ ’ਚ ਵਾਧਾ ਹੋਇਆ ਹੈ ਜੋ ਹਰ ਘਰ ਅੰਦਰ ਆਮ ਹੀ ਵਰਤੋਂ ’ਚ ਆਉਂਦੀਆਂ ਹਨ। ਇਹ ਵਾਧਾ ਰੂਸ ਵੱਲੋਂ ਯੂਕਰੇਨ ’ਤੇ ਧਾਵਾ ਬੋਲੇ ਜਾਣ ਤੋਂ ਕਰੀਬ ਇੱਕ ਹਫ਼ਤੇ ਦੇ ਅੰਦਰ ਹੀ ਦਰਜ਼ ਕੀਤਾ ਗਿਆ ਹੈ। ਜਦਕਿ ਯੁੱਧ ਅਜੇ ਜਾਰੀ ਹੈ, ਜਿਸ ਦੇ ਸਮਾਪਤ ਹੋਣ ਦੇ ਅਸਾਰ ਵੀ ਹਾਲੇ ਦਿਖਾਈ ਨਹੀਂ ਦੇ ਰਹੇ। ਇਸ ਲਈ ਘਰੇਲੂ ਵਰਤੋਂ ਦੀਆਂ ਵਸਤਾਂ ਦੀਆਂ ਕੀਮਤਾਂ ਨੂੰ ਲੈ ਕੇ ਲੋਕਾਂ ਦੇ ਸਾਹ ਸੂਤੇ ਹੋਏ ਹਨ।
ਰੂਸ -ਯੂਕਰੇਨ ਯੁੱਧ ਦੇ ਮੱਦੇਨਜ਼ਰ ਭਾਰਤੀ ਬਜ਼ਾਰ ਅੰਦਰ ਪੈਦਾ ਹੋ ਰਹੇ ਚਿੰਤਾਜਨਕ ਹਾਲਾਤਾਂ ਪ੍ਰਤੀ ਸਰਕਾਰ ਵੱਲੋਂ ਵੀ ਚੁੱਪੀ ਧਾਰਨ ਕੀਤੀ ਹੋਈ ਹੈ। ਸਰਕਾਰ ਯੂਕਰੇਨ ’ਚ ਫ਼ਸੇ ਵਿਦਿਆਰਥੀਆਂ ਦੀ ਸੁਰੱਖਿਅਤ ਵਤਨ ਵਾਪਸੀ ’ਚ ਦੇਰੀ ਕਾਰਨ ਵਿਰੋਧੀ ਪਾਰਟੀ ਦੀ ਅਲੋਚਨਾਂ ਦਾ ਸਾਹਮਣਾ ਤਾਂ ਕਰ ਰਹੀ ਹੈ ਉੱਥੇ ਨਾਲ ਹੀ ਘਰੇਲੂ ਵਰਤੋਂ ਦੀਆਂ ਵਸਤਾਂ ਦੀਆਂ ਕੀਮਤਾਂ ਨੂੰ ਰੋਕਣ ਸਰਕਾਰ ਵੱਲੋਂ ਕੋਈ ਯਤਨ ਨਾ ਕੀਤੇ ਜਾਣਾ ਵੀ ਆਮ ਲੋਕਾਂ ਦੀਆਂ ਚਿੰਤਾਵਾਂ ’ਚ ਹੋਰ ਵਾਧਾ ਕਰ ਰਿਹਾ ਹੈ।
ਇਨ੍ਹਾਂ ਦੇ ਭਾਅ ’ਤੇ ਪਿਆ ਯੁੱਧ ਦਾ ਅਸਰ
ਯੁੱਧ ਦਾ ਅਸਰ ਰਸੋਈ ਘਰ ਦੀਆਂ ਜਿੰਨ੍ਹਾਂ ਵਸਤਾਂ ’ਤੇ ਪਿਆ ਹੈ ਉਹ ਹਰ ਘਰ ਅੰਦਰ ਰੋਜ਼ਮਰਾਂ ਦੀਆਂ ਲੋੜਾਂ ’ਚ ਮੁੱਖ ਤੌਰ ’ਤੇ ਵਰਤੀਆਂ ਜਾਂਦੀਆਂ ਹਨ। ਬਜ਼ਾਰ ’ਚੋਂ ਪ੍ਰਾਪਤ ਅੰਕੜਿਆਂ ਅਨੁਸਾਰ ਯੁੱਧ ਤੋਂ ਪਹਿਲਾਂ ਰਿਫ਼ਾਇੰਡ ਦਾ ਭਾਅ ਲੱਗਭਗ 130 ਰੁਪਏ ਪ੍ਰਤੀ ਲਿਟਰ ਸੀ ਜੋ ਹੁਣ 170 ਰੁਪਏ ਪ੍ਰਤੀ ਲਿਟਰ ’ਤੇ ਪੁੱਜ ਗਿਆ ਹੈ ਅਤੇ ਇਸ ਦੇ ਹੋਰ ਵੀ ਵਧਣ ਦੀ ਸੰਭਾਵਨਾ ਵੀ ਜਤਾਈ ਜਾ ਰਹੀ ਹੈ। ਇਸੇ ਤਰ੍ਹਾਂ ਘਿਓ ਵੀ 130 ਤੋਂ ਵਧ ਕੇ 170 ਤੱਕ ਪੁੱਜ ਚੁੱਕਾ ਹੈ। ਕੱਪੜੇ ਧੋਣ ਵਾਲਾ ਸਾਬਣ 90 ਰੁਪਏ ਤੋਂ 105 ਰੁਪਏ ਪ੍ਰਤੀ ਕਿੱਲੋ ਤੱਕ ਪਹੁੰਚ ਗਿਆ ਹੈ। ਨਹਾਉਣ ਵਾਲੇ ਸਾਬਣ ਅਤੇ ਦੇਸੀ ਘਿਓ ਸਮੇਤ ਘਿਓ ਤੋਂ ਬਣਨ ਵਾਲੇ ਖਾਧ ਪਦਾਰਥ (ਬਿਸਕੁਟ ਆਦਿ) ਦੀਆਂ ਕੀਮਤਾਂ ਵਿੱਚ ਵੀ ਵਾਧਾ ਹੋਇਆ ਹੈ। ਉਕਤ ਦੇ ਨਾਲ-ਨਾਲ ਕਮਰਸੀਅਲ ਸਿਲੰਡਰ ’ਚ ਵੀ 105 ਰੁਪਏ ਦਾ ਇਜ਼ਾਫ਼ਾ ਹੋਇਆ ਹੈ ਜੋ ਲਗਭਗ ਹਰ ਘਰ ਦੀ ਮੁੱਖ ਜਰੂਰਤ ਬਣਿਆ ਹੋਇਆ ਹੈ।
ਜਲਦ ਸਮਾਪਤ ਹੋਵੇ ਰੂਸ-ਯੂਕਰੇਨ ਜੰਗ
ਮਜ਼ਦੂਰ ਆਗੂ ਭੋਲਾ ਸਿੰਘ ਕਲਾਲ ਮਾਜਰਾ ਤੇ ਕਿਸਾਨ ਆਗੂ ਜਰਨੈਲ ਸਿੰਘ ਬਦਰਾ ਨੇ ਕਿਹਾ ਕਿ ਰੂਸ-ਯੂਕਰੇਨ ਜੰਗ ਉੱਥੋਂ ਦੇ ਲੋਕਾਂ ਸਮੇਤ ਭਾਰਤੀ ਲੋਕਾਂ ’ਤੇ ਵੀ ਭਾਰੀ ਪੈ ਰਹੀ ਹੈ ਜੋ ਜਲਦ ਤੋਂ ਜਲਦ ਸਮਾਪਤ ਹੋਣੀ ਚਾਹੀਦੀ ਹੈ। ਉਨ੍ਹਾਂ ਮੰਗ ਕੀਤੀ ਕਿ ਪੰਜਾਬ ਸਰਕਾਰ ਵੀ ਯੁੱਧ ਦੇ ਆਨੇ- ਬਹਾਨੇ ਕਾਲਾ ਬਜ਼ਾਰੀ ਕਰਨ ਵਾਲੇ ਲੋਕਾਂ ’ਤੇ ਸਖ਼ਤ ਨਿਗਰਾਨੀ ਰੱਖੇ ਤਾਂ ਜੋ ਆਮ ਲੋਕਾਂ ਦੀਆਂ ਜੇਬਾਂ ’ਤੇ ਪੈਣ ਵਾਲੀ ਆਰਥਿਕ ਮਾਰ ਨੂੰ ਰੋਕਿਆ ਜਾ ਸਕੇ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ