ਆਪ ‘ਚ ਉਠੀਆਂ ਬਗਾਵਤੀ ਸੁਰਾਂ

  • ਯੂਥ ਵਿੰਗ ਦੇ ਆਹੁਦੇਦਾਰਾਂ ਰੁਪਿੰਦਰ ਰੂਬੀ ਤੇ ਰੋਮੀ ਭਾਟੀ ਦਾ ਪੁਤਲਾ ਫੂਕਿਆ
  • ਉਮੀਦਵਾਰ ਨਾ ਬਦਲੇ ਜਾਣ ਦੀ ਸੂਰਤ ‘ਚ ਦਿੱਤੀ ਤਿੱਖੇ ਸੰਘਰਸ਼ ਦੀ ਚੇਤਵਾਨੀ

ਸੰਗਤ ਮੰਡੀ,  (ਮਨਜੀਤ ਨਰੂਆਣਾ) ਆਮ ਆਦਮੀ ਪਾਰਟੀ ਦੇ ਯੂਥ ਵਿੰਗ ਦੇ ਵਲੰਟੀਅਰਾਂ ਵੱਲੋਂ ਸੰਗਤ ਮੰਡੀ ‘ਚ ਪਾਰਟੀ ਵੱਲੋਂ ਬਠਿੰਡਾ ਦਿਹਾਤੀ ਤੋਂ ਐਲਾਨੀ ਉਮੀਦਵਾਰ ਰੁਪਿੰਦਰ ਰੂਬੀ ਤੇ ਦਿੱਲੀ ਦੇ ਅਬਜ਼ਰਬਰ ਰੋਮੀ ਭਾਟੀ ਦਾ ਪੁਤਲਾ ਫੂਕ ਕੇ ਜ਼ਬਰਦਸਤ ਰੋਸ਼ ਪ੍ਰਦਰਸ਼ਨ ਕੀਤਾ ਗਿਆ। ਇਨ੍ਹਾਂ ਵਲੰਟੀਅਰਾਂ ਵੱਲੋਂ ‘ਗੋ ਬੈਕ’ ਦੇ ਨਾਅਰੇ ਵੀ ਲਗਾਏ ਗਏ।
ਇਸ ਸਬੰਧੀ ਪ੍ਰਦਰਸ਼ਨ ਦੀ ਅਗਵਾਈ ਕਰ ਰਹੇ ਤਰਸੇਮ ਸਿੰਘ ਪਥਰਾਲਾ ਅਤੇ ਜਗਮੀਤ ਮਾਨ ਝੁੰਬਾ ਨੇ ਦੱਸਿਆ ਕਿ ਪਾਰਟੀ ਵੱਲੋਂ ਉਨ੍ਹਾਂ ਨਾਲ ਵਾਅਦਾ ਕੀਤਾ ਗਿਆ ਸੀ ਕਿ ਬਾਹਰਲੇ ਉਮੀਦਵਾਰ ਨੂੰ ਚੋਣ ਮੈਦਾਨ ‘ਚ ਨਹੀਂ ਉਤਾਰਿਆ ਜਾਵੇਗਾ ਪ੍ਰੰਤੂ ਪਾਰਟੀ ਵੱਲੋਂ ਰੁਪਿੰਦਰ ਰੂਬੀ ਨੂੰ ਪੈਰਾਸੂਟ ਰਾਹੀ ਉਤਾਰ ਕੇ ਉਨ੍ਹਾਂ ਨਾਲ ਧੋਖਾ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਰੁਪਿੰਦਰ ਰੂਬੀ ਨੂੰ ਕਿਸੇ ਵੀ ਪਿੰਡ ਬਾਰੇ ਕੋਈ ਜਾਣਕਾਰੀ ਨਹੀਂ ਹੈ। ਉਨ੍ਹਾਂ ਅੱਗੇ ਕਿਹਾ ਕਿ ਵਰਕਰਾਂ ਵੱਲੋਂ ਜਿਨ੍ਹਾਂ ਪੰਜ ਉਮੀਦਵਾਰਾਂ ਦੀ ਲਿਸਟ ਪਾਰਟੀ ਨੂੰ ਦਿੱਤੀ ਗਈ ਸੀ ਉਸ ‘ਚ ਰੁਪਿੰਦਰ ਰੂਬੀ ਦਾ ਨਾਂਅ ਨਹੀਂ ਸੀ ਪ੍ਰੰਤੂ ਬਾਅਦ ‘ਚ ਰੁਪਿੰਦਰ ਰੂਬੀ ਦਾ ਨਾਂ ਲਿਸਟ ‘ਚ ਪਾ ਦਿੱਤਾ ਗਿਆ। ਉਨ੍ਹਾਂ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਤੋਂ ਮੰਗ ਕਰਦਿਆਂ ਕਿਹਾ ਕਿ ਬਾਹਰਲੇ ਉਮੀਦਵਾਰ ਨੂੰ ਜਲਦੀ ਬਦਲ ਕੇ ਹਲਕੇ ਦਾ ਉਮੀਦਵਾਰ ਐਲਾਨਿਆ ਜਾਵੇ। ਉਨ੍ਹਾਂ ਦਿੱਲੀ ਤੋਂ ਭੇਜੇ ਅਬਜ਼ਰਬਰ ਰੋਮੀ ਭਾਟੀ ‘ਤੇ ਦੋਸ਼ ਲਗਾਉਦਿਆਂ ਕਿਹਾ ਕਿ ਰੋਮੀ ਭਾਟੀ ਪਾਰਟੀ ਵਰਕਰਾਂ ਨੂੰ ਖ਼ਰਾਬ ਕਰ ਰਿਹਾ ਹੈ ਇਸ ਲਈ ਇਸ ਨੂੰ ਜਲਦੀ ਦਿੱਲੀ ਬੁਲਾਇਆ ਜਾਵੇ। ਯੂਥ ਵਿੰਗ ਵੱਲੋਂ ਧਮਕੀ ਭਰੇ ਲਹਿਜੇ ‘ਚ ਕਿਹਾ ਗਿਆ ਹੈ ਕਿ ਜੇਕਰ ਇਕ ਹਫ਼ਤੇ ਦੇ ਅੰਦਰ-ਅੰਦਰ ਰੁਪਿੰਦਰ ਰੂਬੀ ਨੂੰ ਉਮੀਦਵਾਰੀ ਤੋਂ ਬਦਲਿਆ ਨਾ ਗਿਆ ਤਾਂ ਉਹ ਪਿੰਡ-ਪਿੰਡ ਜਾ ਕੇ ਰੁਪਿੰਦਰ ਰੂਬੀ ਦਾ ਵਿਰੋਧ ਕਰਨਗੇ ਅਤੇ ਯੂਥ ਦਾ ਵੱਡਾ ਇਕੱਠ ਕਰਕੇ ਕੋਈ ਸ਼ਖਤ ਫੈਸਲਾ ਲੈਣਗੇ। ਇਸ ਮੌਕੇ ਲਵਦੀਪ ਬਰਾੜ, ਅਮਨ ਸਿੱਧੂ, ਗੁਰਦੀਪ ਨਰੂਆਣਾ, ਸੁਖਦੀਪ ਸੁੱਖੀ, ਹਰਪ੍ਰੀਤ ਸਿੰਘ, ਕਰਤਾਰ ਸਿੰਘ ਘੁੱਦਾ ਅਤੇ ਬਿੱਟੂ ਨਰੂਆਣਾ ਮੌਜੂਦ ਸਨ।