ਰਿਕਸ਼ਾ ਚਾਲਕ ਦੀ ਧੀ ਕਿਵੇਂ ਬਣੀ ਹੈੱਡ ਕਾਂਸਟੇਬਲ…!

ਰਿਕਸ਼ਾ ਚਾਲਕ ਦੀ ਧੀ ਕਿਵੇਂ ਬਣੀ ਹੈੱਡ ਕਾਂਸਟੇਬਲ…!

ਸ਼ਿਵਾਲਿਕ ਦੀਆਂ ਪਹਾੜੀਆਂਂ ਨੇੜੇ 11ਵੀਂ ਸਦੀ ਵਿੱਚ ਵੱਸੇ ਸ਼ਹਿਰ ਰੂਪਨਗਰ (ਰੋਪੜ) ਨੇ ਹਰੇਕ ਖੇਤਰ ਵਿੱਚ ਮੱਲਾਂ ਮਾਰੀਆਂ ਹਨ। ਇਸੇ ਜ਼ਿਲ੍ਹੇ ਦੀ ਤਹਿਸੀਲ ਚਮਕੌਰ ਸਾਹਿਬ ਨਾਲ ਸਬੰਧਤ ਸ਼ਹਿਰ ਮੋਰਿੰਡਾ ਵਿਖੇ ਰਿਕਸ਼ਾ ਚਾਲਕ ਸ੍ਰੀ ਓਮ ਪ੍ਰਕਾਸ਼ ਦੇ ਘਰ ਮਾਤਾ ਸ੍ਰੀਮਤੀ ਜਸਵੰਤ ਕੌਰ ਦੀ ਕੁੱਖੋਂ 4 ਫਰਵਰੀ 1987 ਨੂੰ ਪੈਦਾ ਹੋਈ ਕੁਲਬੀਰ ਕੌਰ ਨੇ ਵੇਟਲਿਫਟਿੰਗ ਦੀ ਖੇਡ ਵਿੱਚ ਇੱਕ ਵੱਖਰਾ ਮੀਲ ਪੱਥਰ ਕਾਇਮ ਕੀਤਾ ਹੈ।

ਮਾਪਿਆਂ ਨੇ ਆਪਣੀ ਇਕਲੌਤੀ ਸੰਤਾਨ ਦਾ ਨਾਂਅ ਰਿੰਪੀ ਰਾਣੀ ਰੱਖਿਆ ਸੀ ਪਰ ਪਿਤਾ ਸ੍ਰੀ ਓਮ ਪ੍ਰਕਾਸ਼ ਜਦੋਂ ਆਪਣੀ ਲਾਡਲੀ ਧੀ ਨੂੰ ਸਕੂਲੇ ਦਾਖ਼ਲ ਕਰਵਾਉਣ ਗਏ ਤਾਂ ਸਕੂਲ ਅਧਿਆਪਕਾ ਨੇ ਹਾਜ਼ਰੀ ਰਜਿਸਟਰ ‘ਚ ਉਸ ਦਾ ਨਾਂਅ ਰਿੰਪੀ ਰਾਣੀ ਲਿਖਣ ਦੀ ਬਜਾਏ ਕੁਲਬੀਰ ਕੌਰ ਲਿਖ ਦਿੱਤਾ, ਜੋ ਉਸਦੇ ਪਿਤਾ ਨੇ ਬਿਨਾਂ ਕਿਸੇ ਪ੍ਰਤੀਕਿਰਿਆ ਕੀਤੇ ਸਵੀਕਾਰ ਕਰ ਲਿਆ।

ਆਰੀਆ ਗਰਲਜ਼ ਹਾਈ ਸਕੂਲ ਤੋਂ ਮੈਟ੍ਰਿਕ ਕਰਨ ਵਾਲੀ ਕੁਲਬੀਰ ਨੇ ਜਦੋਂ ਗਿਆਰਵੀਂ ਜਮਾਤ ਵਿੱਚ ਖਾਲਸਾ ਗਰਲਜ਼ ਕਾਲਜ ਮੋਰਿੰਡਾ ਵਿਖੇ ਦਾਖਲਾ ਲਿਆ ਤਾਂ ਉਸਨੂੰ ਸਪੋਰਟਸ ਨਾਲ ਜੁੜਨ ਦੀ ਚਿਣਗ ਲੱਗ ਗਈ ਅਤੇ ਉਸਨੇ ਅਥਲੈਟਿਕਸ ਦੇ ਈਵੈਂਟ ਹੈਮਰ ਥਰੋਅ ਵਿੱਚ ਜੋਰ ਅਜ਼ਮਾਉਣਾ ਸ਼ੁਰੂ ਕਰ ਦਿੱਤਾ।

ਕੋਚ ਛੋਟਾ ਸਿੰਘ ਦੀ ਪ੍ਰੇਰਨਾ ਸਦਕਾ ਪੰਦਰਾਂ ਕੁ ਸਾਲ ਦੀ ਕੁਲਬੀਰ ਨੇ ਪਹਿਲੇ ਸਾਲ ਹੀ ਸਟੇਟ ਪੱਧਰ ਦੀਆਂ ਖੇਡਾਂ ਵਿੱਚ ਚੈਂਪੀਅਨ ਬਣਨ ਦਾ ਮਾਣ ਪ੍ਰਾਪਤ ਕਰ ਲਿਆ। ਸਪੋਰਟਸ ਅਥਾਰਟੀ ਆਫ ਇੰਡੀਆ ਦੇ ਭਾਰਤੋਲਕ ਕੋਚ ਸ੍ਰੀ ਦਵਿੰਦਰ ਸ਼ਰਮਾ ਨੇ ਖਾਲਸਾ ਗਰਲਜ਼ ਕਾਲਜ ਮੋਰਿੰਡਾ ਵਿਖੇ ਲੜਕੀਆਂ ਦੀ ਵੇਟਲਿਫਟਿੰਗ ਟੀਮ ਤਿਆਰ ਕੀਤੀ ਅਤੇ ਕੁਲਬੀਰ ਦੇ ਖੇਡਾਂ ਪ੍ਰਤੀ ਜਜ਼ਬੇ ਨੂੰ ਵੇਖ ਕੇ ਉਸਨੂੰ ਵੀ ਟੀਮ ਦਾ ਮੈਂਬਰ ਬਣਾ ਲਿਆ।

ਬਾਰਵੀਂ ਵਿੱਚ ਪੜ੍ਹਦੀ ਇਸ ਮਿਹਨਤੀ ਲੜਕੀ ਨੂੰ ਪੰਜਾਬ ਰਾਜ ਖੇਡਾਂ ਦੌਰਾਨ ਵੇਟਲਿਫਟਿੰਗ ਦੇ ਅੰਡਰ-16 ਮੁਕਾਬਲਿਆਂ ਵਿੱਚ ਸੋਨ ਤਗਮਾ ਅਤੇ ਨੈਸ਼ਨਲ ਖੇਡਾਂ ਵਿੱਚ ਸਿਲਵਰ ਮੈਡਲ ਦੀ ਜੇਤੂ ਬਣਨ ਦਾ ਸੁਭਾਗ ਪ੍ਰਾਪਤ ਹੋਇਆ। ਗ੍ਰੈਜੂਏਸ਼ਨ ਦੇ ਪਹਿਲੇ ਸਾਲ ਅੰਤਰ ਕਾਲਜ ਮੁਕਾਬਲਿਆਂ ਦੌਰਾਨ ਹੈਮਰ ਥਰੋਅ ਵਿੱਚ ਸਿਲਵਰ ਮੈਡਲ ਜਿੱਤਣ ਵਾਲੀ ਕੁਲਬੀਰ ਨੇ 2003 ਵਿੱਚ ਆਪਣਾ ਸਾਰਾ ਰੁਝਾਨ ਵੇਟਲਿਫਟਿੰਗ ਵੱਲ ਕਰ ਲਿਆ।

2004 ਵਿੱਚ ਸ੍ਰੀ ਅਨੰਦਪੁਰ ਸਾਹਿਬ ਵਿਖੇ ਕਰਵਾਏ ਗਏ ਅੰਤਰ ਕਾਲਜ ਮੁਕਾਬਲਿਆਂ ਵਿੱਚ ਮੋਰਿੰਡਾ ਕਾਲਜ ਦੇ ਸਾਰੇ ਭਾਰਤੋਲਕਾਂ ਨੇ ਤਗਮੇ ਜਿੱਤੇ ਪਰ ਕੁਲਬੀਰ ਨੂੰ ਬਰੰਗ ਹੀ ਵਾਪਿਸ ਮੁੜਨਾ ਪਿਆ। ਇਸ ਹਾਰ ਨੇ ਉਸ ਨੂੰ ਹੋਰ ਸਖ਼ਤ ਮਿਹਨਤ ਕਰਨ ਲਈ ਤਾਂ ਪ੍ਰੇਰਿਤ ਕੀਤਾ ਪਰ ਘਰ ਵਿੱਚ ਅੱਤ ਦੀ ਗਰੀਬੀ ਹੋਣ ਕਾਰਨ ਉਸ ਕੋਲ ਚੰਗੀ ਖੁਰਾਕ ਅਤੇ ਸਪੋਰਟਸ ਕਿੱਟ ਲਈ ਪੈਸੇ ਨਹੀਂ ਸਨ। ਗੁਰਬਤ ਭਰੇ ਦਿਨ ਗੁਜ਼ਾਰਨ ਵਾਲੀ ਇਸ ਮੁਟਿਆਰ ਨੇ ਫਿਰ ਵੀ ਕਦੇ ਹੌਂਸਲਾ ਨਹੀਂ ਹਾਰਿਆ ਸੀ।

ਪੁਰਾਣੇ ਦਿਨਾਂ ਦੀਆਂ ਯਾਦਾਂ ‘ਚ ਡੁੱਬੀ ਕੁਲਬੀਰ ਕਦੇ-ਕਦੇ ਭਾਵੁਕ ਹੋ ਜਾਂਦੀ ਹੈ ਅਤੇ ਕੋਚ ਦਵਿੰਦਰ ਸ਼ਰਮਾ ਦੁਆਰਾ ਉਸਦੇ ਨਾਜ਼ੁਕ ਦੌਰ ‘ਚ ਹਰੇਕ ਪੱਖ ਤੋਂ ਡਟ ਕੇ ਕੀਤੀ ਮੱਦਦ ਨੂੰ ਆਪਣੇ ਚਿੱਤ ਵਿੱਚ ਸਮੋਈ ਬੈਠੀ ਹੈ। ਬੀ. ਏ. ਦੀ ਪੜ੍ਹਾਈ ਦੌਰਾਨ ਕੁਲਬੀਰ ਨੇ ਵੇਟਲਿਫਟਿੰਗ ਦੇ ਅੰਤਰ ਕਾਲਜ ਮੁਕਾਬਲਿਆਂ ਵਿੱਚ ਤਿੰਨ ਸੋਨ ਤਗਮੇ ਜਿੱਤਣ ਤੋਂ ਇਲਾਵਾ ਸਰਬ ਭਾਰਤੀ ਅੰਤਰ ‘ਵਰਸਿਟੀ ਮੁਕਾਬਲਿਆਂ ਵਿੱਚ ਵੀ ਦੋ ਸਿਲਵਰ ਅਤੇ ਇੱਕ ਕਾਂਸੀ ਦਾ ਤਗਮਾ ਜਿੱਤਿਆ। 2008 ਵਿੱਚ ਕੁਲਬੀਰ ਨੇ ਖੇਡਾਂ ਨਾਲ ਜੁੜੇ ਰਹਿਣ ਲਈ ਪੀਜੀਡੀਸੀਏ ਵਿੱਚ ਦਾਖਲਾ ਲੈ ਕੇ ਅੰਤਰ ਕਾਲਜ ਅਤੇ ਸਰਬ ਭਾਰਤੀ ਅੰਤਰ ਯੂਨੀਵਰਸਿਟੀ ਮੁਕਾਬਲਿਆਂ ਵਿੱਚ ਗੋਲਡ ਮੈਡਲ ਜਿੱਤੇ।

ਘਰ ਦੇ ਆਰਥਿਕ ਹਾਲਾਤਾਂ ਨੂੰ ਸੁਧਾਰਨ ਲਈ ਕੁਲਬੀਰ ਨੇ ਪੰਜਾਬ ਪੁਲਿਸ ‘ਚ ਭਰਤੀ ਹੋਣ ਦਾ ਫੈਸਲਾ ਕਰ ਲਿਆ। ਪੁਲਿਸ ਵਿੱਚ ਭਰਤੀ ਹੋਣ ਲਈ ਉਹ ਦੋ ਵਾਰ ਟਰਾਇਲ ਦੇਣ ਲਈ ਗਈ ਪਰ ਗੋਡੇ ‘ਤੇ ਲੱਗੀ ਸੱਟ ਕਾਰਨ ਨਿਰਧਾਰਿਤ ਸਮੇਂ ‘ਚ ਦੌੜ ਨਾ ਲਾਉਣ ਕਾਰਨ ਸਫਲ ਨਹੀਂ ਹੋ ਸਕੀ।

ਭਰਤੀ ਨਾ ਹੋਣ ਤੋਂ ਬਾਅਦ ਉਹ ਖੇਡ ਮੈਦਾਨ ਵਿੱਚ ਹੀ ਜ਼ੋਰ ਅਜ਼ਮਾਈ ਕਰਨ ਲੱਗ ਗਈ। ਫਿਰ 2010 ਵਿੱਚ ਉਹ ਅਕਾਲ ਕਾਲਜ ਆਫ ਫਿਜ਼ੀਕਲ ਐਜੂਕੇਸ਼ਨ ਸ੍ਰੀ ਮਸਤੂਆਣਾ ਸਾਹਿਬ (ਸੰਗਰੂਰ) ਵਿਖੇ ਬੀ.ਪੀ.ਐਡ. ਵਿੱਚ ਪੜ੍ਹਦਿਆਂ ਅੰਤਰ ਕਾਲਜ ਮੁਕਾਬਲਿਆਂ ਦੀ ਚੈਂਪੀਅਨ ਬਣੀ। ਇਸੇ ਵਰ੍ਹੇ ਸਰਬ ਭਾਰਤੀ ਅੰਤਰ ‘ਵਰਸਿਟੀ ਮੁਕਾਬਲਿਆਂ ਦੌਰਾਨ ਕੁਲਬੀਰ ਨੇ ਆਪਣੀ ਸ਼ਾਨਦਾਰ ਕਾਰਗੁਜ਼ਾਰੀ ਸਦਕਾ ਗੋਲਡ ਮੈਡਲ ਜਿੱਤਿਆ ਅਤੇ ਉਸ ਖੇਡ ਸਮਾਗਮ ਵਿੱਚ ਬਤੌਰ ਮੁੱਖ ਮਹਿਮਾਨ ਪਹੁੰਚੇ ਪੰਜਾਬ ਪੁਲਿਸ ਦੇ ਅਫਸਰ ਉਲੰਪੀਅਨ ਭਾਰਤੋਲਕ ਸ੍ਰੀ ਸੰਦੀਪ ਕੁਮਾਰ ਨੇ ਉਸਨੂੰ ਪੁਲਿਸ ਦੀ ਭਰਤੀ (ਸਪੋਰਟਸ ਕੋਟਾ) ਵਿੱਚ ਫਾਰਮ ਭਰਨ ਲਈ ਉਤਸ਼ਾਹਿਤ ਕੀਤਾ।

ਇਸੇ ਸਾਲ ਦੇ ਜੁਲਾਈ ਮਹੀਨੇ ਵਿੱਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਗੋਲਡਨ ਭਾਰਤੋਲਕ ਕੁਲਬੀਰ ਨੂੰ ਬਤੌਰ ਕਾਂਸਟੇਬਲ ਪੰਜਾਬ ਪੁਲਿਸ ਵਿਭਾਗ (ਸਪੋਰਟਸ ਕੋਟਾ) ਵਿੱਚ ਨੌਕਰੀ ਮਿਲ ਗਈ ਅਤੇ ਉਸਦਾ ਸੁਪਨਾ ਪੂਰਾ ਹੋ ਗਿਆ। ਪੁਲਿਸ ਵਿੱਚ ਭਰਤੀ ਹੋਣ ਉਪਰੰਤ ਕੁਲਬੀਰ ਨੇ ਸਭ ਤੋਂ ਪਹਿਲਾਂ ਮੀਂਹਾਂ ਵਿੱਚ ਚੋਂਦੇ ਆਪਣੇ ਕੱਚੇ ਘਰ ਨੂੰ ਇੱਕ ਖੂਬਸੂਰਤ ਰੈਣ-ਬਸੇਰੇ ਵਿੱਚ ਬਦਲਣ ਦਾ ਬੀੜਾ ਚੁੱਕਿਆ।

ਫਿਰ ਉਸਨੇ ਆਪਣੇ ਪਿਤਾ ਨੂੰ ਰਿਕਸ਼ੇ ਦੀ ਥਾਂ ਇੱਕ ਨਵਾਂ ਆਟੋ ਲੈ ਕੇ ਦਿੱਤਾ। ਸੰਨ 2012 ਵਿੱਚ ਦਿੱਲੀ ਵਿਖੇ ਹੋਈਆਂ ਸਰਬ ਭਾਰਤੀ ਪੁਲਿਸ ਖੇਡਾਂ ਵਿੱਚ ਕੁਲਬੀਰ ਨੇ ਪੰਜਾਬ ਪੁਲਿਸ ਦੀ ਟੀਮ ਵੱਲੋਂ ਜ਼ਬਰਦਸਤ ਪ੍ਰਦਰਸ਼ਨ ਕਰਦਿਆਂ ਚਾਂਦੀ ਦਾ ਤਗਮਾ ਪ੍ਰਾਪਤ ਕੀਤਾ।
2013 ਦੇ ਵਰ੍ਹੇ ਦੌਰਾਨ ਸੀਨੀਅਰ ਸਟੇਟ ਵਿੱਚ ਗੋਲਡ ਅਤੇ ਸੀਨੀਅਰ ਨੈਸ਼ਨਲ ਵਿੱਚ ਸਿਲਵਰ ਮੈਡਲ ਜਿੱਤਣ ਵਾਲੀ ਕੁਲਬੀਰ ਏਸ਼ੀਅਨ ਖੇਡਾਂ ਲਈ ਇੰਡੀਆ ਟੀਮ ਦੇ ਕੈਂਪ ਵਿੱਚ ਚੁਣੀ ਗਈ ਪਰ ਮੋਢੇ ‘ਤੇ ਲੱਗੀ ਸੱਟ ਕਾਰਨ ਉਹ ਮੁਕਾਬਲਿਆਂ ਦਾ ਹਿੱਸਾ ਨਹੀਂ ਬਣ ਸਕੀ।

2014 ਵਿੱਚ ਵੀ ਇਸ ਪ੍ਰਸਿੱਧ ਭਾਰਤੋਲਕ ਨੂੰ ਸਟੇਟ ਅਤੇ ਨੈਸ਼ਨਲ ਮੁਕਾਬਲਿਆਂ ਵਿੱਚ ਕ੍ਰਮਵਾਰ ਸੋਨੇ ਤੇ ਚਾਂਦੀ ਦੇ ਤਮਗੇ ਨਸੀਬ ਹੋਏ। ਅਗਲੇ ਸਾਲ 2015 ਵਿੱਚ ਸਟੇਟ ਅਤੇ ਨੈਸ਼ਨਲ ਪੱਧਰ ‘ਤੇ ਸਿਲਵਰ ਮੈਡਲ ਜਿੱਤਣ ਵਾਲੀ ਕੁਲਬੀਰ ਆਪਣੀ ਦਮਦਾਰ ਖੇਡ ਦੀ ਬਦੌਲਤ ਪਦਉੱਨਤ ਹੋ ਕੇ ਹੈੱਡ ਕਾਂਸਟੇਬਲ ਬਣ ਗਈ। ਇਸੇ ਵਰ੍ਹੇ ਉਸਦੇ ਪਿਤਾ ਜੀ ਦੀ ਸ਼ੂਗਰ ਦੀ ਭਿਆਨਕ ਬਿਮਾਰੀ ਕਾਰਨ ਖੱਬੀ ਲੱਤ ਕੱਟੀ ਗਈ।

ਇਸ ਸਦਮੇ ਕਾਰਨ ਸਾਰੇ ਪਰਿਵਾਰ ‘ਤੇ ਉਦਾਸੀ ਦਾ ਆਲਮ ਛਾ ਗਿਆ। ਵੱਡੀਆਂ ਮੰਜ਼ਿਲਾਂ ਸਰ ਕਰਨ ਵਾਲੀ ਕੁਲਬੀਰ ਕੌਰ 17 ਅਪਰੈਲ 2016 ਨੂੰ ਪਿੰਡ ਥੂਹੀ ਦੇ ਵਸਨੀਕ ਸ੍ਰ. ਮਹਿੰਦਰ ਸਿੰਘ ਅਤੇ ਸ੍ਰੀਮਤੀ ਕਰਮਜੀਤ ਕੌਰ ਦੇ ਲਾਡਲੇ ਪ੍ਰਸਿੱਧ ਕੁਮੈਂਟੇਟਰ ਕੁਲਵੀਰ ਸਿੰਘ ਨਾਲ ਵਿਆਹ ਦੇ ਬੰਧਨ ਵਿੱਚ ਬੱਝ ਗਈ।

ਅਗਲੇ ਸਾਲ 2017 ਦੀ 9 ਫਰਵਰੀ ਨੂੰ ਪਰਮਾਤਮਾ ਨੇ ਇਸ ਜੋੜੀ ਨੂੰ ਇੱਕ ਪੁੱਤਰ ਦੀ ਦਾਤ ਬਖਸ਼ੀ, ਜਿਸ ਦਾ ਨਾਂਅ ਅਗਮਵੀਰ ਸਿੰਘ ਰੱਖਿਆ ਗਿਆ। ਰੋਜ਼ਾਨਾ ਛੇ ਘੰਟੇ ਜ਼ੋਰਦਾਰ ਅਭਿਆਸ ਕਰਕੇ ਪਸੀਨਾ ਵਹਾਉਣ ਵਾਲੀ ਕੁਲਬੀਰ ਆਪਣੇ ਮਾਸੂਮ ਬੇਟੇ ਅਗਮਵੀਰ ਨੂੰ ਵੀ ਮੈਦਾਨ ਵਿੱਚ ਨਾਲ ਲੈ ਕੇ ਜਾਣ ਲੱਗ ਪਈ ਅਤੇ ਜਦੋਂ ਉਹ ਭੁੱਖ ਨਾਲ ਰੋਣ ਲੱਗਦਾ ਤਾਂ ਆਪਣੀ ਪ੍ਰੈਕਟਿਸ ਛੱਡ ਕੇ ਉਸਨੂੰ ਦੁੱਧ ਪਿਲਾਉਂਦੀ।

ਇਸੇ ਵਰ੍ਹੇ ਦੇ ਨੌਵੇਂ ਮਹੀਨੇ ਦੀ ਅੱਠ ਤਰੀਕ ਨੂੰ ਕੁਲਬੀਰ ਦੀਆਂ ਖੁਸ਼ੀਆਂ ਲਈ ਦਿਨ-ਰਾਤ ਦੁਆਵਾਂ ਕਰਨ ਵਾਲੀ ਮਾਂ ਸ੍ਰੀਮਤੀ ਜਸਵੰਤ ਕੌਰ ਸ਼ੂਗਰ ਦੀ ਸੰਖੇਪ ਬਿਮਾਰੀ ਤੋਂ ਬਾਅਦ ਸਦਾ ਲਈ ਇਸ ਦੁਨੀਆਂ ਤੋਂ ਰੁਖ਼ਸਤ ਹੋ ਗਈ। ਇਸ ਦੁਖਦਾਇਕ ਘਟਨਾਂ ਨੇ ਉਸਨੂੰ ਧੁਰ ਅੰਦਰ ਤੱਕ ਝੰਜੋੜ ਕੇ ਰੱਖ ਦਿੱਤਾ। ਮਾਂ ਦੀ ਮਮਤਾ ਤੋਂ ਸੱਖਣੀ ਹੋਈ ਕੁਲਬੀਰ ਖੇਡਾਂ ਦੀ ਦੁਨੀਆਂ ਤੋਂ ਵੀ ਦੂਰ ਰਹਿਣ ਲੱਗ ਪਈ ਅਤੇ ਮਾਨਸਿਕ ਪੱਖੋਂ ਬਿਲਕੁਲ ਟੁੱਟ ਚੁੱਕੀ ਸੀ।

ਇਸ ਧੁਰੰਤਰ ਖਿਡਾਰਨ ਨੂੰ ਦੁੱਖ ਦੀ ਘੜੀ ਵਿੱਚ ਕੋਚ ਸੰਦੀਪ ਕੁਮਾਰ ਅਤੇ ਸ੍ਰ. ਸਤਵੰਤ ਸਿੰਘ ਨੇ ਕਾਫੀ ਸਾਥ ਦਿੱਤਾ। ਸਮੁੱਚੇ ਪਰਿਵਾਰ ਅਤੇ ਪ੍ਰਸੰਸਕਾਂ ਤੋਂ ਮਿਲੇ ਧਰਵਾਸ ਨੇ ਕੁਲਬੀਰ ਨੂੰ 2018 ਵਿੱਚ ਪੂਨਾ ਵਿਖੇ ਹੋਈਆਂ ਸਰਬ ਭਾਰਤੀ ਪੁਲਿਸ ਖੇਡਾਂ ਲਈ ਤਿਆਰ ਕਰਕੇ ਜਹਾਜ਼ ਚੜ੍ਹਾ ਦਿੱਤਾ।

ਜਿੱਥੇ ਉਸਨੇ ਮਾਨਸਿਕ ਅਤੇ ਸਰੀਰਕ ਪੱਖੋਂ ਤਕੜੀ ਹੋ ਕੇ ਖੇਡਦਿਆਂ ਪੰਜਵਾਂ ਸਥਾਨ ਪ੍ਰਾਪਤ ਕੀਤਾ। ਖੇਡ ਮੈਦਾਨ ਵਿੱਚ ਧੜੱਲੇਦਾਰ ਵਾਪਸੀ ਕਰਦਿਆਂ ਕੁਲਬੀਰ ਸਾਲ 2019 ਦੌਰਾਨ ਸੀਨੀਅਰ ਸਟੇਟ ਵਿੱਚ ਗੋਲਡ ਮੈਡਲ ਦੀ ਹੱਕਦਾਰ ਬਣੀ। 2019 ਅਤੇ 2020 ਦੀਆਂ ਸਰਬ ਭਾਰਤੀ ਪੁਲਿਸ ਖੇਡਾਂ ਵਿੱਚ ਵੀ ਇਸ ਮਸ਼ਹੂਰ ਭਾਰਤੋਲਕ ਨੇ ਕਾਂਸੀ ਦੇ ਤਗਮੇ ਜਿੱਤੇ।

ਸਕੂਲੀ ਖੇਡਾਂ ਤੋਂ ਲੈ ਕੇ ਇੰਡੀਆ ਕੈਂਪ ਤੱਕ ਦਾ ਦ੍ਰਿੜ੍ਹਤਾ ਭਰਿਆ ਸਫ਼ਰ ਤੈਅ ਕਰਨ ਵਾਲੀ ਖੇਡ ਦੁਨੀਆਂ ਦੀ ਸਥਾਪਤ ਹਸਤਾਖ਼ਰ ਕੁਲਬੀਰ ਕੌਰ ਆਪਣੇ ਇਲਾਕੇ ਦੀਆਂ ਸਿਰਮੌਰ ਸੰਸਥਾਵਾਂ ਅਤੇ ਰਾਜਨੀਤਕ ਸ਼ਖ਼ਸੀਅਤਾਂ ਵੱਲੋਂ ਮਿਲਣ ਵਾਲੇ ਮਾਣ-ਸਨਮਾਨਾਂ ਤੇ ਹੱਲਾਸ਼ੇਰੀ ਤੋਂ ਆਪਣੇ-ਆਪ ਨੂੰ ਅਣਗੌਲਿਆ ਹੋਇਆ ਮਹਿਸੂਸ ਕਰਦੀ ਹੈ। ਪੰਜਾਬ ਪੁਲਿਸ ਵਿਭਾਗ ਅਤੇ ਸਮੁੱਚੇ ਖੇਡ ਜਗਤ ਨੂੰ ਆਸ ਹੈ ਕਿ ਕੁਲਬੀਰ ਕੌਰ ਦੀ ਚੜ੍ਹਤ ਅਜੇ ਲੰਮਾ ਸਮਾਂ ਕਾਇਮ ਰਹੇਗੀ। ਸ਼ਾਲਾ ਖ਼ੈਰ ਕਰੇ।
ਪ੍ਰੋ. ਗੁਰਸੇਵ ਸਿੰਘ ‘ਸੇਵਕ ਸ਼ੇਰਗੜ’
ਸਰਕਾਰੀ ਮਹਿੰਦਰਾ ਕਾਲਜ, ਪਟਿਆਲਾ
ਮੋ. 94642-25126

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

LEAVE A REPLY

Please enter your comment!
Please enter your name here