ਨਾਭਾ (ਸੁਰਿੰਦਰ ਕੁਮਾਰ ਸ਼ਰਮਾ)। ਪਾਵਰਕੌਮ ਨੇ ਇੱਕ ਰਿਕਸ਼ਾ ਚਾਲਕ ਨੂੰ 26150 ਰੁਪਏ ਬਿਜਲੀ ਦਾ ਬਿੱਲ ਭੇਜ ਕੇ ਵੱਡਾ ਝਟਕਾ ਦਿੱਤਾ ਹੈ ਇਸ ਦੇ ਨਾਲ ਹੀ ਉਸ ਨੂੰ ਇੱਕ ਹੋਰ ਝਟਕਾ ਦਿੰਦਿਆਂ ਕੁਨੈਕਸ਼ਨ ਵੀ ਕੱਟ ਦਿੱਤਾ ਗਿਆ, ਜਦੋਂਕਿ ਸਰਕਾਰੀ ਵਿਭਾਗਾਂ ਵੱਲ ਪਾਵਰਕੌਮ ਦਾ ਕਰੋੜਾਂ ਰੁਪਏ ਬਕਾਇਆ ਖੜ੍ਹਾ ਹੈ।
ਜਾਣਕਾਰੀ ਅਨੁਸਾਰ ਰਿਕਸ਼ਾ ਚਾਲਕ ਨਰਿੰਦਰ ਕੁਮਾਰ ਵਾਸੀ ਨਾਭਾ ਨੇ ਦੱਸਿਆ ਕਿ ਉਸਨੂੰ ਪਿਛਲੇ ਚਾਰ-ਪੰਜ ਮਹੀਨਿਆਂ ਤੋਂ ਬਿੱਲ ਨਹੀਂ ਆਇਆ ਅਤੇ ਉਸ ਨੇ ਸਮਝਿਆ ਕਿ ਪੰਜਾਬ ਸਰਕਾਰ ਵੱਲੋਂ ਬਿਜਲੀ ਮੁਫਤ ਕਰ ਦਿੱਤੀ ਗਈ ਹੈ ਅਤੇ ਕਿਸੇ ਦਾ ਵੀ ਬਿੱਲ ਨਹੀਂ ਆ ਰਿਹਾ। ਉਨ੍ਹਾਂ ਦੱਸਿਆ ਕਿ ਪਰ ਅਚਾਨਕ ਹੀ ਬਿਜਲੀ ਵਿਭਾਗ ਦੇ ਜੇਈ ਵੱਲੋਂ ਆ ਕੇ ਬਿਜਲੀ ਦਾ ਕਨੈਕਸ਼ਨ ਕੱਟ ਦਿੱਤਾ ਅਤੇ ਕਿਹਾ ਕਿ 26150 ਰੁਪਏ ਜ਼ਮ੍ਹਾਂ ਕਰਵਾਉਣੇ ਪੈਣਗੇ।
Electricity Bill Punjab
ਉਸ ਨੇ ਦੱਸਿਆ ਕਿ ਉਹ ਕਾਫੀ ਹੈਰਾਨ ਹੋਇਆ ਤੇ ਉਸ ਨੇ ਕੁਨੈਕਸ਼ਨ ਨਾ ਕੱਟਣ ਲਈ ਉਹਨਾਂ ਦੇ ਕਾਫੀ ਮਿੰਨਤਾਂ-ਤਰਲੇ ਕੀਤੇ ਪਰ ਉਨ੍ਹਾਂ ਇੱਕ ਨਾ ਸੁਣੀ ਅਤੇ ਕੁਨੈਕਸ਼ਨ ’ਤੇ ਪਲਾਸ ਚਲਾ ਦਿੱਤਾ। ਰਿਕਸ਼ਾ ਚਾਲਕ ਨੇ ਦੱਸਿਆ ਕਿ ਪਹਿਲਾਂ ਵੀ 10 ਹਜ਼ਾਰ ਰੁਪਏ ਦਾ ਬਿੱਲ ਇਕੱਠਾ ਭਰਿਆ ਹੈ, ਬਿਜਲੀ ਵਿਭਾਗ ਵੱਲੋਂ ਇਹ ਆਖ ਦਿੱਤਾ ਜਾਂਦਾ ਸੀ ਕਿ ਕਈ ਤਰ੍ਹਾਂ ਦੇ ਜ਼ੁਰਮਾਨੇ ਪਏ ਹੋਏ ਹਨ।
Read Also : Drug Free Punjab: ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਨਸ਼ਾ ਤਸਕਰਾਂ ਲਈ ਆਖੀ ਵੱਡੀ ਗੱਲ
ਉਸ ਨੇ ਦੱਸਿਆ ਕਿ ਉਸਦੇ ਘਰ ਵਿੱਚ ਸਿਰਫ ਚਾਰ ਲਾਈਟਾਂ, ਤਿੰਨ ਪੱਖੇ ਅਤੇ ਇੱਕ ਫਰਿੱਜ ਲੱਗਿਆ ਹੋਇਆ ਹੈ। ਪੱਖੇ ਸਰਦੀ ਕਾਰਨ ਹਾਲੇ ਤੱਕ ਚਲਾਉਣੇ ਸ਼ੁਰੂ ਨਹੀਂ ਕੀਤੇ ਅਤੇ ਫਰਿੱਜ਼ ਦੀ ਵੀ ਬਹੁਤੀ ਲੋੜ ਨਹੀਂ ਪੈਂਦੀ ਸੀ। ਪਿਛਲੇ ਕੁਝ ਮਹੀਨਿਆਂ ਤੋਂ ਸਿਰਫ ਸ਼ਾਮ ਨੂੰ ਲਾਈਟਾਂ ਹੀ ਚਲਾਈਆਂ ਜਾਂਦੀਆਂ ਸਨ ਪਰ ਫਿਰ ਵੀ ਐਨਾ ਬਿੱਲ ਪਤਾ ਨਹੀਂ ਕਿਵੇਂ ਬਣਾ ਦਿੱਤਾ ਗਿਆ। ਉਨ੍ਹਾਂ ਸਰਕਾਰ ਨੂੰ ਹੱਥ ਜੋੜਦਿਆਂ ਆਖਿਆ ਕਿ ਉਹ ਬਿਜਲੀ ਦਾ ਬਿੱਲ ਭਰਨ ਵਿੱਚ ਅਸਮਰਥ ਹੈ ਤੇ ਜੇਕਰ ਬਿਜਲੀ ਵਾਲੇ ਮੀਟਰ ਵਿੱਚ ਕੋਈ ਫਾਲਟ ਹੈ ਤਾਂ ਉਸਨੂੰ ਠੀਕ ਕਰਕੇ ਦੁਬਾਰਾ ਲਾ ਦਿੱਤਾ ਜਾਵੇ।
ਇਸ ਸਬੰਧੀ ਜਦੋਂ ਬਿਜਲੀ ਵਿਭਾਗ ਦੇ ਜੇਈ ਅਵਤਾਰ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਕਨੈਕਸ਼ਨ ਕੱਟਣਾ ਉਨ੍ਹਾਂ ਦੀ ਮਜ਼ਬੂਰੀ ਸੀ। ਇਸ ਸਬੰਧੀ ਜਦੋਂ ਐਕਸ਼ਨ ਨਾਭਾ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਜੋ ਵੀ ਕਨੈਕਸ਼ਨ ਕੱਟੇ ਹਨ ਉਨ੍ਹਾਂ ਦੀ ਸੂਚੀ ਡੀਸੀ ਸਾਹਿਬ ਨੂੰ ਭੇਜ ਦਿੱਤੀ ਹੈ।