ਬਜ਼ੁਰਗਾਂ ਦਾ ਸਤਿਕਾਰ ਕਰਨਾ ਬਹੁਤ ਜ਼ਰੂਰੀ

Respecting, Elders, Important, Older Ashrams

ਬਜ਼ੁਰਗਾਂ ਦਾ ਸਤਿਕਾਰ ਕਰਨਾ ਬਹੁਤ ਜ਼ਰੂਰੀ

ਨਾਮਪ੍ਰੀਤ ਸਿੰਘ ਗੋਗੀ

ਅਜੋਕਾ ਜ਼ਮਾਨਾ ਦਿਨੋਂ-ਦਿਨ ਭਿਆਨਕ ਦੌਰ ਵਿੱਚੋਂ ਗੁਜ਼ਰ ਰਿਹਾ ਹੈ। ਅੱਜ ਦਾ ਇਨਸਾਨ ਨਾ ਆਪਣਾ ਫਰਜ਼ ਪਛਾਨਣ ਦੀ ਕੋਸ਼ਿਸ਼ ਕਰ ਰਿਹਾ ਹੈ ਤੇ ਨਾ ਨਿਭਾਉਣ ਦੀ। ਪੁਰਾਣਿਆਂ ਬਜ਼ੁਰਗਾਂ ਦੇ ਉੱਤਰਿਆਂ ਚਿਹਰਿਆਂ ਵੱਲ ਵੇਖ ਬੜਾ ਦੁੱਖ ਹੁੰਦਾ ਤੇ ਵਿਚਾਰੇ ਰੋਂਦੇ ਹੋਏ ਦੱਸਦੇ ਹਨ ਕਿ ਸਾਡੇ ਸਮਿਆਂ ਵਿੱਚ ਲੋਕ ਮਾਪਿਆਂ ਦਾ ਦਿਲੋਂ ਸਤਿਕਾਰ ਕਰਦੇ ਸਨ ਤੇ ਆਪਣੇ ਮਾਪਿਆਂ ਦੀ ਸੇਵਾ ਕਰਨੀ, ਸਤਿਕਾਰ ਕਰਨਾ ਆਦਿ ਨੂੰ ਆਪਣਾ ਪਹਿਲਾ ਫ਼ਰਜ਼ ਸਮਝਦੇ ਸਨ। ਉਨ੍ਹਾਂ ਦਾ ਖਿਆਲ ਹੈ ਕਿ ਮਾਪਿਆਂ ਦੀ ਸੇਵਾ ਕਰਨੀ ਸੱਚੀ ਸੇਵਾ, ਸੱਚਾ ਕਰਮ-ਧਰਮ ਹੈ, ਜੋ ਹਰ ਕੋਸ਼ਿਸ਼ ਸਦਕਾ ਪੂਰੀ ਕਰਦੇ ਸਨ। ਪਰ ਅਜੋਕੇ ਸਮੇਂ ਵਿੱਚ ਸਮਾਜ ਵਿੱਚ ਰਹਿੰਦੇ ਹੋਏ ਚਾਰੇ ਪਾਸੇ ਜੇਕਰ ਨਜ਼ਰ ਮਾਰੀਏ ਤਾਂ ਪਤਾ ਲੱਗਦਾ ਹੈ ਕਿ ਅਜੋਕੇ ਸਮੇਂ ਦੌਰਾਨ ਲੋਕ ਕਿੰਝ ਆਪਣੇ ਮਾਂ-ਬਾਪ ਪ੍ਰਤੀ ਫਰਜ਼, ਕਰਤੱਵ ਭੁੱਲਦੇ ਜਾ ਰਹੇ ਹਨ। ਜੇਕਰ ਮਾਂ-ਬਾਪ ਆਪਣੀ ਔਲਾਦ ਨੂੰ ਉਨ੍ਹਾਂ ਦੇ ਫ਼ਰਜ਼ਾਂ ਬਾਰੇ ਜਾਣੂ ਵੀ ਕਰਵਾਉਂਦੇ ਹਨ ਤਾਂ ਅੱਗੋਂ ਇਹ ਨੌਜਵਾਨ ਆਪਣਾ ਫ਼ਰਜ਼ ਪਛਾਨਣ ਤੇ ਉਹਨਾਂ ਦੀ ਗੱਲ ਸੁਣਨ ਦੀ ਬਜਾਏ ਉਨ੍ਹਾਂ ਨਾਲ ਗਾਲੀ-ਗਲੋਚ ਕਰਦੇ ਹਨ, ਇੱਥੋਂ ਤੱਕ ਕਿ ਉਨ੍ਹਾਂ ਦੀ ਕੁੱਟ-ਮਾਰ ਵੀ ਕੀਤੀ ਜਾਂਦੀ ਹੈ।
ਅੱਜ ਦੇ ਸਮੇਂ ਵਿੱਚ ਕਾਫੀ ਬੱਚਿਆਂ ਕੀ, ਨੌਜਵਾਨਾਂ ਕੀ ਤੇ ਅਧਖੜ ਉਮਰ ਦੇ ਇਨਸਾਨਾਂ ਨੇ ਵੀ ਮਾਂ-ਬਾਪ ਨੂੰ ਘਰ ਪਿਆ ਵਾਧੂ ਬੋਝ ਹੀ ਸਮਝਿਆ ਹੋਇਆ ਹੈ ਬੜਾ ਦੁੱਖ ਹੁੰਦਾ ਹੈ ਜਦੋਂ ਇਹ ਨੌਜਵਾਨ ਆਪਣੇ ਮਾਪਿਆਂ ਨਾਲ ਆਪਣੇ ਬਜ਼ੁਰਗਾਂ ਨਾਲ ਮਾੜੀ-ਮਾੜੀ ਗੱਲ ‘ਤੇ ਝਗੜਾ ਕਰਕੇ ਉਹਨਾਂ ਨੂੰ ਘਰਾਂ ਤੋਂ ਬਿਰਧ ਆਸ਼ਰਮਾਂ ਦਾ ਰਸਤਾ ਵਿਖਾ ਦਿੰਦੇ ਆ ਤੇ ਅੱਗੋਂ ਆਖਦੇ ਆ ਕਿ ਸਾਥੋਂ ਨ੍ਹੀਂ ਸੰਭਾਲਿਆ ਜਾਂਦਾ ਬੁੜ੍ਹਾ ਹੁਣ ਅਸੀਂ ਆਪਣੇ ਕੰਮ ਕਰੀਏ ਕਿ ਇਹਨੂੰ ਸੰਭਾਲੀਏ। ਭਲਾ ਕਹਿਣ ਵਾਲਾ ਹੋਵੇ ਕਿ ਤੁਸੀਂ ਵੀ ਇਹਨਾਂ ਦੇ ਸੰਭਾਲੇ ਬਚੇ ਬੈਠੇ ਹੋ। ਦੂਜੇ ਪਾਸੇ ਵੱਡੇ-ਵੱਡੇ ਮਹਾਂਨਗਰਾਂ ਤੇ ਸ਼ਹਿਰਾਂ ਵਿੱਚ ਸਥਿਤ ਬਿਰਧ ਆਸ਼ਰਮ ਵਿੱਚ ਰਹਿੰਦੇ ਬਜ਼ੁਰਗ ਜਿਨ੍ਹਾਂ ਦੇ ਚਿਹਰੇ ਆਪਣੀਆਂ ਔਲਾਦਾਂ ਵੱਲੋਂ ਦਿੱਤੇ ਦੁੱਖਾਂ ਕਾਰਨ ਮੁਰਝਾਏ ਦਿਖਾਈ ਦਿੰਦੇ ਨੇ ਪਰ ਸਦਕੇ ਜਾਈਏ ਅਜਿਹੇ ਮਾਪਿਆਂ ਦੇ ਜੋ ਔਲਾਦ ਵੱਲੋਂ ਦਿੱਤੇ ਜਾਣ ਵਾਲੇ ਦੁੱਖਾਂ ਦੇ ਬਦਲੇ ਫਿਰ ਵੀ ਆਪਣੀਆਂ ਅਜਿਹੀਆਂ ਔਲਾਦਾਂ ਨੂੰ ਦੁਆਵਾਂ ਦਿੰਦੇ ਨ੍ਹੀਂ ਥੱਕਦੇ ਕਿਉਂਕਿ ਪੁੱਤ ਚਾਹੇ ਕਪੁੱਤ ਹੋ ਜਾਵੇ ਪਰ ਮਾਪੇ ਫਿਰ ਵੀ ਇਹਨਾਂ ਲਈ ਦੁਆਵਾਂ ਹੀ ਕਰਦੇ ਹਨ।

ਅਕਸਰ ਦੇਖਣ ‘ਚ ਆਉਂਦਾ ਹੈ ਕਿ ਬਿਰਧ ਆਸ਼ਰਮਾਂ ਵਿੱਚ ਕਈ ਬਜ਼ੁਰਗ ਤਾਂ ਜ਼ਿੰਦਗੀ ਤੇ ਮੌਤ ਦੀਆਂ ਆਖ਼ਰੀ ਘੜੀਆਂ ਗਿਣ ਰਹੇ ਹੁੰਦੇ ਹਨ ਤੇ ਨਜ਼ਰਾਂ ਬੂਹੇ ਵੱਲ ਲੱਗੀਆਂ ਹੁੰਦੀਆਂ ਕਿ ਸ਼ਾਇਦ ਭੁੱਲੀ-ਭਟਕੀ ਮੇਰੀ ਔਲਾਦ ਹੀ ਮੈਨੂੰ ਜਾਂਦਿਆਂ ਨੂੰ ਕਿਧਰੇ ਦਿਖਾਈ ਦੇ ਜਾਵੇ। ਜੇਕਰ ਬਿਰਧ ਆਸ਼ਰਮ ਵਾਲੇ ਸੁਨੇਹਾ ਵੀ ਭੇਜਦੇ ਹਨ ਤਾਂ ਪਤਾ ਲੈਣਾਂ ਤਾਂ ਦੂਰ ਅੱਗੋਂ ਅਜਿਹੇ ਆਪਣੇ-ਆਪ ਨੂੰ ਜੋ ਲੋਕਾਂ ਅੱਗੇ ਸਮਾਜ ਸੇਵੀ ਦੱਸਦੇ ਆ ਆਖ ਦਿੰਦੇ ਆ ਕਿ ਟਾਇਮ ਨ੍ਹੀਂ ਜੀ ਇੰਨਾ ਸਾਡੇ ਕੋਲ, ਆਪਣਾ ਬੈਂਕ ਖਾਤਾ ਨੰਬਰ ਦੱਸਿਓ ਪੈਸੇ ਭੇਜ ਦਿੰਨੇ ਆਂ। ਉਹ ਭਲੇਮਾਣਸੋ ਮਾਂ-ਬਾਪ ਨੇ ਆਪਣੀ ਔਲਾਦ ਨੂੰ ਪਾਲ-ਪੋਸ ਕੇ ਵੱਡਾ ਕੀਤਾ, ਜਿਸ ਨੇ ਹਮੇਸ਼ਾ ਆਪ ਗਿੱਲੇ ਥਾਂ ਪੈ ਕੇ ਆਪਣੀ ਔਲਾਦ ਨੂੰ ਸੁੱਕੇ ਥਾਂ ਪਾਇਆ ਅਤੇ ਪੜ੍ਹਾ-ਲਿਖਾ ਕੇ ਦੁਨੀਆਂ ਵਿੱਚ ਚੰਗੇ ਕੰਮ ‘ਤੇ ਲਵਾ ਦਿੱਤਾ ਸ਼ਾਇਦ ਇਹ ਉਮੀਦ ਕੀਤੀ ਹੋਵੇਗੀ ਕਿ ਇਹ ਔਲਾਦ ਸਾਡੀ ਬਜ਼ੁਰਗ ਅਵਸਥਾ ਵਿੱਚ ਸਾਡੇ ਲਈ ਡੰਗੋਰੀ ਬਣ ਸਹਾਰਾ ਦੇਵੇਗੀ। ਪਰ ਅਫਸੋਸਨਾਕ ਇਹ ਮੰਜਰ ਕਿ ਅਜਿਹੀਆਂ ਔਲਾਦਾਂ ਆਪਣਾ ਫ਼ਰਜ਼ ਮੂਲੋਂ ਪਛਾੜ ਰਹੀਆਂ ਹਨ। ਇੱਕ ਸਰਵੇਖਣ ਮੁਤਾਬਿਕ 100 ਫੀਸਦੀ ਵਿੱਚੋਂ 60 ਫੀਸਦੀ ਆਸ਼ਰਮ ਸਾਡੇ ਦੇਸ਼ ਵਿੱਚ ਖੁੱਲ੍ਹ ਚੁੱਕੇ ਹਨ, ਇਨ੍ਹਾਂ ਵਿੱਚ ਰਹਿਣ ਵਾਲੇ ਬਜ਼ੁਰਗ ਮਾਂ-ਬਾਪ, ਜੋ ਔਲਾਦ ਵੱਲੋਂ ਸਤਾਏ ਮਜਬੂਰਨ ਇਨ੍ਹਾਂ ਬਿਰਧ ਆਸ਼ਰਮਾਂ ਵਿੱਚ ਰਹਿ ਰਹੇ ਹਨ, ਦੀ ਗਿਣਤੀ 80 ਫ਼ੀਸਦੀ ਹੋ ਚੁੱਕੀ ਹੈ ਜੋ ਕਿ ਦਿਨੋਂ-ਦਿਨ ਅਮਰ ਵੇਲ ਵਾਂਗ ਵਧਦੀ ਜਾ ਰਹੀ ਹੈ।

ਲੋਕਾਂ ਨੇ ਬਿਰਧ ਆਸ਼ਰਮ ਕਿਉਂ ਬਣਾਏ? 

ਅੱਜ ਦੇ ਜਿਆਦਾਤਰ ਇਨਸਾਨ ਕਿੰਨੇ ਬੇ-ਗੈਰਤ ਤੇ ਅਹਿਸਾਨ ਫਰਾਮੋਸ਼, ਨਟੰਕੀ ਹੋ ਚੁੱਕੇ ਹਨ ਕਿ ਧਾਰਮਿਕ ਸਥਾਨਾਂ ‘ਤੇ ਜਾ ਕੇ ਸਮਾਜ ਸੇਵੀ ਸੰਸਥਾਵਾਂ ਬਣਾ ਕੇ ਲੋਕਾਂ ਅੱਗੇ ਆਪਣੇ-ਆਪ ਨੂੰ ਇਸ ਤਰ੍ਹਾਂ ਪੇਸ਼ ਕਰਦੇ ਹਨ ਜਿਵੇਂ ਇਹ ਬਹੁਤ ਵੱਡੀ ਸੇਵਾ ਕਰਨ ਵਾਲੇ ਹੋਣ ਓ ਭਲਿਓ ਲੋਕੋ! ਪਹਿਲਾਂ ਜੋ ਘਰ ਬੈਠੇ ਹਨ ਮਾਂ-ਬਾਪ ਸੇਵਾ ਉਨ੍ਹਾਂ ਤੋਂ ਹੀ ਸ਼ੁਰੂ ਕਰ ਲਵੋ ਫੇਰ ਬਣ ਜਾਇਓ ਸਮਾਜ ਸੇਵਕ। ਆਪਣੇ ਮਾਂ-ਬਾਪ ਦਾ ਦਿਲ ਦਿਖਾਉਣ ਵਾਲਿਓ ਕੁਝ ਸੋਚੋ! ਲੋਕਾਂ ਨੇ ਬਿਰਧ ਆਸ਼ਰਮ ਕਿਉਂ ਬਣਾਏ? ਉਹ ਲੋਕ ਕਿਉਂ ਤੁਹਾਡੇ ਵੱਲੋਂ ਘਰੋਂ ਕੱਢੇ ਮਾਪਿਆਂ ਦੀ ਸੇਵਾ ਕਰ ਰਹੇ ਹਨ? ਜਦੋਂ ਤੁਹਾਡੇ ਵਰਗੇ ਸਮਾਜ ਦੇ ਮੱਥੇ ਦਾ ਕਲੰਕ ਆਪਣੇ ਘਰ ਬੈਠੇ ਮਾਪਿਆਂ ਨੂੰ ਘਰੋਂ ਕੱਢ ਬਾਹਰ ਦਾ ਰਸਤਾ ਵਿਖਾ ਦਿੰਦੇ ਆ। ਜਦੋਂ ਅਜਿਹੇ ਲੋਕਾਂ ਵੱਲ ਲੋਕ ਉੱਗਲਾਂ ਕਰ ਲਾਹਨਤਾਂ ਪਾਉਂਦੇ ਆ ਤਾਂ ਅਜਿਹੇ ਲੋਕ ਫਿਰ ਬਿਰਧ ਆਸ਼ਰਮਾਂ ‘ਤੇ ਵੀ ਉੱਗਲਾਂ ਚੁੱਕਦੇ ਆ ਤੇ ਕਹਿੰਦੇ ਆ ਕਿ ਬਿਰਧ ਆਸ਼ਰਮਾਂ ਵਾਲੇ ਤਾਂ ਬਜੁਰਗਾਂ ਨੂੰ ਆਧਾਰ ਬਣਾ ਕੇ ਬਿਜ਼ਨਸ ਕਰਦੇ ਹਨ।

ਫਿਰ ਬਹੁਤਿਓ ਸਿਆਣਿਓ! ਜੇ ਤੁਹਾਨੂੰ ਪਤਾ ਕਿ ਬਿਰਧ ਆਸ਼ਰਮਾਂ ਵਿੱਚ ਬਿਜ਼ਨਸ ਚਲਾਉਣ ਦੀ ਗੱਲ ਹੈ ਤਾਂ ਫਿਰ ਤੁਸੀਂ ਮਾਂ-ਬਾਪ ਨੂੰ ਘਰੋਂ ਕੱਢਦੇ ਕਿਉਂ ਹੋ? ਪਰ ਮਾਪਿਆਂ ਨੂੰ ਫਾਲਤੂ ਸਮਝਣ ਦੀ ਗੰਧਲੀ ਸੋਚ ਸਮਾਜ ਨੂੰ ਲਗਾਤਾਰ ਘੁਣ ਵਾਂਗ ਖਾਂਦੀ ਜਾ ਰਹੀ ਹੈ। ਮਾਂ-ਬਾਪ ਦੀ ਸੇਵਾ ਕਰਨ ਦੀ ਬਜਾਏ ਉਹਨਾਂ ਨੂੰ ਦੁੱਖ ਦੇ ਰਹੇ ਹਨ ਤੇ ਉੱਤੋਂ ਅਸੀਂ ਧਾਰਮਿਕ ਹਾਂ ਜੀ ਫਲਾਣਾ ਧਰਮ ਏ ਸਾਡਾ। ਕਈ ਵਾਰ ਤਾਂ ਵੇਖੀਦਾ ਕਿ ਸੜਕਾਂ ‘ਤੇ ਤੁਰੀਆਂ ਜਾਂਦੀਆਂ ਉਹ ਅਭਾਗੀਆਂ ਮਾਂਵਾਂ, ਉਹ ਅਭਾਗੇ ਬਾਪ ਜੋ ਔਲਾਦ ਦੇ ਸਤਾਏ ਤੇ ਦਿੱਤੇ ਦੁੱਖਾਂ ਦੀ ਬਦੌਲਤ ਕਮਲਪੁਣੇ ਦਾ ਸ਼ਿਕਾਰ ਹੋਏ ਹੁੰਦੇ ਹਨ। ਜੇਕਰ ਧਰਮ ਮੁਤਾਬਕ ਵੇਖੀਦਾ ਤਾਂ ਇਹੀ ਸੁਣਨ ਨੂੰ, ਪੜ੍ਹਨ ਨੂੰ ਮਿਲਦਾ ਕਿ ਆਪਣੇ ਮਾਪਿਆਂ ਦਾ ਅਹਿਸਾਨ ਕਦੇ ਕੋਈ ਵੀ ਸੱਤ ਜਨਮ ਲੈ ਕੇ ਵੀ ਨਹੀਂ ਚੁਕਾ ਸਕਦਾ। ਅਸੀਂ ਆਪਣੇ ਮਾਪਿਆਂ ਨੂੰ ਘਰੋਂ ਵਾਧੂ ਬੋਝ ਸਮਝ ਕੇ ਕੱਢ ਰਹੇ ਹਾਂ ਕਦੇ ਪੁੱਛ ਕੇ ਵੇਖਿਓ ਉਹਨਾਂ ਲੋਕਾਂ ਨੂੰ ਜੋ ਮਾਪਿਆਂ ਨੂੰ ਗਵਾ ਕੇ ਹੁਣ ਤੱਕ ਉਸ ਰੱਬ ਸਿਰ ਉਲਾਂਭਾ ਧਰੀ ਬੈਠੇ ਹਨ। ਅਜਿਹਾ ਕਰਨ ਵਾਲਿਓ! ਰੁਕੋ, ਸੋਚੋ.. ਤੇ ਇੱਕ ਗੱਲ ਯਾਦ ਰੱਖਿਓ, ਜਿਹੋ-ਜਿਹਾ ਵੀ ਬੀਜੋਗੇ ਉਹੋ-ਜਿਹਾ ਵੱਡੋਗੇ! ਜੋ ਆਪਣੇ ਮਾਪਿਆਂ ਨਾਲ ਕਰ ਰਹੇ ਹੋ ਕੱਲ੍ਹ ਨੂੰ ਤੁਹਾਡੇ ਨਾਲ ਵੀ ਹੋਣਾ ਜਰੂਰ ਹੈ ਸਮਾਂ ਕੋਈ ਬਹੁਤਾ ਦੂਰ ਨਹੀਂ ਹੁੰਦਾ ਸਗੋਂ ਇਸ ਤਰ੍ਹਾਂ ਦੀ ਘੜੀ ਤਾਂ ਪਲ-ਛਿਣ ‘ਚ ਆਉਂਦੀ ਏ ਤੇ ਫਿਰ ਪਛਤਾਇਆਂ ਕੀ ਹੋਣਾ ਜਦੋਂ ਚਿੜੀਆਂ ਖੇਤ ਚੁਗ ਗਈਆਂ  ਆਓ! ਰਲ-ਮਿਲ ਕੇ ਆਪਣੀ ਸੋਚ ਬਦਲੀਏ ਤੇ ਮਾਂ-ਬਾਪ ਨੂੰ ਦੁੱਖ ਦੇਣ ਦੇ ਬਜਾਇ ਉਹਨਾਂ ਦੀ ਸੇਵਾ ਕਰੀਏ ਤੇ ਬਿਰਧ ਆਸ਼ਰਮਾਂ ਵਿੱਚ ਗਏ ਮਾਪਿਆਂ ਨੂੰ ਘਰ ਵਾਪਸ ਲਿਆਈਏ ਅਤੇ ਘਰਾਂ ਦੀ ਰੌਣਕ ਨੂੰ ਵਧਾਈਏ। (Respecting)
ਆਈ.ਈ.ਵੀ ਅਧਿਆਪਕ, 
ਸਰਕਾਰੀ ਪ੍ਰਾਇਮਰੀ ਸਕੂਲ, ਰਾਏਕੋਟ (ਲੁਧਿਆਣਾ)
ਮੋ. 81959-69968 

 

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

 

LEAVE A REPLY

Please enter your comment!
Please enter your name here