ਤਿੰਨ ਦਿਨ ਪਹਿਲਾਂ ਤੱਕ ਵੀਆਰਐਸ ਦੇਣ ਨੂੰ ਤਿਆਰ ਨਹੀਂ ਸੀ ਸਰਕਾਰ, ਹੁਣ ਅਚਾਨਕ ਕੀਤਾ ਅਸਤੀਫ਼ਾ ਮਨਜ਼ੂਰ
(ਅਸ਼ਵਨੀ ਚਾਵਲਾ) ਚੰਡੀਗੜ। ਲੋਕ ਸਭਾ ਚੋਣ ਦੇ ਸਿਆਸੀ ਅਖਾੜੇ ਵਿੱਚ ਬਠਿੰਡਾ ਤੋਂ ਉਮੀਦਵਾਰ ਪਰਮਪਾਲ ਕੌਰ (Parampal Kaur) ਵੱਲੋਂ ਪੰਜਾਬ ਸਰਕਾਰ ਨੂੰ ਪਟਖਣੀ ਦਿੰਦੇ ਹੋਏ ਆਪਣਾ ਅਸਤੀਫ਼ਾ ਮਨਜ਼ੂਰ ਕਰਵਾ ਲਿਆ ਹੈ। ਹਾਲਾਂਕਿ ਇਸ ਅਸਤੀਫ਼ੇ ਦੇ ਮਨਜ਼ੂਰ ਹੋਣ ਤੋਂ ਬਾਅਦ ਉਨਾਂ ਦੇ ਚੋਣ ਲੜਨ ਦਾ ਰਸਤਾ ਸਾਫ਼ ਹੋ ਗਿਆ ਹੈ ਪਰ ਪੰਜਾਬ ਸਰਕਾਰ ਨੇ ਅਸਤੀਫ਼ਾ ਮਨਜ਼ੂਰ ਕਰਨ ਮੌਕੇ ਉਨਾਂ ਨੂੰ ਪੈਨਸ਼ਨ ਜਾਂ ਫਿਰ ਹੋਰ ਲਾਭ ਦੇਣ ਤੋਂ ਸਾਫ਼ ਇਨਕਾਰ ਕਰ ਦਿੱਤਾ ਹੈ। ਜਿਸ ਤੋਂ ਬਾਅਦ ਪਰਮਪਾਲ ਕੌਰ ਦਾ ਬਿਆਨ ਵੀ ਸਾਹਮਣੇ ਆਇਆ ਹੈ ਅਤੇ ਉਨਾਂ ਨੇ ਕਿਹਾ ਕਿ ਸਾਰਾ ਕੁਝ ਨਿਯਮਾਂ ਅਨੁਸਾਰ ਹੀ ਹੋਵੇਗਾ, ਇਸ ਸਮੇਂ ਉਨਾਂ ਦਾ ਧਿਆਨ ਚੋਣ ਲੜਨ ’ਤੇ ਲੱਗਿਆ ਹੋਇਆ ਹੈ, ਇਸ ਤਰਾਂ ਦੇ ਫੈਸਲੇ ਬਾਰੇ ਵਿਚਾਰ ਤੇ ਕਾਰਵਾਈ ਚੋਣਾਂ ਤੋਂ ਬਾਅਦ ਦੇਖੀ ਜਾਏਗੀ।
ਪਰਮਪਾਲ ਕੌਰ (Parampal Kaur) ਦਾ ਅਸਤੀਫ਼ਾ ਅਚਾਨਕ ਮਨਜ਼ੂਰ ਕਰਨ ਬਾਰੇ ਹਰ ਕੋਈ ਹੈਰਾਨ ਹੋ ਗਿਆ ਹੈ, ਕਿਉਂਕਿ ਬੀਤੇ ਕੱਲ੍ਹ ਤੱਕ ਪੰਜਾਬ ਸਰਕਾਰ ਵੱਲੋਂ ਵੀਆਰਐਸ ਜਾਂ ਫਿਰ ਅਸਤੀਫ਼ਾ ਮਨਜ਼ੂਰ ਕਰਨ ਤੋਂ ਸਾਫ਼ ਇਨਕਾਰ ਕਰਦੇ ਹੋਏ ਉਨ੍ਹਾਂ ਨੂੰ ਡਿਊਟੀ ‘ਤੇ ਹਾਜ਼ਰ ਰਹਿਣ ਦੇ ਲਈ ਕਿਹਾ ਗਿਆ ਸੀ ਪਰ ਤਿੰਨ ਦਿਨ ਬਾਅਦ ਹੀ ਪੰਜਾਬ ਸਰਕਾਰ ਨੇ ਅਸਤੀਫ਼ਾ ਮਨਜ਼ੂਰ ਕਰਦੇ ਹੋਏ ਉਨ੍ਹਾਂ ਨੂੰ ਇਸ ਸਬੰਧੀ ਸੂਚਨਾ ਦੇ ਦਿੱਤੀ ਹੈ।
ਇਹ ਵੀ ਪੜ੍ਹੋ: ਪੰਜਾਬ ਦੇ ਕਿਸਾਨਾਂ ਲਈ ਸਰਕਾਰ ਦੀ ਵਿਸ਼ੇਸ਼ ਹਦਾਇਤ, ਕਰੋ ਇਹ ਕੰਮ
ਪੰਜਾਬ ਸਰਕਾਰ ਦੇ ਅਸਤੀਫ਼ਾ ਮਨਜ਼ੂਰ ਕਰਨ ਦੇ ਨਾਲ ਹੀ ਬਠਿੰਡਾ ਡਿਪਟੀ ਕਮਿਸ਼ਨਰ ਵੱਲੋਂ ਪਰਮਪਾਲ ਕੌਰ ਨੂੰ ਐਨ.ਓ.ਸੀ. ਵੀ ਜਾਰੀ ਕਰ ਦਿੱਤੀ ਹੈ ਅਤੇ ਲਿਖਿਤ ਵਿੱਚ ਦਿੱਤਾ ਗਿਆ ਹੈ ਕਿ ਉਨਾਂ ਦਾ ਕਿਸੇ ਵੀ ਵਿਭਾਗ ਵੱਲ ਕੋਈ ਵੀ ਬਕਾਇਆ ਨਹੀਂ ਖੜਾ ਹੈ, ਜਿਸ ਕਾਰਨ ਉਹ ਬਿਨਾਂ ਰੋਕ ਟੋਕ ਚੋਣਾਂ ਵਿੱਚ ਭਾਗ ਲੈ ਸਕਦੇ ਹਨ। ਪੰਜਾਬ ਸਰਕਾਰ ਵੱਲੋਂ ਅਸਤੀਫ਼ਾ ਮਨਜ਼ੂਰ ਹੋਣ ਅਤੇ ਬਠਿੰਡਾ ਡਿਪਟੀ ਕਮਿਸ਼ਨਰ ਵੱਲੋਂ ਐਨ.ਓ.ਸੀ. ਮਿਲਣ ਤੋਂ ਬਾਅਦ ਹੁਣ ਸੋਮਵਾਰ ਨੂੰ ਪਰਮਪਾਲ ਕੌਰ ਵੱਲੋਂ ਆਪਣਾ ਨਾਮਜ਼ਦਗੀ ਕਾਗ਼ਜ਼ ਦਾਖ਼ਲ ਕੀਤਾ ਜਾ ਸਕਦਾ ਹੈ। ਪਰਮਪਾਲ ਕੌਰ ਵੱਲੋਂ ਇਸ ਨੂੰ ਪਹਿਲੀ ਸਿਆਸੀ ਜਿੱਤ ਵੀ ਕਰਾਰ ਦੇ ਰਹੇ ਹਨ।
Parampal Kaur ਨੇ ਵੀਆਰਐਸ ਲੈਣ ਪਿੱਛੇ ਆਪਣੀ ਬਿਮਾਰ ਮਾਤਾ ਦਾ ਦੱਸਿਆ ਸੀ ਕਰਨਾ
ਜਿਕਰਯੋਗ ਹੈ ਕਿ ਪਰਮਪਾਲ ਕੌਰ ਆਈ.ਏ.ਐਸ. ਅਧਿਕਾਰੀ ਹੋਣ ਦੇ ਨਾਲ ਹੀ ਪੰਜਾਬ ਸਰਕਾਰ ਦੇ ਪੰਜਾਬ ਸ਼ਮਾਲ ਇੰਡਸਟਰੀ ਵਿਕਾਸ ਕਾਰਪੋਰੇਸ਼ਨ ਵਿੱਚ ਬਤੌਰ ਮੈਨੇਜਿੰਗ ਡਾਇਰੈਕਟਰ ਤੈਨਾਤ ਸਨ ਤਾਂ ਉਨਾਂ ਨੇ ਬੀਤੇ 2 ਹਫ਼ਤੇ ਪਹਿਲਾਂ ਵੀ.ਆਰ.ਐਸ. ਅਪਲਾਈ ਕਰਦੇ ਹੋਏ ਨੌਕਰੀ ਛੱਡਣ ਦਾ ਫੈਸਲਾ ਕਰ ਲਿਆ ਸੀ। ਉਨਾਂ ਵੱਲੋਂ ਵੀਆਰਐਸ ਲੈਣ ਪਿੱਛੇ ਆਪਣੀ ਬਿਮਾਰ ਮਾਤਾ ਦੀ ਸੇਵਾ ਕਰਨਾ ਦੱਸਿਆ ਗਿਆ ਸੀ। ਪਰਮਪਾਲ ਕੌਰ ਵਲੋਂ ਭਾਜਪਾ ਵਿੱਚ ਸ਼ਾਮਲ ਹੋਣ ਦੇ ਨਾਲ ਬਠਿੰਡਾ ਤੋਂ ਚੋਣ ਲੜਨ ਦੇ ਫੈਸਲੇ ਨੂੰ ਦੇਖਦੇ ਹੋਏ ਪੰਜਾਬ ਸਰਕਾਰ ਨੇ ਉਨਾਂ ਦੀ ਵੀਆਰਐੱਸ ਦੀ ਅਰਜ਼ੀ ਨੂੰ ਰੱਦ ਕਰ ਦਿੱਤਾ ਸੀ ਅਤੇ ਉਨਾਂ ਨੂੰ ਤੁਰੰਤ ਨੌਕਰੀ ‘ਤੇ ਹਾਜ਼ਰ ਹੋਣ ਲਈ ਕਿਹਾ ਗਿਆ ਸੀ।