ਲੌਂਗੋਵਾਲ, (ਹਰਪਾਲ)। ਗੰਦੇ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਅੱਜ ਵਿਰੋਧੀ ਧਿਰ ਦੇ ਕੌਂਸਲਰਾਂ ਦੀ ਅਗਵਾਈ ਹੇਠ ਸਥਾਨਕ ਪੱਤੀ ਦੁੱਲਟ ਦੇ ਨਿਵਾਸੀਆਂ ਵੱਲੋਂ ਨਗਰ ਕੌਂਸਲ ਦਫ਼ਤਰ ਅੱਗੇ ਧਰਨਾ ਲਗਾਕੇ ਪੰਜਾਬ ਸਰਕਾਰ ਅਤੇ ਨਗਰ ਕੌਂਸਲ ਅਧਿਕਾਰੀਆਂ ਖਿਲਾਫ਼ ਜੰਮਕੇ ਨਾਅਰੇਬਾਜ਼ੀ ਕੀਤੀ ਗਈ । ਇਸ ਮੌਕੇ ਗੱਲਬਾਤ ਕਰਦਿਆਂ ਕੌਂਸਲਰ ਜਗਜੀਤ ਸਿੰਘ ਕਾਲਾ, ਕੌਂਸਲਰ ਗੁਰਮੀਤ ਸਿੰਘ ਫੌਜੀ, ਕੌਂਸਲਰ ਗੁਰਮੀਤ ਸਿੰਘ ਲੱਲੀ,ਆਪ ਦੇ ਸੀਨੀਅਰ ਆਗੂ ਕਰਮ ਸਿੰਘ ਬਰਾੜ,ਆਪ ਆਦਮੀ ਪਾਰਟੀ ਦੇ ਸ਼ਹਿਰੀ ਪ੍ਰਧਾਨ ਸ਼ਿਸਨਪਾਲ ਗਰਗ ਤੇ ਕਾਂਗਰਸੀ ਆਗੂ ਗੁਰਮੇਲ ਸਿੰਘ ਚੋਟੀਆਂ ਕਿਹਾ ਕਿ ਪਿਛਲੇ ਕਈ ਦਿਨਾਂ ਤੋਂ ਪੈ ਰਹੀ ਭਾਰੀ ਬਰਸਾਤ ਅਤੇ ਗੰਦੇ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਪੱਤੀ ਦੁੱਲਟ ਵਿਖੇ ਨਰਕ ਵਰਗੇ ਹਾਲਾਤ ਬਣੇ ਹੋਏ ਹਨ ਅਤੇ ਗੰਦੇ ਪਾਣੀ ਨਾਲ ਗਲੀਆਂ ਪੂਰੀ ਤਰ੍ਹਾਂ ਭਰ ਚੁੱਕੀਆਂ ਹਨ ਅਤੇ ਹੁਣ ਇਹ ਪਾਣੀ ਲੋਕਾਂ ਦੇ ਘਰਾਂ ਅੰਦਰ ਵੀ ਦਾਖਲ ਹੋਣ ਲੱਗ ਗਿਆ ਹੈ।
ਉਨ੍ਹਾਂ ਕਿਹਾ ਕਿ ਪੱਤੀ ਦੁੱਲਟ ਵਿਖੇ ਬਰਸਾਤੀ ਤੇ ਗੰਦੇ ਪਾਣੀ ਦੇ ਨਿਕਾਸੀ ਲਈ ਬਣਿਆ ਨਾਲਾ ਟੁੱਟ ਟੁੱਟ ਜਾਣ ਕਾਰਨ ਇਹ ਸਥਿਤੀ ਹੋਰ ਵੀ ਗੰਭੀਰ ਹੈ ਅਤੇ ਇਲਾਕੇ ਅੰਦਰ ਹੜ੍ਹ ਵਰਗੇ ਹਾਲਾਤ ਬਣੇ ਹੋਏ ਹਨ । ਇਸ ਮੌਕੇ ਗੱਲਬਾਤ ਕਰਦਿਆਂ ਕੌਂਸਲਰ ਜਗਜੀਤ ਸਿੰਘ ਕਾਲਾ ਨੇ ਕਿਹਾ ਕਿ ਅਸੀਂ ਪਿਛਲੇ ਕਈ ਦਿਨਾਂ ਗੰਦੇ ਪਾਣੀ ਦੀ ਨਿਕਾਸੀ ਲਈ ਨਾਲੇ ਦੇ ਕੋਲ ਭੜੋਲੀਆਂ ਦੱਬਣ ਦੀ ਮੰਗ ਕਰ ਰਹੇ ਹਾਂ ਜਿਸ ਨਾਲ ਆਰਜ਼ੀ ਤੌਰ ਤੇ ਪਾਣੀ ਦੀ ਨਿਕਾਸੀ ਦਾ ਹੱਲ ਹੋ ਜਾਣਾ ਸੀ ਪਰ ਨਗਰ ਕੌਂਸਲ ਪ੍ਰਧਾਨ ਅਤੇ ਅਧਿਕਾਰੀਆਂ ਵੱਲੋਂ ਸਾਡੀ ਕੋਈ ਸੁਣਵਾਈ ਨਹੀਂ ਕੀਤੀ ਜਾ ਰਹੀ ਜਿਸ ਕਾਰਨ ਅੱਜ ਸਾਨੂੰ ਧਰਨਾ ਲਗਾਉਣ ਲਈ ਮਜਬੂਰ ਹੋਣਾ ਪਿਆ ਹੈ ।
ਇਸ ਮੌਕੇ ਕਿਸਾਨ ਆਗੂ ਲਖਵਿੰਦਰ ਸਿੰਘ ਭਾਲ ਨੇ ਕਿਹਾ ਕਿ ਪੱਤੀ ਦੁਲਟ ਵਿਚ ਪਿਛਲੇ ਸਾਲ ਵੀ ਡੇਂਗੂ ਦੀ ਬੀਮਾਰੀ ਕਾਰਨ ਤਿੰਨ ਮੌਤਾਂ ਅਤੇ ਸੈਂਕੜੇ ਲੋਕ ਬੀਮਾਰ ਹੋ ਗਏ ਸਨ ਅਤੇ ਜੇਕਰ ਇੱਥੇ ਕੁਝ ਦਿਨ ਪਾਣੀ ਇਸ ਤਰ੍ਹਾਂ ਹੀ ਖੜ੍ਹਾ ਰਿਹਾ ਤਾਂ ਫਿਰ ਤੋਂ ਕੋਈ ਭਿਆਨਕ ਬੀਮਾਰੀ ਫੈਲ ਸਕਦੀ ਹੈ ਇਸ ਲਈ ਜਲਦੀ ਤੋਂ ਜਲਦੀ ਗੰਦੇ ਪਾਣੀ ਦੀ ਨਿਕਾਸੀ ਦਾ ਹੱਲ ਕੀਤਾ ਜਾਵੇ ਅਤੇ ਜਿਨ੍ਹਾਂ ਕਿਸਾਨਾਂ ਦੀਆਂ ਫ਼ਸਲਾਂ ਇਸ ਗੰਦੇ ਪਾਣੀ ਨਾਲ ਬਰਬਾਦ ਹੋ ਗਈਆਂ ਹਨ ਉਨ੍ਹਾਂ ਨੂੰ ਤੁਰੰਤ ਮੁਆਵਜ਼ਾ ਦਿੱਤਾ ਜਾਵੇ। ਉਨ੍ਹਾਂ ਕਿਹਾ ਕਿ ਜੇਕਰ ਇਸ ਸਮੱਸਿਆ ਦਾ ਜਲਦ ਕੋਈ ਹੱਲ ਨਾ ਹੋਇਆ ਤਾਂ ਸਾਡੇ ਵੱਲੋਂ ਵੱਡੇ ਪੱਧਰ ਤੇ ਸੰਘਰਸ਼ ਅਰੰਭ ਕਰ ਦਿੱਤਾ ਜਾਵੇਗਾ ।
ਕੀ ਕਹਿੰਦੇ ਹਨ ਨਗਰ ਕੌਂਸਲ ਪ੍ਰਧਾਨ
ਇਸ ਮਸਲੇ ਸਬੰਧੀ ਜਦੋਂ ਨਗਰ ਕੌਂਸਲ ਲੌਂਗੋਵਾਲ ਦੇ ਪ੍ਰਧਾਨ ਸ਼੍ਰੀਮਤੀ ਰੀਤੂ ਗੋਇਲ ਅਤੇ ਉਨ੍ਹਾਂ ਦੇ ਪਤੀ ਵਿਜੈ ਗੋਇਲ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਅਸੀਂ ਪੱਤੀ ਦੁਲਟ ਵਿੱਚੋਂ ਪਾਣੀ ਕਢਵਾਉਣ ਲਈ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਕੋਸ਼ਿਸਾਂ ਕਰ ਰਹੇ ਹਾਂ, ਨਗਰ ਕੌਂਸਲ ਦੇ ਸਾਰੇ ਸਫਾਈ ਸੇਵਕ ਅਤੇ ਪੂਰਾ ਅਮਲਾ ਉਸ ਜਗ੍ਹਾ ਡਟਿਆ ਹੋਇਆ ਹੈ ਪਰ ਰੋਜ਼ ਪੈ ਰਹੀ ਭਾਰੀ ਬਾਰਿਸ਼ ਕਾਰਨ ਪਾਣੀ ਦੁਬਾਰਾ ਫਿਰ ਭਰ ਜਾਂਦਾ ਹੈ ਅਤੇ ਕੰਮ ਚਾਲੂ ਰੱਖਣ ਵਿੱਚ ਵੀ ਸਾਨੂੰ ਬਹੁਤ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ ਰਿਹਾ ਹੈ ।
ਉਨ੍ਹਾਂ ਕਿਹਾ ਕਿ ਸਾਡੇ ਵੱਲੋਂ ਉਸ ਜਗ੍ਹਾ ਤੇ ਜੇ.ਸੀ.ਬੀ ਮਸ਼ੀਨ ਲਗਵਾਕੇ ਡੂੰਘੇ ਟੋਏ ਪੁੱਟੇ ਜਾ ਰਹੇ ਹਨ ਅਤੇ ਲਗਾਤਾਰ ਜਰਨੇਟਰ ਲਗਾਕੇ ਪਾਣੀ ਕਢਵਾਇਆ ਜਾ ਰਿਹਾ ਹੈ ਅਤੇ ਕੱਲ ਤੱਕ ਉਥੇ ਭੜੋਲੀਆਂ ਦੱਬਕੇ ਪਾਣੀ ਦੀ ਆਰਜ਼ੀ ਨਿਕਾਸੀ ਕਰ ਦਿੱਤੀ ਜਾਵੇਗੀ । ਵਿਜੈ ਕੁਮਾਰ ਗੋਇਲ ਨੇ ਕਿਹਾ ਕਿ ਅਸੀਂ ਇਸ ਸਬੰਧੀ ਸੀਵਰੇਜ ਅਧਿਕਾਰੀਆਂ ਨਾਲ ਵੀ ਗੱਲਬਾਤ ਕਰ ਰਹੇ ਹਾਂ ਤਾਂ ਜੋ ਉਸ ਜਗ੍ਹਾ ਵਿਚ ਡੂੰਘੀ ਅਤੇ ਵੱਡੀ ਸੀਵਰੇਜ ਲਾਈਨ ਪਾਕੇ ਇਸ ਸਮੱਸਿਆ ਦਾ ਜੜ੍ਹ ਤੋਂ ਹੀ ਖਾਤਮਾ ਕੀਤਾ ਜਾ ਸਕੇ ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ