ਕਤਲ ਕਾਂਡ ਦੀ ਜਾਂਚ ਕਰੇਗੀ ਏਡੀਜੀਪੀ ਤੇ ਆਈਜੀ ਅਧਿਕਾਰੀਆਂ ‘ਤੇ ਅਧਾਰਿਤ ਕਮੇਟੀ
ਬਿੱਟੂ ਪਰਿਵਾਰ ਤੇ ਹੋਰ ਸ਼ਰਧਾਲੂਆਂ ਨੂੰ ਮਿਲੇਗੀ ਸੁਰੱਖਿਆ
ਬੇਅਦਬੀ ਮਾਮਲਿਆਂ ਦੀ ਫਾਸਟ ਟ੍ਰੈਕ ਅਦਾਲਤ ‘ਚ ਹੋਵੇਗੀ ਸੁਣਵਾਈ
ਮੁੱਖ ਮੰਤਰੀ ਵੱਲੋਂ ਮਾਮਲੇ ਦੀ ਜਾਂਚ ਲਈ ਸਿਟ ਦਾ ਗਠਨ , ਏਡੀਜੀਪੀ ਈਸ਼ਵਰ ਸਿੰਘ ਕਰਨਗੇ ਅਗਵਾਈ
ਅਸ਼ੋਕ ਵਰਮਾ/ਕਿਰਨ ਸ਼ਰਮਾ, ਕੋਟਕਪੂਰਾ
ਆਖ਼ਰ ਪ੍ਰਸ਼ਾਸਨ ਵੱਲੋਂ ਮੰਗਾਂ ਮੰਨ ਲਏ ਜਾਣ ‘ਤੇ ਪਰਿਵਾਰ ਅਤੇ ਸਾਧ-ਸੰਗਤ ਵੱਲੋਂ ਡੇਰਾ ਸ਼ਰਧਾਲੂ ਮਹਿੰਦਰਪਾਲ ਬਿੱਟੂ ਇੰਸਾਂ ਦਾ ਅੰਤਿਮ ਸਸਕਾਰ ਕਰ ਦਿੱਤਾ ਗਿਆ ਵੱਡੀ ਗਿਣਤੀ ‘ਚ ਸਾਧ-ਸੰਗਤ ਅਤੇ ਸ਼ਹਿਰ ਵਾਸੀਆਂ ਨੇ ਮਹਿੰਦਰਪਾਲ ਬਿੱਟੂ ਨੂੰ ਹੰਝੂਆਂ ਭਰੀ ਵਿਦਾਈ ਦਿੱਤੀ ਸ਼ਾਮ ਨੂੰ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਮਾਮਲੇ ਦੀ ਜਾਂਚ ਲਈ ਸਪੈਸ਼ਲ ਜਾਂਚ ਟੀਮ (ਸਿਟ) ਦਾ ਗਠਨ ਕਰ ਦਿੱਤਾ, ਜਿਸ ਦੀ ਅਗਵਾਈ ਏਡੀਜੀਪੀ ਈਸ਼ਵਰ ਸਿੰਘ ਕਰਨਗੇ।
ਮੁੱਖ ਮੰਤਰੀ ਵੱਲੋਂ ਬਣਾਈ ਗਈ ਸਿਟ ਮਹਿੰਦਰਪਾਲ ਬਿੱਟੂ ਇੰਸਾਂ ਦੇ ਕਤਲ ਮਾਮਲੇ ਦੀ ਵੱਖ-ਵੱਖ ਪੱਖਾਂ ਦੀ ਜਾਂਚ ਕਰੇਗੀ ਅਤੇ ਕਤਲ ਪਿੱਛੇ ਕਿਸੇ ਸਾਜਿਸ਼ ਦਾ ਵੀ ਪਤਾ ਲਾਵੇਗੀ ਸਿਟ ਦੇ ਮੈਂਬਰਾਂ ‘ਚ ਅਮਰਦੀਪ ਰਾਏ ਆਈਜੀ ਪਟਿਆਲਾ, ਹਰਦਿਆਲ ਸਿੰਘ ਮਾਨ ਡੀਆਈਜੀ ਇੰਟੈਂਲੀਜੈਂਸ, ਮਨਦੀਪ ਸਿੰਘ ਐਸਐਸਪੀ ਪਟਿਆਲਾ ਅਤੇ ਕਸ਼ਮੀਰ ਸਿੰਘ ਏਆਈਜੀ ਕਾਊਂਟਰ ਇੰਟੈਂਲੀਜੈਂਸ ਸ਼ਾਮਲ ਹਨ।
ਐਤਵਾਰ ਨੂੰ ਮਹਿੰਦਰਪਾਲ ਬਿੱਟੂ ਇੰਸਾਂ ਦੀ ਮ੍ਰਿਤਕ ਦੇਹ ਨਾਮ ਚਰਚਾ ਘਰ ਕੋਟਕਪੂਰਾ ਵਿੱਚ ਲਿਆਂਦੀ ਗਈ ਸੀ ਇਸ ਘਟਨਾ ਦੇ ਰੋਸ ਵਜੋਂ ਬੀਤੇ ਦਿਨ ਤੋਂ ਹੀ ਕੋਟਕਪੂਰਾ ਦੇ ਨਾਮ ਚਰਚਾ ਘਰ ‘ਚ ਸਾਧ-ਸੰਗਤ ਹਜ਼ਾਰਾਂ ਦੀ ਗਿਣਤੀ ‘ਚ ਪਹੁੰਚ ਗਈ ਸੀ ਅਤੇ ਅੱਜ ਦੁਪਹਿਰ ਤੱਕ ਵੀ ਸਾਧ-ਸੰਗਤ ਦਾ ਆਉਣਾ ਲਗਾਤਾਰ ਜਾਰੀ ਸੀ।
ਸਾਧ-ਸੰਗਤ ਅਤੇ ਪਰਿਵਾਰ ਆਪਣੀਆਂ ਮੰਗਾਂ ਮੰਨੇ ਜਾਣ ਤੋਂ ਬਿਨਾ ਸਸਕਾਰ ਕਰਨ ਲਈ ਤਿਆਰ ਨਹੀਂ ਸਨ ਐਤਵਾਰ ਨੂੰ ਜ਼ਿੰਮੇਵਾਰਾਂ ਅਤੇ ਪ੍ਰਸ਼ਾਸਨ ਦੀ ਮੀਟਿੰਗ ਹੋਈ ਪਰ ਗੱਲ ਸਿਰੇ ਨਾ ਲੱਗ ਸਕੀ ਅੱਜ ਦੁਪਹਿਰ ਤੋਂ ਸ਼ਾਮ ਤੱਕ ਫਿਰ ਮੀਟਿੰਗਾਂ ਦਾ ਸਿਲਸਿਲਾ ਜਾਰੀ ਰਿਹਾ ਤੇ ਸ਼ਾਮ ਨੂੰ ਪ੍ਰਸ਼ਾਸਨ ਨੇ ਡੇਰਾ ਸ਼ਰਧਾਲੂਆਂ ਦੀਆਂ ਮੰਗਾਂ ਮੰਨ ਲਈਆਂ ਤਾਂ ਸਾਧ-ਸੰਗਤ ਸਸਕਾਰ ਲਈ ਤਿਆਰ ਹੋਈ।
ਡਿਪਟੀ ਕਮਿਸ਼ਨਰ ਫਰੀਦਕੋਟ ਕੁਮਾਰ ਸੌਰਵ ਤੇ ਐੱਸਐੱਸਪੀ ਫਰੀਦਕੋਟ ਰਾਜਬਚਨ ਸਿੰਘ ਨੇ ਸਾਧ-ਸੰਗਤ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਨ੍ਹਾਂ ਦੀਆਂ ਸਾਰੀਆਂ ਮੰਗਾਂ ਮੰਨੀਆਂ ਜਾਣਗੀਆਂ ਇਸ ਸਬੰਧੀ 45 ਮੈਂਬਰ ਕਮੇਟੀ ਤੇ ਮਹਿੰਦਰਪਾਲ ਬਿੱਟੂ ਦੇ ਪੁੱਤਰ ਨੇ ਮੰਗ ਪੱਤਰ, ਇੱਕ ਚਿੱਠੀ ਅਤੇ ਮਹਿੰਦਰਪਾਲ ਬਿੱਟੂ ਵੱਲੋਂ ਜ਼ੇਲ੍ਹ ‘ਚ ਲਿਖੇ ਗਏ ਕੁਝ ਦਸਤਾਵੇਜ਼ ਡਿਪਟੀ ਕਮਿਸ਼ਨਰ ਫਰੀਦਕੋਟ ਨੂੰ ਸੌਂਪੇ ਡਿਪਟੀ ਕਮਿਸ਼ਨਰ ਨੇ ਸੰਬੋਧਨ ਕਰਦਿਆਂ ਕਿਹਾ ਕਿ ਇਹ ਮੈਮੋਰੰਡਮ ਅੱਜ ਰਾਤ ਮੁੱਖ ਮੰਤਰੀ ਕੋਲ ਪਹੁੰਚਾ ਦਿੱਤਾ ਜਾਵੇਗਾ ਉਨ੍ਹਾਂ ਕਿਹਾ ਕਿ ਬਿੱਟੂ ਦੇ ਕਤਲ ਮਾਮਲੇ ਦੀ ਜਾਂਚ ਲਈ ਉੱਚ ਪੱਧਰੀ ਦੀ ਕਮੇਟੀ ਬਣਾਈ ਜਾਵੇਗੀ ਜਿਸ ਵਿੱਚ ਏਡੀਜੀਪੀ ਤੇ ਆਈ ਜੀ ਸ਼ਾਮਲ ਹੋਣਗੇ ਉਨ੍ਹਾਂ ਕਿਹਾ ਕਿ ਇਸ ਮਾਮਲੇ ‘ਚ ਮਹਿੰਦਰਪਾਲ ਬਿੱਟੂ ਦੇ ਪਰਿਵਾਰ, ਜੇਲਾਂ ਵਿੱਚ ਬੰਦ ਅਤੇ ਜਮਾਨਤ ‘ਤੇ ਆਏ ਹੋਏ ਡੇਰਾ ਪ੍ਰੇਮੀਆਂ ਨੂੰ ਸੁਰੱਖਿਆ ਮੁਹੱਈਆ ਕਰਵਾਈ ਜਾਵੇਗੀ ਉਨ੍ਹਾਂ ਕਿਹਾ ਕਿ ਇਸ ਸਬੰਧੀ ਡੀਆਈਜੀ ਨੂੰ ਸੁਚਿਤ ਕਰ ਦਿੱਤਾ ਗਿਆ ਹੈ।
ਉਨ੍ਹਾਂ ਇਹ ਵੀ ਦੱਸਿਆ ਕਿ ਬੇਅਦਬੀ ਮਾਮਲਿਆਂ ਦੀ ਫਾਸਟ ਟਰੈਕ ਅਦਾਲਤ ਰਾਹੀਂ ਰੋਜ਼ਾਨਾ ਸੁਣਵਾਈ ਕਰਕੇ ਮਾਮਲਿਆਂ ਨੂੰ ਨਬੇੜਿਆ ਜਾਵੇਗਾ। ਡਿਪਟੀ ਕਮਿਸ਼ਨਰ ਤੇ ਐੱਸਐੱਸਪੀ ਨੇ ਸੰਬੋਧਨ ਕਰਦਿਆਂ ਸ਼ਾਂਤੀ ਵਿਵਸਥਾ ਬਣਾਈ ਰੱਖਣ ਤੇ ਕਾਨੂੰਨ ਦਾ ਸਤਿਕਾਰ ਕਰਨ ਲਈ ਸਾਧ-ਸੰਗਤ ਦਾ ਧੰਨਵਾਦ ਕੀਤਾ।
ਇਸ ਮੌਕੇ ਡੇਰਾ ਸੱਚਾ ਸੌਦਾ ਤੋਂ 45 ਮੈਂਬਰ ਕਮੇਟੀ ਦੇ ਰਾਮ ਸਿੰਘ ਚੇਅਰਮੈਨ, ਜਗਜੀਤ ਸਿੰਘ ਸਿੰਘ ਇੰਸਾਂ, ਹਰਚਰਨ ਸਿੰਘ, ਜਤਿੰਦਰ ਮਹਾਸ਼ਾ, ਗੁਰਜੀਤ ਸਿੰਘ ਇੰਸਾਂ, ਛਿੰਦਪਾਲ ਸਿੰਘ ਇੰਸਾਂ ਹਾਜ਼ਰ ਸਨ। ਪ੍ਰਸ਼ਾਸਨ ਵੱਲੋਂ ਮੰਗਾਂ ਮੰਨੇ ਜਾਣ ਦੇ ਭਰੋਸੇ ਤੋਂ ਬਾਅਦ ਸਾਧ-ਸੰਗਤ ਨੇ ਡੇਰਾ ਸ਼ਰਧਾਲੂ ਮਹਿੰਦਰਪਾਲ ਬਿੱਟੂ ਦਾ ਅੰਤਿਮ ਸਸਕਾਰ ਕਰਨ ਦਾ ਐਲਾਨ ਕੀਤਾ।
ਜ਼ਿਕਰਯੋਗ ਹੈ ਕਿ 22 ਜੂਨ ਨੂੰ ਨਾਭਾ ਜੇਲ੍ਹ ‘ਚ ਬੰਦ ਡੇਰਾ ਸ਼ਰਧਾਲੂ ਮਹਿੰਦਰਪਾਲ ਬਿੱਟੂ ਇੰਸਾਂ ਦਾ ਦੋ ਕੈਦੀਆਂ ਵੱਲੋਂ ਹਮਲਾ ਕਰਕੇ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਸੀ ਬਿੱਟੂ 2015 ‘ਚ ਹੋਈਆਂ ਬੇਅਦਬੀ ਦੀਆਂ ਘਟਨਾਵਾਂ ਦੇ ਮਾਮਲੇ ‘ਚ ਜੇਲ ‘ਚ ਬੰਦ ਸੀ ਇਨ੍ਹਾਂ ਮਾਮਲਿਆਂ ‘ਚ ਬਿੱਟੂ ਨੂੰ?ਜਮਾਨਤ ਵੀ ਮਿਲ ਚੁੱਕੀ ਸੀ ਬਿੱਟੂ ਦੇ ਪਰਿਵਾਰ ਵੱਲੋਂ ਵਾਰ-ਵਾਰ ਇਸ ਗੱਲ ਦਾ ਦਾਅਵਾ ਕੀਤਾ ਜਾ ਰਿਹਾ ਹੈ ਕਿ ਬਿੱਟੂ ਦਾ ਇਹਨਾਂ ਮਾਮਲਿਆਂ ਨਾਲ ਕੋਈ ਲੈਣਾ-ਦੇਣਾ ਨਹੀਂ ਸੀ ਸਗੋਂ ਉਸ ਨੂੰ ਸਾਜਿਸ਼ ਦੇ ਤਹਿਤ ਫਸਾਇਆ ਗਿਆ ਸੀ ਬਿੱਟੂ ਖੁਦ ਵੀ ਅਦਾਲਤ ‘ਚ ਕਹਿ ਚੁੱਕਾ ਸੀ ਕਿ ਉਸ ਨੂੰ?ਇੱਕ ਸੀਨੀਅਰ ਪੁਲਿਸ ਅਧਿਕਾਰੀ ਜਾਣ-ਬੁੱਝ ਕੇ ਨਿਸ਼ਾਨਾ ਬਣਾ ਰਿਹਾ ਸੀ।
ਇਨਸਾਨੀਅਤ ਦਾ ਘਾਣ ਹੋਇਆ : ਨੰਗਲ
ਸਾਧ-ਸੰਗਤ ਰਾਜਨੀਤਿਕ ਵਿੰਗ ਦੇ ਮੈਂਬਰ ਪਰਮਜੀਤ ਸਿੰਘ ਇੰਸਾਂ ਨੰਗਲ ਨੇ ਕਿਹਾ ਕਿ ਮਾਨਵਤਾ ਭਲਾਈ ਕਾਰਜ ਕਰਦਿਆਂ ਵੀ ਮਹਿੰਦਰਪਾਲ ਬਿੱਟੂ ਇੰਸਾਂ ‘ਤੇ ਤਸ਼ੱਦਦ ਢਾਹਿਆ ਗਿਆ ਇਹ ਇਨਸਾਨੀਅਤ ਦਾ ਸਭ ਤੋਂ ਵੱਡਾ ਘਾਣ ਹੈ ਸੱਚ ਦੇ ਰਾਹ ‘ਤੇ ਚੱਲਦਿਆਂ ਔਕੜਾਂ ਆਉਂਦੀਆਂ ਹਨ ਜਿੰਨਾ ਮਰਜ਼ੀ ਅੱਤਿਆਚਾਰ ਤੇ ਬੇਇਨਸਾਫ਼ੀ ਹੋਵੇ ਫਿਰ ਵੀ ਸੱਚ ਦੇ ਪਹਿਰੇਦਾਰ ਕਦੇ ਡੋਲਦੇ ਨਹੀਂ।
‘ਜਬ ਤਕ ਸੂਰਜ ਚਾਂਦ ਰਹੇਗਾ, ਮਹਿੰਦਰਪਾਲ ਬਿੱਟੂ ਤੇਰਾ ਨਾਮ ਰਹੇਗਾ’
ਸੱਚ ਕਹੂੰ ਨਿਊਜ਼, ਕੋਟਕਪੂਰਾ
ਰੋਸ ਅਤੇ ਰੋਹ ਨਾਲ ਭਰੀ ਸਾਧ ਸੰਗਤ ਦੇ ਭਾਰੀ ਇਕੱਠ ਨੇ ਮਹਾਂ ਸ਼ਹੀਦ ਮਹਿੰਦਰਪਾਲ ਬਿੱਟੂ ਇੰਸਾਂ ਨੂੰ ਹੰਝੂਆਂ ਭਰੀ ਅੱਜ ਅੰਤਿਮ ਵਿਦਾਇਗੀ ਦੇ ਦਿੱਤੀ। ਫੁੱਲਾਂ ਨਾਲ ਸਜਾਈ ਮਹਾਂ ਸ਼ਹੀਦ ਦੀ ਮ੍ਰਿਤਕ ਦੇਹ ਨੂੰ ਧੀ ਅਤੇ ਨੂੰਹ ਨੇ ਮੋਢਾ ਦੇ ਕੇ ਨਾਮ ਚਰਚਾ ਘਰ ਕੋਟਕਪੂਰਾ ਤੋਂ ਸ਼ਾਂਤੀ ਵਨ ਵਿਖੇ ਲੰਮੇ ਕਾਫਲੇ ਦੇ ਰੂਪ ਵਿੱਚ ਲਿਜਾਇਆ ਗਿਆ। ਰਸਤੇ ਵਿੱਚ ਲੋਕਾਂ ਵੱਲੋਂ ਫੁੱਲਾਂ ਦੀ ਵਰਖਾ ਕੀਤੀ ਗਈ। ਰੋਸ ਵਿੱਚ ਆਈ ਸਾਧ ਸੰਗਤ ਨੇ ਇਸ ਮੌਕੇ ‘ਮਹਾਂ ਸ਼ਹੀਦ ਮਹਿੰਦਰਪਾਲ ਬਿੱਟ ਅਮਰ ਰਹੇ, ਬਿੱਟੂ ਤੇਰੀ ਸੋਚ ‘ਤੇ ਪਹਿਰਾ ਦਿਆਂਗੇ ਠੋਕ ਕੇ’ ਦੇ ਆਕਾਸ਼ ਗੰਜਾਊ ਨਾਅਰੇ ਲਾਏ। ਮਹਿੰਦਰ ਪਾਲ ਬਿੱਟੂ ਇੰਸਾਂ ਨੂੰ ਨਾਭਾ ਦੀ ਅਤੀ ਸੁਰੱਖਿਅਤ ਵਾਲੀ ਜੇਲ ਚੋਂ ਦੋ ਦਿਨ ਪਹਿਲਾਂ ਸ਼ਰਾਰਤੀ ਅਨਸਰਾਂ ਵੱਲੋਂ ਬੜੀ ਹੀ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਸੀ। ਅੰਤਿਮ ਯਾਤਰਾ ਵਿੱਚ ਵੱਖ ਵੱਖ ਰਾਜਾਂ ਤੋਂ ਆਏ ਹਜਾਰਾਂ ਦੀ ਗਿਣਤੀ ਵਿੱਚ ਡੇਰਾ ਸ਼ਰਧਾਲੂ, ਰਾਜਨੀਤਿਕ, ਸਮਾਜਸੇਵੀ ਅਤੇ ਧਾਰਮਿਕ ਸੰਸਥਾਵਾਂ ਤੋਂ ਇਲਾਵਾ ਰਿਸ਼ਤੇਦਾਰ ਸ਼ਾਮਲ ਸਨ।
ਸ਼ਹੀਦ ਦੀ ਚਿਤਾ ਨੂੰ ਅਗਨੀ ਵੱਡੇ ਬੇਟੇ ਅਰਮਿੰਦਰ ਇੰਸਾਂ ਨੇ ਵਿਖਾਈ। ਇਸ ਮੌਕੇ ਹਰ ਅੱਖ ਨਮ ਅਤੇ ਦਿਲ ਰੋ ਰਿਹਾ ਸੀ । ਬੁਲਾਰਿਆਂ ਨੇ ਮਹਾਂਸ਼ਹੀਦ ਮਹਿੰਦਰਪਾਲ ਬਿੱਟੂ ਨੂੰ ਗਰੀਬਾਂ ਦਾ ਮਸੀਹਾ, ਇੰਨਸਾਨੀਅਤ ਦਾ ਪੁਜਾਰੀ ਕਿਹਾ। ਮੀਟਿੰਗ ਵਿੱਚ ਡੇਰਾ ਸੱਚਾ ਸੌਦਾ ਸਰਸਾ ਦੇ ਵਾਈਸ ਚੇਅਰਮੈਨ ਜਗਜੀਤ ਸਿੰਘ ਇੰਸਾਂ, ਪੰਤਾਲੀ ਮੈਂਬਰ ਹਰਚਰਨ ਸਿੰਘ ਇੰਸਾਂ, ਜਤਿੰਦਰ ਮਹਾਸ਼ਾਂ ਇੰਸਾਂ , ਚੇਅਰਮੈਨ ਰਾਮ ਸਿੰਘ ਇੰਸਾਂ , ਗੁਰਜੀਤ ਸਿੰਘ ਇੰਸਾਂ, ਛਿੰਦਰਪਾਲ ਇੰਸਾਂ ਅਤੇ ਪ੍ਰਸ਼ਾਸ਼ਨ ਵੱਲੋਂ ਡਿਪਟੀ ਕਮਿਸ਼ਨਰ ਸੌਰਵ ਰਾਜ ਕੁਮਾਰ, ਸੀਨੀਅਰ ਸੁਪਰਡੈਂਟ ਆਫ ਪੁਲਿਸ ਫਰੀਦਕੋਟ ਰਾਜ ਬਚਨ ਸਿੰਘ , ਐਸ ਡੀ ਐਮ ਕੋਟਕਪੂਰਾ ਬਲਵਿੰਦਰ ਸਿੰਘ ਹਾਜਰ ਸਨ।
2- ਮਹਾਂਸ਼ਹੀਦ ਦੀ ਮ੍ਰਿਤਕ ਦੇਹ ਨੂੰ ਅਗਨੀ ਉਨਾਂ ਦੇ ਵੱਡੇ ਸਪੁੱਤਰ ਅਰਮਿੰਦਰ ਇੰਸਾਂ ਅਤੇ ਵਰਿੰਦਰ ਇੰਸਾਂ ਨੇ ਵਿਖਾਈ
3 ਡਿਪਟੀ ਕਮਿਸ਼ਨਰ ਫਰੀਦਕੋਟ ਸੌਰਵ ਰਾਜ ਕੁਮਾਰ ਅਤੇ ਐਸ ਐਸ ਪੀ ਰਾਜਬਚਨ ਸਿੰਘ ਨਾਮ ਚਰਚਾ ਘਰ ਵਿਖੇ ਹੋਏ ਭਾਰੀ ਇਕੱਠ ਨੂੰ ਹੋਏ ਸਮਝੌਤੇ ਤੋਂ ਜਾਣੂ ਕਰਵਾਉਂਦੇ ਹੋਏ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।