ਖੰਨਾ ਵਿਖੇ 2 ਸਾਲਾਂ ਤੋਂ ਗੈਰ-ਹਾਜ਼ਰ ਚੱਲ ਰਹੇ ਈਐੱਨਟੀ ਡਾਕਟਰ ਨੂੰ ਸਿਹਤ ਮੰਤਰੀ ਦੀ ਦੋ ਟੁੱਕ ਚੇਤਾਵਨੀ | Civil Hospital Khanna
Civil Hospital Khanna: (ਜਸਵੀਰ ਸਿੰਘ ਗਹਿਲ) ਖੰਨਾ/ ਲੁਧਿਆਣਾ। ਸਿਵਲ ਹਸਪਤਾਲ ਖੰਨਾ ਵਿਖੇ ਕਥਿਤ ਤੌਰ ’ਤੇ ਦੋ ਸਾਲਾਂ ਤੋਂ ਡਿਊਟੀ ਤੋਂ ਗੈਰ ਹਾਜ਼ਰ ਚੱਲ ਰਹੇ ਇੱਕ ਡਾਕਟਰ ’ਤੇ ਸਖ਼ਤੀ ਕਰਦੇ ਹੋਏ ਸਿਹਤ ਮੰਡਰੀ ਡਾ. ਬਲਵੀਰ ਸਿੰਘ ਨੇ ਦੋ-ਟੁੱਕ ਚਿਤਾਵਨੀ ਦਿੱਤੀ ਹੈ। ਸਿਹਤ ਮੰਤਰੀ ਨੇ ਡਾਕਟਰ ਨੂੰ ਸਪੱਸ਼ਟ ਹੁਕਮ ਦਿੱਤਾ ਹੈ ਕਿ ਜਾਂ ਤਾਂ ਉਹ ਤੁਰੰਤ ਡਿਊਟੀ ਜੁਆਇਨ ਕਰੇ ਜਾਂ ਫ਼ਿਰ 50 ਲੱਖ ਰੁਪਏ ਬਾਂਡ ਜਮਾਂ ਕਰਵਾਵੇ।
ਇਹ ਵੀ ਪੜ੍ਹੋ: Flood News Punjab: ਸੰਭਾਵੀ ਹੜ੍ਹਾਂ ਨਾਲ ਨਜਿੱਠਣ ਲਈ ਕੀਤੇ ਜਾਣਗੇ ਯੋਗ ਪ੍ਰਬੰਧ : ਡਿਪਟੀ ਕਮਿਸ਼ਨਰ
ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਐਸਐਮਓ ਡਾ. ਮਨਿੰਦਰ ਸਿੰਘ ਭਸ਼ੀਨ ਨੇ ਦੱਸਿਆ ਕਿ ਈਐੱਨਟੀ (ਕੰਨ, ਨੱਕ ਅਤੇ ਗਲੇ ਦਾ ਮਾਹਿਰ) ਡਾਕਟਰ ਅੰਕਿਤ ਅਗਵਰਾਲ 9 ਸਤੰਬਰ 2023 ਤੋਂ ਆਪਣੀ ਡਿਊਟੀ ਤੋਂ ਗੈਰ-ਹਾਜ਼ਰ ਚੱਲ ਰਹੇ ਹਨ। ਇਸ ਦੌਰਾਨ ਡਾ. ਅਗਰਵਾਲ ਨੂੰ ਕਈ ਵਾਰ ਨੋਟਿਸ ਕੱਢ ਕੇ ਡਿਊਟੀ ’ਤੇ ਹਾਜ਼ਰ ਹੋਣ ਲਈ ਕਿਹਾ ਗਿਆ। ਬਾਵਜੂਦ ਇਸਦੇ ਉਹ ਆਪਣੀ ਡਿਊਟੀ ’ਤੇ ਹਾਜ਼ਰ ਨਹੀਂ ਹੋਏ। ਜਿਸ ਬਾਬਤ ਵਿਭਾਗੀ ਉੱਚ ਅਧਿਕਾਰੀਆਂ ਨੂੰ ਵੀ ਜਾਣੂੰ ਕਰਵਾਇਆ ਗਿਆ।
ਵਾਰ- ਵਾਰ ਨੋਟਿਸ ਕੱਢਣ ਦੇ ਬਾਵਜੂਦ ਡਾ. ਅਗਰਵਾਲ ਡਿਊਟੀ ’ਤੇ ਹਾਜ਼ਰ ਨਹੀਂ ਹੋਏ
ਉਨ੍ਹਾਂ ਦੱਸਿਆ ਕਿ ਜਨਵਰੀ 2024 ’ਚ ਸਿਵਲ ਸਰਜਨ ਡਾ. ਜਸਵੀਰ ਸਿੰਘ ਔਲਖ ਦੁਆਰਾ ਵੀ ਡਾਇਰੈਕਟ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਨੂੰ ਪੱਤਰ ਲਿਖ ਕੇ ਸਬੰਧਿਤ ਡਾਕਟਰ ਵਿਰੁੱਧ ਵਿਭਾਗੀ ਕਾਰਵਾਈ ਦੀ ਮਨਜ਼ੂਰੀ ਮੰਗੀ ਗਈ ਸੀ। ਇੰਨਾ ਹੀ ਨਹੀਂ ਡਾਕਟਰ ਦੀ ਰਜਿਸਟੇ੍ਰਸ਼ਨ ਵੀ ਰੱਦ ਕਰਨ ਦੀ ਮੰਗ ਕੀਤੀ ਸੀ। ਉਨਾਂ ਦੱਸਿਆ ਕਿ ਵਾਰ- ਵਾਰ ਨੋਟਿਸ ਕੱਢਣ ਦੇ ਬਾਵਜੂਦ ਡਾ. ਅਗਰਵਾਲ ਡਿਊਟੀ ’ਤੇ ਹਾਜ਼ਰ ਨਹੀਂ ਹੋਏ। ਜਿਸ ਕਰਕੇ ਸਿਹਤ ਮੰਤਰੀ ਡਾ. ਬਲਵੀਰ ਸਿੰਘ ਦੁਆਰਾ ਸਬੰਧਿਤ ਡਾਕਟਰ ਨੂੰ ਡਿਊਟੀ ’ਤੇ ਹਾਜ਼ਰ ਹੋਣ ਜਾਂ 50 ਲੱਖ ਰੁਪਏ ਬਾਂਡ ਜਮਾਂ ਕਰਵਾਉਣ ਲਈ ਕਿਹਾ ਗਿਆ ਹੈ। Civil Hospital Khanna
ਸਿਹਤ ਮੰਤਰੀ ਡਾ. ਬਲਵੀਰ ਸਿੰਘ ਨੇ ਕਿਹਾ ਕਿ ਡਾ. ਅੰਕਿਤ ਅਗਰਵਾਲ ਤੁਰੰਤ ਆਪਣੀ ਡਿਊਟੀ ’ਤੇ ਹਾਜ਼ਰ ਹੋਣ ਜਾਂ 50 ਲੱਖ ਰੁਪਏ ਬਾਂਡ ਜਮ੍ਹਾਂ ਕਰਵਾਉਣ, ਫ਼ਿਰ ਹੀ ਉਨਾਂ ਦਾ ਅਸਤੀਫ਼ਾ ਮਨਜ਼ੂਰ ਹੋਵੇਗਾ। ਉਨਾਂ ਕਿਹਾ ਕਿ ਸਰਕਾਰ ਸੂਬੇ ਦੇ ਲੋਕਾਂ ਦੀ ਸਿਹਤ ਨਾਲ ਜੁੜੇ ਕਿਸੇ ਵੀ ਮਾਮਲੇ ਵਿੱਚ ਬੇਹੱਦ ਗੰਭੀਰ ਹੈ। ਕਿਸੇ ਨੂੰ ਵੀ ਨਿਯਮਾਂ ਦੀ ਅਣਦੇਖੀ ਕਰਨ ’ਤੇ ਬਖਸਿਆ ਨਹੀਂ ਜਾਵੇਗਾ।
ਡਿਊਟੀ ਵਿੱਚ ਕੁਤਾਹੀ ਕਰਨ ਵਾਲੇ ਵਿਰੁੱਧ ਕੀਤਾ ਜਾਵੇਗੀ ਸਖਤ ਕਾਰਵਾਈ
ਸਿਵਲ ਸਰਜਨ ਲੁਧਿਆਣਾ ਡਾ. ਰਮਨਦੀਪ ਕੌਰ ਨੇ ਕਿਹਾ ਕਿ ਜ਼ਿਲ੍ਹੇ ਅੰਦਰ ਕਿਸੇ ਵੀ ਹਸਪਤਾਲ ਜਾਂ ਸਿਹਤ ਕੇਂਦਰ ’ਚ ਕੋਈ ਵੀ ਡਾਕਟਰ ਜਾਂ ਸਿਹਤ ਕਰਮੀ ਨਿਯਮਾਂ ਦੇ ਵਿਰੁੱਧ ਜਾ ਕੇ ਕੰਮ ਕਰਦਾ ਹੈ ਜਾਂ ਆਪਣੀ ਡਿਊਟੀ ਵਿੱਚ ਕੁਤਾਹੀ ਕਰਦਾ ਹੈ, ਖਿਲਾਫ਼ ਵਿਭਾਗੀ ਸਖ਼ਤ ਕਾਰਵਾਈ ਕੀਤੀ ਜਾਵੇਗੀ। ਉਨਾਂ ਕਿਹਾ ਕਿ ਡਾ. ਅੰਕਿਤ ਅਗਰਵਾਲ ਵੱਲੋਂ ਜਿਉਂ ਹੀ ਕੋਈ ਜਵਾਬ ਆਉਂਦਾ ਹੈ, ਉਪਰੰਤ ਅਗਲੇਰੀ ਵਿਭਾਗੀ ਕਾਰਵਾਈ ਅਮਲ ’ਚ ਲਿਆਂਦੀ ਜਾਵੇਗੀ। Civil Hospital Khanna