ਪਦਮਸ਼੍ਰੀ ਸਨਮਾਨ ਵਾਪਸ ਕਰਨ ਵਾਲੀ ਪ੍ਰਸਿੱਧ ਲੇਖਿਕਾ, ਡਾ. ਦਲੀਪ ਕੌਰ ਟਿਵਾਣਾ
ਡਾ. ਦਲੀਪ ਕੌਰ ਟਿਵਾਣਾ ਅਜੋਕੇ ਪੰਜਾਬੀ ਸਾਹਿਤ ਦੀ ਸਰਵੋਤਮ ਨਾਵਲਕਾਰ ਅਤੇ ਨਿੱਕੀ ਕਹਾਣੀ ਦੀ ਲੇਖਿਕਾ ਸਨ। ਉਨ੍ਹਾਂ ਨੇ ਜ਼ਿਆਦਾਤਰ ਮਜ਼ਲੂਮ ਔਰਤਾਂ ਦੀ ਮਾਨਸਿਕਤਾ ਅਤੇ ਉਹਨਾਂ ਦੇ ਸਮਾਜ ਵਿੱਚ ਨੀਵੇਂ ਦਰਜੇ ਦੀ ਹਾਲਤ ਬਾਰੇ ਲਿਖਿਆ ਹੈ। ਉਨ੍ਹਾਂ ਦੇ ਨਾਵਲਾਂ ਦੀਆਂ ਕੁਝ ਔਰਤਾਂ ਪੜ੍ਹੀਆਂ-ਲਿਖੀਆਂ ਜਾਂ ਆਰਥਿਕ ਤੌਰ ‘ਤੇ ਮਜ਼ਬੂਤ ਹੋਣ ਦੇ ਬਾਵਜੂਦ ਵੀ ਮਨੁੱਖਤਾ ਵਿੱਚ ਬਰਾਬਰੀ ਦਾ ਇਜ਼ਹਾਰ ਨਹੀਂ ਕਰ ਸਕੀਆਂ ਅਤੇ ਨਾ ਹੀ ਉਹ ਇੱਕ ਡਰ ਥੱਲੇ ਰਹਿ ਕੇ ਪਰਿਵਾਰ ਤੇ ਸਮਾਜ ਵਿੱਚ ਬਰਾਬਰੀ ਦਾ ਦਾਅਵਾ ਕਰਦੀਆਂ ਹਨ।
ਦਲੀਪ ਕੌਰ ਟਿਵਾਣਾ ਦਾ ਜਨਮ ਜ਼ਿਲ੍ਹਾ ਲੁਧਿਆਣਾ ਦੇ ਪਿੰਡ ਰੱਬੋਂ ਉੱਚੀ ਵਿਖੇ ਸੰਨ 1935 ਦੇ ਪੰਜਵੇਂ ਮਹੀਨੇ ਦੀ 4 ਤਰੀਕ ਨੂੰ ਪਿਤਾ ਸ੍ਰ. ਕਾਕਾ ਸਿੰਘ ਦੇ ਘਰ ਮਾਤਾ ਸ੍ਰੀਮਤੀ ਚੰਦ ਕੌਰ ਦੀ ਕੁੱਖੋਂ ਹੋਇਆ ਪਰ ਪਾਲਣ-ਪੋਸ਼ਣ ਪਟਿਆਲਾ ਵਿਖੇ ਉਨ੍ਹਾਂ ਦੇ ਸਤਿਕਾਰਯੋਗ ਭੂਆ ਸ੍ਰੀਮਤੀ ਗੁਲਾਬ ਕੌਰ ਅਤੇ ਫੁੱਫੜ ਸ੍ਰ. ਤਾਰਾ ਸਿੰਘ ਸਿੱਧੂ ਨੇ ਕੀਤਾ। ਸ਼ਾਹੀ ਸ਼ਹਿਰ ਪਟਿਆਲਾ ਵਿਖੇ ਰਹਿਣ ਦੇ ਬਾਵਜੂਦ ਵੀ ਟਿਵਾਣਾ ਦੀਆਂ ਜੜ੍ਹਾਂ ਪਿੰਡ ਵਿੱਚ ਹੀ ਸਨ ਕਿਉਂਕਿ ਉਨ੍ਹਾਂ ਦੀਆਂ ਲਿਖਤਾਂ ਇਸ ਗੱਲ ਦੀ ਗਵਾਹੀ ਭਰਦੀਆਂ ਹਨ।
ਦਲੀਪ ਕੌਰ ਟਿਵਾਣਾ ਨੇ ਆਪਣੀ ਮੁੱਢਲੀ ਪੜ੍ਹਾਈ ਸਿੰਘ ਸਭਾ ਸਕੂਲ ਪਟਿਆਲਾ ਤੋਂ, ਮੈਟ੍ਰਿਕ ਵਿਕਟੋਰੀਆ ਗਰਲਜ਼ ਸਕੂਲ ਤੋਂ ਅਤੇ ਗ੍ਰੈਜੂਏਸ਼ਨ ਸਰਕਾਰੀ ਮਹਿੰਦਰਾ ਕਾਲਜ ਪਟਿਆਲਾ ਤੋਂ ਕਰਨ ਉਪਰੰਤ ਪੰਜਾਬੀ ਦੀ ਐਮ. ਏ. ਪਹਿਲੇ ਦਰਜੇ ਵਿੱਚ ਪਾਸ ਕੀਤੀ। ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਪੰਜਾਬੀ ਦੀ ਪੀ. ਐਚ. ਡੀ. ਕਰਨ ਵਾਲੀ ਪਹਿਲੀ ਨਾਰੀ ਡਾ. ਟਿਵਾਣਾ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਤੋਂ ਡੀ. ਲਿੱਟ ਦੀ ਡਿਗਰੀ ਹਾਸਲ ਕੀਤੀ।
ਸਮਾਜ ਸ਼ਾਸਤਰੀ ਅਤੇ ਕਵੀ ਪ੍ਰੋ. ਭੁਪਿੰਦਰ ਸਿੰਘ ਦੀ ਹਮਸਫ਼ਰ ਅਤੇ ਸਿਮਰਨਜੀਤ ਸਿੰਘ ਦੀ ਸਤਿਕਾਰਯੋਗ ਮਾਤਾ ਡਾ. ਟਿਵਾਣਾ ਨੇ ਧਰਮਸ਼ਾਲਾ (ਕਾਂਗੜਾ) ਦੇ ਸਰਕਾਰੀ ਕਾਲਜ ਵਿੱਚ ਬਤੌਰ ਲੈਕਚਰਾਰ ਕੰਮ ਕਰਨ ਪਿੱਛੋਂ ਲੰਮਾ ਸਮਾਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਬਤੌਰ ਪੰਜਾਬੀ ਲੈਕਚਰਾਰ 1963 ਤੋਂ 1971 ਤੱਕ, ਬਤੌਰ ਰੀਡਰ 1971 ਤੋਂ 1981 ਤੱਕ, ਬਤੌਰ ਪ੍ਰੋਫੈਸਰ 1981 ਤੋਂ 1986 ਤੱਕ ਅਤੇ ਬਤੌਰ ਮੁਖੀ ਪੰਜਾਬੀ ਵਿਭਾਗ 1983 ਤੋਂ 1986 ਤੱਕ ਜਿੰਮੇਵਾਰੀ ਨਿਭਾਈ।
ਉਨ੍ਹਾਂ ਨੇ ਨਵਾਬ ਸ਼ੇਰ ਮੁਹੰਮਦ ਖ਼ਾਨ ਇੰਸਟੀਚਿਊਟ ਆਫ ਐਡਵਾਂਸ ਸਟੱਡੀਜ਼ ਇਨ ਉਰਦੂ, ਪਰਸ਼ੀਅਨ ਐਂਡ ਐਰੋਬਿਕ ਮਲੇਰਕੋਟਲਾ ਅਤੇ ਵਿਦੇਸ਼ੀ ਭਾਸ਼ਾਵਾਂ ਵਿਭਾਗ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਮੁਖੀ ਵਜੋਂ 1987 ਤੋਂ 1989 ਤੱਕ ਸੇਵਾ ਨਿਭਾਈ। ਫਿਰ ਉਨ੍ਹਾਂ ਨੇ ਯੂ. ਜੀ. ਸੀ. ਵੱਲੋਂ ਨੈਸ਼ਨਲ ਪ੍ਰੋਫੈਸਰਸ਼ਿਪ ਦੇ ਅਹੁਦੇ ‘ਤੇ 1989 ਤੋਂ 1990 ਤੱਕ ਕੰਮ ਕਰਨ ਤੋਂ ਬਾਅਦ 1992 ਤੋਂ 1994 ਤੱਕ ਪੁਨਰ ਨਿਯੁਕਤੀ ‘ਤੇ ਸੇਵਾ ਕੀਤੀ।
1994 ਤੋਂ ਉਨ੍ਹਾਂ ਨੂੰ ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਆਜੀਵਨ ਫੈਲੋਸ਼ਿਪ ਪ੍ਰਦਾਨ ਕੀਤੀ ਗਈ। ਉਨ੍ਹਾਂ ਨੇ 1991 ਤੋਂ 1994 ਤੱਕ ਕੇਂਦਰੀ ਪੰਜਾਬੀ ਲੇਖਕ ਸਭਾ (ਸੇਖੋਂ) ਦੇ ਮੀਤ ਪ੍ਰਧਾਨ ਅਤੇ 1999 ਤੋਂ 2001 ਤੱਕ ਪੰਜਾਬੀ ਸਾਹਿਤ ਅਕਾਦਮੀ ਦੇ ਪ੍ਰਧਾਨ ਵਜੋਂ ਵੀ ਸੇਵਾਵਾਂ ਦਿੱਤੀਆਂ ।
ਡਾ. ਟਿਵਾਣਾ ਦੇ ਚਾਰ ਨਾਵਲਾਂ (ਅਗਨੀ ਪ੍ਰੀਖਿਆ, ਇਹੁ ਹਮਾਰਾ ਜੀਵਣਾ, ਤੀਲੀ ਦਾ ਨਿਸ਼ਾਨ, ਦੂਸਰੀ ਸੀਤਾ) ਵਿੱਚ ਔਰਤ ਦੀ ਹੋਂਦ ਤੇ ਹੋਣੀ ਨਾਲ ਸਬੰਧਤ ਏਨੀ ਯਥਾਰਥਕ ਤੇ ਪ੍ਰਮਾਣਿਕ ਸਮੱਗਰੀ ਭਰੀ ਹੋਈ ਹੈ ਕਿ ਇਨ੍ਹਾਂ ਲਿਖਤਾਂ ਨੂੰ ਇਸਤਰੀ ਦੇ ਦੁੱਖਾਂ ਵਾਲੇ ਦਸਤਾਵੇਜ਼ਾਂ ਦਾ ਦਰਜਾ ਦਿੱਤਾ ਜਾ ਸਕਦਾ ਹੈ। ਸਾਲ 2018 ਵਿੱਚ ਇੱਕ ਨਿੱਜੀ ਚੈਨਲ ਨਾਲ ਗੱਲ ਕਰਦਿਆਂ ਦਲੀਪ ਕੌਰ ਟਿਵਾਣਾ ਨੇ ਦੱਸਿਆ ਕਿ ਉਨ੍ਹਾਂ ਨੇ 44 ਨਾਵਲ ਅਤੇ 200 ਕਹਾਣੀਆਂ ਲਿਖੀਆਂ ਹਨ।
ਉਨ੍ਹਾਂ ਦੀਆਂ ਲਿਖਤਾਂ ਅਤੇ ਉਨ੍ਹਾਂ ਉੱਤੇ ਕਈ ਫਿਲਮਾਂ ਅਤੇ ਸੀਰੀਅਲ ਵੀ ਬਣ ਚੁੱਕੇ ਹਨ। ਸਾਹਿਤ ਜਗਤ ਵਿੱਚ ਏਨਾ ਵੱਡਾ ਯੋਗਦਾਨ ਪਾਉਣ ਦੇ ਬਾਵਜੂਦ ਵੀ ਉਹ ਸੰਜਮ, ਸਹਿਜ਼ਤਾ, ਸਿਆਣਪ ਅਤੇ ਸਲੀਕੇ ਦਾ ਮੁਜੱਸਮਾ ਸਨ। ਇਸ ਦੌਰ ਵਿੱਚ ਡਾ. ਟਿਵਾਣਾ ਹੀ ਇੱਕੋ-ਇੱਕ ਅਜਿਹੀ ਸਾਹਿਤਕਾਰਾ ਸਨ, ਜਿਨ੍ਹਾਂ ਬਾਰੇ ਪਿਛਲੇ ਸਾਢੇ ਤਿੰਨ ਦਹਾਕਿਆਂ ਤੋਂ ਨਿਰੰਤਰ ਚਰਚਾ ਹੋ ਰਹੀ ਹੈ।
ਡਾ. ਟਿਵਾਣਾ ਨੂੰ ਸਾਲ 1969 ਵਿੱਚ ਸਾਹਿਤ ਅਕਾਦਮੀ ਐਵਾਰਡ, 1987 ਵਿੱਚ ਪੰਜਾਬੀ ਭਾਸ਼ਾ ਵਿਭਾਗ ਵੱਲੋਂ ਸ਼੍ਰੋਮਣੀ ਸਾਹਿਤਕਾਰ ਐਵਾਰਡ, 1994 ਵਿੱਚ ਪੰਜਾਬੀ ਅਕਾਦਮੀ ਦਿੱਲੀ ਵੱਲੋਂ 1980 ਤੋਂ 1990 ਦੇ ਦਹਾਕੇ ਦੀ ਸਰਵੋਤਮ ਨਾਵਲਕਾਰ ਦਾ ਸਨਮਾਨ, 2004 ਵਿੱਚ ਭਾਰਤ ਸਰਕਾਰ ਵੱਲੋਂ ਪਦਮਸ਼੍ਰੀ ਸਨਮਾਨ, 2005 ਵਿੱਚ ਜਲੰਧਰ ਦੂਰਦਰਸ਼ਨ ਵੱਲੋਂ ਪੰਜ ਪਾਣੀ ਐਵਾਰਡ, 2008 ਵਿੱਚ ਪੰਜਾਬ ਸਰਕਾਰ ਵੱਲੋਂ ਪੰਜਾਬੀ ਸਾਹਿਤ ਰਤਨ ਐਵਾਰਡ ਅਤੇ 2011 ਵਿੱਚ ਡੀ. ਲਿਟ ਦੀ ਉਪਾਧੀ ਨਾਲ ਨਿਵਾਜਿਆ ਗਿਆ।
ਉਨ੍ਹਾਂ ਨੂੰ ਅਨੰਦਪੁਰ ਸਾਹਿਬ ਫਾਊਂਡੇਸ਼ਨ ਵੱਲੋਂ ਮਾਤਾ ਸਾਹਿਬ ਕੌਰ ਐਵਾਰਡ, ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਵੱਲੋਂ ‘ਕਰਤਾਰ ਸਿੰਘ ਧਾਲੀਵਾਲ’ ਐਵਾਰਡ, ਕੇ. ਕੇ. ਬਿਰਲਾ ਫਾਊਂਡੇਸ਼ਨ ਵੱਲੋਂ ਸਰਸਵਤੀ ਸਨਮਾਨ ਅਤੇ ਗਿਆਨੀ ਲਾਲ ਸਿੰਘ ਟਰੱਸਟ ਪਟਿਆਲਾ ਵੱਲੋਂ ਗਿਆਨੀ ਲਾਲ ਸਿੰਘ ਯਾਦਗਾਰੀ ਪੁਰਸਕਾਰ ਮਿਲਿਆ।
ਡਾ. ਟਿਵਾਣਾ ਨੇ ਸਾਲ 2015 ਵਿੱਚ ਉਸ ਵੇਲੇ ਪਦਮਸ਼੍ਰੀ ਸਨਮਾਨ ਕੇਂਦਰ ਸਰਕਾਰ ਨੂੰ ਵਾਪਿਸ ਕਰ ਦਿੱਤਾ ਸੀ ਜਦੋਂ ਸੱਤਾਧਾਰੀ ਪਾਰਟੀ ਦੇ ਇੱਕ ਮੈਂਬਰ ਨੇ ਦਾਦਰੀ ਕਤਲ ਕਾਂਡ ਨੂੰ ਇੱਕ ਛੋਟੀ ਜਿਹੀ ਘਟਨਾ ਦੱਸਿਆ। ਦਰਅਸਲ ਉਸ ਵੇਲੇ ਦਿੱਲੀ ਨਾਲ ਲੱਗਦੇ ਪਿੰਡ ਦਾਦਰੀ ਵਿੱਚ ਬੀਫ ਖਾਣ ਦੀ ਅਫ਼ਵਾਹ ਉੱਡਣ ਤੋਂ ਬਾਅਦ ਲੋਕਾਂ ਦੀ ਭੀੜ ਨੇ ਇੱਕ ਮੁਸਲਮਾਨ ਸ਼ਖ਼ਸ ਦਾ ਕੁੱਟ-ਕੁੱਟ ਕੇ ਕਤਲ ਕਰ ਦਿੱਤਾ ਸੀ।
ਉਨ੍ਹਾਂ ਨੇ ਉਸ ਵੇਲੇ ਇੱਕ ਬਿਆਨ ਵਿੱਚ ਕਿਹਾ ਸੀ ਕਿ ਗੌਤਮ ਬੁੱਧ ਅਤੇ ਬਾਬੇ ਨਾਨਕ ਦੇ ਦੇਸ਼ ਵਿੱਚ ਵਾਰ-ਵਾਰ ਹੋ ਰਹੀਆਂ ਸੰਪ੍ਰਦਾਇਕ ਘਟਨਾਵਾਂ ਸਾਡੇ ਰਾਸ਼ਟਰ ਅਤੇ ਸਮਾਜ ਲਈ ਬਹੁਤ ਹੀ ਸ਼ਰਮਨਾਕ ਹਨ। ਥੋੜ੍ਹੇ ਸ਼ਬਦਾਂ ਵਿੱਚ ਬਹੁਤੀ ਗੱਲ ਕਹਿਣੀ ਟਿਵਾਣਾ ਦੀ ਨਾਵਲੀ ਕਲਾ ਦੀ ਪ੍ਰਮੁੱਖ ਪਛਾਣ ਸੀ।
ਉਨ੍ਹਾਂ ਦੀਆਂ ਲੋਕ ਕਹਾਣੀਆਂ ਡੂੰਘੇ ਅਰਥ ਪ੍ਰਦਾਨ ਕਰਦੀਆਂ ਹਨ। 31 ਜਨਵਰੀ 2020 ਨੂੰ ਇੱਕ ਸੰਖੇਪ ਬਿਮਾਰੀ ਤੋਂ ਬਾਅਦ ਪੰਜਾਬੀ ਸਾਹਿਤ ਦਾ ਚਮਕਦਾ ਸਿਤਾਰਾ ਡਾ. ਦਲੀਪ ਕੌਰ ਟਿਵਾਣਾ ਸਰੀਰਕ ਤੌਰ ‘ਤੇ ਇਸ ਦੁਨੀਆਂ ਤੋਂ ਰੁਖ਼ਸਤ ਹੋ ਗਏ। ਉਨ੍ਹਾਂ ਦੇ ਤੁਰ ਜਾਣ ਨਾਲ ਪੰਜਾਬੀ ਸਾਹਿਤ ਦੇ ਇੱਕ ਯੁੱਗ ਦਾ ਅੰਤ ਹੋ ਗਿਆ ਹੈ। ਰਿਆਸਤੀ ਜ਼ਿੰਦਗੀ, ਫੱਕਰਾਂ ਜਿਹੀ ਸਾਦਗੀ ਅਤੇ ਸਾਹਿਤਕ ਚੇਤਨਾ ਦਾ ਸੁਮੇਲ ਬਹੁਪੱਖੀ ਸ਼ਖ਼ਸੀਅਤ ਡਾ. ਦਲੀਪ ਕੌਰ ਟਿਵਾਣਾ ਦੀਆਂ ਲਿਖਤਾਂ ਗਰੀਬ, ਮਜ਼ਲੂਮ, ਦੱਬੇ-ਕੁਚਲੇ, ਪੀੜਤ ਲੋਕ ਅਤੇ ਇਸਤਰੀ ਜਾਤੀ ਦੇ ਹੱਕਾਂ ‘ਤੇ ਸਦਾ ਹੀ ਪਹਿਰਾ ਦਿੰਦਿਆਂ ਰਹਿਣਗੀਆਂ।
‘ਸੇਵਕ ਸ਼ੇਰਗੜ’,
ਸਰਕਾਰੀ ਮਹਿੰਦਰਾ ਕਾਲਜ, ਪਟਿਆਲਾ
ਮੋ. 94642-25126
ਪ੍ਰੋ. ਗੁਰਸੇਵਕ ਸਿੰਘ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।