ਮੁੜ ਤੋਂ ਪੰਜਾਬ ਦੀ ਸਿਆਸਤ ‘ਚ ਭਿੜਨ ਨੂੰ ਤਿਆਰ, ਸਮਾਜਵਾਦੀ ਪਾਰਟੀ ਦੇ ਬਣੇ ਕਨਵੀਨਰ
ਚੰਡੀਗੜ੍ਹ, ਅਸ਼ਵਨੀ ਚਾਵਲਾ/ਸੱਚ ਕਹੂੰ ਨਿਊਜ਼
ਸਿਰਫ਼ ਇੱਕ ਕੁਰਸੀ ਲਈ ਪੰਜਾਬ ਅਤੇ ਪੰਜਾਬੀ ਨੂੰ ਛੱਡ ਕੇ ਉੱਤਰ ਪ੍ਰਦੇਸ਼ ਭੱਜਣ ਵਾਲੇ ਬਲਵੰਤ ਸਿੰਘ ਰਾਮੂਵਾਲੀਆ ਨੂੰ ਮੁੜ ਤੋਂ ਪੰਜਾਬ ਦੀ ਯਾਦ ਆ ਗਈ ਹੈ। ਇਸ ਵਾਰ ਉਹ ਆਪਣੀ ਲੋਕ ਭਲਾਈ ਪਾਰਟੀ ਜਾਂ ਫਿਰ ਸ਼੍ਰੋਮਣੀ ਅਕਾਲੀ ਦਲ ਵਲੋਂ ਨਹੀਂ ਸਗੋਂ ਉਸ ਪਾਰਟੀ ਵੱਲੋਂ ਮੈਦਾਨ ਵਿੱਚ ਉੱਤਰ ਰਹੇ ਹਨ, ਜਿਸ ਦਾ ਪੰਜਾਬ ਵਿੱਚ ਨਾ ਹੀ ਅੱਜ ਤੋਂ ਪਹਿਲਾਂ ਕੋਈ ਜਿਆਦਾ ਵੱਡਾ ਢਾਂਚਾ ਸੀ ਅਤੇ ਨਾ ਹੀ ਕੋਈ ਪਾਰਟੀ ਦਾ ਅਧਾਰ ਸੀ।
ਉੱਤਰ ਪ੍ਰਦੇਸ਼ ਦੀ ਸਮਾਜਵਾਦੀ ਪਾਰਟੀ ਮੁਖੀ ਅਖਿਲੇਸ਼ ਯਾਦਵ ਨੇ ਬਲਵੰਤ ਸਿੰਘ ਰਾਮੂਵਾਲੀਆਂ ਨੂੰ ਪੰਜਾਬ ਦੇ ਜਥੇਬੰਦਕ ਢਾਂਚੇ ਦਾ ਕਨਵੀਨਰ ਲਗਾਉਂਦੇ ਹੋਏ ਸੂਬੇ ਵਿੱਚ ਪਾਰਟੀ ਦਾ ਵਿਸਤਾਰ ਕਰਨ ਦੇ ਆਦੇਸ਼ ਜਾਰੀ ਕਰ ਦਿੱਤੇ ਹਨ। ਰਾਮੂਵਾਲੀਆਂ ਨੂੰ ਵੀ ਆਸ ਹੈ ਕਿ ਉਹ ਪਹਿਲਾਂ ਖ਼ੁਦ ਦੀ ਪਾਰਟੀ ਤੱਕ ਪੰਜਾਬ ਵਿੱਚ ਚਲਾ ਚੁੱਕੇ ਹਨ, ਇਸ ਲਈ ਜਥੇਬੰਦਕ ਢਾਂਚਾ ਤਿਆਰ ਕਰਨ ਅਤੇ ਪਾਰਟੀ ਨੂੰ ਖੜਾ ਕਰਨ ਵਿੱਚ ਉਨਾਂ ਨੂੰ ਜਿਆਦਾ ਦਿੱਕਤ ਨਹੀਂ ਆਏਗੀ ਪਰ ਫਿਰ ਵੀ ਉਹ ਅਗਲੇ 6 ਮਹੀਨੇ ਤੱਕ ਆਪਣੀ ਸਾਰੀ ਕਾਰਗੁਜ਼ਾਰੀ ਦੀ ਰਿਪੋਰਟ ਅਖਿਲੇਸ਼ ਯਾਦਵ ਨੂੰ ਦੇਣਗੇ, ਜਿਸ ਤੋਂ ਬਾਅਦ ਉਹ ਤੈਅ ਕਰਨਗੇ ਕਿ ਪੰਜਾਬ ਵਿੱਚ ਲੋਕ ਸਭਾ ਚੋਣਾਂ ਦੌਰਾਨ ਕੁਝ ਕੀਤਾ ਜਾਣਾ ਚਾਹੀਦਾ ਹੈ ਜਾਂ ਫਿਰ ਆਪਣੇ ਹੀ ਹਾਲ ‘ਤੇ ਛੱਡ ਦੇਣਾ ਚਾਹੀਦਾ ਹੈ।
ਚੰਡੀਗੜ੍ਹ ਵਿਖੇ ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਰਾਮੂਵਾਲੀਆਂ ਨੇ ਕਿਹਾ ਕਿ ਦੇਸ਼ ‘ਚ ਸਿਆਸੀ ਹਾਲਾਤ ਬਦਲ ਰਹੇ ਹਨ ਅਤੇ ਐਨ.ਡੀ.ਏ ਖਾਸ ਕਰਕੇ ਭਾਜਪਾ ਖ਼ਿਲਾਫ਼ ਹਮ ਖ਼ਿਆਲੀ ਪਾਰਟੀਆਂ ਇਕੱਠੀਆਂ ਹੋ ਰਹੀਆਂ ਹਨ। ਇਸ ਲਈ ਪੰਜਾਬ ਵਿੱਚ ਉਹ ਆਪਣੀ ਪਾਰਟੀ ਲਈ ਜਮੀਨ ਤਲਾਸ਼ਣ ਲਈ ਆਏ ਹਨ, ਜਿਸ ਦੀ ਕੋਸ਼ਿਸ਼ ਉਹ ਹੁਣ ਤੋਂ ਹੀ ਸ਼ੁਰੂ ਕਰਨ ਜਾ ਰਹੇ ਹਨ। ਰਾਮੂਵਾਲੀਆਂ ਨੇ ਕਿਹਾ ਕਿ ਅਕਾਲੀ ਦਲ ਦਾ ਪੰਜਾਬ ਤੋਂ ਬਾਹਰ ਸਿਆਸੀ ਪਾਰਟੀਆਂ ਵਿੱਚ ਇਕ ਕਾਗ਼ਜ਼ ਜਿੰਨਾਂ ਵੀ ਭਾਰ ਨਹੀਂ ਹੈ। ਇਹੀ ਕਾਰਨ ਹੈ ਕਿ ਭਾਈਵਾਲ ਪਾਰਟੀ ਭਾਜਪਾ ਵਲੋਂ ਅਕਾਲੀ ਦਲ ਨੂੰ ਕੋਈ ਤਵੱਜੋ ਨਹੀਂ ਦਿੱਤੀ ਜਾਂਦੀ।
ਉਨ੍ਹਾਂ ਕਿਹਾ ਕਿ ਵਿਦੇਸ਼ਾਂ ਵਿੱਚ ਚਕਾਚੌਂਧ ਜਿੰਦਗੀ ਬਣਾਉਣ ਦਾ ਸਪਨਾ ਦਿਖਾ ਕੇ ਟ੍ਰੈਵਲ ਏਜੰਟਾਂ ਵਲੋਂ ਪੰਜਾਬ ਦੇ ਨੌਜਵਾਨਾਂ ਨੂੰ ਲੁੱਟਿਆ ਜਾ ਰਿਹਾ ਹੈ। ਪਿਛਲੇ ਇਕ ਸਾਲ ਦੌਰਾਨ ਏਜੰਟ 27 ਹਜ਼ਾਰ ਕਰੋੜ ਏਜੰਟਾਂ ਨੇ ਲੁੱਟ ਲਏ ਹਨ। ਏਜੰਟਾਂ ਖ਼ਿਲਾਫ਼ ਕਾਰਵਾਈ ਕਰਨ ਲਈ 2010 ਵਿਚ ਜਥੇਦਾਰ ਗੁਰਚਰਨ ਸਿੰਘ ਟੌਹੜਾ ਸਮੇਤ ਕਈ ਐਮ.ਪੀਜ ਦੇ ਹਸਤਾਖਰ ਕਰਵਾ ਕੇ ਦਿੱਤੇ ਸਨ, ਪਰ ਪ੍ਰਕਾਸ਼ ਸਿੰਘ ਬਾਦਲ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ। ਉਨਾਂ ਕਿਹਾ ਕਿ ਮੱਧ ਪ੍ਰਦੇਸ਼ ਵਿੱਚ ਗਰੀਬ ਸਿੱਖਾਂ ਨੂੰ ਉਜਾੜਿਆ ਜਾ ਰਿਹਾ ਹੈ, ਕਿਉਂ ਅਕਾਲੀ ਦਲ ਵੱਲੋਂ ਅਵਾਜ਼ ਨਹੀਂ ਉਠਾਈ ਜਾ ਰਹੀ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।