ਸ. ਜੱਸਾ ਸਿੰਘ ਆਹਲੂਵਾਲੀਆ ਨੂੰ ਯਾਦ ਕਰਦਿਆਂ…
ਜਦੋਂ ਜਗਤ ਗੁਰੁੂ ਨੇ ਨਿਰਮਲ ਪੰਥ ਦੀ ਨੀਂਹ ਰੱਖੀ ਤਾਂ ਇਸ ਪੰਥ ਵਿੱਚ ਪ੍ਰਵੇਸ਼ ਕਰਨ ਲਈ ਇੱਕ ਲਾਜ਼ਮੀ ਸ਼ਰਤ ਵੀ ਲਗਾ ਦਿੱਤੀ।ਇਸ ਸ਼ਰਤ ਦੇ ਮੁਤਾਬਿਕ:-
ਜਉ ਤਉ ਪ੍ਰੇਮ ਖੇਲਣ ਕਾ ਚਾਉ॥ਸਿਰੁ ਧਰਿ ਤਲੀ ਗਲੀ ਮੇਰੀ ਆਉ॥
ਇਤੁ ਮਾਰਿਗ ਪੈਰੁ ਧਰੀਜੈ॥ਸਿਰੁ ਦੀਜੈ ਕਾਣਿ ਨ ਕੀਜੈ॥
ਭਾਵ ਇਸ ਨਿਰਮਲ ਪੰਥ ਦਾ ਭਾਗੀਦਾਰ ਬਣਨ ਲਈ ਆਪਣਾ ਤਨ ਅਤੇ ਮਨ ਪੂਰਨ ਰੂਪ ਵਿਚ ਗੁਰੁੂ/ਸਿਧਾਂਤ ਨੂੰ ਸਮਰਪਿਤ ਕਰਨ ਲਈ ਕਹਿ ਦਿੱਤਾ। . ਸਿੱਖੀ ਪਰਮੇਸ਼ਰ ਨੂੰ ਹਾਜ਼ਰ-ਨਾਜ਼ਰ ਜਾਣ ਕੇ ਸਵੇਰੇ-ਸ਼ਾਮ ਸਰਬਤ ਦਾ ਭਲਾ ਲੋਚਦੀ ਹੈ।ਇਸ ਲੋਚਾ ਮੁਤਾਬਿਕ ਪੂਰੇ/ਖ਼ਰੇ ਉਤਰਨ ਦੀ ਆਸ ਇੱਕ ਸਮਰਪਿਤ ਸਿੱਖ/ਸ਼ਰਧਾਲੂ ਕੋਲੋਂ ਹੀ ਕੀਤੀ ਜਾ ਸਕਦੀ ਹੈ।ਸੇਵਾ,ਸਿਮਰਨ ਅਤੇ ਪਰਉਪਕਾਰੀ ਜੀਵਨ ਸਿੱਖ ਫ਼ਲਸਫ਼ੇ ਦਾ ਅਹਿਮ ਹਿੱਸਾ ਹਨ।ਇਸ ਫ਼ਲਸਫ਼ੇ ਦੇ ਪ੍ਰਚਾਰ ਅਤੇ ਪ੍ਰਸਾਰ ਹਿੱਤ ਗੁਰੂੁ ਸਾਹਿਬਾਨ ਅਤੇ ਉਨ੍ਹਾਂ ਦੇ ਸਿੱਖਾਂ ਨੇ ਆਪਣਾ ਭਰਪੂਰ ਯੋਗਦਾਨ ਪਾਇਆ ਹੈ।
ਇਸ ਯੋਗਦਾਨ ਵਿਚ ਮਹਾਨ ਕੁਰਬਾਨੀਆਂ/ਸ਼ਹੀਦੀਆਂ ਵੀ ਹੋਈਆਂ ਹਨ, ਜਿਹੜੀਆਂ ਸਮੇਂ-ਸਮੇਂ ਗੁਰੂੁ ਸਾਹਿਬਾਨ ਅਤੇ ਉਨ੍ਹਾਂ ਦੇ ਪਿਆਰੇ ਸਿੱਖਾਂ ਵੱਲੋਂ ਕੀਤੀਆਂ/ਦਿੱਤੀਆਂ ਗਈਆਂ ਹਨ।ਗੁਰੂੁ ਸਾਹਿਬ ਵੱਲੋਂ ਪਾਈ ਵੰਗਾਰ (ਸੀਸ ਤਲੀ ’ਤੇ ਧਰਨ) ਦੇ ਹੁੰਗਾਰੇ ਵਜੋਂ ਬਹੁਤ ਸਾਰੇ ਸਿੱਖ ਤਲਵਾਰ ਦੀ ਧਾਰ ’ਤੇ ਤੁਰ ਕੇ ਸਿੱਖ ਇਤਿਹਾਸ ਨੂੰ ਅਮੀਰ ਬਣਾਉਂਦੇ ਰਹੇ ਹਨ।ਇਨ੍ਹਾਂ ਪ੍ਰਮੁੱਖ ਸਿੱਖਾਂ ਵਿੱਚ ਹੀ ਸ਼ੁਮਾਰ ਹੈ ‘ਸੁਲਤਾਨ-ਉੱਲ-ਕੌਮ’ ਸ. ਜੱਸਾ ਸਿੰਘ ਆਹਲੂਵਾਲੀਏ ਦਾ ਨਾਂਅ।
ਮਹਾਨ ਜਰਨੈਲ ਸ. ਜੱਸਾ ਸਿੰਘ ਆਹਲੂਵਾਲੀਏ ਦਾ ਜਨਮ 3 ਮਈ 1718 ਈ ਨੂੰ ਸ. ਬਦਰ ਸਿੰਘ ਅਤੇ ਮਾਤਾ ਜੀਵਨ ਕੌਰ (ਕੁਝ ਕੁ ਇਤਿਹਾਸਕਾਰਾਂ ਮੁਤਾਬਿਕ ਮਾਤਾ ਦਾ ਨਾਂਅ ਗੁਜ਼ਰੀ ਹੈ) ਦੇ ਗ੍ਰਹਿ ਵਿਖੇ ਪਿੰਡ ਆਹਲੂ ਜ਼ਿਲ੍ਹਾ ਲਾਹੌਰ ਵਿਖੇ ਹੋਇਆ।ਇਸ ਪਰਿਵਾਰ ਦੇ ਵਡੇਰੇ ਸ.ਬਦਰ ਸਿੰਘ ਅਤੇ ਦੇਵਾ ਸਿੰਘ (ਦਾਦਾ) ਗੁਰੂੁ ਘਰ ਪ੍ਰਤੀ ਅਥਾਹ ਸ਼ਰਧਾ ਰੱਖਦੇ ਸਨ।ਜੱਸਾ ਸਿੰਘ ਦੇ ਮਾਤਾ ਜੀ ਵੀ ਸਿੱਖੀ ਸਰੂਪ ਵਿਚ ਪ੍ਰਪੱਕ ਅਤੇ ਨਿੱਤਨੇਮ ਵਾਲੇ ਸਨ।ਸ਼ਬਦ ਦਾ ਉਚਾਰਨ ਕਰਨਾ ਅਤੇ ਗੁਰਬਾਣੀ ਦਾ ਕੀਰਤਨ ਕਰਨਾ ਉਸ ਦੇ ਨਿੱਤਨੇਮ ਵਿਚ ਸ਼ਾਮਲ ਸੀ।
ਜਦੋਂ ਜੱਸਾ ਸਿੰਘ ਅਜੇ ਚਾਰ ਕੁ ਸਾਲਾਂ ਦਾ ਹੀ ਹੋਇਆ ਸੀ ਕਿ ਪਿਤਾ ਸ.ਬਦਰ ਸਿੰਘ ਚੜ੍ਹਾਈ ਕਰ ਗਿਆ।ਯਤੀਮ ਹੋਏ ਬਾਲਕ ਲਈ ਹੁਣ ਸਿਰਫ਼ ਮਾਤਾ ਦਾ ਹੀ ਸਹਾਰਾ ਰਹਿ ਗਿਆ ਸੀ।ਮਾਂ ਦੇ ਸਹਾਰੇ ਦੇ ਨਾਲ-ਨਾਲ ਗੁਰਬਾਣੀ ਦਾ ਓਟ-ਆਸਰਾ ਵੀ ਉਸ ਦੇ ਜੀਵਨ ਦਾ ਆਧਾਰ ਬਣਨ ਲੱਗਾ।
ਦਸਮ ਪਾਤਸ਼ਾਹ ਸ੍ਰੀ ਗੁਰੂੁ ਗੋਬਿੰਦ ਸਿੰਘ ਦੇ ਸੱਚਖੰਡ ਪਿਆਨਾ ਕਰ ਜਾਣ ਤੋਂ ਬਾਅਦ ਖ਼ਾਲਸਾ-ਪੰਥ ਦੀ ਅਗਵਾਈ ਮਾਤਾ ਸੁੰਦਰੀ ਜੀ ਕਰ ਰਹੇ ਸਨ।ਇੱਕ ਦਿਨ ਬਾਲਕ ਜੱਸਾ ਸਿੰਘ ਆਪਣੀ ਮਾਤਾ ਅਤੇ ਮਾਮਾ ਸ.ਬਾਘ ਸਿੰਘ ਨਾਲ ਮਾਤਾ ਸੁੰਦਰੀ ਜੀ ਕੋਲਂੋ ਅਸ਼ੀਰਵਾਦ ਲੈਣ ਲਈ ਗਏ।ਮਾਤਾ ਜੀ ਉਸ ਦੇ ਰਸਭਿੰਨੇ ਕੀਰਤਨ ਤੋਂ ਏਨੇ ਪ੍ਰਭਾਵਿਤ ਹੋਏ ਕਿ ਉਨ੍ਹਾਂ ਨੇ ਉਸ ਨੂੰ ਆਪਣੇ ਕੋਲ ਹੀ ਰੱਖ ਲਿਆ ਅਤੇ ਪੁੱਤਾਂ ਵਾਂਗ ਪਿਆਰ ਕਰਨ ਲੱਗੇ।ਮਾਤਾ ਸੁੰਦਰੀ ਜੀ ਦੀ ਸੰਗਤ ਕਰਕੇ ਬਾਲਕ ਜੱਸਾ ਸਿੰਘ ਨੇ ਕਈ ਧਾਰਮਿਕ ਅਤੇ ਇਤਿਹਾਸਕ ਪੁਸਤਕਾਂ ਪੜ੍ਹੀਆਂ, ਜਿਹੜੀਆਂ ਉਸ ਨੂੰ ਸਿੱਖੀ ਦੇ ਦੋ ਥੰਮਾਂ ਸੇਵਾ ਅਤੇ ਸਿਮਰਨ ਨਾਲ ਜੋੜਨ ਵਿਚ ਸਹਾਈ ਸਾਬਤ ਹੋਈਆਂ।
ਸੱਤ ਸਾਲ ਦਿੱਲੀ ਵਿਖੇ ਰਹਿਣ ਤੋਂ ਬਾਅਦ ਸ.ਜੱਸਾ ਸਿੰਘ ਆਹਲੂਵਾਲੀਆ ਜਲੰਧਰ ਵਿਖੇ ਆਪਣੇ ਮਾਮਾ ਬਾਘ ਸਿੰਘ ਹੱਲ੍ਹੋਵਾਲੀਆ ਕੋਲ ਆ ਗਿਆ।ਆਪਣੀ ਭੈਣ ਅਤੇ ਭਾਣਜੇ ਨੂੰ ਨਾਲ ਲੈ ਕੇ ਮਾਮਾ ਜੀ ਇੱਕ ਦਿਨ ਨਵਾਬ ਕਪੂਰ ਸਿੰਘ ਨੂੰ ਮਿਲਣ ਲਈ ਕਰਤਾਰਪੁਰ ਸਾਹਿਬ ਵਿਖੇ ਪਹੁੰਚ ਗਏ।ਨਵਾਬ ਸਾਹਿਬ ਮਾਂ-ਪੁੱਤ ਦੇ ਕੀਰਤਨ ਤੋਂ ਬਹੁਤ ਪ੍ਰਭਾਵਿਤ ਹੋਏ ਅਤੇ ਜੱਸਾ ਸਿੰਘ ਨੂੰ ਪੱਕੇ ਤੌਰ ’ਤੇ ਆਪਣੇ ਕੋਲ ਰੱਖਣ ਲਈ ਕਹਿਣ ਲੱਗੇ।ਮਾਮਾ ਬਾਘ ਸਿੰਘ ਜੀ ਪੰਥ ਦੀ ਸਿਰਮੌਰ ਸਖਸ਼ੀਅਤ ਦਾ ਕਿਹਾ ਨਾ ਮੋੜ ਸਕੇ।ਨਵਾਬ ਸਾਹਿਬ ਦੀ ਆਪਣੀ ਸੰਤਾਨ ਨਾ ਹੋਣ ਕਰਕੇ ਉਹ ਜੱਸਾ ਸਿੰਘ ਨੂੰ ਆਪਣੇ ਪੁੱਤਰ ਵਾਂਗ ਹੀ ਪਿਆਰਨ ਅਤੇ ਦੁਲਾਰਨ ਲੱਗੇ।
ਨਵਾਬ ਕਪੂਰ ਸਿੰਘ ਨੇ ਸ. ਜੱਸਾ ਸਿੰਘ ਦੇ ਨਿਖਰੇ (ਰਹਿਤ-ਬਹਿਤ ਵਾਲੇ) ਜੀਵਨ ਨੂੰ ਦੇਖ ਕੇ ਉਸ ਨੂੰ (ਪੰਜਾਂ ਪਿਆਰਿਆਂ ਕੋਲੋਂ) ਖੰਡੇ-ਬਾਟੇ ਦਾ ਅੰਮ੍ਰਿਤ ਛਕਾ ਦਿੱਤਾ।ਅੰਮ੍ਰਿਤ ਛੱਕਣ ਤੋਂ ਬਾਅਦ ਸ. ਜੱਸਾ ਸਿੰਘ ਤਨੋਂ-ਮਨੋਂ ਗੁਰੂੁ ਘਰ ਨੂੰ ਸਮਰਪਿਤ ਹੋ ਗਿਆ।ਖ਼ਾਲਸੇ ਦੇ ਦੀਵਾਨਾਂ ਵਿਚ ਸਵੇਰੇ-ਸ਼ਾਮ ਸੰਗਤ ਦੀ ਸੇਵਾ (ਪੱਖਾ ਝੱਲ ਕੇ),ਗੁਰਬਾਣੀ ਦੇ ਪਾਠ ਅਤੇ ਸ਼ਬਦ-ਕੀਰਤਨ ਵਿਚ ਵੱਧ-ਚੜ੍ਹਕੇ ਭਾਗ ਲੈਣ ਲੱਗਾ।ਗੁਰੂ-ਘਰ ਪ੍ਰਤੀ ਸੁੱਚੀ ਲੱਗਨ ਨੂੰ ਦੇਖ ਕੇ ਨਾਨਕ ਨਾਮ-ਲੇਵਾ ਸੰਗਤ ਵੀ ਉਸ ਨੂੰ ਰੱਜਵਾਂ ਪਿਆਰ ਤੇ ਸਤਿਕਾਰ ਦੇਣ ਲੱਗੀ।
ਨਵਾਬ ਸਾਹਿਬ ਦੀ ਅਗਵਾਈ ਹੇਠ ਜੱਸਾ ਸਿੰਘ ਨੇ ਘੋੜ-ਸਵਾਰੀ, ਨੇਜਾਬਾਜ਼ੀ,ਤੀਰ ਅੰਦਾਜ਼ੀ ਅਤੇ ਤੇਗ਼ ਚਲਾਉਣੀ ਬਾਖ਼ੂਬੀ ਸਿੱਖ ਲਈ।ਇਸ ਸਿਖਲਾਈ ਤੋਂ ਬਾਅਦ ਉਹ ਯੁੱਧ-ਕਲਾ ਵਿਚ ਕਾਫ਼ੀ ਨਿਪੁੰਨ ਹੋ ਗਿਆ। ਛੋਟੀ ਉਮਰੇ ਦਿੱਲੀ ਵਿਖੇ ਰਹਿਣ ਕਰਕੇ ਸ.ਜੱਸਾ ਸਿੰਘ ਆਹਲੂਵਾਲੀਏ ਦੀ ਬੋਲ-ਬਾਣੀ ਵਿਚ ਹਿੰਦੀ ਅਤੇ ਉਰਦੂ ਦੇ ਕੁਝ ਲਫ਼ਜ਼ਾਂ ਦੀ ਰਲਾਵਟ ਹੋ ਗਈ ਸੀ,
ਜਿਸ ਕਰਕੇ ਨਾਲ ਦੇ ਸਿੰਘ ਉਸ ਨੂੰ ‘ਹਮਕੋ-ਤੁਮਕੋ’ ਕਹਿ ਕੇ ਮਖੌਲ ਕਰਦੇ ਸਨ।ਇੱਕ ਦਿਨ ਜੱਸਾ ਸਿੰਘ ਇਸ ਮਖੌਲ ਦਾ ਬੁਰਾ ਮਨਾ ਗਿਆ ਅਤੇ ਨਵਾਬ ਸਾਹਿਬ ਕੋਲ ਸ਼ਿਕਾਇਤ ਕਰ ਦਿੱਤੀ।ਨਵਾਬ ਕਪੂਰ ਸਿੰਘ ਨੇ ਜੱਸਾ ਸਿੰਘ ਨੂੰ ਪਿਆਰ ਨਾਲ ਸਮਝਾਇਆ ਕਿ ਇਹ ਕਲਗੀਧਰ ਦਾ ਖ਼ਾਲਸਾ ਹੈ, ਜੇ ਇਹ ਮੇਰੇ ਵਰਗੇ (ਘੋੜਿਆਂ ਦੀ ਲਿੱਦ ਚੁੱਕਣ ਵਾਲ)ੇ ਨੂੰ ਨਵਾਬੀ ਬਖ਼ਸ਼ ਸਕਦਾ ਹੈ ਤਾਂ ਕੀ ਪਤਾ ਕੱਲ੍ਹ ਨੂੰ ਤੇਰੇ ਵਰਗੇ ਦਾਣਾ-ਫੱਕਾ ਵੰਡਣ ਵਾਲੇ ਨੂੰ ਬਾਦਸ਼ਾਹ/ਪਾਤਸ਼ਾਹ ਹੀ ਬਣਾ ਦੇਵੇ। ਨਵਾਬ ਸਾਹਿਬ ਦੀ ਕੀਤੀ ਹੋਈ ਇਹ ਭਵਿੱਖਬਾਣੀ ਸੌ ਪ੍ਰਤੀਸ਼ਤ ਸੱਚ ਸਾਬਤ ਹੋਈ, ਜਦੋਂ 1762 ਈ. ਵਿਚ ਖ਼ਾਲਸਾ ਪੰਥ ਨੇ ਸ.ਜੱਸਾ ਸਿੰਘ ਆਹਲੂਵਾਲੀਆ ਨੂੰ ਸੁਲਤਾਨ-ਉਲ-ਕੌਮ ਦੇ ਲਕਬ ਨਾਲ ਨਿਵਾਜ਼ ਦਿੱਤਾ।
ਹੁਣ ਜਿਉਂ-ਜਿਉਂ ਸ. ਜੱਸਾ ਸਿੰਘ ਆਹਲੂਵਾਲੀਆ ਆਪਣੀ ਹਯਾਤੀ ਦਾ ਸਫ਼ਰ ਤਹਿ ਕਰਦਾ ਜਾ ਰਿਹਾ ਸੀ, ਤਿਉਂ-ਤਿਉਂ ਆਪਣੀ ਫ਼ਰਜ਼ਾਂ ਪ੍ਰਤੀ ਵੀ ਸੁਚੇਤ ਹੋਈ ਜਾ ਰਿਹਾ ਸੀ।ਇੱਕ ਰਾਤ ਬਹੁਤ ਤੇਜ਼ ਬਾਰਸ਼ ਹੋ ਰਹੀ ਸੀ।ਨਵਾਬ ਕਪੂਰ ਸਿੰਘ ਨੇ ਕਈ ਵਾਰ ਆਵਾਜ਼ ਦਿੱਤੀ, ‘ਪਹਿਰੇ ’ਤੇ ਕੌਣ ਹੈ,ਹਾਜ਼ਰ ਹੋਵੇ?’ ਜਵਾਬ ਵਿੱਚ ਹਰ ਵਾਰੀ ਸ. ਜੱਸਾ ਸਿੰਘ ‘ਆਇਆ ਜੀ’ ਕਹਿ ਕੇ ਹਾਜ਼ਰ ਹੋ ਜਾਂਦਾ।ਉਸ ਦੀ ਇਸ ਵਫ਼ਾਦਾਰੀ ਨੂੰ ਦੇਖ ਕੇ ਨਵਾਬ ਸਾਹਿਬ ਨੇ ਉਸ ਨੂੰ ਆਪਣਾ ਅਹਿਲਕਾਰ ਬਣਾ ਲਿਆ।
20 ਕੁ ਸਾਲ ਦੀ ਉਮਰ ਵਿਚ ਸ.ਜੱਸਾ ਸਿੰਘ ਆਹਲੂਵਾਲੀਏ ਨੇ ਨਵਾਬ ਕਪੂਰ ਸਿੰਘ ਦੀ ਅਗਵਾਈ ਵਿਚ ਨਾਦਰਸ਼ਾਹ ਦੀ ਫ਼ੌਜ ਨੂੰ ਅਜਿਹਾ ਸਬਕ ਸਿਖਾਇਆ ਕਿ ਉਹ ਜ਼ਕਰੀਆ ਖ਼ਾਨ ਵੀ ਇਹ ਕਹਿਣ ਲਈ ਮਜ਼ਬੂਰ ਹੋ ਗਿਆ ਕਿ ਅਜਿਹੇ ਲੋਕਾਂ (ਖ਼ਾਲਸਾ ਪੰਥ) ਤੋਂ ਡਰਨਾ ਚਾਹੀਦਾ ਹੈ,ਉਹ ਸਮਾਂ ਦੂਰ ਨਹੀਂ ਜਦੋਂ ਇਸ ਮੁਲਕ ਦੀ ਮਲਕੀਅਤ ਇਨ੍ਹਾਂ ਲੋਕਾਂ ਦੇ ਹੱਥ ਹੋਵੇਗੀ। ਸ.ਜੱਸਾ ਸਿੰਘ ਆਹਲੂਵਾਲੀਏ ਦੇ ਸ਼ਖਸੀਅਤ ਦਾ ਇੱਕ ਉੱਭਰਵਾਂ ਪੱਖ ਇਹ ਵੀ ਰਿਹਾ ਹੈ ਕਿ ਉਸ ਨੇ ਸਾਰੀ ਉਮਰ ਕੀਤੇ ਜੰਗਾਂ-ਯੁੱਧਾਂ ਵਿਚ ਨੈਤਿਕਤਾ ਦਾ ਪੱਲਾ ਕਦੇ ਨਹੀਂ ਛੱਡਿਆ।ਇਸ ਦੀ ਇੱਕ ਉਦਾਹਰਨ ਪਾਣੀਪਤ ਦੀ ਤੀਸਰੀ ਲੜਾਈ ਤੋਂ ਬਾਅਦ ਅਹਿਮਦਸ਼ਾਹ ਅਬਦਾਲੀ ਦੇ ਕਬਜ਼ੇ ਵਿੱਚੋਂ 2200 ਹਿੰਦੂ ਲੜਕੀਆਂ ਨੂੰ ਛੁਡਾ ਕੇ ਬਾਇੱਜ਼ਤ ਅਤੇ ਸਹੀ ਸਲਾਮਤ ਉਨ੍ਹਾਂ ਦੇ ਘਰੋ-ਘਰੀਂ ਪਹੁੰਚਾਉਣਾ ਹੈ।
ਜਦੋਂ ਅਬਦਾਲੀ ਦਾ ਜਰਨੈਲ ਜਹਾਨ ਖ਼ਾਨ ਸਿਆਲਕੋਟ ਦੀ ਜੰਗ ਹਾਰ ਗਿਆ ਤਾਂ ਉਸ ਦੀ ਬੇਗ਼ਮ ਅਤੇ ਉਸ ਦੀਆਂ ਕੁਝ ਨਜਦੀਕੀ ਔਰਤਾਂ ਖ਼ਾਲਸੇ ਦੇ ਘੇਰੇ ਵਿਚ ਆ ਗਈਆਂ।ਆਹਲੂਵਾਲੀਏ ਸਰਦਾਰ ਨੇ ਉਨ੍ਹਾਂ ਪਰਾਈਆਂ ਇਸਤਰੀਆਂ ਨੂੰ ਵੀ ਬਣਦਾ ਮਾਣ-ਸਤਿਕਾਰ ਦਿੱਤਾ ਅਤੇ ਸੁਰੱਖਿਅਤ ਥਾਵਾਂ ’ਤੇ ਪਹੁੰਚਾਇਆ। . 20 ਅਕਤੂਬਰ ਸੰਨ 1783 ਨੂੰ ਸ.ਜੱਸਾ ਸਿੰਘ ਆਹਲੂਵਾਲੀਆ ਖ਼ਾਲਸਾ ਪੰਥ ਵੱਲੋਂ ਅੰਮ੍ਰਿਤਸਰ ਵਿਚ ਮਨਾਈ ਜਾਣ ਵਾਲੀ ਦੀਵਾਲੀ ਵਿਚ ਸ਼ਿਰਕਤ ਕਰਨ ਲਈ ਆ ਰਿਹਾ ਸੀ।ਰਸਤੇ ਵਿਚ ਉਸ ਨੇ ਇੱਕ ਹਦਵਾਣਾ (ਮਤੀਰਾ) ਖਾ ਲਿਆ।ਹਦਵਾਣਾ ਖਾਣ ਤੋਂ ਬਾਅਦ ਉਸ ਦੇ ਪੇਟ ਵਿਚ ਤਿੱਖਾ ਦਰਦ ਹੋਣਾ ਸ਼ੁਰੂ ਹੋ ਗਿਆ,ਜੋ ਉਸ ਲਈ ਜਾਨ ਲੇਵਾ ਸਾਬਤ ਹੋਇਆ।ਉਸ ਦਾ ਅੰਤਿਮ ਸਸਕਾਰ (ਉਸ ਦੀ ਆਖਰੀ ਇੱਛਾ ਮੁਤਾਬਿਕ) ਬਾਬਾ ਅਟੱਲ ਰਾਇ ਦੇ ਸਥਾਨ ’ਤੇ ਨਵਾਬ ਕਪੂਰ ਸਿੰਘ ਦੀ ਯਾਦਗਾਰ ਦੇ ਨਾਲ ਹੀ ਕਰ ਦਿੱਤਾ ਗਿਆ।
ਅਖੀਰ ’ਚ ਇਹ ਕਿਹਾ ਜਾ ਸਕਦਾ ਹੈ ਕਿ ਸ.ਜੱਸਾ ਸਿੰਘ ਆਹਲੂਵਾਲੀਆ 18ਵੀਂ ਸਦੀ ਦਾ ਉਹ ਮਹਾਨ ਸਿੱਖ ਜਰਨੈਲ਼ ਹੋਇਆ ਹੈ ਜਿਹੜਾ ਸਿੱਖੀ ਦੀ ਆਨ ਅਤੇ ਸ਼ਾਨ ਨੂੰ ਵਧਾਉਣ ਲਈ ਸੀਸ ਤਲੀ ’ਤੇ ਧਰ ਕੇ ਮੈਦਾਨ-ਏ-ਜੰਗ ਵਿਚ ਜੂਝਦਾ ਰਿਹਾ ਹੈ। ਉਸ ਦੀ ਇਸ ਜੂਝਾਰੂ ਅਤੇ ਪਰਉਪਕਾਰੀ ਬਿਰਤੀ ਨੇ ਜਿਥੇ ਸਿੱਖ ਇਤਿਹਾਸ ਦੇ ਮਾਣ ਨੂੰ ਵਧਾਇਆ ਹੈ, ਉਥੇ ਵਾਲੀਆ ਭਾਈਚਾਰੇ ਦਾ ਸਿਰ ਵੀ ਉਚਿਆਇਆ ਹੈ।
ਰਿਸ਼ੀ ਨਗਰ ਐਕਸਟੈਂਸ਼ਨ (ਲੁਧਿਆਣਾ) ਮੋਬ:9463132719
ਰਮੇਸ਼ ਬੱਗਾ ਚੋਹਲਾ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ