ਸਾਡੇ ਨਾਲ ਸ਼ਾਮਲ

Follow us

12 C
Chandigarh
Tuesday, February 3, 2026
More
    Home Breaking News ‘ਮਾਰਦਾ ਦਮਾਮੇ ...

    ‘ਮਾਰਦਾ ਦਮਾਮੇ ਜੱਟ ਮੇਲੇ ਆ ਗਿਆ’ ਦੇ ਰਚੇਤਾ ਲਾਲਾ ਧਨੀ ਰਾਮ ਚਾਤਿ੍ਰਕ ਨੂੰ ਯਾਦ ਕਰਦਿਆਂ

    ‘ਮਾਰਦਾ ਦਮਾਮੇ ਜੱਟ ਮੇਲੇ ਆ ਗਿਆ’ ਦੇ ਰਚੇਤਾ ਲਾਲਾ ਧਨੀ ਰਾਮ ਚਾਤਿ੍ਰਕ ਨੂੰ ਯਾਦ ਕਰਦਿਆਂ

    ਲਾਲਾ ਧਨੀ ਰਾਮ ਚਾਤਿ੍ਰਕ ਦਾ ਜਨਮ ਅੱਜ ਤੋਂ 145 ਸਾਲ ਪਹਿਲਾਂ ਮਸ਼ਹੂਰ ਕਿੱਸਾਕਾਰ ਇਮਾਮਬਖਸ਼ ਦੇ ਪਿੰਡ ਪੱਸੀਆਂਵਾਲਾ, ਜਿਲ੍ਹਾ ਸਿਆਲਕੋਟ (ਜੋ ਅੱਜ-ਕੱਲ੍ਹ ਪਾਕਿਸਤਾਨ ਵਿੱਚ ਹੈ) ਵਿੱਚ 4 ਅਕਤੂਬਰ, 1876 ਨੂੰ ਲਾਲਾ ਪੋਹਲੂ ਮੱਲ ਅਰੋੜਾ ਦੇ ਘਰ ਹੋਇਆ। ਉਹਨਾਂ ਦੀ ਅਜੇ ਬਾਲ ਉਮਰ ਹੀ ਸੀ ਕਿ ਰੋਜੀ ਦੇ ਚੱਕਰ ਵਿੱਚ ਉਹਨਾਂ ਦਾ ਪਰਿਵਾਰ ਨਾਨਕੇ ਪਿੰਡ ਲੋਪੋਕੇ ਜ਼ਿਲਠਾ ਅੰਮ੍ਰਿਤਸਰ ਵਿੱਚ ਆ ਗਿਆ। ਆਰਥਿਕ ਤੰਗੀਆਂ ਕਾਰਨ ਰਸਮੀ ਸਿੱਖਿਆ ਪ੍ਰਾਇਮਰੀ ਤੱਕ ਹੀ ਸੀਮਤ ਹੋ ਕੇ ਰਹਿ ਗਈ

    ਪਿਤਾ ਜੀ ਦੇ ਕਹਿਣ ’ਤੇ ਫਿਰ ਵਸੀਕਾ ਨਵੀਸੀ ਸਿੱਖਣ ਲੱਗ ਪਏ। ਪਰ ਚੰਗੀ ਕਿਸਮਤ ਕਿ ਉਹਨਾਂ ਨੂੰ 17 ਸਾਲ ਦੀ ਉਮਰ ਵਿੱਚ ਹੀ ਭਾਈ ਵੀਰ ਸਿੰਘ ਦੇ ‘ਵਜੀਰ ਹਿੰਦ ਪ੍ਰੈੱਸ’ ਵਿੱਚ ਨੌਕਰੀ ਮਿਲ ਗਈ। ਇੱਥੇ ਕੰਮ ਕਰਦੇ ਸਮੇਂ ਉਹਨਾਂ ਨੂੰ ਕਵਿਤਾ ਲਿਖਣ ਦੀ ਚੇਟਕ ਲੱਗੀ। ਲਾਲਾ ਧਨੀ ਰਾਮ ਚਾਤਿ੍ਰਕ ਨੇ ਪੰਜਾਬੀ, ਉਰਦੂ ਅਤੇ ਫਾਰਸੀ ਦੀ ਮੁੱਢਲੀ ਵਿੱਦਿਆ ਪ੍ਰਾਪਤ ਕੀਤੀ ਉਸਦੀਆਂ ਕਵਿਤਾਵਾਂ ਖਾਲਸਾ ਸਮਾਚਾਰ ਤੇ ਖਾਲਸਾ ਯੰਗਮੈਨ ਨਾਮਕ ਮੈਗਜੀਨ ਵਿੱਚ ਛਪਣੀਆਂ ਸ਼ੁਰੂ ਹੋਈਆਂ। ਚਾਤਿ੍ਰਕ ਨੇ ਪਹਿਲਾਂ ‘ਹਰਧਨੀ’ ਉਪ ਨਾਮ ਹੇਠ ਲਿਖਿਆ ਫੇਰ ‘ਚਾਤਿ੍ਰਕ’ ਤਖਲਸ ਰੱਖ ਲਿਆ।

    1924 ਵਿੱਚ ਉਹਨਾਂ ਸੁਦਰਸ਼ਨ ਪ੍ਰੈੱਸ ਦੀ ਸਥਾਪਨਾ ਕੀਤੀ। 1926 ਵਿੱਚ ਅੰਮ੍ਰਿਤਸਰ ਵਿੱਚ ਜਦੋਂ ਪੰਜਾਬੀ ਸਭਾ ਬਣੀ ਤਾਂ ਚਾਤਿ੍ਰਕ ਨੂੰ ਉਸਦਾ ਪ੍ਰਧਾਨ ਚੁਣਿਆ ਗਿਆ। ਇਸ ਸਭਾ ਵਿੱਚ ਸ. ਚਰਨ ਸਿੰਘ, ਮੌਲਾ ਬਖਸ਼ ਕੁਸ਼ਤਾ, ਹੀਰਾ ਸਿੰਘ ਦਰਦ, ਪਿ੍ਰੰਸੀਪਲ ਤੇਜਾ ਸਿੰਘ, ਗਿਆਨੀ ਗੁਰਮੁਖ ਸਿੰਘ ਮੁਸਾਫ਼ਿਰ, ਵਿਧਾਤਾ ਸਿੰਘ ਤੀਰ, ਲਾਲਾ ਕਿਰਪਾ ਸਾਗਰ, ਫਜ਼ਲਦੀਨ ਅਤੇ ਉਸਤਾਦ ਹਮਦਮ ਵਰਗੇ ਉੱਘੇ ਸਾਹਿਤਕਾਰ ਸ਼ਾਮਿਲ ਸਨ। ਲਾਲਾ ਜੀ ਨੇ ਪੰਜਾਬੀ ਮਾਂ-ਬੋਲੀ ਦੀ ਝੋਲੀ ਵਿੱਚ ਅਨੇਕਾਂ ਕਿਤਾਬਾਂ ਪਾਈਆਂ ਹਨ, ਜਿਹਨਾਂ ਵਿੱਚੋਂ ਫੁੱਲਾਂ ਦੀ ਟੋਕਰੀ, ਭਰਥਰ ਹਰੀ, ਨਲ ਦਮਯੰਤੀ, ਧਰਮਵੀਰ, ਚੰਦਨਵਾੜੀ, ਕੇਸਰ ਕਿਆਰੀ, ਨਵਾਂ ਜਹਾਨ, ਸੂਫੀ ਖਾਨਾ ਅਤੇ ਨੂਰਜਹਾਂ ਬਾਦਸ਼ਾਹ ਬੇਗਮ ਜਿਕਰਯੋਗ ਹਨ

    ਲਾਲਾ ਧਨੀ ਰਾਮ ਚਾਤਿ੍ਰਕ ਆਧੁਨਿਕ ਪੰਜਾਬੀ ਕਵਿਤਾ ਦੇ ਸੰਸਥਾਪਕ ਮੰਨੇ ਜਾਂਦੇ ਹਨ। ਉਹਨਾਂ ਦੀਆਂ ਰਚਨਾਵਾਂ ਪ੍ਰਾਚੀਨ ਅਤੇ ਨਵੀਂ ਪੰਜਾਬੀ ਕਵਿਤਾ ਵਿਚਕਾਰ ਕੜੀ ਹਨ। ਗੁਰਮੁਖੀ ਲਿਪੀ ਲਈ ਟਾਈਪ ਸੈੱਟ ਨੂੰ ਮਿਆਰੀ ਬਣਾਉਣ ਦਾ ਸਿਹਰਾ ਵੀ ਉਹਨਾਂ ਨੂੰ ਜਾਂਦਾ ਹੈ। ਉਹ ਹੀ ਸਭ ਤੋਂ ਪਹਿਲੇ ਵਿਦਵਾਨ ਹਨ, ਜਿਹਨਾਂ ਨੂੰ ਸਾਹਿਤ ਸੇਵਾ ਦੇ ਬਦਲੇ ਉਹਨਾਂ ਦੀ 75ਵੀਂ ਬਰਸੀ ’ਤੇ ‘ਅਭਿਨੰਦਨ ਗਰੰਥ’ ਸਮਰਪਿਤ ਕਰਕੇ ਸਨਮਾਨਿਤ ਕੀਤਾ ਗਿਆ। ਲਾਲਾ ਜੀ ਦੀ ਅੰਤਿਮ ਰਚਨਾ ਸ਼ਾਹਮੁਖੀ ਲਿਪੀ ਵਿਚ 1954 ਵਿੱਚ ਪ੍ਰਕਾਸ਼ਿਤ ਹੋਈ ਸੀ। ਬਾਕੀ ਸਾਰੀਆਂ ਰਚਨਾਵਾਂ ਗੁਰਮੁਖੀ ਲਿਪੀ ਵਿੱਚ ਹਨ।

    ਮੁਹਾਵਰੇਦਾਰ ਠੇਠ ਪੰਜਾਬੀ ਉਹਨਾਂ ਦੀ ਅੱਡਰੀ ਪਛਾਣ ਹੈ। ਉਹਨਾਂ ਦੀਆਂ ਅਰੰਭਕ ਕਵਿਤਾਵਾਂ ਉੱਤੇ ਤਾਂ ਆਤਮਿਕ ਅਤੇ ਪ੍ਰਾਚੀਨ ਵਿਚਾਰਧਾਰਾ ਦੀ ਡੂੰਘੀ ਛਾਪ ਸੀ। ਪਰ ਬਾਅਦ ਵਿੱਚ ਉਹਨਾਂ ਦਾ ਰੁਝਾਨ ਯਥਾਰਥਵਾਦ ਵੱਲ ਹੋਇਆ। ਉਹਨਾਂ ਦੇ ਯਥਾਰਥਵਾਦ ਵਿੱਚ ਪ੍ਰਗਤੀਸ਼ੀਲ ਤੰਦਾਂ ਉੱਘੜਵੀਆਂ ਹਨ। ਉਹਨਾਂ ਦੀਆਂ ਕਵਿਤਾਵਾਂ ਵਿੱਚ ਸੂਫੀਵਾਦ ਦੇ ਦਰਸ਼ਨ ਵੀ ਹੁੰਦੇ ਹਨ ਧਾਰਮਿਕ ਖੇਤਰ ਵਿੱਚ ਉਹ ਸੈਕੂਲਰ ਸ਼ਾਂਤੀ ਦੇ ਹਾਮੀ ਪ੍ਰਤੀਤ ਹੁੰਦੇ ਹਨ। ਉਹਨਾਂ ਦੇ ਹਲਕੇ-ਫੁਲਕੇ ਗੀਤਾਂ ਵਿੱਚ ਵਿਅਕਤੀਗਤ ਪ੍ਰੇਮ ਦਾ ਇਜ਼ਹਾਰ ਵੀ ਹੈ। ਪਰ ਉਸ ਵਿੱਚ ਲੱਜਾ ਅਤੇ ਲੱਜਾ ਦੇ ਬੰਧਨ ਮੌਜੂਦ ਹਨ।

    ਅਜਾਦ ਭਾਰਤ ਦੀਆਂ ਸਮੱਸਿਆਵਾਂ, ਦੇਸ਼ ਅਤੇ ਸਮਾਜ ਵਿੱਚ ਉੱਨਤ ਅਤੇ ਅਵੁਨਤ ਪੱਖ ਸੂਫੀਖਾਨਾ ਵਿੱਚ ਭਲੀ ਪ੍ਰਕਾਰ ਚਿਤਰਿਤ ਹੋਏ ਹਨ। ਮਜਮੂਨਾਂ ਦੀ ਅਤੇ ਛੰਦਾਂ ਦੀ ਬਹੁਵਿਧਤਾ ਖਾਸ ਤੌਰ ’ਤੇ ਬੈਂਤ, ਦੋਹਰਾ, ਕੋਰੜਾ ਉਹਨਾਂ ਦੀਆਂ ਕਾਵਿਗਤ ਵਿਸ਼ੇਸ਼ਤਾਵਾਂ ਹਨ। ਉਹ ਲੋਕਮੁਖੀ ਸ਼ੈਲੀ ਵਿੱਚ ਲਿਖਦੇ ਸਨ। ਵਰਣਨਾਤਮਕ ਬਿਰਤਾਂਤਕ ਸ਼ੈਲੀ ਉਹਨਾਂ ਕਿਸਾਨੀ ਬਾਰੇ ਲਿਖੇ ਹੇਠਲੇ ਕਾਵਿ-ਟੁਕੜੇ ਵਿੱਚੋਂ ਭਲੀਭਾਂਤ ਦੇਖੀ ਜਾ ਸਕਦੀ ਹੈ:-

    • ਸਾਉਣ ਮਾਂਹ, ਝੜੀਆਂ ਗਰਮੀ ਝਾੜ ਸੁੱਟੀ,
    • ਧਰਤੀ ਪੁੰਗਰੀ, ਟਹਿਕੀਆਂ ਡਾਲੀਆਂ ਨੇ,
    • ਰਾਹ ਰੋਕ ਲਏ ਛੱਪੜਾਂ ਟੋਭਿਆਂ ਨੇ,
    • ਨਦੀਆਂ ਨਾਲਿਆਂ ਜੂਹਾਂ ਹੰਘਾਲੀਆਂ ਨੇ,
    • ਧਾਈਂ ਉੱਸਰੇ, ਨਿੱਸਰੀ ਚਰ੍ਹੀ ਮੱਕੀ,
    • ਤੇ ਕਪਾਹੀਂ ਨਾ ਜਾਣ ਸੰਭਾਲੀਆਂ ਨੇ,
    • ਜੰਮੂ ਰਸੇ, ਅਨਾਰ ਵਿਚ ਆਈ ਸੀਰੀ,
    • ਚੜ੍ਹੀਆਂ ਸਬਜੀਆਂ ਨੂੰ ਗਿੱਠ-ਗਿੱਠ ਲਾਲੀਆਂ ਨੇ,
    • ਤਿੜ੍ਹਾਂ ਤਿੜਕੀਆਂ, ਪੱਠਿਆਂ ਲਹਿਰ ਲਾਈ,
    • ਡੰਗਰ ਛੱਡ ਦਿੱਤੇ ਖੁੱਲ੍ਹੇ ਪਾਲੀਆਂ ਨੇ,
    • ਵੱਟਾਂ ਬੱਧੀਆਂ, ਜੋਤਰੇ ਖੋਲ੍ਹ ਦਿੱਤੇ,
    • ਛਾਵੇਂ ਮੰਜੀਆਂ ਡਾਹੀਆਂ ਹਾਲੀਆਂ ਨੇ।

    ਧਨੀ ਰਾਮ ਚਾਤਿ੍ਰਕ ਨੇ ਪੰਜਾਬ ਦੇ ਲੋਕਾਂ ’ਤੇ ਬਹੁਤ ਪ੍ਰਸਿੱਧ ਰਚਨਾਵਾਂ ਕੀਤੀਆਂ ਅਤੇ ਇਸੇ ਤਰ੍ਹਾਂ ਹੀ ਖੇਤੀ ਨੂੰ ਦਰਸਾਉਂਦੀ ਇਹ ਕਵਿਤਾ ਹਰੇਕ ਪੰਜਾਬੀ ਬੱਚੇ ਦੀ ਜੁਬਾਨ ਉੱਤੇ ਹੈ:-

    • ਤੂੜੀ ਤੰਦ ਸਾਂਭ ਹਾੜੀ ਵੇਚ ਵੱਟ ਕੇ,
    • ਲੰਬੜਾਂ ਤੇ ਸ਼ਾਹਾਂ ਦਾ ਹਿਸਾਬ ਕੱਟ ਕੇ,
    • ਮੀਹਾਂ ਦੀ ਉਡੀਕ ’ਤੇ ਸਿਆੜ ਕੱਢ ਕੇ,
    • ਮਾਲ ਧੰਦਾ ਸਾਂਭਣੇ ਨੂੰ ਚੂਹੜਾ ਛੱਡ ਕੇ,
    • ਪੱਗ ਝੱਗਾ ਚਾਦਰਾ ਨਵਾਂ ਸਵਾਇ ਕੇ,
    • ਸੰਮਾਂ ਵਾਲੀ ਡਾਂਗ ਉੱਤੇ ਤੇਲ ਲਾਇ ਕੇ,
    • ਕੱਛੇ ਮਾਰ ਵੰਝਲੀ ਅਨੰਦ ਛਾ ਗਿਆ,
    • ਮਾਰਦਾ ਦਮਾਮੇ ਜੱਟ ਮੇਲੇ ਆ ਗਿਆ

    78 ਸਾਲ ਦੀ ਉਮਰ ਬਤੀਤ ਕਰਕੇ 18 ਦਸੰਬਰ 1954 ਨੂੰ ਉਹ ਰੱਬ ਨੂੰ ਪਿਆਰੇ ਹੋ ਗਏ ਪਰ ਉਹਨਾਂ ਦੀ ਰਚਨਾਵਾਂ ਸਦਾ-ਸਦਾ ਲਈ ਅਮਰ ਰਹਿਣਗੀਆਂ ਕਿਉਂਕਿ ਉਹਨਾਂ ਨੇ ਦੁਨੀਆਂ ਵਿਚ ਆਪਣੀ ਕਲਮ ਰਾਹੀਂ ਛਾਪ ਹੀ ਇਹੋ-ਜਿਹੀ ਛੱਡੀ ਹੈ ਜਿਸ ਨੂੰ ਕੋਈ ਵੀ ਪੰਜਾਬੀ ਕਦੇ ਵੀ ਨਾ ਭੁੱਲ ਸਕਦਾ ਹੈ ਤੇ ਨਾ ਮਨੋ ਵਿਸਾਰ ਸਕਦਾ ਹੈ

    ਭੁਲੇਰੀਆ, ਮਮਦੋਟ, ਫਿਰੋਜ਼ਪੁਰ
    ਮੋ. 75891-55501

    ਸੂਬੇਦਾਰ ਜਸਵਿੰਦਰ ਸਿੰਘ

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ