Dadabhai Naoroji Legacy: ਭਾਰਤ ਦੇ ‘ਗ੍ਰੈਂਡ ਓਲਡ ਮੈਨ’ ਵਜੋਂ ਜਾਣੇ ਜਾਂਦੇ ਦਾਦਾ ਭਾਈ ਨਾਰੋਜੀ ਨੂੰ ਯਾਦ ਕਰਦਿਆਂ…

Dadabhai Naoroji Legacy
Dadabhai Naoroji Legacy: ਭਾਰਤ ਦੇ ‘ਗ੍ਰੈਂਡ ਓਲਡ ਮੈਨ’ ਵਜੋਂ ਜਾਣੇ ਜਾਂਦੇ ਦਾਦਾ ਭਾਈ ਨਾਰੋਜੀ ਨੂੰ ਯਾਦ ਕਰਦਿਆਂ...

Dadabhai Naoroji Legacy: ਦਾਦਾਭਾਈ ਨਾਰੋਜੀ (4 ਸਤੰਬਰ 1825-30 ਜੂਨ 1917) ਭਾਰਤੀ ਰਾਸ਼ਟਰੀ ਕਾਂਗਰਸ ਦੇ ਗਠਨ ਦੇ ਪਿੱਛੇ ਸਰਗਰਮ ਪ੍ਰਮੁੱਖ ਮੈਂਬਰਾਂ ਵਿੱਚੋਂ ਇੱਕ ਸਨ। ਭਾਰਤ ਦੇ ‘ਗਰੈਂਡ ਓਲਡ ਮੈਨ’ (ਬਾਬੇ) ਵਜੋਂ ਜਾਣੇ ਜਾਂਦੇ ਦਾਦਾਭਾਈ ਨਾਰੋਜੀ ਇੱਕ ਪਾਰਸੀ ਚਿੰਤਕ, ਸਿੱਖਿਅਕ, ਕਪਾਹ ਦੇ ਵਪਾਰੀ ਤੇ ਭਾਰਤੀ ਰਾਜਨੀਤਿਕ ਅਤੇ ਸਮਾਜਿਕ ਨੇਤਾ ਸਨ। ਉਨ੍ਹਾਂ ਦੀ ਕਿਤਾਬ ‘ਪਾਵਰਟੀ ਐਂਡ ਅਨਬ੍ਰਿਟਿਸ਼ ਰੂਲ ਇਨ ਇੰਡੀਆ’ ਭਾਰਤ ਵਿੱਚ ਗਰੀਬੀ ਅਤੇ ਅਣਬਰਤਾਨਵੀ ਹਕੂਮਤ ਨੇ ਭਾਰਤ ਵਿੱਚੋਂ ਭਾਰਤ ਦੇ ਪੈਸੇ ਨੂੰ ਬ੍ਰਿਟੇਨ ਲਿਜਾਣ ਦੇ ਅਮਲ ਵੱਲ ਧਿਆਨ ਦੁਆਇਆ। ਉਹ ਯੂਨਾਇਟੇਡ ਕਿੰਗਡਮ ਹਾਊਸ ਆਫ ਕਾਮਨਸ ਵਿੱਚ 1892 ਅਤੇ 1895 ਦੇ ਵਿੱਚ ਸੰਸਦ ਮੈਂਬਰ ਸਨ ਅਤੇ ਉਹ ਬ੍ਰਿਟਿਸ਼ ਸੰਸਦ ਦੇ ਮੈਂਬਰ ਬਣਨ ਵਾਲੇ ਪਹਿਲੇ ਏਸ਼ੀਆਈ ਸਨ। ਏ. ਓ. ਹਿਊਮ ਅਤੇ ਦਿਨਸ਼ਾ ਏਡੁਲਜੀ ਵਾਚਾ ਦੇ ਨਾਲ ਮਿਲ ਕੇ, ਇੰਡੀਅਨ ਨੈਸ਼ਨਲ ਕਾਂਗਰਸ ਦੀ ਸਥਾਪਨਾ ਦਾ ਕ੍ਰੈਡਿਟ ਵੀ ਦਾਦਾਭਾਈ ਨਾਰੋਜੀ ਨੂੰ ਜਾਂਦਾ ਹੈ।

ਇਹ ਖਬਰ ਵੀ ਪੜ੍ਹੋ : Social Work: ਡੇਰਾ ਸੱਚਾ ਸੌਦਾ ਦੇ ਸੇਵਾਦਾਰ ਨੇ ਸੜਕ ਹਾਦਸੇ ’ਚ ਜ਼ਖਮੀ ਲੋਕਾਂ ਨੂੰ ਹਸਪਤਾਲ ਪਹੁੰਚਾਇਆ

ਦਾਦਾਭਾਈ ਨਾਰੋਜੀ ਦਾ ਜਨਮ 4 ਸਤੰਬਰ 1825 ਨੂੰ ਗੁਜਰਾਤ ਦੇ ਸ਼ਹਿਰ ਨਵਸਾਰੀ ਦੇ ਇੱਕ ਗੁਜਰਾਤੀ-ਪਾਰਸੀ ਪਰਿਵਾਰ ਵਿੱਚ ਹੋਇਆ ਸੀ ਅਤੇ ਉਨ੍ਹਾਂ ਦੀ ਪੜ੍ਹਾਈ ਬੰਬਈ ਦੀ ਮਸ਼ਹੂਰ ਸੰਸਥਾ ‘ਐਲਫਿਨਸਟੋਨ ਇੰਸਟੀਚਿਊਟ ਸਕੂਲ’ ਵਿੱਚ ਹੋਈ। ਬੜੌਦਾ ਦੇ ਮਹਾਰਾਜਾ ਸਾਇਆਜੀ ਰਾਓ ਗਾਇਕਵਾੜ ਨੇ ਉਨ੍ਹਾਂ ਨੂੰ ਆਪਣਾ ਦੀਵਾਨ ਨਿਯੁਕਤ ਕਰ ਲਿਆ। 1851 ਵਿੱਚ ਉਨ੍ਹਾਂ ਨੇ ਪਾਰਸੀ ਧਰਮ ਦੇ ਨੁਮਾਇੰਦੇ ਦੇ ਤੌਰ ’ਤੇ ‘ਰਹਿਨੁਮਾਈ ਸਭਾ’ ਬਣਾਈ। 1854 ਵਿੱਚ ਉਨ੍ਹਾਂ ਨੇ ਪੰਦਰਵਾੜਾ ਮੈਗਜ਼ੀਨ ਗੁਜਰਾਤੀ ਪਬਲੀਕੇਸ਼ਨ ਸ਼ੁਰੂ ਕੀਤੀ ਜਿਸ ਦਾ ਨਾਂਅ ਰਾਸਤ ਗੁਫਤਾਰ ਭਾਵ ਸੱਚ ਬੋਲਣ ਵਾਲਾ ਸੀ। ਇਹ ਮੈਗਜ਼ੀਨ ਪਾਰਸੀ ਧਰਮ ਨਾਲ ਜੁੜੇ ਧਾਰਮਿਕ ਅਤੇ ਸਮਾਜਿਕ ਸੁਧਾਰ ਦੇ ਸਵਾਲਾਂ ਨੂੰ ਹੱਲ ਕਰਨ ਲਈ ਸੀ। ਇਨ੍ਹਾਂ ਨੇ ਇੱਕ ਹੋਰ ਮੈਗਜ਼ੀਨ ਵੀ ਛਾਪਣੀ ਸ਼ੁਰੂ ਕੀਤੀ। Dadabhai Naoroji Legacy

ਜਿਸ ਦਾ ਨਾਂ ਸੀ ‘ਦ ਵੋਇਸ ਆਫ ਇੰਡੀਆ’। ਦਸੰਬਰ 1855 ਵਿੱਚ ਨਾਰੋਜੀ ਜੀ ਨੂੰ ਬੰਬਈ ਦੇ ਐਲਫਿਨਸਟੋਨ ਕਾਲਜ ਵਿੱਚ ਹਿਸਾਬ ਤੇ ਕੁਦਰਤੀ ਫਿਲਾਸਫੀ ਦਾ ਪ੍ਰੋਫੈਸਰ ਨਿਯੁਕਤ ਕੀਤਾ ਗਿਆ। ਇਸ ਅਕੈਡਮਿਕ ਪਦਵੀ ’ਤੇ ਉਹ ਪਹਿਲੇ ਭਾਰਤੀ ਨਿਯੁਕਤ ਹੋਏ ਸਨ। 1855 ਵਿੱਚ ਉਹ ਲੰਡਨ ਚਲੇ ਗਏ ਜਿੱਥੇ ਉਨ੍ਹਾਂ ਕਾਮਾ ਐਂਡ ਕੰਪਨੀ ਨਾਮੀ ਕੰਪਨੀ ਵਿੱਚ ਹਿੱਸੇਦਾਰੀ ਕਰ ਲਈ। ਬਰਤਾਨੀਆ ਵਿੱਚ ਇਹ ਪਹਿਲੀ ਭਾਰਤੀ ਕੰਪਨੀ ਸੀ ਜਿਹੜੀ ਲਿਵਰਪੂਲ ਵਿੱਚ ਸਥਾਪਿਤ ਕੀਤੀ ਗਈ ਸੀ। ਤਿੰਨ ਸਾਲ ਉਨ੍ਹਾਂ ਨੇ ਇਹ ਕੰਪਨੀ ਚਲਾਈ ਪਰ ਫਿਰ ਕੁਝ ਨੈਤਿਕ ਆਧਾਰਾਂ ਨੂੰ ਲੈ ਕੇ ਉਨ੍ਹਾਂ ਇਹ ਕੰਪਨੀ ਛੱਡ ਦਿੱਤੀ। 1859 ਵਿੱਚ ਉਨ੍ਹਾਂ ਆਪਣੀ ਕੰਪਨੀ ਖੋਲ੍ਹ ਲਈ ਜਿਸ ਦਾ ਨਾਂਅ ਸੀ, ‘ਦਾਦਾਭਾਈ ਨਾਰੋਜੀ ਐਂਡ ਕੋ’। 1861 ਵਿੱਚ ਉਨ੍ਹਾਂ ਮੁਨਚਰਜੀ ਹੋਰਮੁਸਜੀ ਕਾਮਾ ਨਾਲ ਰਲ ਕੇ ‘ਦ ਜ਼ੋਰੋਆਸਟਰੀਅਨ ਟਰੱਸਟ ਆਫ ਯੂਰਪ’ ਕਾਇਮ ਕੀਤਾ। 1865 ਵਿੱਚ ਉਨ੍ਹਾਂ ‘ਲੰਡਨ ਇੰਡੀਅਨ ਸੁਸਾਇਟੀ’ ਸਥਾਪਤ ਕੀਤੀ। Dadabhai Naoroji Legacy

ਜਿਸ ਵਿੱਚ ਭਾਰਤ ਨਾਲ ਜੁੜੇ ਰਾਜਨੀਤਿਕ, ਸਮਾਜਿਕ, ਸਾਹਿਤਕ ਵਿਸ਼ੇ ਵਿਚਾਰੇ ਜਾਂਦੇ ਸਨ। 1867 ਵਿੱਚ ਉਨ੍ਹਾਂ ‘ਈਸਟ ਇੰਡੀਆ ਐਸੋਸੀਏਸ਼ਨ’ ਕਾਇਮ ਕਰਨ ਵਿੱਚ ਮੱਦਦ ਕੀਤੀ ਜੋ ਕਿ ਇੰਡੀਅਨ ਨੈਸ਼ਨਲ ਕਾਂਗਰਸ ਦਾ ਸ਼ੁਰੂਆਤੀ ਰੂਪ ਸੀ। ਇਸ ਦਾ ਮਕਸਦ ਬਰਤਾਨਵੀ ਜਨਤਾ ਅੱਗੇ ਭਾਰਤ ਦੇ ਲੋਕਾਂ ਦਾ ਪੱਖ ਰੱਖਣਾ ਸੀ। ਉਨ੍ਹਾਂ ‘ਐਥਨੋਲਾਜੀਕਲ ਸੁਸਾਇਟੀ ਆਫ ਲੰਡਨ’ ਦੀ ਸਹਾਇਤਾ ਨਾਲ ਇਹ ਸਥਾਪਤ ਕਰਨ ਦੀ ਕੋਸ਼ਿਸ਼ ਨੂੰ ਵੰਗਾਰਿਆ ਕਿ ਏਸ਼ੀਅਨ ਲੋਕਾਂ ਨੂੰ ਯੂਰਪੀਅਨਾਂ ਦੇ ਮੁਕਾਬਲੇ ਵਿੱਚ ਘਟੀਆ ਸਮਝਿਆ ਜਾਂਦਾ ਹੈ। ਇਸ ਐਸੋਸੀਏਸ਼ਨ ਨੇ ਛੇਤੀ ਹੀ ਉਨ੍ਹਾਂ ਅੰਗਰੇਜ਼ਾਂ ਦੀ ਹਮਦਰਦੀ ਜਿੱਤ ਲਈ ਜਿਨ੍ਹਾਂ ਦਾ ਬਰਤਾਨਵੀ ਪਾਰਲੀਮੈਂਟ ਵਿੱਚ ਬਹੁਤ ਪ੍ਰਭਾਵ ਸੀ।

ਇਹ ਐਸੋਸੀਏਸ਼ਨ ਕਾਫੀ ਪ੍ਰਸਿੱਧ ਹੋਈ ਤੇ ਇਸ ਦੀਆਂ ਬੰਬਈ, ਕਲਕੱਤਾ ਤੇ ਮਦਰਾਸ ਆਦਿ ਵਿੱਚ ਬ੍ਰਾਂਚਾਂ ਵੀ ਖੋਲ੍ਹੀਆਂ ਗਈਆਂ। 1874 ਵਿੱਚ ਨਾਰੋਜੀ ਬੜੌਦਾ ਦੇ ਪ੍ਰਧਾਨ ਬਣ ਗਏ।1885 ਤੋਂ ਲੈ ਕੇ 1888 ਤੱਕ ਨਾਰੋਜੀ ‘ਲੈਜਿਸਲੇਟਿਵ ਕੌਂਸਲ ਆਫ ਬੰਬੇ’ ਦੇ ਮੈਂਬਰ ਵੀ ਰਹੇ। ਕਲਕੱਤੇ ਤੋਂ ਸਰੇਂਦਰਨਾਥ ਬੈਨਰਜੀ ਵੱਲੋਂ ਬਣਾਈ ਗਈ ‘ਇੰਡੀਅਨ ਨੈਸ਼ਨਲ ਐਸੋਸੀਏਸ਼ਨ’ ਦੇ ਮੈਂਬਰ ਵੀ ਇਨ੍ਹਾਂ ਨੂੰ ਲਿਆ ਗਿਆ। ਫਿਰ ਬੰਬਈ ਵਿੱਚ ਬਣਾਈ ਗਈ ‘ਇੰਡੀਅਨ ਨੈਸ਼ਨਲ ਕਾਂਗਰਸ’ ਦੇ ਫਾਊਂਡਰ ਮੈਂਬਰ ਬਣ ਗਏ। ਇਸ ਟੀਚੇ ਵੀ ਕਲਕੱਤੇ ਵਾਲੀ ਐਸੋਸੀਏਸ਼ਨ ਵਾਲੇ ਸਨ ਤੇ ਬਾਅਦ ਵਿੱਚ ਇਹ ਦੋਵੇਂ ਗਰੁੱਪ ਇਕੱਠੇ ਹੋ ਗਏ। 1886 ਵਿੱਚ ਇਨ੍ਹਾਂ ਸਾਰੇ ਗਰੁੱਪਾਂ ਨੇ ਇਕੱਠੇ ਹੋ ਕੇ ‘ਇੰਡੀਅਨ ਨੈਸ਼ਨਲ ਕਾਂਗਰਸ’ ਦਾ ਸੰਗਠਨ ਕੀਤਾ ਜਿਸ ਦਾ ਪਹਿਲਾ ਪ੍ਰਧਾਨ ਨਾਰੋ ਜੀ ਨੂੰ ਬਣਾਇਆ ਗਿਆ। Dadabhai Naoroji Legacy

ਆਪ ਜੀ ਨੂੰ ਇੰਡੀਅਨ ਨੈਸ਼ਨਲ ਕਾਂਗਰਸ ਦਾ ਪ੍ਰਧਾਨ 1893 ਤੇ 1906 ਵਿੱਚ ਵੀ ਬਣਾਇਆ ਗਿਆ। 1892 ਦੀਆਂ ਆਮ ਚੋਣਾਂ ਵਿੱਚ ਫਿਨਸਬਰੀ ਸੈਂਟਰਲ ਹਲਕੇ ਤੋਂ ਲਿਬਰਲ ਪਾਰਟੀ ਲਈ ਚੁਣੇ ਗਏ ਉਹ ਪਹਿਲੇ ਬ੍ਰਿਟਿਸ਼ ਭਾਰਤੀ ਸੰਸਦ ਮੈਂਬਰ ਸਨ। ਆਪਣੇ ਸਮੇਂ ਦੌਰਾਨ ਉਨ੍ਹਾਂ ਭਾਰਤ ਦੀ ਸਥਿਤੀ ਨੂੰ ਸੁਧਾਰਨ ਲਈ ਕਈ ਯਤਨ ਕੀਤੇ। ਉਹ ਬਹੁਤ ਸਪੱਸ਼ਟ ਦ੍ਰਿਸ਼ਟੀਕੋਣ ਦੇ ਮਾਲਕ ਸਨ ਤੇ ਇੱਕ ਪ੍ਰਭਾਵਸ਼ਾਲੀ ਸੰਚਾਰਕ ਸਨ। ਉਨ੍ਹਾਂ ਨੇ ਦੇਸ਼ ਦੇ ਸ਼ਾਸਨ ਦੇ ਇਤਿਹਾਸ ਅਤੇ ਬਸਤੀਵਾਦੀ ਸ਼ਾਸਕਾਂ ਦੇ ਸ਼ਾਸਨ ਦੇ ਤਰੀਕੇ ਬਾਰੇ ਭਾਰਤ ਦੀ ਸਥਿਤੀ ਬਾਰੇ ਆਪਣੇ ਵਿਚਾਰ ਪੇਸ਼ ਕੀਤੇ। ਸੰਸਦ ’ਚ ਉਨ੍ਹਾਂ ਨੇ ਭਾਰਤੀ ਲੋਕਾਂ ਦੀ ਹਾਲਤ ਬਾਰੇ ਗੱਲ ਕੀਤੀ। Dadabhai Naoroji Legacy

ਇੱਕ ਸਾਂਸਦ ਦੇ ਰੂਪ ਵਿੱਚ ਉਨ੍ਹਾਂ ਦੀ ਰਾਜਨੀਤਿਕ ਮੁਹਿੰਮ ਅਤੇ ਕਰਤੱਵਾਂ ਵਿੱਚ ਉਨ੍ਹਾਂ ਨੂੰ ਪਾਕਿਸਤਾਨ ਰਾਜ ਦੇ ਸੰਸਥਾਪਕ ਮੁਹੰਮਦ ਅਲੀ ਜਿਨਾਹ ਤੋਂ ਸਹਾਇਤਾ ਮਿਲੀ। 1906 ਵਿੱਚ ਅਜਿਹਾ ਵੀ ਵੇਲਾ ਸੀ ਕਿ ਇੰਡੀਅਨ ਨੈਸ਼ਨਲ ਕਾਂਗਰਸ ਦੋ ਗਰੁੱਪਾਂ ਵਿੱਚ ਵੰਡੀ ਗਈ, ਮੌਡਰੇਟ-ਗਰੁੱਪ ਤੇ ਐਕਸਟ੍ਰੀਮਿਸਟ ਗਰੁੱਪ। ਭਾਵੇਂ ਨਾਰੋਜੀ ਮੌਡਰੇਡ ਗਰੁੱਪ ਨਾਲ ਵਾਹ ਰੱਖਦੇ ਸਨ ਪਰ ਦੋਵਾਂ ਧਿਰਾਂ ਵਿੱਚ ਉਨ੍ਹਾਂ ਦੀ ਇੰਨੀ ਇੱਜ਼ਤ ਸੀ ਕਿ ਪ੍ਰਧਾਨਗੀ ਲਈ ਉਨ੍ਹਾਂ ਦੇ ਮੁਕਾਬਲੇ ਵਿੱਚ ਕੋਈ ਵੀ ਨਾ ਖੜ੍ਹਾ ਤੇ ਨਾਰੋਜੀ ਦੋਵਾਂ ਧੜਿਆਂ ਨੂੰ ਇਕੱਠੇ ਰੱਖਣ ਵਿੱਚ ਕਾਮਯਾਬ ਹੋਏ। ਉਹ 91 ਸਾਲ ਦੀ ਉਮਰ ਭੋਗ ਕੇ 30 ਜੂਨ 1917 ਨੂੰ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ ਅਤੇ ਨਾਲ ਹੀ ਆਪਣੇ ਪਿੱਛੇ ਬਹੁਤ ਵੱਡੀ ਵਿਰਾਸਤ ਛੱਡ ਗਏ। Dadabhai Naoroji Legacy

ਲੰਡਨ ਵਿੱਚ ਤਾਂ ਉਨ੍ਹਾਂ ਦੇ ਨਾਂਅ ’ਤੇ ਇੱਕ ਸਟ੍ਰੀਟ ਦਾ ਨਾਂਅ ਹੈ ਹੀ, ਇਹਦੇ ਨਾਲ-ਨਾਲ ਦਿੱਲੀ, ਕਰਾਚੀ, ਬੰਬਈ ਤੇ ਹੋਰ ਬਹੁਤ ਸਾਰੇ ਸ਼ਹਿਰਾਂ ਵਿੱਚ ਨਾਰੋਜੀ ਦੇ ਨਾਂਅ ’ਤੇ ਸੜਕਾਂ ਤੇ ਨਗਰ ਵਸਾਏ ਹੋਏ ਹਨ। ਭਾਰਤ ਸਰਕਾਰ ਤਿੰਨ ਵਾਰ (1963, 1997, 2017) ਉਨ੍ਹਾਂ ਦੇ ਨਾਂਅ ’ਤੇ ਟਿਕਟਾਂ ਜਾਰੀ ਕਰ ਚੁੱਕੀ ਹੈ। ਬਰਤਾਨਵੀ ਸਰਕਾਰ ਦੇ ਡਿਪਟੀ ਪ੍ਰਧਾਨ ਮੰਤਰੀ ਨਿਕ ਕਲੈੱਗ ਨੇ ਭਾਰਤ-ਯੂਕੇ ਦੇ ਸੰਬੰਧਾਂ ਲਈ ਕੰਮ ਕਰਨ ਵਾਲਿਆਂ ਲਈ ‘ਦਾਦਾਭਾਈ ਨਾਰੋਜੀ ਐਵਾਰਡ’ ਵੀ ਸ਼ੁਰੂ ਕੀਤਾ। ਦਿੱਲੀ ਦੇ ਦੱਖਣ ਵਿੱਚ ਕੇਂਦਰ ਸਰਕਾਰ ਦੇ ਕਰਮਚਾਰੀਆਂ ਲਈ ਇੱਕ ਪ੍ਰਮੁੱਖ ਰਿਹਾਇਸ਼ੀ ਕਲੋਨੀ ਦਾ ਨਾਂਅ ਨਾਰੋਜੀ ਨਗਰ ਵੀ ਹੈ। ਆਓ! ਆਪਾਂ ਸਾਰੇ ਰਲ ਕੇ ਮਹਾਨ ਸਿਆਸਤਦਾਨ, ਭਾਰਤੀ ਵਿਦਵਾਨ ਤੇ ਭਾਰਤ ਦੇ ‘ਗ੍ਰੈਂਡ ਓਲਡ ਮੈਨ’ ਵਜੋਂ ਜਾਣੇ ਜਾਂਦੇ ਦਾਦਾ ਭਾਈ ਨਾਰੋਜੀ ਨੂੰ ਸ਼ਰਧਾ ਦੇ ਫੁੱਲ ਭੇਂਟ ਕਰੀਏ।

ਮੰਡੀ ਅਹਿਮਦਗੜ੍ਹ। ਮੋ. 97815-90500
ਲੈਕਚਰਾਰ ਲਲਿਤ ਗੁਪਤਾ