ਬਿਹਾਰ ’ਚ ਰਾਮਨੌਮੀ ਵਾਲੇ ਦਿਨ ਸ਼ੋਭਾ ਯਾਤਰਾ ਦੌਰਾਨ ਸਾੜ-ਫੂਕ ਤੇ ਭੰਨ੍ਹ-ਤੋੜ ਦੀਆਂ ਘਟਨਾਵਾਂ ਮੰਦਭਾਗੀਆਂ ਹਨ। ਨਾਲੰਦਾ ਤੇ ਸਾਸਾਰਾਮ ਵਰਗੇ ਇਤਿਹਾਸਕ ਸ਼ਹਿਰਾਂ ’ਚ ਕਾਫ਼ੀ ਸਹਿਮ ਦਾ ਮਾਹੌਲ ਰਿਹਾ। ਅਸਲ ’ਚ ਪਵਿੱਤਰ ਤਿਉਹਾਰ ਮੌਕੇ ਅਜਿਹਾ ਟਕਰਾਅ ਕਿਸੇ ਵੀ ਕੀਮਤ ’ਤੇ ਨਹੀਂ ਹੋਣਾ ਚਾਹੀਦਾ। ਸ੍ਰੀ ਰਾਮ ਜੀ ਦਾ ਉਪਦੇਸ਼ ਸਭ ਲਈ ਸਾਂਝਾ ਹੈ। ਸਾਡੇ ਧਰਮ ਤੇ ਤਿਉਹਾਰ ਸਦਭਾਵਨਾ, ਪ੍ਰੇਮ ਤੇ ਭਾਈਚਾਰੇ ਦੀ ਸਿੱਖਿਆ ਦਿੰਦੇ ਹਨ।
ਇਹ ਵੀ ਤੱਥ ਹਨ ਕਿ ਵੱਖ-ਵੱਖ ਧਰਮਾਂ ਦੇ ਹੋਣ ਦੇ ਬਾਵਜ਼ੂਦ ਲੋਕ ਸਾਰੇ ਤਿਉਹਾਰ ਪ੍ਰੇਮ-ਪਿਆਰ ਨਾਲ ਅਤੇ ਰਲ ਕੇ ਮਨਾਉਂਦੇ ਹਨ। ਅਸਲ ’ਚ ਅਜਿਹੀਆਂ ਘਟਨਾਵਾਂ ਪਿੱਛੇ ਸਵਾਰਥੀ ਤੱਤ ਹੁੰਦੇ ਹਨ ਜੋ ਸਮਾਜ ਦਾ ਭਾਈਚਾਰਾ ਖਰਾਬ ਕਰਨ ਲਈ ਤਿਉਹਾਰਾਂ ਦੇ ਮੌਕੇ ਆਪਣੇ ਮਨਸੂਬਿਆਂ ਨੂੰ ਅੰਜ਼ਾਮ ਦੇਣ ਦੀ ਕੋਸ਼ਿਸ਼ ’ਚ ਰਹਿੰਦੇ ਹਨ। ਅਸਲ ’ਚ ਸਮਾਜ ਵਿਰੋਧੀ ਅਨਸਰ ਬੌਖਲਾਏ ਹਨ। ਆਮ ਜਨਤਾ ਨੇ ਕਈ ਮਾੜੀਆਂ ਘਟਨਾਵਾਂ ਦੇ ਬਾਵਜ਼ੂਦ ਅਮਨ-ਅਮਾਨ ਕਾਇਮ ਰੱਖਿਆ ਹੈ। ਪਿਛਲੇ ਸਾਲਾਂ ’ਚ ਵੱਖ-ਵੱਖ ਥਾਈਂ ਹੋਏ ਦੰਗਿਆਂ ਦਾ ਦੇਸ਼ ਦੇ ਬਾਕੀ ਹਿੱਸਿਆਂ ’ਚ ਅਸਰ ਨਹੀਂ ਹੋਇਆ। ਫ਼ਿਰ ਵੀ ਸਵਾਰਥੀ ਤੱਤ ਕਿਸੇ ਨਾ ਕਿਸੇ ਤਰੀਕੇ ਅਮਨ-ਅਮਾਨ ਭੰਗ ਕਰਨ ਦੀ ਕੋਸ਼ਿਸ਼ ਕਰਦੇ ਹਨ।
ਇਹ ਵੀ ਪੜ੍ਹੋ: ਰੂਹਾਨੀ ਸਥਾਪਨਾ ਮਹੀਨੇ ਦੇ ਸ਼ੁੱਭ ਭੰਡਾਰੇ ’ਤੇ ਬਰਨਾਵਾ ਆਸ਼ਰਮ ’ਚ ਆਇਆ ਸੰਗਤ ਦਾ ਹੜ੍ਹ
ਪਿਛਲੇ ਸਾਲਾਂ ’ਚ ਦਿੱਲੀ ਅੰਦਰ ਵੀ ਧਾਰਮਿਕ ਸਮਾਰੋਹਾਂ ਮੌਕੇ ਪੱਥਰਬਾਜ਼ੀ ਕਰਕੇ ਹਾਲਾਤ ਵਿਗਾੜਨ ਦੀ ਕੋਸ਼ਿਸ਼ ਕੀਤੀ ਗਈ ਪਰ ਸਥਾਨਕ ਲੋਕਾਂ ਨੇ ਏਕਤਾ ਅਤੇ ਸਦਭਾਵਨਾ ਕਾਇਮ ਰੱਖ ਕੇ ਸਮਾਜ ਵਿਰੋਧੀ ਤਾਕਤਾਂ ਨੂੰ ਨਾਕਾਮ ਕਰ ਦਿੱਤਾ ਸੀ। ਇਹ ਏਕਤਾ ਤੇ ਸਦਭਾਵਨਾ ਹੀ ਦੇਸ਼ ਦੀ ਤਾਕਤ ਹੈ। ਜੇਕਰ ਲੋਕ ਸਮਝਦਾਰੀ ਵਿਖਾਉਂਦੇ ਰਹਿਣ ਤਾਂ ਕੋਈ ਵੀ ਤਾਕਤ ਦੇਸ਼ ਦੀ ਏਕਤਾ, ਅਮਨ-ਅਮਾਨ ਤੇ ਅਖੰਡਤਾ ਨੂੰ ਨੁਕਸਾਨ ਨਹੀਂ ਪਹੁੰਚਾ ਸਕਦੀ। ਭਾਵੇਂ ਸਖ਼ਤ ਸੁਰੱਖਿਆ ਤੇ ਖੂਫ਼ੀਆ ਤੰਤਰ ਦੀ ਆਪਣੀ ਤਾਕਤ ਹੁੰਦੀ ਹੈ ਪਰ ਜਨ-ਜਾਗਰੂਕਤਾ ਇਸ ਤੋਂ ਵੀ ਵੱਡਾ ਹਥਿਆਰ ਹੈ।
ਤਿਉਹਾਰ ਦੀ ਮਹੱਤਤਾ ਨੂੰ ਕਾਇਮ ਰੱਖਣਾ ਜ਼ਰੂਰੀ ਹੈ, ਤਿਉਹਾਰ ਦੇਸ਼ ਦੀ ਸੰਸਕ੍ਰਿਤੀ ਦੀ ਬੁਨਿਆਦ ਹਨ ਜੋ ਵਿਸ਼ਵ ਭਾਈਚਾਰੇ ਦੀ ਭਾਵਨਾ ਨਾਲ ਜੁੜੇ ਹੋਏ ਹਨ। ਉਮੀਦ ਕਰਨੀ ਚਾਹੀਦੀ ਹੈ ਕਿ ਦੇਸ਼ ਦੀ ਜਾਗਰੂਕ ਜਨਤਾ ਤੇ ਸੂਝਵਾਨ ਸਮਾਜਿਕ , ਰਾਜਨੀਤਕ ਅਤੇ ਧਾਰਮਿਕ ਆਗੂ ਸਮਾਜ ਵਿਰੋਧੀ ਚਾਲਾਂ ਨੂੰ ਨਕਾਮ ਕਰ ਦੇਣਗੇ। ਸੂਬਾ ਸਰਕਾਰ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰਕੇ ਦੋਸ਼ੀਆਂ ਖਿਲਾਫ਼ ਕਾਰਵਾਈ ਕਰੇ ਤਾਂ ਕਿ ਇਹਨਾਂ ਘਟਨਾਵਾਂ ਨਾਲ ਨਫ਼ਰਤ ਦੀ ਅੱਗ ਨਾ ਫੈਲੇ। ਸਿਆਸੀ ਆਗੂਆਂ ਨੂੰ ਵੀ ਚਾਹੀਦਾ ਹੈ ਕਿ ਉਹ ਗੈਰ-ਜਿੰਮੇਵਾਰਾਨਾ ਬਿਆਨ ਦੇਣ ਤੋਂ ਗੁਰੇਜ਼ ਕਰਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ।