ਪਛਤਾਵਾ
ਡਾ. ਜੁਗਰਾਜ ਸਿੰਘ ਇਲਾਕੇ ਦਾ ਮਸ਼ਹੂਰ ਸਰਜਨ ਹੈ, ਉਹ ਜਿਸ ਮਰੀਜ਼ ਦਾ ਹੱਥ ਫੜ ਲਵੇ, ਯਮਰਾਜ ਜਲਦੀ ਉਸ ਲਾਗੇ ਨਹੀਂ ਫ਼ਟਕਦਾ। ਇੱਕ ਸ਼ਾਮ ਹਸਪਤਾਲੋਂ ਉਸ ਲਈ ਫ਼ੋਨ ਆਇਆ ਕਿ ਇੱਕ ਸੜਕ ਦੁਰਘਟਨਾ ਦਾ ਕੇਸ ਆਇਆ ਹੈ। ਉਸ ਨੌਜਵਾਨ ਮਰੀਜ਼ ਦੀਆਂ ਪਸਲੀਆਂ ਟੁੱਟਣ ਕਾਰਨ ਤਿੱਲੀ ’ਤੇ ਡੂੰਘੀ ਸੱਟ ਕਾਰਨ ਐਮਰਜੈਂਸੀ ਆਪ੍ਰ੍ਰੇਸ਼ਨ ਕਰਨਾ ਪੈਣਾ ਸੀ। ਡਾ. ਜੁਗਰਾਜ ਵਾਹੋ-ਦਾਹੀ ਆਪਣੇ ਭਰਾ ਦੀ ਕਾਰ ਲੈ ਕੇ ਹਸਪਤਾਲ ਲਈ ਨਿੱਕਲਿਆ ਪਰ ਆਪਣਾ ਬਟੂਆ ਚੁੱਕਣਾ ਭੁੱਲ ਗਿਆ।
ਰਸਤੇ ’ਚ ਪੁਲਿਸ ਦਾ ਨਾਕਾ ਸੀ, ਜਿਸ ਕਾਰਨ ਉਹ ਸਭ ਨੂੰ ਰੋਕ ਰਹੇ ਸਨ, ਡਾ. ਜੁਗਰਾਜ ਨੇ ਗੱਡੀ ਦੇ ਕਾਗਜ਼ ਦਿਖਾਉਂਦਿਆਂ ਅੱਗੇ ਹੋ ਕੇ ਪੁਲਿਸ ਅਫ਼ਸਰ ਨੂੰ ਬੇਨਤੀ ਕੀਤੀ, ‘‘ਸਰ! ਮੈਂ ਡਾਕਟਰ ਹਾਂ ਤੇ ਇੱਕ ਮਰੀਜ਼ ਦੀ ਐਮਰਜੈਂਸੀ ਸਰਜਰੀ ਕਰਨੀ ਹੈ।’’ ਪੁਲਿਸ ਅਫ਼ਸਰ ਨੇ ਟੇਢਾ ਜਿਹਾ ਦੇਖਦਿਆਂ ਬੋਲਿਆ, ‘‘ਇੱਥੇ ਤਾਂ ਸਾਰਾ ਮੁਲਕ ਹੀ ਅਫ਼ਸਰ ਹੈ ਤੇ ਅਸੀਂ ਹੀ ਬਸ ਲੋਕਾਂ ਦੇ ਸੇਵਕ, ਮੈਂ ਕੀ ਕਰਾਂ।
ਸਾਰੇ ਲੋਕ ਖੜ੍ਹੇ ਹਨ ਤੂੰ ਵੀ ਖੜ੍ਹ ਜਾਹ ਪਾਸੇ ਹੋ ਕੇ।’’ ਡਾ. ਜੁਗਰਾਜ ਨੇ ਫਿਰ ਕਿਹਾ, ‘‘ਸਰ, ਤੁਸੀਂ ਮੇਰੀ ਕਾਰ ਦੀ ਤਲਾਸ਼ੀ ਪਹਿਲਾਂ ਲੈ ਲਓ, ਕਾਗਜ਼ ਤੁਸੀਂ ਦੇਖ ਲਏ ਹਨ।’’ ‘‘ਅੱਛਾ ਠੀਕ ਹੈ ਤੂੰ ਜਲਦੀ ਜਾਣਾ ਤਾਂ ਫਿਰ ਫ਼ੀਸ ਦੇ ਕੇ ਚਲਾ ਜਾਹ!’’ ਪੁਲਿਸ ਅਫ਼ਸਰ ਨੇ ਖਿੱਝ ਕੇ ਕਿਹਾ। ਡਾ. ਜੁਗਰਾਜ ਨੇ ਜੇਬ੍ਹ ’ਚ ਹੱਥ ਮਾਰਿਆ ਤਾਂ ਬਟੂਆ ਨਹੀਂ ਸੀ, ਇਸ ’ਤੇ ਫਿਰ ਡਾ. ਜੁਗਰਾਜ ਨੇ ਕਿਹਾ, ‘‘ਜਨਾਬ ਮੇਰਾ ਬਟੂਆ ਜਲਦੀ ’ਚ ਘਰ ਰਹਿ ਗਿਆ ਹੈ, ਨਹੀਂ ਤਾਂ ਫ਼ੀਸ..।’’ ‘‘ਚੁੱਪ ਕਰਕੇ ਪਾਸੇ ਹੋ ਜਾਹ ਤੇ ਸਾਡੇ ਤੋਂ ਦੂਰ ਖਲੋ ਜਾਹ।’’ ਅਜੇ ਉਹ ਇਹ ਆਖ ਹੀ ਰਿਹਾ ਸੀ ਕਿ ਇੱਕ ਸਿਪਾਹੀ, ਪੁਲਿਸ ਵੈਨ ’ਚੋਂ ਉਸਦਾ ਮੋਬਾਇਲ ਫ਼ੋਨ ਫੜਾਉਦਿਆਂ ਬੋਲਿਆ, ‘‘ਸਾਹਿਬ ਆਹ ਲਓ ਤੁਹਾਡਾ ਫ਼ੋਨ ਤੁਹਾਡੇ ਘਰੋਂ ਬਹੁਤ ਫ਼ੋਨ ਆਏ ਪਏ ਹਨ, ਤੁਸੀਂ ਕਾਲ ਕਰਕੇ ਦੇਖੋ, ਰੱਬ ਖੈਰ ਕਰੇ!’’
ਉਸ ਪੁਲਿਸ ਅਫ਼ਸਰ ਨੇ ਜਦ ਕਾਲ ਕੀਤੀ ਤਾਂ ਉਸਦੀ ਪਤਨੀ ਨੇ ਰੋਂਦਿਆਂ ਕਿਹਾ, ‘‘ਕਦੇ ਫ਼ੋਨ ਕੋਲ ਵੀ ਰੱਖ ਲਿਆ ਕਰੋ, ਅੱਧਾ ਘੰਟਾ ਹੋ ਗਿਆ ਫ਼ੋਨ ਕਰਦੀ ਨੂੰ ਆਪਣੇ ਬੇਟੇ ਦਾ ਐਕਸੀਡੈਂਟ…. ਤੁਸੀਂ ਬੱਸ ਜਲਦੀ ਆਜੋ।’’ ਇਹ ਸੁਣਦਿਆਂ ਉਸਦੇ ਪੈਰਾਂ ਹੇਠੋਂ ਜ਼ਮੀਨ ਨਿੱਕਲ ਗਈ ਸੀ ਤੇ ਉਹ ਵਾਹੋ-ਦਾਹੇ ਹਸਪਤਾਲ ਵੱਲ ਦੌੜਿਆ। ਡਾ. ਜੁਗਰਾਜ ਨੇ ਫਿਰ ਆ ਕੇ ਉਨ੍ਹਾਂ ਪੁਲਿਸ ਮੁਲਾਜ਼ਮਾਂ ਨੂੰ ਕਿਹਾ, ‘‘ਸਰ ਮੈਨੂੰ ਜਾ ਲੈਣ ਦਿਓ ਮੇਰਾ ਮਰੀਜ਼ ਮਰ ਜਾਵੇਗਾ।’’ ਮੁਲਾਜ਼ਮਾਂ ਨੇ ਕਿਹਾ, ‘‘ਤੈਨੂੰ ਸੁਣਦਾ ਨਹੀ ਇੱਕ ਵਾਰ ਜੇ ਫ਼ੀਸ ਨਹੀ ਤਾਂ…।’’ ਡਾ. ਜੁਗਰਾਜ ਨੇ ਇੱਕ ਕਾਰ ਸਵਾਰ ਨੂੰ ਸਾਰੀ ਵਿਥਿਆ ਸੁਣਾਈ ਤਾਂ ਉਸਨੇ ਕੁਝ ਪੈਸੇ ਡਾ. ਜੁਗਰਾਜ ਨੂੰ ਦਿੱਤੇ ਤਾਂ ਜੋ ਵੇਲੇ ਸਿਰ ਹਸਪਤਾਲ ਪਹੁੰਚਿਆ ਜਾ ਸਕੇ।
ਉਹ ਪੈਸੇ ਲੈ ਕੇ ਪੁਲਿਸ ਮੁਲਾਜ਼ਮਾਂ ਕੋਲ ਗਿਆ ਉਨ੍ਹਾਂ ਹੋਰ ਮੰਗੇ ਤਾਂ ਉਸਨੇ ਕਿਹਾ, ਮੇਰੇ ਕੋਲ ਫ਼ਿਲਹਾਲ ਐਨੇ ਹੀ ਹਨ, ਇਸ ’ਤੇ ਉਨ੍ਹਾਂ ਆਪਣੇ ਅਫ਼ਸਰ ਨੂੰ ਫ਼ੋਨ ਕੀਤਾ, ‘‘ ਸਰ ਆਹ ਡਾਕਟਰ ਤਾਂ ਬੱਸ ਐਨੇ ਕੁ ਹੀ ਦੇ ਰਿਹਾ, ਕੀ ਕਰੀਏ?’’ ਉਸ ਅਫ਼ਸਰ ਨੇ ਕਿਹਾ, ‘‘ਲੈ ਲਓ ਜੋ ਦਿੰਦਾ ਮੈਂ ਹਸਪਤਾਲ ਪਹੁੰਚ ਗਿਆ ਹਾਂ, ਮੇਰਾ ਮੁੰਡਾ ਸੀਰੀਅਸ ਹੈ।’’ ਡਾ. ਜੁਗਰਾਜ ਨੂੰ ਹਸਪਤਾਲੋਂ ਫ਼ੋਨ ’ਤੇ ਫ਼ੋਨ ਆ ਰਹੇ ਸਨ ਕਿ ਮਰੀਜ਼ ਆਪ੍ਰ੍ਰਸ਼ਨ ਥਿਏਟਰ ’ਚ ਹੈ, ਜਲਦੀ ਪਹੁੰਚੋ, ਸਾਰੀ ਟੀਮ ਤਿਆਰ ਹੈ, ਬੱਸ ਤੁਹਾਡਾ ਇੰਤਜ਼ਾਰ ਹੈ। ਡਾ. ਜੁਗਰਾਜ ਨੇ ਆਪਣੀ ਮਜ਼ਬੂਰੀ ਦੱਸੀ ਤੇ ਜਲਦੀ ਪਹੁੰਚਣ ਦੀ ਗੱਲ ਕਹੀ। ਪੈਸੇ ਦੇ ਕੇ ਉਹ ਜਲਦੀ ਹਸਪਤਾਲ ਪਹੁੰਚਿਆ ਤੇ ਸਿੱਧਾ ਆਪ੍ਰੇਸ਼ਨ ਥਿਏਟਰ ਗਿਆ ਪਰ ਹੁਣ ’ਤੇ ਬੜੀ ਦੇਰ ਹੋ ਚੁੱਕੀ ਸੀ।
ਡਾ. ਜੁਗਰਾਜ ਅਪੇਸ਼ਨ ਥਿਏਟਰ ’ਚੋਂ ਬਾਹਰ ਨਿੱਕਲਿਆ ਤਾਂ ਮਾਸਕ ਉਤਾਰਦਿਆਂ ਮਰੀਜ਼ ਦੇ ਰਿਸ਼ਤੇਦਾਰਾਂ ਵੱਲ ਹੋ ਤੁਰਿਆ, ਸਾਰੇ ਹੱਥ ਜੋੜੀ ਖੜ੍ਹੇ ਸਨ ਜਿਸ ’ਚ ਉਹ ਨਾਕੇ ਵਾਲਾ ਪੁਲਿਸ ਅਫ਼ਸਰ ਵੀ ਸੀ, ਦੋਵਾਂ ਨੇ ਇੱਕ-ਦੂਜੇ ਨੂੰ ਪਛਾਣ ਲਿਆ ਸੀ। ਡਾ. ਜੁਗਰਾਜ ਨੇ ਮੁਆਫ਼ੀ ਮੰਗਦਿਆਂ ਕਿਹਾ, ‘‘ਮੈਨੂੰ ਆਉਣ ’ਚ ਦੇਰ ਹੋ ਗਈ ਕਾਸ਼! ਵੇਲੇ ਸਿਰ ਪਹੁੰਚ ਕੇ ਆਪ੍ਰੇਸ਼ਨ ਹੋ ਜਾਂਦਾ ਤਾਂ ਮਰੀਜ਼ ਨੇ ਬਚ ਜਾਣਾ ਸੀ, ਪਰ ਕੀ ਕਰਾਂ ਸਾਡਾ ਸਿਸਟਮ…।’’ ਡਾ. ਜੁਗਰਾਜ ਇਹ ਆਖ ਉੱਥੋਂ ਚਲਾ ਗਿਆ। ਉਸ ਪੁਲਿਸ ਅਫ਼ਸਰ ਦੀਆਂ ਧਾਹਾਂ ਨਿੱਕਲ ਗਈਆਂ ਤੇ ਉਸਨੂੰ ਪਛਤਾਵਾ ਹੋ ਰਿਹਾ ਸੀ ਕਿ ਮੇਰਾ ਪੁੱਤ ਮੇਰੀ ਤੇ ਨਾਲਾਇਕ ਸਿਸਟਮ ਦੀ ਭੇਂਟ ਚੜ੍ਹ ਗਿਆ।
ਡਾ. ਗੁਰਤੇਜ ਸਿੰਘ
ਚੱਕ ਬਖ਼ਤੂ, ਬਠਿੰਡਾ
ਮੋ. 94641-72783
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।