ਸੋਮਵਾਰ ਤੋਂ ਬੰਦ ਹੋ ਸਕਦੈ ਰਜਿਸਟਰੀਆਂ ਦਾ ਕੰਮ ਤਹਿਸੀਲਦਾਰਾਂ ਨੇ ਮੁੜ ਕੀਤਾ ਹੜਤਾਲ ’ਤੇ ਜਾਣ ਦਾ ਐਲਾਨ | Punjab News
- ਪ੍ਰਧਾਨ ਸੁਖਚਰਨ ਸਿੰਘ ਚੰਨੀ ਖ਼ਿਲਾਫ਼ ਦਰਜ ਹੋਏ ਮਾਮਲੇ ਨੂੰ ਤੁਰੰਤ ਵਾਪਸ ਲੈਣ ਦੀ ਮੰਗ
(ਅਸ਼ਵਨੀ ਚਾਵਲਾ) ਚੰਡੀਗੜ੍ਹ। ਸੋਮਵਾਰ ਤੋਂ ਪੰਜਾਬ ਵਿੱਚ ਇੱਕ ਵਾਰ ਫਿਰ ਰਜਿਸਟਰੀਆਂ ਦਾ ਕੰਮ ਬੰਦ ਹੋ ਸਕਦਾ ਹੈ, ਕਿਉਂਕਿ ਪੰਜਾਬ ਭਰ ਦੇ ਤਹਿਸੀਲਦਾਰਾਂ ਨੇ ਮੁੜ ਹੜਤਾਲ ’ਤੇ ਜਾਣ ਦਾ ਐਲਾਨ ਕਰ ਦਿੱਤਾ ਹੈ। ਤਹਿਸੀਲਦਾਰਾਂ ਦੇ ਇਸ ਐਲਾਨ ਤੋਂ ਬਾਅਦ ਪੰਜਾਬ ਸਰਕਾਰ ਨੂੰ ਜਿਥੇ ਵਿੱਤੀ ਤੌਰ ’ਤੇ ਨੁਕਸਾਨ ਹੋ ਸਕਦਾ ਹੈ ਅਤੇ ਅਗਲੇ ਹਫ਼ਤੇ ਆਪਣੇ ਮਕਾਨ ਜਾਂ ਫਿਰ ਪਲਾਟ ਦੀ ਰਜਿਸਟਰੀ ਕਰਵਾਉਣ ਦੀ ਤਿਆਰੀ ਕਰ ਰਹੇ ਆਮ ਲੋਕਾਂ ਨੂੰ ਵੀ ਝਟਕਾ ਲੱਗ ਸਕਦਾ ਹੈ।
ਇਹ ਵੀ ਪੜ੍ਹੋ: Punjab Police: ਪੰਜਾਬ ਪੁਲਿਸ ਦਾ ਐਕਸ਼ਨ, ਆੜਤੀਏ ਦੇ ਕਾਤਲਾਂ ਦਾ ਕੀਤਾ ਐਨਕਾਊਂਟਰ
ਤਹਿਸੀਲਦਾਰਾਂ ਦੀ ਯੂਨੀਅਨ ਦੇ ਪ੍ਰਧਾਨ ਸੁਖਚਰਨ ਸਿੰਘ ਚੰਨੀ ਨੇ ਚੰਡੀਗੜ੍ਹ ਵਿਖੇ ਪ੍ਰੈਸ ਕਾਨਫਰੰਸ ਕਰਦੇ ਹੋਏ ਸਾਫ਼ ਕਰ ਦਿੱਤਾ ਹੈ ਕਿ ਤਹਿਸੀਲਦਾਰ ਹੁਣ ਪੰਜਾਬ ਸਰਕਾਰ ਅੱਗੇ ਝੁਕਣ ਵਾਲੇ ਨਹੀਂ ਹੈ, ਕਿਉਂਕਿ ਪੰਜਾਬ ਸਰਕਾਰ ਨੇ ਹੁਣ ਤੱਕ ਤਹਿਸੀਲਦਾਰਾਂ ਨੂੰ ਝੁਕਾਉਣ ਦੀ ਹਰ ਸੰਭਵ ਕੋਸ਼ਿਸ਼ ਕਰਨ ਦੇ ਨਾਲ ਹੀ ਝੂਠੇ ਮਾਮਲੇ ਵੀ ਦਰਜ ਕਰਕੇ ਦੇਖ ਲਏ ਗਏ ਹਨ। ਉਨ੍ਹਾਂ ਕਿਹਾ ਕਿ ਵਿਜੀਲੈਂਸ ਬਿਊਰੋ ਵੱਲੋਂ ਉਨ੍ਹਾਂ ਖ਼ਿਲਾਫ਼ ਝੂਠਾ ਮਾਮਲਾ ਦਰਜ ਕਰਦੇ ਹੋਏ ਜੇਲ੍ਹ ਤੱਕ ਭੇਜ ਦਿੱਤਾ ਗਿਆ ਸੀ ਅਤੇ ਹੁਣ ਤੱਕ ਇਸ ਝੂਠੇ ਮਾਮਲੇ ਨੂੰ ਸਰਕਾਰ ਵੱਲੋਂ ਰੱਦ ਤੱਕ ਨਹੀਂ ਕੀਤਾ ਗਿਆ । ਇਸ ਲਈ ਜੇਕਰ ਅਗਲੇ 2 ਦਿਨਾਂ ਦੇ ਅੰਦਰ ਪੰਜਾਬ ਸਰਕਾਰ ਨੇ ਇਸ ਝੂਠੇ ਮਾਮਲੇ ਨੂੰ ਰੱਦ ਕਰਨ ਦੇ ਨਾਲ ਤਹਿਸੀਲਦਾਰਾਂ ਦੀਆਂ ਲਮਕ ਰਹੀਆਂ ਮੰਗਾਂ ਨੂੰ ਮਨਜ਼ੂਰ ਨਾ ਕੀਤਾ ਗਿਆ ਤਾਂ ਸੋਮਵਾਰ ਨੂੰ ਅਣਮਿੱਥੇ ਸਮੇਂ ਲਈ ਤਹਿਸੀਲਦਾਰਾਂ ਵੱਲੋਂ ਹੜਤਾਲ ਕਰ ਦਿੱਤੀ ਜਾਵੇਗੀ।