ਸੁਧਾਰ ਤੇ ਸੰਵਿਧਾਨਕ ਮਰਿਆਦਾ

Constitutional Etiquette Sachkahoon

ਸੁਧਾਰ ਤੇ ਸੰਵਿਧਾਨਕ ਮਰਿਆਦਾ

ਆਮ ਆਦਮੀ ਪਾਰਟੀ ਨੇ ਪੰਜਾਬ ’ਚ ਸੱਤਾ ਸੰਭਾਲਦਿਆਂ ਹੀ ਭ੍ਰਿਸ਼ਟਾਚਾਰ ਤੇ ਲਾਪ੍ਰਵਾਹੀ ਭਰੇ ਸਰਕਾਰੀ ਸਿਸਟਮ ਨੂੰ ਬਦਲਣ ’ਤੇ ਜ਼ੋਰ ਲਾ ਦਿੱਤਾ ਹੈ ਛਾਪੇਮਾਰੀ, ਦੌਰੇ ਤੇ ਜਾਂਚ-ਪੜਤਾਲ ਦੀਆਂ ਖਬਰਾਂ ਵੋਟਾਂ ਦੀ ਗਿਣਤੀ ਤੋਂ ਅਗਲੇ ਦਿਨ ਹੀ ਆਉਣੀਆਂ ਸ਼ੁਰੂ ਹੋ ਗਈਆਂ ਸਨ ਕਈ ਥਾਈਂ ਮੁਲਾਜ਼ਮਾਂ ਨੇ ਵਿਧਾਇਕਾਂ ਤੇ ਉਹਨਾਂ ਦੇ ਕਰੀਬੀਆਂ ਦੇ ਕੰਮ ਕਰਨ ਦੇ ਢੰਗ -ਤਰੀਕੇ ’ਤੇ ਸਵਾਲ ਵੀ ਉਠਾਏ ਮੁਲਾਜ਼ਮਾਂ ’ਚ ਜਾ ਰਹੇ ਇਸ ਮਾੜੇ ਸੰਦੇਸ਼ ਨੂੰ ਰੋਕਣ ਲਈ ਜਿੱਥੇ ਕਈ ਵਿਧਾਇਕਾਂ ਨੇ ਆਪਣੇ ਸਾਥੀ ਵਿਧਾਇਕਾਂ ਤੇ ਵਰਕਰਾਂ ਨੂੰ ਸੰਜਮ ਤੇ ਸਿਆਣਪ ਨਾਲ ਕੰਮ ਕਰਨ ਦੀ ਸਲਾਹ ਦਿੱਤੀ, ਉੱਥੇ ਭਗਵੰਤ ਮਾਨ ਨੇ ਮੁੱਖ ਮੰਤਰੀ ਦਾ ਅਹੁਦਾ ਸੰਭਾਲਣ ਤੋਂ ਤੁਰੰਤ ਬਾਅਦ ਆਪਣੇ ਆਗੂਆਂ ਤੇ ਵਰਕਰਾਂ ਨੂੰ ਅਹੰਕਾਰ ਨਾ ਕਰਨ ਤੇ ਨਿਮਰਤਾ ਨਾਲ ਚੱਲਣ ਦੀ ਹਦਾਇਤ ਕੀਤੀ।

ਬਿਨਾ ਸ਼ੱਕ ਪੰਜਾਬ ਦੇ ਸਰਕਾਰੀ ਦਫ਼ਤਰ ਪਿਛਲੇ ਕਈ ਦਹਾਕਿਆਂ ਜਾਂ ਅੱਧੀ ਸਦੀ ਤੋਂ ਹੀ ਭ੍ਰਿਸ਼ਟਾਚਾਰ ਤੇ ਕੰਮ ਲਟਕਾਉਣ ਜਿਹੀਆਂ ਬੁਰਾਈਆਂ ਦੀ ਦਲਦਲ ’ਚ ਫਸੇ ਹੋਏ ਸਨ। 15-20 ਮਿੰਟਾਂ ਦੇ ਕੰਮ ਲਈ ਕਈ-ਕਈ ਦਿਨ ਤੇ ਕਈ ਵਾਰ ਮਹੀਨਿਆਂਬੱਧੀ ਵੀ ਗੇੜੇ ਕੱਢਣੇ ਪੈਂਦੇ ਸਨ।  ਅਕਾਲੀ-ਭਾਜਪਾ ਸਰਕਾਰ ਵੱਲੋਂ ਬਣਾਇਆ ਗਿਆ ਸੇਵਾ ਅਧਿਕਾਰ ਕਾਨੂੰਨ ਵੀ ਰੰਗ ਨਾ ਲਿਆ ਸਕਿਆ ਇਹ ਵੀ ਸੱਚ ਹੈ ਕਿ ਕੁਝ ਮੁਲਾਜ਼ਮ ਹਫਤੇ ’ਚ ਇੱਕ-ਦੋ ਦਿਨ ਹੀ ਹਾਜ਼ਰੀ ਲਾਉਂਦੇ ਸਨ ਜਿਸ ਦਾ ਨਤੀਜਾ ਆਮ ਲੋਕਾਂ ਨੂੰ ਖੱਜਲ-ਖੁਆਰੀ ਹੁੰਦੀ ਤੇ ਸਰਕਾਰ ਵੱਲੋਂ ਪੈਸਾ ਖਰਚਣ ਦੇ ਬਾਵਜੂਦ ਲੋਕਾਂ ਨੂੰ ਸਹੂਲਤਾਂ ਨਾ ਮਿਲਦੀਆਂ। ਚੰਗੀ ਗੱਲ ਹੈ ਕਿ ਮੁਲਾਜ਼ਮ ਸਮੇਂ ਸਿਰ ਡਿਊਟੀ ’ਤੇ ਆਉਣ ਤੇ ਲੋਕਾਂ ਦੇ ਕੰਮ ਬਿਨਾ ਗੈਰ-ਵਾਜ਼ਿਬ ਦੇਰੀ ਤੋਂ ਕਰਨ ਪਰ ਜਿੱਥੋਂ ਤੱਕ ਕੁੱਝ ਵਿਧਾਇਕਾਂ ਤੇ ਉਹਨਾਂ ਦੇ ਸਾਥੀਆਂ ਵੱਲੋਂ ਮੁਲਾਜ਼ਮਾਂ ਨੂੰ ਹਮਕੋ-ਤੁਮਕੋ ਕਰਨ ਦਾ ਸਬੰਧ ਹੈ ਇਹ ਹਰ ਹਾਲ ’ਚ ਰੁਕਣਾ ਚਾਹੀਦਾ ਹੈ ਸਿਸਟਮ ’ਚ ਖਾਮੀਆਂ ਨੂੰ ਕਾਨੂੰਨੀ ਤੇ ਸੱਭਿਅਕ ਤਰੀਕੇ ਨਾਲ ਦੂਰ ਕੀਤਾ ਜਾਵੇ ਜਿਸ ਨਾਲ ਮੁਲਾਜ਼ਮਾਂ ਦੇ ਮਾਣ-ਸਨਮਾਨ ਨੂੰ ਵੀ ਸੱਟ ਨਾ ਵੱਜੇ ਤੇ ਕੰਮ ਵੀ ਹੋਵੇ

ਇਹ ਵੀ ਤੱਥ ਹਨ ਕਿ ਕਮੀ ਸਿਰਫ ਮੁਲਾਜ਼ਮਾਂ ਦੀ ਨਹੀਂ ਸਗੋਂ ਪੂਰੇ ਸਿਆਸੀ ਸਿਸਟਮ ’ਚ ਰਹੀ ਹੈ ਹਸਪਤਾਲਾਂ, ਸਕੂੁਲਾਂ ’ਚ ਪੂਰਾ ਸਾਜੋ-ਸਾਮਾਨ ਹੀ ਨਹੀਂ ਸੀ ਜਿਸ ਦੀ ਵਜ੍ਹਾ ਫਾਈਲਾਂ ਮੰਤਰੀਆਂ ਦੇ ਦਫਤਰਾਂ ’ਚ ਹੀ ਪਈਆਂ ਰਹਿੰਦੀਆਂ ਸਨ ਜਦੋਂ ਮੁਲਾਜ਼ਮ ਕੋਲ ਸਾਮਾਨ ਹੀ ਨਹੀਂ ਹੋਵੇਗਾ ਤਾਂ ਮੁਲਾਜ਼ਮ ਵੀ ਵਿਹਲੇ ਹੀ ਬੈਠਣਗੇ ਜ਼ਰੂਰੀ ਹੈ ਕਿ ਹਸਪਤਾਲਾਂ ’ਚ ਸਾਜੋ-ਸਾਮਾਨ ਵੀ ਮੁਹੱਈਆ ਕਰਵਾਇਆ ਜਾਵੇ ਸੁਧਾਰ ਇੱਕ ਫਰਜ਼ ਤੇ ਜ਼ਿੰਮੇਵਾਰੀ ਹੈ ਜਿਸ ਦਾ ਪ੍ਰਦਰਸ਼ਨ ਜ਼ਰੂੁਰੀ ਨਹੀਂ ਸੁਧਾਰ ਨੇਕ ਤੇ ਨਿਹਸਵਾਰਥ ਹੋਣਾ ਚਾਹੀਦਾ ਹੈ ਨਾ ਕਿ ਕਿਸੇ ਨੂੰ ਜਲੀਲ ਕੀਤਾ ਜਾਏ।  ਕਦੇ ਵੀ ਗੇੜੇ ਨਾ ਮਾਰਨ ਨਾਲੋਂ ਚੰਗਾ ਹੈ ਗੇੜਾ ਵੀ ਮਾਰਿਆ ਜਾਵੇ ਤੇ ਸਦਭਾਵਨਾ ਵੀ ਜ਼ਰੂਰ ਰੱਖੀ ਜਾਵੇ ਵਾਰ-ਵਾਰ ਗਲਤੀ ਕਰਨ ਵਾਲਿਆਂ ਖਿਲਾਫ ਕਾਨੂੰਨੀ ਕਾਰਵਾਈ ਦਾ ਰਾਹ ਤਾਂ ਹੈ ਹੀ, ਦੂਜੇ ਪਾਸੇ ਕਾਰਗੁਜ਼ਾਰੀ ਵਾਲੇ ਮੁਲਾਜ਼ਮਾਂ ਦਾ ਮਾਣ-ਸਨਮਾਨ ਤੇ ਹੌਂਸਲਾ-ਅਫਜਾਈ ਵੀ ਕਰਨੀ ਬਣਦੀ ਹੈ ਕਾਨੂੰਨ ਦੀ ਪਾਲਣਾ ਦਾ ਮਾਹੌਲ ਬਣਾਇਆ ਜਾਵੇ ਉਹ ਵੀ ਬਿਨਾ ਟਕਰਾਅ ਦੇ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ