ਡਰਾਇਵਿੰਗ ’ਚ ਸੁਧਾਰ ਤੇ ਸਜ਼ਾ

Driving
ਫਾਈਲ ਫੋਟੋ

ਦੇਸ਼ ਭਰ ਦੇ ਟਰੱਕ ਡਰਾਇਵਰਾਂ ਦੀ ਹੜਤਾਲ ਨੇ ਕੰਮਾਂਕਾਰਾਂ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ ਡਰਾਇਵਰ ਕੇਂਦਰ ਸਰਕਾਰ ਦੇ ਉਸ ਕਾਨੂੰਨ ਦੇ ਖਿਲਾਫ਼ ਬੋਲ ਰਹੇ ਹਨ ਜਿਸ ਕਾਨੂੰਨ ਅਨੁਸਾਰ ਕਿਸੇ ਸਾਧਨ ਨੂੰ ਟੱਕਰ ਮਾਰ ਕੇ ਭੱਜਣ ਵਾਲੇ ਡਰਾਇਵਰ ਨੂੰ 10 ਸਾਲ ਕੈਦ ਦੀ ਸਜ਼ਾ ਤੇ ਸੱਤ ਲੱਖ ਜ਼ੁਰਮਾਨਾ ਹੈ ਉਂਜ ਸਰਕਾਰ ਨੇ ਇਹ ਵਿਵਸਥਾ ਵੀ ਰੱਖੀ ਦੱਸੀ ਜਾਂਦੀ ਹੈ ਕਿ ਜੇਕਰ ਡਰਾਇਵਰ ਹਾਦਸੇ ਵਾਲੀ ਥਾਂ ਤੋਂ ਕੁਝ ਦੂਰੀ ’ਤੇ ਜਾ ਕੇ ਪੁਲਿਸ ਨੂੰ ਸੂਚਨਾ ਦੇਂਦਾ ਹੈ ਤੇ ਆਪਣੀ ਪਛਾਣ ਦੱਸ ਦਿੰਦਾ ਹੈ ਤਾਂ ਉਸ ਦੇ ਖਿਲਾਫ਼ ਕਾਰਵਾਈ ਨਹੀਂ ਹੋਵੇਗੀ ਪਰ ਇਸ ਕਾਨੂੰਨ ’ਤੇ ਪੇਚ ਫਸ ਗਿਆ ਹੈ ਅਸਲ ’ਚ ਡਰਾਇਵਰ ਦੋ ਕਾਰਨਾਂ ਕਰਕੇ ਭੱਜਦਾ ਹੈ। ਇੱਕ ਇਸ ਕਰਕੇ ਕਿ ਡਰਾਇਵਰ ਨੂੰ ਹਾਦਸੇ ਦੇ ਸ਼ਿਕਾਰ ਲੋਕਾਂ ਜਾਂ ਜ਼ਖ਼ਮੀਆਂ ਪ੍ਰਤੀ ਕੋਈ ਹਮਦਰਦੀ ਨਹੀਂ ਅਜਿਹਾ ਕਰਨਾ ਇਨਸਾਨੀਅਤ ਵੀ ਨਹੀਂ ਹੈ।

ਇਹ ਵੀ ਪੜ੍ਹੋ : ਡੀਜ਼ਲ ਦੀ ਕਿੱਲਤ : ਬੱਸਾਂ ’ਚ ਸਫ਼ਰ ਕਰਨ ਵਾਲਿਆਂ ਲਈ ਜ਼ਰੂਰੀ ਖਬਰ

ਦੂਜਾ ਕਾਰਨ ਇਹ ਕਿ ਡਰਾਇਵਰ ਦੇ ਮਨ ’ਚ ਭੈਅ ਹੁੰਦਾ ਹੈ ਕਿ ਆਸਪਾਸ ਦੇ ਲੋਕ ਜਾਂ ਮ੍ਰਿਤਕਾਂ/ਜ਼ਖ਼ਮੀਆਂ ਦੇ ਪਰਿਵਾਰਕ ਮੈਂਬਰ ਉਸ ਦੀ ਕੁੱਟਮਾਰ ਕਰਨਗੇ ਅਜਿਹੀਆਂ ਕੁਝ ਘਟਨਾਵਾਂ ਵਾਪਰੀਆਂ ਵੀ ਹਨ ਜਦੋਂ ਭੜਕੀ ਭੀੜ ਨੇ ਡਰਾਇਵਰਾਂ ’ਤੇ ਹਿੰਸਾ ਕੀਤੀ ਕਈ ਥਾਈਂ ਡਰਾਇਵਰਾਂ ਦੀ ਮੌਤ ਵੀ ਹੋਈ ਇਸ ਮਾਮਲੇ ’ਚ ਡਰਾਇਵਰ ਨਿਰਦੋਸ਼ ਵੀ ਹਨ ਤੇ ਜੇਕਰ ਘਟਨਾ ਤੋਂ ਬਾਅਦ ਡਰਾਇਵਰਾਂ ਦੀ ਸੁਰੱਖਿਆ ਸਬੰਧੀ ਕੋਈ ਕਾਨੂੰਨ ਤੇ ਇੰਤਜ਼ਾਮ ਹੋਵੇ ਤਾਂ ਡਰਾਇਵਰ ਵੀ ਮੌਕੇ ’ਤੇ ਨਹੀਂ ਭੱਜਣਗੇ ਇਹ ਹਿੰਸਾ ਮੌਬ ਲਿੰਚਿੰਗ ਦੀ ਸ੍ਰੇਣੀ ਵਿੱਚ ਹੀ ਆਉਂਦੀ ਹੈ ਜੇਕਰ ਡਰਾਇਵਰ ’ਤੇ ਹਿੰਸਾ ਕਰਨ ਵਾਲਿਆਂ ਖਿਲਾਫ਼ ਵੀ ਦਸ ਸਾਲ ਦੀ ਕੈਦ ਤੇ ਜ਼ੁਰਮਾਨੇ ਦੀ ਸਜ਼ਾ ਦੀ ਤਜ਼ਵੀਜ ਹੋ ਜਾਵੇ ਤਾਂ ਡਰਾਇਵਰ ਵੀ ਸੁਰੱਖਿਅਤ ਰਹਿ ਸਕਦਾ ਹੈ ਦੂਜੇ ਪਾਸੇ ਡਰਾਇਵਰ ਦਾ ਜ਼ਖ਼ਮੀਆਂ ਨੂੰ ਉਹਨਾਂ ਦੇ ਹਾਲਾਤ ’ਤੇ ਛੱਡ ਕੇ ਭੱਜਣਾ ਅਣਮਨੁੱਖੀ ਹੈ ਜਿਸ ਦੀ ਸਜ਼ਾ ਦੇ ਹੱਕ ’ਚ ਵੀ ਤਰਕ ਦਿੱਤੇ ਜਾ ਸਕਦੇ ਹਨ।

ਅਸਲ ’ਚ ਕਾਨੂੰਨ ਦਾ ਪ੍ਰਭਾਵ ਇੱਕਤਰਫਾ ਹੋਣ ਕਰਕੇ ਡਰਾਇਵਰਾਂ ’ਚ ਰੋਸ ਦੀ ਭਾਵਨਾ ਪੈਦਾ ਹੋਈ ਹੈ ਇਸ ਮਸਲੇ ਦਾ ਹੱਲ ਜਲਦੀ ਹੋਣਾ ਚਾਹੀਦਾ ਹੈ ਅਸਲ ’ਚ ਹਿਟ ਐਂਡ ਰਨ ਦੀ ਸਜ਼ਾ ਦੀ ਤਜਵੀਜ਼ ਦੇ ਬਰਾਬਰ ਹੀ ਡਰਾਇਵਿੰਗ ’ਚ ਸੁਧਾਰ ਲਈ ਠੋਸ ਕਦਮ ਚੁੱਕਣ ਦੀ ਜ਼ਰੂਰਤ ਹੈ ਕੈਨੇਡਾ, ਅਸਟਰੇਲੀਆ ਸਮੇਤ ਬਹੁਤ ਸਾਰੇ ਮੁਲਕਾਂ ’ਚ ਸਰਕਾਰਾਂ ਗਲਤ ਡਰਾਇਵਿੰਗ ਕਰਨ ਵਾਲਿਆਂ ਦੇ ਡਰਾਇਵਿੰਗ ਲਾਇਸੈਂਸ ਹੀ ਜ਼ਬਤ ਕਰ ਲੈਂਦੀਆਂ ਹਨ ਸਾਡੇ ਦੇਸ਼ ਅੰਦਰ ਵੀ ਗੱਡੀ ਗਲਤ ਚਲਾਉਣ ਵਾਲਿਆਂ ਦੇ ਲਾਇਸੈਂਸ ਖੋਹ ਲਏ ਜਾਣ ਤਾਂ ਸਮੱਸਿਆ ਦੀ ਜੜ੍ਹ ਹੀ ਖਤਮ ਹੋ ਜਾਵੇਗੀ ਚੰਗਾ ਹੋਵੇ ਬਿਮਾਰੀ ਦੀ ਜੜ੍ਹ ਵੱਲ ਜਿਆਦਾ ਧਿਆਨ ਦਿੱਤਾ ਜਾਵੇ ਇਸ ਵਾਸਤੇ ਜ਼ਰੂਰੀ ਹੈ ਕਿ ਅਫਸਰ/ਮੁਲਾਜ਼ਮ ਰਿਸ਼ਵਤਖੋਰੀ ਤੇ ਸਿਫਾਰਿਸ਼ ਦੀ ਪ੍ਰਵਾਹ ਨਾ ਕਰਕੇ ਗਲਤ ਡਰਾਇਵਿੰਗ ਕਰਨ ਵਾਲਿਆਂ ਤੋਂ ਲਾਇਸੈਂਸ ਹੀ ਖੋਹ ਲੈਣ ਇਹ ਵੀ ਜ਼ਰੂਰੀ ਹੈ ਕਿ ਜਖਮੀਆਂ ਦੀ ਸੰਭਾਲ ਕਰਨ ਵਾਲੇ ਡਰਾਇਵਰ ਦਾ ਸਨਮਾਨ ਕੀਤਾ ਜਾਵੇ।