ਇਸ ਸਾਲ ਝਾੜ ਪਿਛਲੇ ਸਾਲ ਨਾਲੋ ਅੱਧ ਤੋਂ ਵੀ ਜ਼ਿਆਦਾ ਘਟਿਆ ਹੋਇਆ, ਕਿਸਾਨਾਂ ’ਚ ਚਿੰਤਾਵਾਂ ਦਾ ਆਲਮ
- ਜੋ ਟਰਾਲੀ ਦੋ ਤੋਂ ਢਾਈ ਕਿੱਲਿਆਂ ’ਚ ਭਰਦੀ ਸੀ, ਉਹ ਪੰਜ ਤੋਂ ਛੇ ਕਿੱਲਿਆਂ ’ਚ ਭਰ ਰਹੀ ਹੈ: ਕਿਸਾਨ
Agriculture News: (ਨਰਿੰਦਰ ਸਿੰਘ ਬਠੋਈ) ਪਟਿਆਲਾ। ਝੋਨੇ ਦੀ ਕਟਾਈ ਦਾ ਕੰਮ ਪੂਰੇ ਜ਼ੋਰਾਂ-ਸ਼ੋਰਾਂ ਨਾਲ ਜਾਰੀ ਹੈ ਅਤੇ ਕਿਸਾਨ ਆ ਰਹੀ ਦੀਵਾਲੀ ਨੂੰ ਧਿਆਨ ’ਚ ਰੱਖਦਿਆ ਜਲਦੀ-ਜਲਦੀ ਝੋਨੇ ਦੀ ਕਟਾਈ ਦਾ ਕੰਮ ਨਿਬੇੜਨ ਲਈ ਕਾਹਲੇ ਹੋਏ ਪਏ ਹਨ। ਪਰ ਇਸ ਵਾਰ ਝੋਨੇ ਦੇ ਨਿਕਲ ਰਹੇ ਝਾੜ ਨੇ ਕਿਸਾਨਾਂ ਸਮੇਤ ਆੜਤੀਆਂ ਨੂੰ ਵੀ ਫਿਕਰਾਂ ’ਚ ਪਾਇਆ ਹੋਇਆ ਹੈ। ਕਿਉਕਿ ਜਿਹੜੀ ਟਰਾਲੀ ਪਿਛਲੇ ਸਮਿਆਂ ’ਚ ਦੋ-ਢਾਈ ਕਿੱਲਿਆਂ ’ਚ ਭਰਦੀ ਸੀ, ਉਹ ਹੁਣ ਪੰਜ ਤੋਂ ਛੇ ਏਕੜ ਦੇ ਕਰੀਬ ਭਰ ਰਹੀ ਹੈ, ਜਿਸ ਕਾਰਨ ਇਸ ਵਾਰ ਕਿਸਾਨ, ਆੜਤੀਆਂ ਇੱਥੋਂ ਤੱਕ ਕਿ ਲੇਬਰ ਨੂੰ ਵੀ ਫਿਕਰਾਂ ਲੱਗਿਆ ਹੋਇਆ ਕਿ ਇਸ ਵਾਰ ਸੀਜਨ ਮੰਦਾ ਰਹਿਣ ਵਾਲਾ ਹੈ।
ਇਸ ਸਬੰਧੀ ਅੱਜ ਜਦੋਂ ਡਕਾਲਾ ਅਨਾਜ ਮੰਡੀ ਦੌਰਾ ਕੀਤਾ ਗਿਆ ਅਤੇ ਦੇਖਣ ’ਚ ਆਇਆ ਕਿ ਝੋਨੇ ਦਾ ਸੀਜਨ ਸਿੱਖਰਾਂ ’ਤੇ ਹੋਣ ਤੋਂ ਬਾਅਦ ਵੀ ਮੰਡੀ ’ਚ ਕਾਂ ਬੋਲ ਰਹੇ ਸਨ। ਕਿਉਂਕਿ ਜਿਆਦਾਤਰ ਫੜਾਂ ’ਚ ਇੱਕ ਜਾਂ ਦੋ ਢੇਰੀਆਂ ਹੀ ਨਜ਼ਰ ਆ ਰਹੀਆਂ ਸਨ ਅਤੇ ਜੋ ਵੀ ਫਸਲ ਆ ਰਹੀ ਹੈ, ਉਹ ਜਿਆਦਾਤਰ ਨਮੀ ਦਾ ਸ਼ਿਕਾਰ ਹੋਈ ਹੈ, ਜਿਸ ਕਾਰਨ ਇਸ ਨੂੰ ਮੰਡੀ ਦੇ ਫੜ ’ਚ ਖਿਲਾਰ ਕੇ ਸੁਕਾਇਆ ਜਾ ਰਿਹਾ ਹੈ। ਇਸ ਸਬੰਧੀ ਜਦੋਂ ਕੁੱਝ ਆੜਤੀਆਂ ਜਤਿੰਦਰ ਬਠੋਈ, ਮੇਘ ਰਾਮ, ਗਿਆਨ ਚੰਦ, ਨੈਬ ਸਿੰਘ ਭਾਨਰੀ ਆਦਿ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਲਗਾਤਾਰ ਪਏ ਮੀਂਹ, ਮੱਧਰੇਪਣ ਦੇ ਰੋਗ ਅਤੇ ਹਲਦੀ ਰੋਗ ਕਾਰਨ ਇਸ ਵਾਰ ਝੋਨੇ ਦੀ ਫਸਲ ਦਾ ਝਾੜ ਬਹੁਤ ਘੱਟ ਨਿਕਲ ਰਿਹਾ ਹੈ। ਜਿਸ ਕਾਰਨ ਉਨ੍ਹਾਂ ਨੂੰ ਚਿੰਤਾ ਹੋਈ ਹੈ, ਕਿਉਕਿ ਉਨ੍ਹਾਂ ਦਾ ਤਾਂ ਹੀ ਫਾਇਦਾ ਹੈ ਜੇਕਰ ਫੜਾਂ ’ਚ ਬੋਰੀਆਂ ਦੀ ਗਿਣਤੀ ਵੱਧ ਰਹੇਗੀ।
ਇਹ ਵੀ ਪੜ੍ਹੋ: Air Pollution: ਦੀਵਾਲੀ ਤੋਂ ਪਹਿਲਾਂ ਐਨਸੀਆਰ ’ਚ ਹਵਾ ਪ੍ਰਦੂਸ਼ਣ ਨੇ ਤੋੜ ਰਿਕਾਰਡ
ਇੱਕ ਆੜਤੀਆਂ ਨੇ ਗੱਲ ਕਰਦਿਆ ਕਿਹਾ ਕਿ ਪਿਛਲੇ ਸੀਜ਼ਨ ਦੌਰਾਨ ਉਸ ਕੋਲ 22 ਹਜ਼ਾਰ ਬੋਰੀਆਂ ਦੀ ਗਿਣਤੀ ਸੀ, ਪਰ ਇਸ ਵਾਰ ਇਸ ਅੰਕੜਾ 12 ਹਜ਼ਾਰ ਤੋਂ ਘੱਟ ਰਹਿ ਗਿਆ ਹੈ। ਇਸ ਵਾਰ ਝਾੜ ਪਿਛਲੇ ਸਾਲ ਨਾਲ ਅੱਧ ਤੋਂ ਵੀ ਜਿਆਦਾ ਘਟਿਆ ਹੋਇਆ ਹੈ, ਜਿਸ ਕਾਰਨ ਉਨ੍ਹਾਂ ਦੀਆਂ ਚਿੰਤਾਵਾਂ ਵਧੀਆ ਹੋਈਆਂ ਹਨ। ਇਸ ਮੌਕੇ ਕਿਸਾਨ ਕੇਸਰ ਸਿੰਘ, ਕਰਮਜੀਤ ਸਿੰਘ, ਬਲਜੀਤ ਸਿੰਘ, ਹਰਜਿੰਦਰ ਸਿੰਘ ਆਦਿ ਨੇ ਦੱਸਿਆ ਕਿ ਇਸ ਵਾਰ ਰੱਬ ਕੁੱਝ ਜਿਆਦਾ ਹੀ ਕਿਸਾਨਾਂ ਨਾਲ ਧੱਕਾ ਕਰ ਗਿਆ ਤੇ ਝੋਨੇ ਦੇ ਝਾੜ ਸਬੰਧੀ ਉਨ੍ਹਾਂ ਕਿਹਾ ਕਿ ਜੋ ਟਰਾਲੀ ਪਹਿਲਾ ਦੋ-ਢਾਈ ਕਿੱਲਿਆ ’ਚ ਭਰਦੀ ਸੀ, ਉਹ ਪੰਜ ਤੋਂ ਛੇ ਕਿੱਲਿਆਂ ’ਚ ਭਰ ਰਹੀ ਹੈ। ਇਸ ਵਾਰ ਤਾਂ ਖਰਚਾ ਵੀ ਪੂਰਾ ਹੁੰਦਾ ਨਜ਼ਰ ਨਹੀਂ ਆ ਰਿਹਾ ਹੈ। Agriculture News
ਉਨ੍ਹਾਂ ਪੰਜਾਬ ਸਰਕਾਰ ਤੇ ਹਲਕਾ ਵਿਧਾਇਕ ਤੋਂ ਮੰਗ ਕੀਤੀ ਕਿ ਕਿਸਾਨਾਂ ਨੂੰ ਹੋਏ ਇਸ ਨੁਕਸਾਨ ਦਾ ਬਣਦਾ ਮੁਆਵਜਾ ਦਿੱਤਾ ਜਾਵੇ ਤਾਂ ਜੋ ਕਿਸਾਨ ਵੀ ਆਪਣੇ ਪਰਿਵਾਰ ਨਾਲ ਵਧੀਆ ਦੀਵਾਲੀ ਮਨਾ ਸਕਣ। ਇਸ ਮੌਕੇ ਕੁੱਝ ਲੇਬਰ ਦੇ ਵਿਅਕਤੀਆਂ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਇਸ ਵਾਰ ਸੀਜ਼ਨ ਬਿਲਕੁੱਲ ਮੰਦਾ ਰਹਿਣ ਵਾਲਾ ਹੈ, ਕਿਉਂਕਿ ਝਾੜ ਘੱਟਣ ਕਾਰਨ ਉਨ੍ਹਾਂ ਨੂੰ ਕਾਫੀ ਨੁਕਸਾਨ ਹੋਵੇਗਾ ਅਤੇ ਰੁੱਕ ਰੁੱਕ ਆ ਰਹੀ ਫਸਲ ਕਾਰਨ ਸੀਜ਼ਨ ਲੰਬਾ ਵੀ ਹੁੰਦਾ ਜਾ ਰਿਹਾ ਹੈ।