Punjab News: ਪੰਜਾਬ ’ਚ ਰਿਕਾਰਡ ਅਨਾਜ ਹੋਇਆ ਖਰਾਬ, ਸੂਬਾ ਸਰਕਾਰ ਨੇ ਕੇਂਦਰ ਸਿਰ ਭੰਨ੍ਹਿਆ ਠੀਕਰਾ

Punjab News
Punjab News: ਪੰਜਾਬ ’ਚ ਰਿਕਾਰਡ ਅਨਾਜ ਹੋਇਆ ਖਰਾਬ, ਸੂਬਾ ਸਰਕਾਰ ਨੇ ਕੇਂਦਰ ਸਿਰ ਭੰਨ੍ਹਿਆ ਠੀਕਰਾ

ਪਿਛਲੇ ਦੋ ਸਾਲਾਂ ਦੌਰਾਨ 8 ਹਜ਼ਾਰ ਮੀਟਰਿਕ ਟਨ ਅਨਾਜ ਹੋਇਆ ਖਰਾਬ | Punjab News

  • ਖਰਾਬ ਅਨਾਜ ਦਾ ਪੰਜਾਬ ਨੂੰ ਖਜ਼ਾਨੇ ’ਚੋਂ ਕਰਨਾ ਪਏਗਾ ਭੁਗਤਾਨ

Punjab News: ਚੰਡੀਗੜ੍ਹ (ਅਸ਼ਵਨੀ ਚਾਵਲਾ)। ਪੰਜਾਬ ਦੇ ਗੁਦਾਮਾਂ ’ਚ ਪਏ ਅਨਾਜ ’ਚੋਂ 8 ਹਜ਼ਾਰ ਮੀਟਰਿਕ ਟਨ ਅਨਾਜ ਖਰਾਬ ਹੋ ਗਿਆ ਹੈ। ਪਹਿਲੀ ਵਾਰ ਦੋ ਸਾਲਾਂ ਦੇ ਦੌਰਾਨ ਰਿਕਾਰਡ ਅਨਾਜ ਖਰਾਬ ਹੋਇਆ ਹੈ। ਅਨਾਜ ਦੇ ਖਰਾਬ ਹੋਣ ਤੋਂ ਬਾਅਦ ਪੰਜਾਬ ਸਰਕਾਰ ਨੇ ਇਸ ਦੀ ਜ਼ਿੰਮੇਵਾਰੀ ਲੈਣ ਦੀ ਥਾਂ ’ਤੇ ਸਾਰਾ ਦੋਸ਼ ਕੇਂਦਰ ਸਰਕਾਰ ’ਤੇ ਮੜ ਦਿੱਤਾ ਹੈ ਪੰਜਾਬ ਸਰਕਾਰ ਦਾ ਕਹਿਣਾ ਹੈ ਕਿ ਗੁਦਾਮਾਂ ’ਚ ਪਏ ਅਨਾਜ ਨੂੰ ਕੇਂਦਰ ਸਰਕਾਰ ਵੱਲੋਂ ਸਮੇਂ ਸਿਰ ਨਹੀਂ ਚੁੱਕਿਆ ਜਾ ਰਿਹਾ ਹੈ, ਜਿਸ ਕਾਰਨ ਇੰਨੀ ਵੱਡੀ ਗਿਣਤੀ ’ਚ ਅਨਾਜ ਦੀ ਖਰਾਬੀ ਹੋਈ ਹੈ ਦੂਜੇ ਪਾਸੇ ਕੇਂਦਰ ਸਰਕਾਰ ਨੇ ਇਸ ਮਾਮਲੇ ’ਚ ਪੰਜਾਬ ਸਰਕਾਰ ਨੂੰ ਹੀ ਦੋਸ਼ੀ ਕਰਾਰ ਦਿੰਦੇ ਹੋਏ ਪੰਜਾਬ ਸਰਕਾਰ ਤੋਂ ਇਸ ਦਾ ਪੈਸਾ ਵਸੂਲਣ ਲੈਣ ਸਬੰਧੀ ਫੈਸਲਾ ਕਰ ਲਿਆ ਹੈ।

ਇਸ ਖਰਾਬ ਹੋਏ ਅਨਾਜ ਦੀ ਅਦਾਇਗੀ ਕੇਂਦਰ ਸਰਕਾਰ ਵੱਲੋਂ ਨਹੀਂ ਕੀਤੀ ਜਾਏਗੀ ਤੇ ਪੰਜਾਬ ਸਰਕਾਰ ਨੂੰ ਆਪਣੇ ਖ਼ਜ਼ਾਨੇ ’ਚੋਂ ਹੀ ਇਸ ਖਰਾਬ ਹੋਏ ਅਨਾਜ ਦੇ ਪੈਸੇ ਨੂੰ ਭਰਨਾ ਪਏਗਾ। ਜਾਣਕਾਰੀ ਅਨੁਸਾਰ ਪੰਜਾਬ ਸਰਕਾਰ ਵੱਲੋਂ ਕੇਂਦਰ ਸਰਕਾਰ ਲਈ ਪੰਜਾਬ ਵਿੱਚ ਕਣਕ ਤੇ ਝੋਨੇ ਦੀ ਫਸਲ ਦੀ ਖਰੀਦ ਕੀਤੀ ਜਾਂਦੀ ਹੈ ਇਸ ਫਸਲ ਦੀ ਖਰੀਦ ਕਰਨ ਤੋਂ ਬਾਅਦ ਪੰਜਾਬ ਦੇ ਗੁਦਾਮਾਂ ’ਚ ਹੀ ਇਸ ਫਸਲ ਨੂੰ ਸਾਂਭ ਕੇ ਰੱਖਿਆ ਜਾਂਦਾ ਹੈ। ਕੇਂਦਰ ਸਰਕਾਰ ਵੱਲੋਂ ਜਦੋਂ ਇਸ ਫਸਲ ਦੀ ਢੋਆ ਢੁਆਈ ਕਰਦੇ ਹੋਏ ਆਪਣੇ ਕੋਲ ਲੈ ਲਿਆ ਜਾਂਦਾ ਹੈ ਉਸ ਸਮੇਂ ਹੀ ਪੰਜਾਬ ਸਰਕਾਰ ਨੂੰ ਇਸ ਫਸਲ ਦੇ ਪੈਸੇ ਮਿਲਦੇ ਹਨ।

Punjab News

ਜਦੋਂ ਤੱਕ ਪੰਜਾਬ ਸਰਕਾਰ ਦੇ ਗੁਦਾਮਾਂ ’ਚ ਇਹ ਫਸਲ ਪਈ ਹੁੰਦੀ ਹੈ ਉਸ ਸਮੇਂ ਤੱਕ ਸੂਬਾ ਸਰਕਾਰ ਤੇ ਸੂਬਾ ਸਰਕਾਰ ਦੀਆਂ ਏਜੰਸੀਆਂ ਦੀ ਹੀ ਜਿੰਮੇਵਾਰੀ ਅਨਾਜ ਨੂੰ ਸੰਭਾਲਣ ਦੀ ਹੁੰਦੀ ਹੈ। ਕੇਂਦਰ ਸਰਕਾਰ ਦੀ ਇੱਕ ਰਿਪੋਰਟ ਅਨੁਸਾਰ ਪਿਛਲੇ ਦੋ ਸਾਲਾਂ ਦੇ ਦੌਰਾਨ ਪੰਜਾਬ ’ਚ ਪਏ ਅਨਾਜ ’ਚੋਂ 8 ਹਜ਼ਾਰ ਮੀਟਰਿਕ ਟਨ ਅਨਾਜ ਖਰਾਬ ਹੋ ਗਿਆ ਹੈ ਤੇ ਇਸ ਅਨਾਜ ਦੇ ਖਰਾਬ ਹੋਣ ਪਿੱਛੇ ਪੰਜਾਬ ਸਰਕਾਰ ਤੇ ਉਸ ਦੀਆਂ ਖਰੀਦ ਏਜੰਸੀਆਂ ਨੂੰ ਹੀ ਦੋਸ਼ੀ ਠਹਿਰਾਇਆ ਜਾ ਰਿਹਾ ਹੈ।

Read Also : Shopkeeper Scam: ਪੁਲਿਸ ਕਰਮਚਾਰੀ ਬਣ ਕੇ ਦੁਕਾਨਦਾਰ ਨਾਲ ਮਾਰੀ ਪੰਜ ਹਜ਼ਾਰ ਦੀ ਠੱਗੀ, ਫੋਟੋ ਸੀਸੀਟੀਵੀ ’ਚ ਕੈਦ

ਦੂਜੇ ਪਾਸੇ ਪੰਜਾਬ ਦੇ ਖੁਰਾਕ ਤੇ ਸਿਵਲ ਸਪਲਾਈ ਵਿਭਾਗ ਵੱਲੋਂ ਇਸ ਮਾਮਲੇ ’ਚ ਕੇਂਦਰ ਸਰਕਾਰ ਦੀ ਸਾਰੀ ਗਲਤੀ ਕਰਾਰ ਦਿੰਦੇ ਹੋਏ ਕਿਹਾ ਜਾ ਰਿਹਾ ਹੈ ਕਿ ਜਦੋਂ ਪੰਜਾਬ ’ਚ ਪਏ ਅਨਾਜ ਨੂੰ ਸਮੇਂ ਸਿਰ ਕੇਂਦਰ ਸਰਕਾਰ ਚੁੱਕਦੇ ਹੋਏ ਦੂਜੇ ਸੂਬਿਆਂ ’ਚ ਨਹੀਂ ਭੇਜ ਰਹੀ ਹੈ ਤੇ ਸਮਾਂ ਜਿਆਦਾ ਟੱਪਣ ਕਰਕੇ ਇਹ ਅਨਾਜ ਪੰਜਾਬ ਦੇ ਗੁਦਾਮਾਂ ’ਚ ਹੀ ਖਰਾਬ ਹੋ ਰਿਹਾ ਹੈ ਇਸ ਲਈ ਇਸ ਅਨਾਜ ਦੇ ਖਰਾਬੇ ਲਈ ਕੇਂਦਰ ਸਰਕਾਰ ਹੀ ਦੋਸ਼ੀ ਹੈ। ਇੱਥੇ ਦੋਵਾਂ ਸਰਕਾਰਾਂ ਵੱਲੋਂ ਇੱਕ ਦੂਜੇ ’ਤੇ ਦੋਸ਼ ਮੜ੍ਹੇ ਜਾਣ ਦੇ ਬਾਵਜ਼ੂਦ ਵੀ ਇਸ ਦੀ ਭਰਪਾਈ ਪੰਜਾਬ ਸਰਕਾਰ ਦੇ ਸਰਕਾਰੀ ਖਜ਼ਾਨੇ ’ਚੋਂ ਹੋਣੀ ਤੈਅ ਮੰਨੀ ਜਾ ਰਹੀ ਹੈ ਕਿਉਂਕਿ ਕੇਂਦਰ ਸਰਕਾਰ ਜਿੰਨੀ ਫਸਲ ਪੰਜਾਬ ਤੋਂ ਚੁੱਕਦੀ ਹੈ ਸਿਰਫ ਉਨੀ ਫਸਲ ਦੀ ਹੀ ਅਦਾਇਗੀ ਕਰਦੀ ਹੈ।

ਕੇਂਦਰ ਸਰਕਾਰ ਸਮੇਂ ’ਤੇ ਚੁੱਕ ਲਵੇ ਅਨਾਜ ਤਾਂ ਨਾ ਹੋਵੇ ਅਨਾਜ ਖਰਾਬ

ਫਸਲ ਦੀ ਖਰੀਦ ਤੇ ਉਸ ਦੀ ਸਾਂਭ ਸੰਭਾਲ ਲਈ ਬਣਾਏ ਗਏ ਮੰਤਰੀ ਮੰਡਲ ਸਮੂਹ ਦੇ ਮੁਖੀ ਗੁਰਮੀਤ ਸਿੰਘ ਖੁੱਡੀਆਂ ਨੇ ਕਿਹਾ ਕਿ ਉਹ ਮੰਨਦੇ ਹਨ ਕਿ ਪੰਜਾਬ ’ਚ ਪਿਛਲੇ ਦੋ ਸਾਲਾਂ ਦੇ ਦੌਰਾਨ ਰਿਕਾਰਡ ਅਨਾਜ ਦੀ ਖਰਾਬੀ ਹੋਈ ਹੈ ਪਰ ਇਸ ਪਿੱਛੇ ਕੇਂਦਰ ਸਰਕਾਰ ਹੀ ਸਿੱਧੇ ਤੌਰ ’ਤੇ ਜਿੰਮੇਵਾਰ ਹੈ ਕਿਉਂਕਿ ਉਨ੍ਹਾਂ ਵੱਲੋਂ ਸਮਾਂ ਰਹਿੰਦੇ ਹੋਏ ਅਨਾਜ ਨੂੰ ਚੁੱਕਿਆ ਹੀ ਨਹੀਂ ਗਿਆ ਹੈ ਜੇਕਰ ਕੇਂਦਰ ਸਰਕਾਰ ਸਮੇਂ ਸਿਰ ਅਨਾਜ ਨੂੰ ਪੰਜਾਬ ਦੇ ਗੁਦਾਮਾਂ ’ਚ ਚੁੱਕ ਲੈਂਦੀ ਤਾਂ ਸ਼ਾਇਦ ਇਹ ਅਨਾਜ ਵੀ ਖਰਾਬ ਨਹੀਂ ਹੁੰਦਾ।