ਪਾਵਰਕੌਮ ਵੱਲੋਂ ਦਿਹਾਤੀ ਖੇਤਰਾਂ ’ਚ ਲਾਏ ਜਾ ਰਹੇ ਨੇ ਅਣ ਸ਼ਡਿਊਲ ਕੱਟ | Demand For Electricity
- ਇੱਕ ਸਾਲ ਬਾਅਦ ਵੀ ਈਐੱਸਪੀ ਡਿੱਗਣ ਵਾਲੇ ਯੂਨਿਟ ਨੂੰ ਚਾਲੂ ਨਾ ਕਰ ਸਕੀ ਪਾਵਰਕੌਮ
ਪਟਿਆਲਾ (ਖੁਸ਼ਵੀਰ ਸਿੰਘ ਤੂਰ)। ਝੋਨੇ ਦੇ ਸੀਜ਼ਨ ਅਤੇ ਹੁੰਮਸ ਭਰੀ ਗਰਮੀ ਦੌਰਾਨ ਸੂਬੇ ਅੰਦਰ ਬਿਜਲੀ ਦੀ ਮੰਗ 15300 ਮੈਗਾਵਾਟ ’ਤੇ ਪੁੱਜ ਗਈ ਹੈ। ਲਗਾਤਾਰ ਵੱਧ ਰਹੀ ਬਿਜਲੀ ਦੀ ਮੰਗ ਕਾਰਨ ਪਾਵਰਕੌਮ ਵੱਲੋਂ ਜਿਆਦਤਰ ਦਿਹਾਤੀ ਖੇਤਰਾਂ ਵਿੱਚ ਅਣ ਸਡਿਊਲ ਕੱਟ ਲਗਾਏ ਜਾ ਰਹੇ ਹਨ। ਆਲਮ ਇਹ ਹੈ ਕਿ ਪਾਵਰਕੌਮ ਕੋਲ ਰੋਜ਼ਾਨਾਂ ਹੀ ਬਿਜਲੀ ਸਬੰਧੀ ਹਜ਼ਾਰਾਂ ਸ਼ਿਕਾਇਤਾਂ ਦਰਜ਼ ਹੋ ਰਹੀਆਂ ਹਨ।
ਜਾਣਕਾਰੀ ਅਨੁਸਾਰ ਅੱਜ ਦੁਪਿਹਰ 2 ਵਜੇ ਦੇ ਕਰੀਬ ਬਿਜਲੀ (Demand For Electricity) ਦੀ ਮੰਗ 15300 ਮੈਗਾਵਾਟ ’ਤੇ ਪੁੱਜ ਗਈ ਜੋਂ ਕਿ ਹੁਣ ਤੱਕ ਦੀ ਰਿਕਾਰਡ ਮੰਗ ਆਖੀ ਜਾ ਸਕਦੀ ਹੈ। ਪਾਵਰਕੌਮ ਵੱਲੋਂ ਆਪਣੇ ਸਾਰੇ ਹੀਲੇ ਵਸੀਲਿਆਂ ਤੋਂ 15500 ਮੈਗਾਵਾਟ ਤੱਕ ਬਿਜਲੀ ਦੇ ਪ੍ਰਬੰਧਾਂ ਦੇ ਦਾਅਵੇ ਕੀਤੇ ਗਏ ਹਨ। ਪਤਾ ਲੱਗਾ ਹੈ ਕਿ ਪਾਵਰਕੌਮ ਵੱਲੋਂ ਦਿਹਾਤੀ ਆਦਿ ਖੇਤਰਾਂ ਅੰਦਰ ਬਿਜਲੀ ਦੇ ਕੱਟ ਲਗਾਏ ਜਾ ਰਹੇ ਹਨ। ਪੇਂਡੂ ਖੇਤਰਾਂ ਅੰਦਰ ਰਾਤ ਨੂੰ ਵੀ ਬਿਜਲੀ ਦੇ ਕੱਟ ਲਗਾਕੇ ਕਿਸਾਨਾਂ ਨੂੰ 8 ਘੰਟੇ ਬਿਜਲੀ ਸਪਲਾਈ ਪੂਰੀ ਕੀਤੀ ਜਾ ਰਹੀ ਹੈ। ਪਾਵਰਕੌਮ ਦੇ 15 ਯੂਨਿਟਾਂ ਵਿੱਚੋਂ ਸਿਰਫ਼ ਇੱਕ ਯੂਨਿਟ ਬੰਦ ਪਿਆ ਹੈ।
ਇਹ ਵੀ ਪੜ੍ਹੋ : ਖਤਰਨਾਕ ਹੁੰਦਾ ਸ਼ਰਨਾਰਥੀ ਸੰਕਟ
ਇਹ ਵੀ ਉਹ ਸਰਕਾਰੀ ਯੂਨਿਟ ਬੰਦ ਹੈ, ਜਿਸਦਾ ਕਿ ਪਿਛਲੇ ਸਾਲ ਈਐਸਪੀ ਡਿੱਗ ਗਿਆ ਸੀ ਅਤੇ ਇੱਕ ਸਾਲ ਤੋਂ ਜਿਆਦਾ ਸਮਾਂ ਹੋਣ ਤੋਂ ਬਾਅਦ ਵੀ ਪਾਵਰਕੌਮ ਨੂੰ ਇਸ ਨੂੰ ਚਲਾਉਣ ਵਿੱਚ ਅਸਮਰਥ ਸਾਬਤ ਹੋਇਆ ਹੈ। ਮੰਗ ਵੱਧਣ ਤੋਂ ਬਾਅਦ ਗੋਇੰਦਵਾਲ ਸਾਹਿਬ ਥਰਮਲ ਪਲਾਂਟ ਦਾ ਬੰਦ ਪਿਆ ਯੂਨਿਟ ਚਲਾ ਦਿੱਤਾ ਗਿਆ ਹੈ। ਮੌਜੂਦਾ ਸਮੇਂ ਸਰਕਾਰੀ ਥਮਰਲ ਪਲਾਂਟ ਰੋਪੜ ਦੇ ਚਾਰੇ ਯੂਨਿਟਾਂ ਵੱਲੋਂ ਬਿਜਲੀ ਉਤਪਾਦਨ ਕੀਤਾ ਜਾ ਰਿਹਾ ਹੈ ਅਤੇ ਇੱਥੋਂ 680 ਮੈਗਾਵਾਟ ਬਿਜਲੀ ਉਤਪਾਦਨ ਹੋ ਰਿਹਾ ਹੈ।
ਸਰਕਾਰੀ ਥਰਮਲ ਲਹਿਰਾ ਮੁਹੱਬਤ ਥਮਰਲ ਪਲਾਂਟ ਦੇ ਤਿੰਨ ਯੂਨਿਟ ਚਾਲੂ ਹਨ ਅਤੇ ਇੱਥੋਂ 650 ਮੈਗਾਵਾਟ ਬਿਜਲੀ ਉਤਪਾਦਨ ਹੋ ਰਿਹਾ ਹੈ। ਪ੍ਰਾਈਵੇਟ ਥਰਮਲ ਤਲਵੰਡੀ ਸਾਬੋਂ ਅਤੇ ਰਾਜਪੁਰਾ ਪੂਰੇ ਸਮਰੱਥਾਂ ਤੇ ਭਖੇ ਹੋਏ ਹਨ। ਤਲਵੰਡੀ ਸਾਬੋਂ ਥਰਮਲ ਪਲਾਂਟ ਦੇ ਤਿੰਨੋਂ ਯੂਨਿਟਾਂ ਵੱਲੋਂ 1780 ਮੈਗਾਵਾਟ ਬਿਜਲੀ ਉਤਪਾਦਨ ਕੀਤਾ ਜਾ ਰਿਹਾ ਹੈ ਜਦਕਿ ਰਾਜਪੁਰਾ ਥਰਮਲ ਪਲਾਂਟ ਦੇ ਦੋਵੇਂ ਯੂਨਿਟਾਂ ਵੱਲੋਂ 1335 ਮੈਗਾਵਾਟ ਬਿਜਲੀ ਪੈਦਾ ਕੀਤੀ ਜਾ ਰਹੀ ਹੈ। ਗੋਇੰਦਵਾਲ ਸਾਹਿਬ ਥਰਮਲ ਪਲਾਂਟ ਦਾ ਬੰਦ ਪਿਆ ਇੱਕ ਯੂਨਿਟ ਚੱਲਣ ਤੋਂ ਬਾਅਦ ਹੁਣ ਦੋਵੇਂ ਯੂਨਿਟਾਂ ਵੱਲੋਂ 465 ਮੈਗਾਵਾਟ ਬਿਜਲੀ ਉਤਪਦਾਨ ਕੀਤਾ ਜਾ ਰਿਹਾ ਹੈ।
ਸਰਕਾਰੀ ਥਰਮਲ ਪਲਾਂਟਾਂ ਵੱਲੋਂ 1330 ਮੈਗਾਵਾਟ ਬਿਜਲੀ ਉਤਪਾਦਨ ਕੀਤਾ ਜਾ ਰਿਹਾ ਹੈ ਜਦਕਿ ਪ੍ਰਾਈਵੇਟ ਥਰਮਲ ਪਲਾਂਟਾਂ ਵੱਲੋਂ 3567 ਮੈਗਾਵਾਟ ਬਿਜਲੀ ਉਤਪਾਦਨ ਹੋ ਰਿਹਾ ਹੈ। ਪਾਵਰਕੌਮ ਵੱਲੋਂ ਹਾਈਡ੍ਰਲ ਪ੍ਰੋਜੈਕਟਾਂ ਤੋਂ 757 ਮੈਗਾਵਾਟ ਬਿਜਲੀ ਪੈਦਾ ਹੋ ਰਹੀ ਹੈ। ਪਟਿਆਲਾ ਜ਼ਿਲ੍ਹੇ ਸਮੇਤ ਵੱਖ ਵੱਖ ਜ਼ਿਲ੍ਹਿਆਂ ਦੇ ਦਿਹਾਤੀ ਖੇਤਰਾਂ ਵਿੱਚ ਅਣ ਸਡਿਊਲ ਕੱਟ ਲਗਾਏ ਜਾ ਰਹੇ ਹਨ ਜਦਕਿ ਪਾਵਰਕੌਮ ਵੱਲੋਂ ਅਜਿਹੇ ਕੱਟਾਂ ਤੋਂ ਇਨਕਾਰ ਕੀਤਾ ਜਾ ਰਿਹਾ ਹੈ।
ਪਾਵਰਕੌਮ ਕੋਲ ਬਿਜਲੀ ਸ਼ਿਕਾਇਤਾਂ ਦੇ ਲੱਗ ਰਹੇ ਢੇਰ | Demand For Electricity
ਪਾਵਰਕੌਮ ਕੋਲ ਬਿਜਲੀ ਸਬੰਧੀ ਲਗਾਤਾਰ ਸ਼ਿਕਾਇਤਾਂ ਦਰਜ਼ ਹੋ ਰਹੀਆਂ ਹਨ। ਬੀਤੇ ਕੱਲ ਪਾਵਰਕੌਮ ਕੋਲ 1 ਲੱਖ 60 ਹਜਾਰ ਬਿਜਲੀ ਸ਼ਿਕਾਇਤਾਂ ਦਰਜ਼ ਹੋਈਆਂ ਹਨ ਜਦਕਿ ਅੱਜ ਸਾਢੇ 4 ਵਜੇ ਤੱਕ 81000 ਹਜਾਰ ਦੇ ਕਰੀਬ ਸ਼ਿਕਾਇਤਾਂ ਦਰਜ਼ ਹੋ ਚੁੱਕੀਆਂ ਸਨ। ਪਾਵਰਕੌਮ ਵੱਲੋਂ 67000 ਹਜਾਰ ਸ਼ਿਕਾਇਤਾਂ ਦਾ ਨਿਪਟਾਰਾਂ ਕਰ ਦਿੱਤਾ ਗਿਆ ਜਦਕਿ ਹਜ਼ਾਰਾਂ ਸ਼ਿਕਾਇਤਾਂ ਅਜੇ ਪੈਡਿੰਗ ਪਈਆਂ ਸਨ।