ਕੱਚੇ, ਠੇਕਾ ਮੁਲਾਜ਼ਮਾਂ ਤੇ ਮਾਣ-ਭੱਤਾ ਵਰਕਰਾਂ ਵੱਲੋਂ ਉਪ ਮੁੱਖ ਮੰਤਰੀ ਓ.ਪੀ. ਸੋਨੀ ਦੀ ਰਿਹਾਇਸ਼ ਵੱਲ ਰੋਸ ਮਾਰਚ

ਕੱਚੇ ਤੇ ਠੇਕਾ ਮੁਲਾਜ਼ਮਾਂ ਨੂੰ ਪੱਕੇ ਕਰਨ ਅਤੇ ਮਾਣ-ਭੱਤਾ ਵਰਕਰਾਂ ’ਤੇ ਘੱਟੋ-ਘੱਟ ਉਜ਼ਰਤਾਂ ਲਾਗੂ ਕਰਨ ਦੀ ਮੰਗ

  • 24 ਅਕਤੂਬਰ ਨੂੰ ਮੁੱਖ ਮੰਤਰੀ ਦੇ ਸ਼ਹਿਰ ਮੋਰਿੰਡਾ ਵਿਖੇ ਕੀਤੀ ਜਾਵੇਗੀ ਸੂਬਾ ਪੱਧਰੀ ਰੈਲੀ
  • ਚਿਹਰੇ ਬਦਲੇ ਪਰ ਸਰਕਾਰ ਦਾ ਚਰਿੱਤਰ ਨਹੀਂ ਬਦਲਿਆ

(ਰਾਜਨ ਮਾਨ) ਅੰਮਿ੍ਰਤਸਰ। ਜੰਗਲਾਤ ਵਰਕਰਾਂ, ਐੱਨ.ਐੱਚ.ਐੱਮ. ਵਿੱਚ ਕੰਮ ਕਰਦੀਆਂ ਸਟਾਫ ਨਰਸਾਂ, ਕੰਟਰੈਕਟ ਮਲਟੀਪਰਪਜ਼ ਫੀਮੇਲ ਹੈਲਥ ਵਰਕਰਾਂ, ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਵਿੱਚ ਕੰਮ ਕਰਦੇ ਇਨਲਿਸਟਮੈਂਟ ਅਤੇ ਆਊਟਸੋਰਸ ਮੁਲਾਜ਼ਮਾਂ, ਸਮੱਗਰਾ ਅਧੀਨ ਕੰਮ ਕਰਦੇ ਮਿਡ-ਡੇ-ਮੀਲ ਦਫ਼ਤਰੀ ਮੁਲਾਜ਼ਮਾਂ, ਕਸਤੂਰਬਾ ਗਾਂਧੀ ਹੋਸਟਲਾਂ ਦੇ ਮੁਲਾਜ਼ਮਾਂ, ਪੰਜਾਬ ਸਕੂਲ ਸਿੱਖਿਆ ਬੋਰਡ ਦੇ ਆਦਰਸ਼ ਸਕੂਲਾਂ ਦੇ ਮੁਲਾਜ਼ਮਾਂ ਸਮੂਹ ਕੱਚੇ, ਠੇਕਾ ਅਧਾਰਿਤ ’ਤੇ ਆਊਟਸੋਰਸ ਮੁਲਾਜ਼ਮਾਂ ਨੂੰ ਪੱਕੇ ਨਾ ਕੀਤੇ ਜਾਣ ਦੇ ਰੋਸ ਵਜੋਂ ਉਪ ਮੁੱਖ ਮੰਤਰੀ ਓ.ਪੀ. ਸੋਨੀ ਦੇ ਘਰ ਵੱਲ ਰੋਸ ਮਾਰਚ ਕੀਤਾ ਗਿਆ।

ਇਸ ਦੌਰਾਨ ਨਹਿਰੀ ਵਿਭਾਗ ਦੇ ਦਫ਼ਤਰ ਵਿਖੇ ਪੁੱਜੇ ਸੈਂਕੜੇ ਮੁਲਾਜ਼ਮਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਮੋਰਚੇ ਦੇ ਆਗੂਆਂ ਰਛਪਾਲ ਸਿੰਘ ਜੋਧਾਨਗਰੀ, ਪਰਮਜੀਤ ਕੌਰ ਮਾਨ, ਮਮਤਾ ਸ਼ਰਮਾ, ਜਸਵਿੰਦਰ ਕੌਰ ਰੰਧਾਵਾ, ਗੁਰਮੀਤ ਸਿੰਘ ਕੋਟਲਾ ਕਾਜੀਆਂ ਨੇ ਆਖਿਆ ਕਿ ਪੰਜਾਬ ਸਰਕਾਰ ਨੇ ਭਾਵੇਂ ਮੁੱਖ ਮੰਤਰੀ ਦਾ ਚਿਹਰਾ ਬਦਲ ਲਿਆ ਹੈ ਪਰ ਸਰਕਾਰ ਦਾ ਚਰਿੱਤਰ ਪਹਿਲਾਂ ਵਾਲਾ ਹੀ ਹੈ। ਮੁਲਾਜ਼ਮ ਆਗੂਆਂ ਨੇ ਆਖਿਆ ਕਿ ਪਹਿਲਾਂ ਲੱਗਭੱਗ ਸਾਢੇ ਚਾਰ ਸਾਲ ਕੈਪਟਨ ਅਮਰਿੰਦਰ ਸਿੰਘ ਅਤੇ ਹੁਣ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਲੋਕਾਂ ਦੇ ਬੁਨਿਆਦੀ ਮਸਲੇ ਹੱਲ ਕਰਨ ਦੀ ਬਜਾਏ ਸੱਤਾ ਦਾ ਅਨੰਦ ਮਾਣ ਰਹੇ ਹਨ।

ਮੋਰਚੇ ਦੇ ਆਗੂਆਂ ਹਰਿੰਦਰ ਕੁਮਾਰ ਐਮਾਂ, ਰਣਜੀਤ ਦੁਲਾਰੀ, ਸਰਬਜੀਤ ਕੌਰ ਭੋਰਛੀ, ਹਰਵਿੰਦਰ ਕੌਰ ਪਠਾਨਕੋਟ, ਸਤਿੰਦਰ ਕੌਰ ਬੱਬੇਹਾਲੀ ਅਤੇ ਨਰਿੰਦਰ ਸਿੰਘ ਪੂੰਗਾ, ਡੀ.ਐਮ.ਐਫ. ਦੇ ਸੂਬਾ ਪ੍ਰਧਾਨ ਜਰਮਨਜੀਤ ਸਿੰਘ ਅਤੇ ਅਸ਼ਵਨੀ ਅਵਸਥੀ ਨੇ ਕਿਹਾ ਕਿ ਜੇਕਰ ਪੰਜਾਬ ਦੀ ਕਾਂਗਰਸ ਸਰਕਾਰ ਵੱਲੋਂ ਕੱਚੇ ਮੁਲਾਜ਼ਮਾਂ ਨੂੰ ਪੱਕਾ ਨਾ ਕੀਤਾ ਗਿਆ ਅਤੇ ਮਾਣ ਭੱਤਾ ਵਰਕਰਾਂ ਤੇ ਘੱਟੋ-ਘੱਟ ਉਜਰਤਾਂ ਕਾਨੂੰਨ ਲਾਗੂ ਨਾ ਕੀਤਾ ਗਿਆ ਤਾਂ 24 ਅਕਤੂਬਰ ਨੂੰ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਸ਼ਹਿਰ ਮੋਰਿੰਡਾ ਵਿਖੇ ਸੂਬਾ ਪੱਧਰੀ ਰੈਲੀ ਕਰਕੇ ਉਹਨਾਂ ਦੀ ਰਿਹਾਇਸ਼ ਦਾ ਘਿਰਾਓ ਕੀਤਾ ਜਾਵੇਗਾ, ਜਿਸ ਵਿੱਚ ਪੰਜਾਬ ਦੇ ਹਜ਼ਾਰਾਂ ਕੱਚੇ ਮੁਲਾਜ਼ਮ ਤੇ ਮਾਣ-ਭੱਤਾ ਵਰਕਰ ਸ਼ਮੂਲੀਅਤ ਕਰਨਗੇ। ਰੈਲੀ ਨੂੰ ਸਰਬਜੀਤ ਕੌਰ ਛੱਜਲਵੱਡੀ, ਬਲਜਿੰਦਰ ਸਿੰਘ ਮਿੰਟੂ, ਪਰਮਜੀਤ ਕੌਰ ਵੈਰੋਵਾਲ, ਕੰਵਲਜੀਤ ਕੌਰ ਨੌਸ਼ਹਿਰਾ ਮੱਝਾ ਸਿੰਘ, ਮਲੂਕ ਸਿੰਘ ਭਲਾਈਪੁਰ, ਬਲਵਿੰਦਰ ਕੌਰ ਅਲੀਸ਼ੇਰ, ਰਜਨੀ ਘਰੋਟਾ ਅਤੇ ਡੈਮੋਕ੍ਰੇਟਿਕ ਮੁਲਾਜ਼ਮ ਫੈਡਰੇਸਨ ਵੱਲੋਂ ਨਛੱਤਰ ਸਿੰਘ ਤਰਨ ਤਾਰਨ, ਕਰਮਜੀਤ ਸਿੰਘ ਕਲੇਰ, ਬਲਵਿੰਦਰ ਕੌਰ ਰਾਵਲਪਿੰਡੀ ਅਤੇ ਅਜੀਤਪਾਲ ਸਿੰਘ ਆਦਿ ਨੇ ਵੀ ਸੰਬੋਧਨ ਕੀਤਾ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ