ਬਠਿੰਡਾ ਦੀਪਰਵਾ ਲਾਕਰਾ ਨੇ ਇਸ ਬਾਰੇ ਪ੍ਰੈਸ ਕਾਨਫਰੰਸ ਕਰਕੇ ਕੀਤਾ ਖੁਲਾਸਾ
ਬਠਿੰਡਾ, (ਅਸ਼ੋਕ ਵਰਮਾ/ਸੱਚ ਕਹੂੰ ਨਿਊਜ਼)। ਬਠਿੰਡਾ ਦੇ ਹਰਦੇਵ ਨਗਰ ‘ਚ ਲੰਘੀ 27 ਜੂਨ ਨੂੰ ਪ੍ਰਵਾਸੀ ਮਜ਼ਦੂਰ ਦੀ 8 ਸਾਲ ਦੀ ਮਾਸੂਮ ਬੱਚੀ ਨਾਲ ਜਬਰ-ਜਨਾਹ ਕਰਨ ਵਾਲੇ ਵਿੱਕੀ ਪੁੱਤਰ ਸ਼ੰਕਰ ਵਾਸੀ ਗਲੀ ਨੰਬਰ 5 ਹਰਦੇਵ ਨਗਰ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਅੱਜ ਬਠਿੰਡਾ ਰੇਂਜ ਦੇ ਆਈਜੀ ਮੁਹੰਮਦ ਫਿਆਜ਼ ਫਾਰੂਕੀ, ਸੀਨੀਅਰ ਕਪਤਾਨ ਪੁਲਿਸ ਬਠਿੰਡਾ ਨਵੀਨ ਸਿੰਗਲਾ ਅਤੇ ਡਿਪਟੀ ਕਮਿਸ਼ਨਰ ਬਠਿੰਡਾ ਦੀਪਰਵਾ ਲਾਕਰਾ ਨੇ ਇਸ ਬਾਰੇ ਪ੍ਰੈਸ ਕਾਨਫਰੰਸ ਕਰਕੇ ਖੁਲਾਸਾ ਕੀਤਾ ਆਈਜੀ ਨੇ ਦੱਸਿਆ ਕਿ ਇਸ ਮਾਮਲੇ ਦੀ ਗੁੱਥੀ ਸੁਲਝਾਉਣ ਲਈ ਐਸਐਸਪੀ ਬਠਿੰਡਾ ਦੀ ਅਗਵਾਈ ‘ਚ ਐਸਪੀਡੀ ਬਠਿੰਡਾ ਗੁਰਮੀਤ ਸਿੰਘ ਤੇ ਡੀਐਸਪੀ ਸਿਟੀ ਗੁਰਪ੍ਰੀਤ ਸਿੰਘ ਦੀ ਦੇਖ-ਰੇਖ ‘ਚ ਪੰਜ ਟੀਮਾਂ ਬਣਾਈਆਂ ਗਈਆਂ ਸਨ ਜਿੰਨ੍ਹਾਂ ‘ਚ ਮੁੱਖ ਅਫ਼ਸਰ ਥਾਣਾ ਥਰਮਲ ਬਠਿੰਡਾ, ਇੰਚਾਰਜ ਸੀਆਈਏ ਬਠਿੰਡਾ ਤੇ ਹੋਰ ਪੁਲਿਸ ਅਫ਼ਸਰ ਸ਼ਾਮਲ ਕੀਤੇ ਗਏ ਸਨ। (Bathinda News)
ਪੁਲਿਸ ਨੇ ਵਾਰਦਾਤ ਵਾਲੀ ਜਗ੍ਹਾ ਤੋਂ ਬੱਚੀ ਦਾ ਰਬੜ ਬੈਂਡ ਵੀ ਬਰਾਮਦ ਕੀਤਾ ਹੈ। ਤਫ਼ਤੀਸ਼ ਦੌਰਾਨ ਆਸ-ਪਾਸ ਵਸਦੇ ਲੋਕਾਂ ਤੋਂ ਪੁੱਛ-ਗਿੱਛ ਕੀਤੀ ਗਈ ਸੀ। ਪੀੜਤ ਲੜਕੀ ਵੱਲੋਂ ਮੁਲਜਮ ਦੇ ਦੱਸੇ ਹੁਲੀਏ ਦੇ ਅਧਾਰ ‘ਤੇ 500 ਦੇ ਕਰੀਬ ਪੁਰਸ਼ਾਂ ਦੀਆਂ ਫੋਟੋਆਂ ਖਿੱਚੀਆਂ ਗਈਆਂ ਜੋਕਿ ਪੀੜਤ ਬੱਚੀ ਨੂੰ ਪਛਾਣ ਲਈ ਦਿਖਾਈਆਂ ਗਈਆਂ। ਪੀੜਤ ਵੱਲੋਂ ਕੀਤੀ ਗਈ ਪਛਾਣ ਅਨੁਸਾਰ ਮੁਲਜ਼ਮ ਵਿੱਕੀ ਪੁੱਤਰ ਸ਼ੰਕਰ ਵਾਸੀ ਗਲੀ ਨੰਬਰ 5 ਹਰਦੇਵ ਨਗਰ ਬਠਿੰਡਾ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਸ਼੍ਰੀ ਫਾਰੂਖ਼ੀ ਨੇ ਦੱਸਿਆ ਕਿ ਮੁਲਜਮ ਦਾ ਪਿਛੋਕੜ ਮੁਹੱਲਾ ਸੀਸ ਕੀ ਨੰਗਲਾ, ਸਿੰਕਦਰਾਓ ਥਾਣਾ ਹਾਥਰਸ ਜੰਕਸ਼ਨ ਤਹਿਸੀਲ ਹਾਥਰਸ, ਜ਼ਿਲ੍ਹਾ ਅਲੀਗੜ੍ਹ ਉੱਤਰ ਪ੍ਰਦੇਸ਼ ਨਾਲ ਸਬੰਧਤ ਹੈ।
ਮੁਲਜਮ ਨੇ ਪੁੱਛ-ਗਿੱਛ ਦੌਰਾਨ ਆਪਣਾ ਜ਼ੁਰਮ ਕਬੂਲ ਕਰ ਲਿਆ ਹੈ. ਮੁਲਜ਼ਮ ਦੀ ਪਤਨੀ ਦੀ ਕਰੀਬ ਡੇਢ ਸਾਲ ਪਹਿਲਾਂ ਮੌਤ ਹੋ ਗਈ ਸੀ ਅਤੇ ਉਹ ਬਠਿੰਡਾ ਸ਼ਹਿਰ ‘ਚ ਝਾੜੂ, ਵਾਇਪਰ ਆਦਿ ਘਰੇਲੂ ਸਮਾਨ ਵੇਚਦਾ ਹੈ। ਥਾਣਾ ਥਰਮਲ ਪੁਲਿਸ ਨੇ ਇਸ ਘਟਨਾ ਦੇ ਸਬੰਧ ‘ਚ ਅਣਪਛਾਤੇ ਵਿਅਕਤੀ ਖਿਲਾਫ ਪੁਲਿਸ ਕੇਸ ਦਰਜ ਕੀਤਾ ਸੀ ਸ਼੍ਰੀ ਫਾਰੂਖ਼ੀ ਨੇ ਦੱਸਿਆ ਕਿ ਇਸ ਕੇਸ ਨੂੰ ਜਿੰਨੀ ਜਲਦੀ ਹੋ ਸਕਿਆ ਅਦਾਲਤ ‘ਚ ਲਿਜਾਇਆ ਜਾਏਗਾ ਅਤੇ ਸਜ਼ਾ ਵੀ ਦਿਵਾਈ ਜਾਏਗੀ। (Bathinda News)
ਪਖਾਨੇ ਚੁੱਕਣ ਨੂੰ ਲੈ ਕੇ ਕਾਰਵਾਈ ਦੇ ਆਦੇਸ਼ | Bathinda News
ਹਰਦੇਵ ਨਗਰ ਖੇਤਰ ‘ਚ ਪਹਿਲਾਂ ਆਰਜੀ ਪਾਖਾਨੇ ਰੱਖੇ ਹੋਏ ਸਨ ਜੋ ਵਾਰਦਾਤ ਤੋਂ ਕੁਝ ਦਿਨ ਪਹਿਲਾਂ ਉੱਥੋਂ ਚੁੱਕ ਲਏ ਸਨ ਘਰ ‘ਚ ਪਾਖਾਨਾ ਨਾ ਹੋਣ ਕਰਕੇ ਮਾਸੂਮ ਬੱਚੀ ਨੂੰ ਜਬਰ ਜਨਾਹ ਦਾ ਸ਼ਿਕਾਰ ਹੋਣਾ ਪਿਆ ਹੈ। ਅੱਜ ਪ੍ਰੈਸ ਕਾਨਫਰੰਸ ‘ਚ ਡਿਪਟੀ ਕਮਿਸ਼ਨਰ ਬਠਿੰਡਾ ਦਿਪਾਰਵਾ ਲਾਕੜਾ ਨੇ ਇੱਕ ਸਵਾਲ ਦੇ ਜਵਾਬ ‘ਚ ਦੱਸਿਆ ਕਿ ਨਗਰ ਨਿਗਮ ਦੇ ਕਮਿਸ਼ਨਰ ਨੂੰ ਇਸ ਸਬੰਧ ‘ਚ ਪੜਤਾਲ ਕਰਕੇ ਅਣਗਹਿਲੀ ਕਰਨ ਵਾਲੇ ਮੁਲਾਜਮਾਂ ਖਿਲਾਫ ਕਾਰਵਾਈ ਕਰਨ ਲਈ ਆਖ ਦਿੱਤਾ ਗਿਆ ਹੈ। (Bathinda News)