ਦਲਿਤ ਕੋਟੇ ਵਿੱਚੋਂ ਰਾਜ ਕੁਮਾਰ ਵੇਰਕਾ ਵੀ ਬਣਾ ਰਹੇ ਹਨ ਦਬਾਅ, ਚਾਹੁੰਦੇ ਹਨ ਮੰਤਰੀ ਬਣਨਾ
ਅਸ਼ਵਨੀ ਚਾਵਲਾ, ਚੰਡੀਗੜ੍ਹ
ਨਵਜੋਤ ਸਿੱਧੂ ਦੇ ਮੰਤਰੀ ਮੰਡਲ ਤੋਂ ਆਊਟ ਹੋਣ ਤੋਂ ਬਾਅਦ ਉਨ੍ਹਾਂ ਦੀ ਥਾਂ ਲੈਣ ਲਈ ਕਈ ਵਿਧਾਇਕ ਉਤਾਵਲੇ ਹੋਏ ਬੈਠੇ ਹਨ। ਕਈ ਵਿਧਾਇਕਾਂ ਨੇ ਤਾਂ ਮੁੱਖ ਮੰਤਰੀ ਅਮਰਿੰਦਰ ਸਿੰਘ ਨੂੰ ਮਿਲਣਾ ਸ਼ੁਰੂ ਕਰਦੇ ਹੋਏ ਕਾਂਗਰਸ ਪਾਰਟੀ ਵਿੱਚ ਲਾਬਿੰਗ ਵੀ ਕਰਨੀ ਸ਼ੁਰੂ ਕਰ ਦਿੱਤੀ ਹੈ। ਕੈਬਨਿਟ ਵਿੱਚ ਖਾਲੀ ਹੋਏ ਬਿਜਲੀ ਮੰਤਰੀ ਦੇ ਅਹੁਦੇ ਲਈ ਰਾਣਾ ਗੁਰਜੀਤ ਸਿੰਘ ਕਾਫ਼ੀ ਜ਼ਿਆਦਾ ਅੱਗੇ ਚਲ ਰਹੇ ਹਨ, ਕਿਉਂਕਿ ਉਹ ਇਸੇ ਵਿਭਾਗ ਦੇ ਮੰਤਰੀ ਰਹਿ ਚੁੱਕੇ ਹਨ ਪਰ ਰੇਤ-ਬਜ਼ਰੀ ਦਾ ਠੇਕਾ ਲੈਣ ਦੇ ਗੰਭੀਰ ਦੋਸ਼ ਲੱਗਣ ਤੋਂ ਬਾਅਦ ਉਨ੍ਹਾਂ ਨੂੰ ਅਸਤੀਫ਼ਾ ਦੇਣਾ ਪੈ ਗਿਆ ਸੀ। ਇਨ੍ਹਾਂ ਨੂੰ ਦੋਸ਼ਾਂ ਤੋਂ ਜਾਂਚ ਦੌਰਾਨ ਕੁਝ ਸਮਾਂ ਬਾਅਦ ਹੀ ਕਲੀਨ ਚਿੱਟ ਮਿਲ ਗਈ ਸੀ, ਜਿਸ ਕਾਰਨ ਮੰਤਰੀ ਬਣਨ ਦੀ ਦੌੜ ਵਿੱਚ ਸਭ ਤੋਂ ਅੱਗੇ ਰਾਣਾ ਗੁਰਜੀਤ ਸਿੰਘ ਹੀ ਹਨ।
ਇੱਥੇ ਹੀ ਦਲਿਤ ਕੋਟੇ ਤਹਿਤ ਮੰਤਰੀ ਬਣਨ ਲਈ ਰਾਜ ਕੁਮਾਰ ਵੇਰਕਾ ਵੀ ਕਾਫ਼ੀ ਜਿਆਦਾ ਕੋਸ਼ਿਸ਼ ਕਰ ਰਹੇ ਹਨ। ਵਿਧਾਇਕ ਰਾਜ ਕੁਮਾਰ ਵੇਰਕਾ ਨੂੰ ਕੁਝ ਸਮਾਂ ਪਹਿਲਾਂ ਹੀ ਵੇਅਰ ਹਾਊਸਿੰਗ ਕਾਰਪੋਰੇਸ਼ਨ ਦਾ ਚੇਅਰਮੈਨ ਲਗਾਇਆ ਗਿਆ ਹੈ ਪਰ ਹੁਣ ਉਹ ਮੰਤਰੀ ਬਣਨਾ ਚਾਹੁੰਦੇ ਹਨ। ਪਿਛਲੇ ਦਿਨੀਂ ਰਾਜ ਕੁਮਾਰ ਵੇਰਕਾ ਨੇ ਨਵਜੋਤ ਸਿੱਧੂ ਦਾ ਅਸਤੀਫ਼ਾ ਬਾਹਰ ਆਉਣ ਤੋਂ ਬਾਅਦ ਅਮਰਿੰਦਰ ਸਿੰਘ ਨਾਲ ਵੀ ਮੁਲਾਕਾਤ ਕੀਤੀ ਹੈ ਅਤੇ ਉਨ੍ਹਾਂ ਦੇ ਕਰੀਬੀਆਂ ਅਨੁਸਾਰ ਵੇਰਕਾ ਨੂੰ ਅਮਰਿੰਦਰ ਸਿੰਘ ਵੱਲੋਂ ਮੰਤਰੀ ਬਣਾਉਣ ਲਈ ਹਾਮੀ ਤੱਕ ਭਰ ਦਿੱਤੀ ਗਈ ਹੈ ਜਦੋਂ ਕਿ ਅਧਿਕਾਰਤ ਤੌਰ ‘ਤੇ ਕੋਈ ਵੀ ਇਸ ਦੀ ਪੁਸ਼ਟੀ ਨਹੀਂ ਕਰ ਰਿਹਾ ਹੈ।
ਇਸ ਨਾਲ ਹੀ ਕੁਝ ਹੋਰ ਸੀਨੀਅਰ ਵਿਧਾਇਕ ਵੀ ਮੰਤਰੀ ਬਣਨ ਲਈ ਹੁਣ ਤੋਂ ਲਾਬਿੰਗ ਕਰਨਾ ਸ਼ੁਰੂ ਕਰ ਚੁੱਕੇ ਹਨ। ਪੰਜਾਬ ਵਿੱਚ ਅਮਰਿੰਦਰ ਸਿੰਘ ਕੋਲ ਹੀ ਮੰਤਰੀ ਬਣਾਉਣ ਦਾ ਅਧਿਕਾਰ ਹੈ ਪਰ ਇਸ ਲਈ ਪਹਿਲਾਂ ਅਮਰਿੰਦਰ ਸਿੰਘ ਨੂੰ ਦਿੱਲੀ ਤੋਂ ਵੀ ਪ੍ਰਵਾਨਗੀ ਲੈਣੀ ਪਈ ਹੈ। ਇੱਥੇ ਹੀ ਦੱਸਿਆ ਜਾ ਰਿਹਾ ਹੈ ਕਿ ਅਮਰਿੰਦਰ ਸਿੰਘ ਅਜੇ ਕਿਸੇ ਨੂੰ ਵੀ ਮੰਤਰੀ ਬਣਾਉਣ ਵਿੱਚ ਕਾਹਲੀ ਨਹੀਂ ਕਰਨਗੇ ਅਤੇ ਕੁਝ ਮਹੀਨੇ ਦਾ ਸਮਾਂ ਵੀ ਦੇ ਸਕਦੇ ਹਨ ਕਿਉਂਕਿ ਮੰਤਰੀ ਬਣਨ ਦੀ ਦੌੜ ਵਿੱਚ ਕਈ ਵਿਧਾਇਕ ਹਨ। ਉਨ੍ਹਾਂ ਨੂੰ ਆਉਣ ਵਾਲੀਆਂ ਵਿਧਾਨ ਸਭਾ ਦੀਆਂ ਦੋਵੇਂ ਜਿਮਨੀ ਚੋਣਾਂ ਤੋਂ ਪਹਿਲਾਂ ਨਰਾਜ਼ ਨਹੀਂ ਕੀਤਾ ਜਾ ਸਕਦਾ ਹੈ। ਇਸ ਲਈ ਇੱਕ ਮੰਤਰੀ ਨੂੰ ਬਣਾਉਣ ਲਈ ਅਮਰਿੰਦਰ ਸਿੰਘ ਕੋਈ ਜ਼ਿਆਦਾ ਕਾਹਲੀ ਨਹੀਂ ਕਰਨ ਵਾਲੇ ਹਨ ਅਤੇ ਇਸ ਮਾਮਲੇ ਵਿੱਚ ਕੋਈ ਵੀ ਫੈਸਲਾ ਕਰਨ ਤੋਂ ਪਹਿਲਾਂ ਕਾਫ਼ੀ ਜ਼ਿਆਦਾ ਸੋਚ ਅਤੇ ਵਿਚਾਰ ਕਰਨਗੇ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।