ਇਸਲਾਮਾਬਾਦ/ਲਾਹੌਰ, (ਏਜੰਸੀਆਂ)। ਗ੍ਰਹਿ ਮੰਤਰੀ ਰਾਜਨਾਥ ਸਿੰਘ ਕੱਲ੍ਹ ਹੋਣ ਵਾਲੇ ਸਾਰਕ ਦੇ ਗ੍ਰਹਿ ਮੰਤਰੀਆਂ ਦੇ ਸੰਮੇਲਨ ‘ਚ ਸ਼ਾਮਲ ਹੋਣ ਲਈ ਬੁੱਧਵਾਰ ਨੂੰ ਇਸਲਾਮਾਬਾਦ ਪੁੱਜੇ। ਗ੍ਰਹਿ ਤੇ ਵਿਦੇਸ਼ ਮੰਤਰਾਲਿਆਂ ਦੇ ਅਧਿਕਾਰੀਆਂ ਦੇ ਇੱਕ ਵਫ਼ਤ ਨਾਲ ਪੁੱਜੇ ਰਾਜਨਾਥ ਸਿੰਘ ਦੱਖਣੀ ਏਸ਼ਿਆਈ ਦੇਸ਼ਾਂ ਦਰਮਿਆਨ ਅਰਥਪੂਰਨ ਸਹਿਯੋਗ ਦੀ ਲੋੜ ‘ਤੇ ਜ਼ੋਰ ਦੇਣਗੇ। ਉਹ ਬਤੌਰ ਗ੍ਰਹਿ ਮੰਤਰੀ ਪਾਕਿਸਤਾਨ ਦੇ ਪਹਿਲੇ ਦੌਰੇ ‘ਤੇ ਪੁੱਜੇ ਹਨ।
ਇੱਕ ਰੋਜ਼ਾ ਸਾਰਕ ਗ੍ਰਹਿ ਮੰਤਰੀ ਸੰਮੇਲਨ ‘ਚ ਸ਼ਾਮਲ ਹੋਣ ਲਈ ਇਸਲਾਮਾਬਾਦ ਰਵਾਨਾ ਹੋਣ ਤੋਂ ਪਹਿਲਾਂ ਰਾਜਨਾਥ ਸਿੰਘ ਨੇ ਕਿਹਾ ਕਿ ਉਨ੍ਹਾਂ ਨੇ ਅੱਤਵਾਦ ਅਤੇ ਸੰਗਠਿਤ ਅਪਰਾਧ ਦੇ ਖਿਲਾਫ਼ ਖੇਤਰ ‘ਚ ਅਰਥਪੂਰਨ ਸਹਿਯੋਗ ਦੇ ਮਹੱਤਵ ‘ਤੇ ਜ਼ੋਰ ਦੇਣ ਦੀ ਲੋੜ ਹੈ। ਰਾਜਨਾਥ ਸਿੰਘ ਦੇ ਦੌਰੇ ਖਿਲਾਫ਼ ਪਾਕਿਸਤਾਨ ਦੇ ਵੱਖ-ਵੱਖ ਜੇਹਾਦੀ ਸੰਗਠਨਾਂ ਦੇ 2,000 ਤੋਂ ਵੱਧ ਵਰਕਰਾਂ ਨੇ ਵਿਰੋਧ ਪ੍ਰਦਰਸ਼ ਕੀਤੇ । ਇਨ੍ਹਾਂ ਸੰਗਠਨਾਂ ਨੇ ਕਸ਼ਮੀਰ ‘ਚ ਅਸ਼ਾਂਤੀ ਲਈ ਭਾਰਤ ਸਰਕਾਰ ਨੂੰ ਜਿੰਮੇਵਾਰ ਠਹਿਰਾਇਆ।
ਹੁਰੀਅਤ ਕਾਂਗਰਸ, ਹਿਜਬੁਲ ਮੁਜਾਹਿਦੀਨ, ਯੁਨਾਈਟਿਡ ਜੇਹਾਦ ਕੌਂਸਲ (ਯੂਜੇਸੀ) ਤੇ ਇਸ ਤਰ੍ਹਾਂ ਦੇ ਦੂਜੇ ਗਰੁੱਪਾਂ ਨੇ ਰਾਜਨਾਥ ਸਿੰਘ ਦੇ ਦੌਰੇ ਦੀ ਨਿਖੇਧੀ ਕਰਦਿਆਂ ਪ੍ਰਦਰਸ਼ਨ ਕੀਤੇ। ਅੱਤਵਾਦੀ ਸੰਗਠਨ ਹਿਜਬੁਲ ਮੁਜਾਹਿਦੀਨ ਦੇ ਸਰਗਨਾ ਤੇ ਯੂਜੇਸੀ ਦੇ ਮੁਖੀ ਸਈਅਦ ਸਲਾਉਦੀਨ ਤੇ ਦੂਜੇ ਗੁੱਟਾਂ ਨੇ ਸਥਾਨਕ ਨੇਤਾ ਵਿਰੋਧ ਪ੍ਰਦਰਸ਼ਨ ਦੌਰਾਨ ਵੇਖੇ ਗਏ। ਨੈਸ਼ਨਲ ਪ੍ਰੈੱਸ ਕਲੱਬ ਦੇ ਸਾਹਮਣੇ ਕਸ਼ਮੀਰੀ ਨੇਤਾ ਯਾਸੀਨ ਮਲਿਕ ਦੀ ਪਤਨੀ ਮਿਸ਼ਾਲ ਮਲਿਕ ਨੇ ਇੱਕ ਦੂਜਾ ਵਿਰੋਧ ਪ੍ਰਦਰਸ਼ਨ ਚਾਲੂ ਕੀਤਾ।