ਆਨਲਾਈਨ ਗੁਰੂਕੁਲ ’ਚ ਦਿਖਾਈ ਦਿੱਤੀ ‘ਰੰਗਲੇ ਪੰਜਾਬ’ ਦੀ ਝਲਕ
(ਸੁਖਜੀਤ ਮਾਨ/ਸੁਖਨਾਮ/ਸੁਰਿੰਦਰਪਾਲ) ਸਲਾਬਤਪੁਰਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਵੱਲੋਂ ਮਨੁੱਖਤਾ ਦੀ ਭਲਾਈ ਸ਼ੁਰੂ ਕੀਤੇ ਗਏ ‘ਆਨਲਾਈਨ ਗੁਰੂਕੁਲ’ ਪ੍ਰੋਗਰਾਮ ’ਚ ਅੱਜ ਸ਼ਾਹ ਸਤਿਨਾਮ ਜੀ ਰੂਹਾਨੀ ਧਾਮ ਡੇਰਾ ਰਾਜਗੜ ਸਲਾਬਤਪੁਰਾ ਵਿਖੇ ਸਾਉਣੀ ਦੀਆਂ ਫਸਲਾਂ ਨਰਮੇ ਦੀ ਚੁਗਾਈ ਅਤੇ ਝੋਨੇ ਦੀ ਵਾਢੀ ਦੇ ਬਾਵਜ਼ੂਦ ਸ਼ਾਧ-ਸੰਗਤ ਦਾ ਹੜ੍ਹ ਆ ਗਿਆ। ਸਾਧ-ਸੰਗਤ ਦੀ ਸ਼ਰਧਾ ਅੱਗੇ ਸਾਰੇ ਪ੍ਰਬੰਧ ਛੋਟੇ ਪੈ ਗਏ।
ਸਾਧ ਸੰਗਤ ’ਚ ਐਨਾਂ ਉਤਸ਼ਾਹ ਦਿਖਾਈ ਦਿੱਤਾ ਕਿ ਹਰ ਉਮਰ ਵਰਗ ਦੇ ਡੇਰਾ ਸ਼ਰਧਾਲੂ ਟ੍ਰੈਫਿਕ ਪੰਡਾਲਾਂ ਤੋਂ ਲੈ ਕੇ ਮੁੱਖ ਪੰਡਾਲ ਤੱਕ ਢੋਲ ਦੀ ਥਾਪ ’ਤੇ ਨੱਚਦੇ ਹੋਏ ਪੁੱਜੇ। ਸਾਧ ਸੰਗਤ ਨੂੰ ਅਨਮੋਲ ਬਚਨਾਂ ਨਾਲ ਨਿਹਾਲ ਕਰਦਿਆਂ ਪੂਜਨੀਕ ਗੁਰੂ ਜੀ ਵੱਲੋਂ ਸਮਾਜਿਕ ਬੁਰਾਈਆਂ ਦੇ ਖਾਤਮੇ ਦੇ ਨਾਲ-ਨਾਲ ਨੌਜਵਾਨ ਪੀੜ੍ਹੀ ਨੂੰ ਆਪਣੇ ਵਿਰਸੇ, ਸੱਭਿਆਚਾਰ ਨਾਲ ਜੁੜੇ ਰਹਿਣ ਦਾ ਸੰਦੇਸ਼ ਵੀ ਦਿੱਤਾ ਗਿਆ। ਇਸ ਮੌਕੇ ਪੂਜਨੀਕ ਗੁਰੂ ਜੀ ਨੇ ਹਜ਼ਾਰਾਂ ਲੋਕਾਂ ਦਾ ਨਸ਼ਾ ਅਤੇ ਬੁਰਾਈਆਂ ਛੁਡਵਾ ਕੇ ਨਾਮ-ਸ਼ਬਦ ਦੀ ਅਨਮੋਲ ਦਾਤ ਪ੍ਰਦਾਨ ਕੀਤੀ।
ਪੂਜਨੀਕ ਗੁਰੂ ਜੀ ਨੇ ਫਰਮਾਇਆ ਕਿ ਸਾਡਾ ਸੱਭਿਆਚਾਰ ਬਹੁਤ ਮਹਾਨ ਹੈ। ਆਪ ਜੀ ਨੇ ਸਾਧ ਸੰਗਤ ਨੂੰ ਸਰੀਰਕ ਸਫ਼ਾਈ ਅਤੇ ਤੰਦਰੁਸਤੀ ਸਬੰਧੀ ਵੀ ਟਿਪਸ ਦਿੱਤੇ। ਪੂਜਨੀਕ ਗੁਰੂ ਜੀ ਨੇ ਪੁਰਾਤਨ ਵੇਦਾਂ ਦੀਆਂ ਉਦਾਹਰਨਾਂ ਦੇ ਕੇ ਸਮਝਾਇਆ ਕਿ ਕਿਸ ਤਰਾਂ ਪਹਿਲਾਂ ਲੋਕ ਤਕੜੇ ਸਰੀਰਕ ਜੁੱਸੇ ਵਾਲੇ ਸੀ, ਇਸ ਲਈ ਆਧੁਨਿਕ ਦੌਰ ’ਚ ਵੀ ਖਾਧ ਰਹਿਤ ਖੁਰਾਕ ਵੱਲ ਵਿਸ਼ੇਸ਼ ਧਿਆਨ ਦੇਣ ਦੀ ਲੋੜ ਹੈ।
ਇਹ ਵੀ ਪੜ੍ਹੋ : ਸੰਤ ਡਾ. ਐਮਐਸਜੀ ਨੇ ਬਦਲੀ ਜ਼ਿੰਦਗੀ, ਨਾਮ ਦਾਤ ਪ੍ਰਾਪਤ ਕਰਕੇ ਨੌਜਵਾਨ ਨੇ ਚਿੱਟੇ ਨੂੰ ਕਿਹਾ ਅਲਵਿਦਾ
ਇਸ ਮੌਕੇ ਜਦੋਂ ਬਰਨਾਵਾ ਸਥਿਤ ਆਸ਼ਰਮ ’ਚੋਂ ਜਿਉਂ ਹੀ ਪੂਜਨੀਕ ਗੁਰੂ ਜੀ ਨੇ ਸਲਾਬਤਪੁਰਾ ਦਾ ਨਾਂਅ ਲਿਆ ਤਾਂ ਡੇਰਾ ਸਲਾਬਤਪੁਰਾ ’ਚ ਮੌਜੂਦ ਸਾਧ ਸੰਗਤ ਨੱਚ ਉੱਠੀ। ਪੰਜਾਬੀ ਪਹਿਰਾਵੇ ’ਚ ਸਜੇ ਨੌਜਵਾਨਾਂ ਨੇ ਪੁਰਾਤਨ ਸਾਜ਼ਾਂ ਬੁਗਚੂ, ਹਰਮੋਨੀਅਮ, ਗਿੜਦਾ, ਚਮਟਾ ਤੇ ਢੋਲ ਵਜਾਇਆ ਤਾਂ ਅਲੋਪ ਹੋ ਚੁੱਕਿਆ ਸੱਭਿਆਚਾਰ ਮੁੜ ਸੁਰਜੀਤ ਹੋਇਆ ਦਿਖਾਈ ਦਿੱਤਾ। ਇਸ ਤੋਂ ਇਲਾਵਾ ਸ਼ਰਧਾਲੂ ਮਹਿਲਾਵਾਂ ਨੇ ਪੰਜਾਬੀ ਸੱਭਿਆਚਾਰ ਦੀ ਵਿਰਾਸਤ ਤਹਿਤ ਜਾਗੋ ਕੱਢੀ। ਸਿਰ ’ਤੇ ਗਾਗਰਾਂ, ਚਰਖਾ ਕੱਤਣਾ, ਹੱਥੀ ਲੱਸੀ ਰਿੜਕਣਾਂ, ਊਰੀ ਤੋਂ ਇਲਾਵਾ ਕਢਾਈ ਵਾਲੀਆਂ ਪੱਖੀਆਂ ਘੁੰਮਾਈਆਂ ਤਾਂ ਸੱਭਿਆਚਾਰ ਅਤੇ ਰੰਗਲਾ ਪੰਜਾਬ ਮੁੜ ਅੱਖਾਂ ਸਾਹਮਣੇ ਲਿਆ ਦਿੱਤਾ। ਇਸ ਮੌਕੇ ਨੌਜਵਾਨਾਂ ਨੇ ਮਲਵਈ ਗਿੱਧਾ ਪੇਸ਼ ਕਰਦਿਆਂ ਪੁਰਾਤਨ ਸਾਜਾਂ ਬੁਗਚੂ, ਹਰਮੋਨੀਅਮ, ਗਿੜਦਾ, ਚਮਟਾ ਤੇ ਢੋਲ ਦੀ ਥਾਪ ’ਤੇ ਬੋਲੀਆਂ ਪਾਈਆਂ। ਇਸ ਮੌਕੇ ਸਾਧ-ਸੰਗਤ ਨੂੰ ਸੇਵਾਦਾਰਾਂ ਨੇ ਕੁੱਝ ਹੀ ਮਿੰਟਾਂ ’ਚ ਲੰਗਰ-ਭੋਜਨ ਵੀ ਛਕਾਇਆ।
ਸੰਗਤ ਦੇ ਉਤਸ਼ਾਹ ਅੱਗੇ ਪ੍ਰਬੰਧ ਪਏ ਛੋਟੇ
ਸਾਧ ਸੰਗਤ ਦੀ ਸਹੂਲਤ ਲਈ ਭਾਵੇਂ ਹੀ ਜਿੰਮੇਵਾਰ ਸੇਵਾਦਰਾਂ ਨੇ ਆਪਣੇ ਵੱਲੋਂ ਹਰ ਤਰਾਂ ਦੇ ਪੁਖਤਾ ਪ੍ਰਬੰਧ ਕੀਤੇ ਹੋਏ ਸੀ ਪਰ ਸਾਧ ਸੰਗਤ ਦੇ ਵਿਸ਼ਾਲ ਇਕੱਠ ਅੱਗੇ ਸਭ ਪ੍ਰਬੰਧ ਛੋਟੇ ਪੈ ਗਏ। ਸਾਧ ਸੰਗਤ ਲਈ ਥਾਂ-ਥਾਂ ਪਾਣੀ ਦੀਆਂ ਛਬੀਲਾਂ, ਮੈਡੀਕਲ ਸਹੂਲਤ, ਦਿਵਿਆਂਗਾ ਲਈ ਵੀਲ ਚੇਅਰ ਅਤੇ ਪੁਖਤਾ ਟ੍ਰੈਫਿਕ ਇੰਤਜਾਮ ਕੀਤੇ ਗਏ ਸੀ।
ਲੋੜਵੰਦ ਪਰਿਵਾਰਾਂ ਨੂੰ ਵੰਡਿਆ ਰਾਸ਼ਨ ਤੇ ਗਰਮ ਕੱਪੜੇ
ਪੂਜਨੀਕ ਗੁਰੂ ਜੀ ਵੱਲੋਂ ਮਾਨਵਤਾ ਭਲਾਈ ਲਈ ਸ਼ੁਰੂ ਕੀਤੇ ਹੋਏ 144 ਭਲਾਈ ਕਾਰਜਾਂ ਤਹਿਤ ਅੱਜ ਸ਼ਾਹ ਸਤਿਨਾਮ ਜੀ ਰੂਹਾਨੀ ਧਾਮ ਡੇਰਾ ਰਾਜਗੜ ਸਲਾਬਤਪੁਰਾ ਵਿਖੇ ਸਾਧ ਸੰਗਤ ਵੱਲੋਂ ਲੋੜਵੰਦ 50 ਪਰਿਵਾਰਾਂ ਨੂੰ ਰਾਸ਼ਨ ਅਤੇ 250 ਪਰਿਵਾਰਾਂ ਨੂੰ ਗਰਮ ਕੱਪੜੇ ਤੇ ਬੂਟ ਜੁਰਾਬਾਂ ਵੀ ਵੰਡੇ ਗਏ ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ