ਰਾਜਸਥਾਨ ਛੇ ਮੈਚਾਂ ’ਚ ਚਾਰ ਅੰਕਾਂ ਨਾਲ ਸੱਤਵੇਂ ਤੇ ਹੈਦਰਾਬਾਦ ਸਿਰਫ ਦੋ ਅੰਕਾਂ ਨਾਲ ਅੱਠਵੇਂ ਸਥਾਨ ’ਤੇ
ਏਜੰਸੀ, ਨਵੀਂ ਦਿੱਲੀ। ਆਈਪੀਐਲ-14 ’ਚ ਹੇਠਾਂ ਦੀਆਂ ਆਖਰੀ ਦੋ ਆਖਰੀ ਟੀਮਾਂ ਰਾਜਸਥਾਨ ਰਾਇਲਜ਼ ਅਤੇ ਸਨਰਾਈਜ਼ ਹੈਦਰਾਬਾਦ ਦਰਮਿਆਨ ਇੱਥੇ ਅੱਜ ਦਿਲਚਸਪ ਅਤੇ ਸਖ਼ਤ ਮੁਕਾਬਲਾ ਹੋਵੇਗਾ। ਕਿਉਂਕਿ ਦੋਵੇਂ ਟੀਮਾਂ ਹੁਣ ਹਾਰ ਬਰਦਾਸ਼ਤ ਨਹੀਂ ਕਰ ਸਕਣਗੀਆਂ। ਰਾਜਸਥਾਨ ਦੀ ਟੀਮ ਛੇ ਮੈਚਾਂ ’ਚ ਚਾਰ ਹਾਰ ਅਤੇ ਦੋ ਜਿੱਤ ਨਾਲ ਚਾਰ ਅੰਕ ਹਾਸਲ ਕਰਕੇ ਸੱਤਵੇਂ, ਜਦੋਂਕਿ ਹੈਦਰਾਬਾਦ ਛੇ ’ਚੋਂ ਪੰਜ ਮੈਚ ਗਵਾ ਕੇ ਸਿਰਫ ਦੋ ਅੰਕ ਨਾਲ ਅੱਠਵੇਂ ਅਤੇ ਆਖਰੀ ਸਥਾਨ ’ਤੇ ਹੈ।
ਹੈਦਰਾਬਾਦ ਦੀ ਟੀਮ ਇਹ ਮੈਚ ਗਵਾਉਣਾ ਨਹੀਂ ਚਾਹੇਗੀ ਕਿਉਂਕਿ ਇਸ ਹਾਰ ਤੋਂ ਬਾਅਦ ਉਸ ਨੂੰ ਆਪਣੇ ਬਚੇ ਹੋਏ ਸਾਰੇ ਸੱਤ ਮੈਚ ਹਰ ਹਾਲ ’ਚ ਜਿੱਤਣੇ ਪੈਣਗੇ। ਉੱਥੇ ਰਾਜਸਥਾਨ ਲਈ ਵੀ ਲਗਭਗ ਇਹੀ ਸਥਿਤੀ ਹੈ। ਉਸ ਨੂੰ ਵੀ ਆਪਣਾ ਇਹ ਮੈਚ ਹਰ ਹਾਲ ’ਚ ਜਿੱਤਣਾ ਪਵੇਗਾ। ਰਾਜਸਥਾਨ ਲਈ ਉਸ ਦੇ ਸਿਖਰਲੇ ਅਤੇ ਮੱਧਕ੍ਰਮ ਦੀ ਬੱਲੇਬਾਜ਼ੀ ਉਸ ਦੀ ਸਭ ਤੋਂ ਵੱਡੀ ਕਮਜ਼ੋਰੀ ਬਣ ਗਈ ਹੈ ਅਤੇ ਗੇਂਦਬਾਜ਼ੀ ਵੀ ਚੰਗੀ ਨਹੀਂ ਰਹੀ ਹੈ।
ਡਿਫੈਂਡਿੰਗ ਚੈਂਪੀਅਨ ਅਤੇ ਸਾਬਕਾ ਜੇਤੂ ਮੁੰਬਈ ਇੰਡੀਅਨਜ਼ ਨੇ ਰਾਜਸਥਾਨ ਨੂੰ ਉਸ ਦੇ ਪਿਛਲੇ ਮੁਕਾਬਲੇ ’ਚ ਸੱਤ ਵਿਕਟਾਂ ਨਾਲ ਹਰਾਇਆ ਸੀ, ਜਦੋਂਕਿ 9 ਗੇਂਦਾਂ ਸੁੱਟੀਆਂ ਜਾਣੀਆਂ ਬਾਕੀ ਸਨ। ਉੱਥੇ ਹੈਦਰਾਬਾਦ ਵੀ ਪਿਛਲੇ ਮੁਕਾਬਲੇ ’ਚ ਇਸ ਸਥਿਤੀ ’ਚ ਸੀ ਤਿੰਨ ਵਾਰ ਦੀ ਆਈਪੀਐਲ ਜੇਤੂ ਚੇਨੱਈ ਸੁਪਰ ਕਿੰਗਜ਼ ਨੇ ਉਸ ਨੂੰ ਸੱਤ ਵਿਕਟਾਂ ਨਾਲ ਹਰਾਇਆ ਸੀ ਅਤੇ ਇਸ ਮੁਕਾਬਲੇ ’ਚ ਵੀ 9 ਗੇਂਦਾਂ ਸੁੱਟੀਆਂ ਜਾਣੀਆਂ ਬਾਕੀ ਸਨ।
ਸਨਰਾਈਜਰਜ਼ ਨੇ ਵਾਰਨਰ ਨੂੰ ਕਪਤਾਨੀ ਤੋਂ ਹਟਾਇਆ, ਕੇਨ ਵਿਲੀਅਮਸਨ ਹੋਣਗੇ ਨਵੇਂ ਕਪਤਾਨ
ਨਵੀਂ ਦਿੱਲੀ। ਸਨਰਾਈਜ਼ਰਜ਼ ਹੈਦਰਾਬਾਦ ਦੀ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) 2021 ਦੇ ਇਸ ਸੀਜ਼ਨ ’ਚ ਸ਼ੁਰੂਆਤ ਠੀਕ ਨਹੀਂ ਰਹੀ। ਟੀਮ ਨੂੰ ਲਗਾਤਾਰ ਹਾਰ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਟੀਮ ਦੇ ਇਸ ਖ਼ਰਾਬ ਪ੍ਰਦਰਸ਼ਨ ਦੀ ਗਾਜ਼ ਹੈਦਰਾਬਾਦ ਦੇ ਕਪਤਾਨ ਡੇਵਿਡ ਵਾਰਨਰ ’ਤੇ ਡਿੱਗੀ ਹੈ। ਸਨਰਾਈਜ਼ਰਜ਼ ਹੈਦਰਾਬਾਦ ਦੀ ਟੀਮ ਨੇ ਟਵਿੱਟਰ ’ਤੇ ਐਲਾਨ ਕੀਤਾ ਹੈ ਕਿ ਆਗਾਮੀ ਮੈਚਾਂ ਲਈ ਟੀਮ ਦੇ ਕਪਤਾਨ ਕੇਨ ਵਿਲੀਅਮਸਨ ਹੋਣਗੇ।
ਇਹ ਫ਼ੈਸਲਾ ਟੀਮ ਪ੍ਰਬੰਧਨ ਨੇ ਟਵੀਟ ਕਰਕੇ ਸਾਰਿਆਂ ਨੂੰ ਦੱਸਿਆ ਹੈ। ਸਨਰਾਈਜ਼ਰਜ਼ ਹੈਦਰਾਬਾਦ ਇਹ ਐਲਾਨ ਕਰਦੀ ਹੈ ਕਿ ਕੱਲ੍ਹ ਦੇ ਮੈਚ ਤੇ ਆਈ. ਪੀ. ਐੱਲ. ਦੇ ਬਾਕੀ ਮੈਚਾਂ ’ਚ ਕੇਨ ਵਿਲੀਅਮਸਨ ਕਪਤਾਨ ਹੋਣਗੇ। ਟੀਮ ਪ੍ਰਬੰਧਨ ਨੇ ਕਿਹਾ ਕਿ ਰਾਜਸਥਾਨ ਰਾਇਲਜ਼ ਖ਼ਿਲਾਫ਼ ਕੱਲ੍ਹ ਦੇ ਮੈਚ ’ਚ ਉਹ ਵਿਦੇਸ਼ੀ ਖਿਡਾਰੀਆਂ ਦੇ ਤਾਲਮੇਲ ’ਚ ਵੀ ਬਦਲਾਅ ਕਰੇਗੀ।
ਇਸ ਦਾ ਅਰਥ ਹੈ ਕਿ ਵਾਰਨਰ ਨੂੰ ਟੀਮ ’ਚੋਂ ਬਾਹਰ ਕੀਤਾ ਜਾ ਸਕਦਾ ਹੈ। ਇਹ ਫ਼ੈਸਲਾ ਸੌਖਾ ਨਹੀਂ ਸੀ ਕਿਉਂਕਿ ਟੀਮ ਪ੍ਰਬੰਧਨ ਵਾਰਨਰ ਦਾ ਕਾਫ਼ੀ ਸਨਮਾਨ ਕਰਦੀ ਹੈ। ਸਾਨੂੰ ਉਮੀਦ ਹੈ ਕਿ ਬਾਕੀ ਦੇ ਮੈਚਾਂ ’ਚ ਉਹ ਸ਼ਾਨਦਾਰ ਪ੍ਰਦਰਸ਼ਨ ਕਰਨਗੇ। ਇਸ ਸੀਜ਼ਨ ਦੀ ਸ਼ੁਰੂਆਤ ਤੋਂ ਹੀ ਹੈਦਰਾਬਾਦ ਲੈਅ ’ਚ ਨਹੀਂ ਦਿਖ ਰਹੀ। ਟੀਮ ਨੂੰ ਪਹਿਲੇ ਦੋ ਮੈਚਾਂ ’ਚ ਬੁਰੀ ਤਰ੍ਹਾਂ ਹਾਰ ਦਾ ਸਾਹਮਣਾ ਕਰਨਾ ਪਿਆ ਤੇ ਤੀਜੇ ਮੈਚ ’ਚ ਜਾ ਕੇ ਟੀਮ ਨੂੰ ਜਿੱਤ ਹਾਸਲ ਹੋਈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।