ਮਾਕਨ ਵਿਧਾਇਕਾਂ ਨਾਲ ਕਰਨਗੇ ਵਿਚਾਰ-ਵਟਾਂਦਰਾ
ਜੈਪੁਰ (ਸੱਚ ਕਹੂੰ ਨਿਊਜ਼) ਅਖੀਲ ਭਾਰਤੀ ਕਾਂਗਰਸ ਕਮੇਟੀ ਦੇ ਜਨਰਲ ਸਕੱਤਰ ਤੇ ਰਾਜਸਥਾਨ ਦੇ ਇੰਚਾਰਜ਼ ਅਜੈ ਮਾਕਨ ਅੱਜ ਦੋ ਰੋਜ਼ਾ ਦੌਰੇ ’ਤੇ ਜੈਪੁਰ ਆਉਣਗੇ ਤੇ ਪਾਰਟੀ ਦੇ ਵਿਧਾਇਕਾਂ ਨਾਲ ਵਿਚਾਰ-ਵਟਾਂਦਰਾ ਕਰਨਗੇ। ਸੂਤਰਾਂ ਨੇ ਦੱਸਿਆ ਕਿ ਮਾਕਨ ਪਹਿਲੇ ਦਿਨ ਜੈਪੁਰ, ਕੋਟਾ ਤੇ ਭਰਤਪੁਰ ਸੰਭਾਗ ਦੇ ਵਿਧਾਇਕਾਂ ਨਾਲ ਵਿਚਾਰ-ਵਟਾਂਦਰਾ ਕਰਨਗੇ ਹਰ ਇੱਕ ਵਿਧਾਇਕ ਨੂੰ ਸਰਕਾਰ ਤੇ ਸੰਗਠਨ ਬਾਰੇ ਆਪਣੀ ਗੱਲ ਕਹਿਣ ਲਈ ਸੱਤ ਮਿੰਟਾਂ ਦਾ ਸਮਾਂ ਦਿੱਤਾ ਗਿਆ ਹੈ। ਇਸ ਤੋਂ ਪਹਿਲਾਂ ਅੱਜ ਸਾਬਕਾ ਉਪ ਮੁੱਖ ਮੰਤਰੀ ਸਚਿਨ ਪਾਇਲਟ ਧਿਰ ਦੇ ਪੰਜ ਵਿਧਾਇਕਾਂ ਨੇ ਸੰਗਠਨਾਤਮਕ ਮੁੱਦਿਆਂ ਸਬੰਧੀ ਕਾਂਗਰਸ ਪਾਰਟੀ ਦੇ ਸੂਬਾ ਪ੍ਰਧਾਨ ਗੋਵਿੰਦ ਸਿੰਘ ਡੋਟਾਸਰਾ ਨਾਲ ਮੁਲਾਕਾਤ ਕੀਤੀ ਇਹ ਮੰਨਿਆ ਜਾ ਰਿਹਾ ਹੈ ਕਿ ਇਨ੍ਹਾਂ ਵਿਧਾਇਕਾਂ ਨੇ ਆਪਣੇ ਗਿਲੇ ਸ਼ਿਕਵੇ ਦੂਰ ਕੀਤੇ ਹਨ।
ਜ਼ਿਕਰਯੋਗ ਹੈ ਕਿ ਪਾਇਲਟ ਨੇ ਆਪਣੇ ਹਮਾਇਤੀਆਂ ਨੂੰ ਮੰਤਰੀ ਮੰਡਲ ’ਚ ਸ਼ਾਮਲ ਕਰਨ ਲਈ ਪੂਰਾ ਦਬਾਅ ਬਣਾ ਰੱਖਿਆ ਹੈ ਪੰਜਾਬ ’ਚ ਪਾਰਟੀ ਦਾ ਮਸਲਾ ਹੱਲ ਹੋਣ ਤੋਂ ਬਾਅਦ ਰਾਜਸਕਾਨ ’ਚ ਵੀ ਮਸਲੇ ਨੂੰ ਹੱਲ ਕਰਨ ਲਈ ਆਲਾਕਮਾਨ ਲਗਾਤਾਰ ਕੋਸ਼ਿਸ਼ ਕਰ ਰਿਹਾ ਹੈ। ਗਹਿਲੋਤ ਮੰਤਰੀ ਮੰਡਲ ਦਾ ਵਿਸਥਾਰ ਕਰਨ ਤੋਂ ਪਹਿਲਾਂ ਵਿਧਾਇਕਾਂ ਨਾਲ ਵਿਚਾਰ-ਵਟਾਂਦਰਾ ਵੀ ਇਸੇ ਯਤਨ ਦੀ ਕੜੀ ਹੈ।
ਮੰਤਰੀ ਮੰਡਲ ਵਿਸਥਾਰ ਨੂੰ ਲੈ ਕੇ ਸੂਬੇ ’ਚ ਕਾਫ਼ੀ ਹਲਚਲ ਹੈ ਤੇ ਹਟਾਏ ਜਾਣ ਦੀ ਸੰਭਾਵਨਾ ’ਚ ਗਹਿਲੋਤ ਸਰਕਾਰ ਦੇ ਮੰਤਰੀ ਪ੍ਰੇਸ਼ਾਨ ਹਨ ਉੱਥੇ ਮੰਤਰੀ ਬਣਨ ਦੇ ਲਈ ਕਈ ਵਿਧਾਇਕ ਆਲਾਕਮਾਨ ’ਤੇ ਦਬਾਅ ਬਣਾਉਣ ’ਚ ਜੁਟ ਗਏ ਹਨ ਹਾਲੇ ਇਹ ਸਪੱਸ਼ਟ ਨਹੀਂ ਹੋ ਸਕਿਆ ਹੈ ਕਿ ਮੰਤਰੀ ਮੰਡਲ ਵਿਸਥਾਰ ’ਚ ਕਿੰਨੇ ਮੰਤਰੀ ਬਣਾਏ ਜਾਣਗੇ ਤੇ ਕਿੰਨਿਆਂ ਨੂੰ ਹਟਾਉਣਾ ਪਵੇਗਾ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, Instagram, Linkedin , YouTube ‘ਤੇ ਫਾਲੋ ਕਰੋ