ਹਾੜ ਦੇ ਹੰਭਾਇਆਂ ਨੂੰ ਮੀਂਹ ਨਾਲ ਮਿਲੀ ਰਾਹਤ

ਖੇਤੀ ਸੈਕਟਰ ਨੂੰ ਹੋਵੇਗਾ ਮੀਂਹ ਦਾ ਫਾਇਦਾ

ਬਠਿੰਡਾ (ਸੁਖਜੀਤ ਮਾਨ) ਹਾੜ ਮਹੀਨੇ ਦੀ ਗਰਮੀ ਨੇ ਲੋਕਾਂ ਦੇ ਹਾੜੇ ਕਢਾ ਰੱਖੇ ਸੀ। ਹਾੜ ਦਾ ਮਹੀਨਾ ਉੱਤੋਂ ਲੰਘਦੇ ਬਿਜਲੀ ਕੱਟਾਂ ਨੇ ਲੋਕਾਂ ਦਾ ਜਿਉਣਾ ਦੁੱਭਰ ਕਰ ਦਿੱਤਾ ਸੀ। ਬਾਅਦ ਦੁਪਹਿਰ ਕਰੀਬ 3 ਵਜੇ ਤੋਂ ਬਾਅਦ ਅਸਮਾਨ ’ਚ ਛਾਈ ਬੱਦਲਵਾਈ ਤੇ ਚੱਲੀ ਹਨੇਰੀ ਨਾਲ ਮੀਂਹ ਦੀ ਆਸ ਬੱਝੀ ਜੋ 3:30 ਵਜੇ ਪੂਰੀ ਹੋ ਗਈ।

ਮੀਂਹ ਭਾਵੇਂ ਕੋਈ ਜ਼ਿਆਦਾ ਨਹੀਂ ਪਰ ਡੁੱਬਦੇ ਨੂੰ ਤਿਣਕੇ ਦਾ ਸਹਾਰਾ ਵਾਲੀ ਕਹਾਵਤ ਵਾਂਗ ਇੱਕ ਵਾਰ ਸੁੱਖ ਦਾ ਸਾਹ ਲੋਕਾਂ ਨੇ ਜ਼ਰੂਰ ਲਿਆ ਹੈ। ਖੇਤੀ ਸੈਕਟਰ ਲਈ ਤਾਂ ਇਹ ਮੀਂਹ ਕਾਫੀ ਵਰਦਾਨ ਸਾਬਿਤ ਹੋਵੇਗਾ ਕਿਉਂਕਿ ਬਿਜਲੀ ਪੂਰੀ ਨਾ ਆਉਣ ਕਾਰਨ ਝੋਨਾ ਸੁੱਕ ਰਿਹਾ ਸੀ। ਪਾਵਰਕਾਮ ਪ੍ਰਬੰਧਕਾਂ ਦੀ ਟੇਕ ਵੀ ਮੀਂਹ ’ਤੇ ਹੀ ਟਿਕੀ ਹੋਈ ਸੀ।

ਮੌਸਮ ਮਾਹਿਰਾਂ ਨੇ ਇਸ ਮੀਂਹ ਬਾਰੇ ਕੱਲ ਹੀ ਭਵਿੱਖਬਾਣੀ ਕਰ ਦਿੱਤੀ ਸੀ । 4 ਤੇ 5 ਜੁਲਾਈ ਨੂੰ ਵੀ ਹਲਕੇ ਮੀਂਹ ਦੀ ਸੰਭਾਵਨਾ ਦੱਸੀ ਜਾ ਰਹੀ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagramlinkedin , YouTube‘ਤੇ ਫਾਲੋ ਕਰੋ।