ਬਾਰਸ਼ ਨੇ ਦਿੱਤੀ ਗਰਮੀ ਤੋਂ ਰਾਹਤ, ਕਿਸਾਨ ਖੁਸ਼

ਚੰਡੀਗੜ੍ਹ, (ਸੱਚ ਕਹੂੰ ਨਿਊਜ਼) ਪੰਜਾਬ ਵਿੱਚ ਗਰਮੀ ਦੇ ਤਪਾਏ ਲੋਕਾਂ ਨੂੰ ਅੱਜ ਪਈ ਭਾਰੀ ਬਾਰਸ਼ ਨੇ ਗਰਮੀ ਤੋਂ ਰਾਹਤ ਦਿਵਾਈ ਹੈ ਪੰਜਾਬ ‘ਚ ਵੱਖ-ਵੱਖ ਥਾਈਂ ਹੋਈ ਬਾਰਸ਼ ਨੇ ਜਿੱਥੇ ਕਿਸਾਨ ਵੀਰਾਂ ਦੇ ਚਿਹਰੇ ‘ਤੇ ਰੌਣਕ ਲਿਆਂਦੀ ਹੈ ਉੱਥੇ ਇਸ ਬਾਰਸ਼ ਕਾਰਨ ਪੈਦਾ ਹੋਣ ਵਾਲੇ ਮੱਛਰ ਕਰਕੇ ਬਿਮਾਰੀਆਂ ਦਾ ਵੀ ਖ਼ਤਰਾ ਵਧ ਗਿਆ ਹੈ
ਜਾਣਕਾਰੀ ਅਨੁਸਾਰ ਅੱਜ ਪੰਜਾਬ ‘ਚ ਜ਼ਿਲ੍ਹਾ ਬਠਿੰਡਾ, ਫਿਰੋਜ਼ਪੁਰ, ਸੰਗਰੂਰ, ਮਲੋਟ ਤੇ ਹੋਰ ਵੀ ਕਈ ਥਾਵਾਂ ‘ਤੇ ਭਾਰੀ ਹੋਈ ਇਸ ਭਾਰੀ ਬਾਰਸ਼ ਕਾਰਨ ਬਠਿੰਡਾ ਵਿੱਚ ਤਾਂ 10 ਮਿੰਟਾਂ ‘ਚ ਹੀ ਹੜ੍ਹਾਂ ਵਰਗਾ ਮਾਹੌਲ ਬਣ ਗਿਆ ਤੇ ਲੋਕਾਂ ਤੇ ਰਾਹਗੀਰਾਂ ਨੂੰ ਬਹੁਤ ਹੀ ਜ਼ਿਆਦਾ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ ਕਈ ਨੀਵੇਂ ਇਲਾਕਿਆਂ ਵਿਚ ਦੁਕਾਨਾਂ ਤੇ ਘਰਾਂ ਵਿੱਚ ਵੀ ਪਾਣੀ ਦਾਖਲ ਹੋ ਗਿਆ ਬਾਰਸ਼ ਨਾਲ ਘਰਾਂ ਨੂੰ ਪਰਤਣ ਵਾਲੇ ਸਕੂਲੀ ਬੱਚੇ ਖੱਜਲ ਖੁਆਰ ਹੋਏ ਇਹੀ ਹਾਲ ਬਾਕੀ ਸ਼ਹਿਰਾਂ ਦਾ ਵੀ ਰਿਹਾ ਕਿਉਂਕਿ ਪਾਣੀ ਦੀ ਨਿਕਾਸੀ ਲਈ ਪ੍ਰਸ਼ਾਸਨ ਵੱਲੋਂ ਕੋਈ ਪੁਖਤਾ ਪ੍ਰਬੰਧ ਨਹੀਂ ਕੀਤੇ ਗਏ ਸਨ
ਉੱਧਰ ਇਸ ਮੀਂਹ ਨਾਲ ਕਿਸਾਨਾਂ ‘ਚ ਖੁਸ਼ੀ ਪਾਈ ਜਾ ਰਹੀ ਹੈ ਕਿਉਂਕਿ ਝੋਨੇ ਦੀ ਫਸਲ ਨੂੰ ਪੈ ਰਹੀਆਂ ਪੱਤਾ ਲਪੇਟ ਤੇ ਕਈ ਹੋਰ ਬਿਮਾਰੀਆ ਤੋਂ ਇਸ ਮੀਂਹ ਕਾਰਨ ਛੁਟਕਾਰਾ ਮਿਲੇਗਾ ਅਤੇ ਝੋਨੇ ਨੂੰ ਲਗਾਉਣ ਲਈ ਆ ਰਹੀ ਪਾਣੀ ਦੀ ਤੋਟ ਵੀ ਪੂਰੀ ਹੋਵੇਗੀ । ਇਸ ਤੋਂ ਬਿਨਾਂ ਲੋਕਾਂ ਦਾ ਕਹਿਣਾ ਹੈ ਕਿ ਇਸ ਮੀਂਹ ਕਾਰਨ ਕਈ ਥਾਂਈਂ ਕਾਫ਼ੀ ਪਾਣੀ ਜਮ੍ਹਾ ਹੋ ਗਿਆ ਹੈ ਜਿਸ ਕਰਕੇ ਇਸ ‘ਤੇ ਮੱਛਰ ਪੈਦਾ ਹੋਵੇਗਾ, ਜਿਸ ਨਾਲ ਡੇਗੂ , ਮਲੇਰੀਆ ਵਰਗੀਆ ਬਿਮਾਰੀਆਂ ਦੇ ਫੈਲ਼ਣ ਦਾ ਡਰ ਹੈ