ਪਾਵਰਕੌਮ ਵੱਲੋਂ ਤਿੰਨ ਯੂਨਿਟ ਬੰਦ, ਅਗਲੇ ਦਿਨ ਭਰਵੇਂ ਮੀਂਹ ਦੀ ਭਵਿੱਖਬਾਣੀ
ਪਟਿਆਲਾ, (ਖੁਸ਼ਵੀਰ ਸਿੰਘ ਤੂਰ/ਸੱਚ ਕਹੂੰ ਨਿਊਜ਼)। ਝੋਨੇ ਦੇ ਸੀਜ਼ਨ ਵਿੱਚ ਮੀਂਹ ਨੇ ਪਾਵਰਕੌਮ ਦੀ ਸਿਖਰ ‘ਤੇ ਚੜ੍ਹੀ ਮੰਗ ਨੂੰ ਘਟਾ ਕੇ ਪਾਵਰਕੌਮ ਨੂੰ ਵੱਡੀ ਰਾਹਤ ਦਿੱਤੀ ਹੈ। ਇਹ ਮੀਂਹ ਦਾ ਹੀ ਅਸਰ ਹੈ ਕਿ ਪਾਵਰਕੌਮ ਨੇ ਗਰਮੀ ਤੇ ਝੋਨੇ ਦੇ ਸੀਜ਼ਨ ਵਿੱਚ ਆਪਣੇ ਤਿੰਨ ਥਰਮਲ ਪਲਾਟਾਂ ਨੂੰ ਬੰਦ ਕਰ ਦਿੱਤਾ ਹੈ। ਭਾਰੀ ਮੀਂਹ ਕਾਰਨ ਬਿਜਲੀ ਦੀ ਮੰਗ 700 ਲੱਖ ਯੂਨਿਟ ਹੇਠਾਂ ਡਿੱਗ ਗਈ ਹੈ ਜੋ ਕਿ ਅਗਲੇ ਦਿਨਾਂ ਵਿੱਚ ਹੋਰ ਘਟੇਗੀ। ਜਾਣਕਾਰੀ ਅਨੁਸਾਰ ਪੈ ਰਹੀ ਗਰਮੀ ਤੇ ਝੋਨੇ ਦੇ ਸੀਜ਼ਨ ਕਾਰਨ ਬਿਜਲੀ ਦੀ ਮੰਗ ਇਤਿਹਾਸਕ ਵਾਧੇ ਨਾਲ 2600 ਲੱਖ ਯੂਨਿਟ ਤੋਂ ਪਾਰ ਚਲੀ ਗਈ ਸੀ ਤੇ ਪਾਵਰਕੌਮ ਦੇ ਮੱਥੇ ਤਰੇਲੀਆਂ ਸ਼ੁਰੂ ਹੋ ਗਈਆਂ ਸਨ।
1950 ਲੱਖ ਯੂਨਿਟ ‘ਤੇ ਪੁੱਜੀ ਬਿਜਲੀ ਦੀ ਮੰਗ
ਮਾਨਸੂਨ ਦੀ ਅਗੇਤੀ ਦਸਤਕ ਨੇ ਪਾਵਰਕੌਮ ਨੂੰ ਸੁਖਾਲਾ ਸਾਹ ਲਿਆ ਦਿੱਤਾ ਹੈ ਅਤੇ ਸ਼ੁਰੂਆਤੀ ਮੀਂਹ ਨਾਲ ਹੀ ਬਿਜਲੀ ਦੀ ਮੰਗ 700 ਲੱਖ ਯੂਨਿਟ ਡਿੱਗ ਕੇ 1950 ਲੱਖ ਯੂਨਿਟ ‘ਤੇ ਪੁੱਜ ਗਈ ਹੈ। ਬਿਜਲੀ ਦੀ ਘਟੀ ਮੰਗ ਕਾਰਨ ਹੀ ਪਾਵਰਕੌਮ ਵੱਲੋਂ ਆਪਣੇ ਸਰਕਾਰੀ ਥਰਮਲਾਂ ਦੇ ਯੂਨਿਟ ਬੰਦ ਕਰਨੇ ਸ਼ੁਰੂ ਕਰ ਦਿੱਤੇ ਹਨ। ਪਾਰਵਕੌਮ ਵੱਲੋਂ ਅੱਜ ਰੋਪੜ ਥਰਮਲ ਪਲਾਟ ਤੇ 2 ਯੂਨਿਟ ਜਦਕਿ ਲਹਿਰਾ ਮੁਹੱਬਤ ਥਰਮਲ ਪਲਾਂਟ ਦਾ ਇੱਕ ਯੂਨਿਟ ਬੰਦ ਕਰ ਦਿੱਤਾ ਹੈ। ਇੱਧਰ ਮੌਸਮ ਵਿਭਾਗ ਵੱਲੋਂ 48 ਘੰਟਿਆਂ ਵਿੱਚ ਭਰਵੇਂ ਮੀਂਹ ਦਾ ਅੰਦੇਸ਼ਾ ਪ੍ਰਗਟਾਇਆ ਗਿਆ ਹੈ, ਜਿਸ ਨਾਲ ਬਿਜਲੀ ਦੀ ਮੰਗ ਹੋਰ ਵੀ ਹੇਠਾਂ ਆ ਜਾਵੇਗੀ।
ਇੱਧਰ ਮੀਂਹ ਕਾਰਨ ਕਿਸਾਨੀ ਨੂੰ ਵੱਡਾ ਹੁੰਗਾਰਾ ਮਿਲਿਆ ਹੈ ਤੇ ਕਿਸਾਨਾਂ ਵੱਲੋਂ ਮੀਂਹ ਦਾ ਲਾਹਾ ਲੈÎਂਦਿਆਂ ਆਪਣੇ ਝੋਨੇ ਦੇ ਵਾਹਣ ਮਿੰਟੋਂ ਮਿੰਟੀ ਤਿਆਰ ਕੀਤੇ ਜਾ ਰਹੇ ਹਨ। ਕਈ ਥਾਈਂ ਤਾਂ ਕਿਸਾਨਾਂ ਵੱਲੋਂ ਆਪਣੀਆਂ ਮੋਟਰਾਂ ਬੰਦ ਕਰ ਦਿੱਤੀਆਂ ਹਨ। ਪਾਵਰਕੌਮ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋਂ ਬਿਜਲੀ ਦੀ ਭਾਰੀ ਮੰਗ ਤੇ ਬਾਵਜੂਦ ਪੰਜਾਬ ਦੇ ਕਿਸਾਨਾਂ ਸਮੇਤ ਆਮ ਖਪਤਕਾਰਾਂ ਨੂੰ ਬਿਜਲੀ ਵਿੱਚ ਕੋਈ ਦਿੱਕਤ ਨਹੀਂ ਆਉਣ ਦਿੱਤੀ। ਇੱਧਰ ਨਹਿਰਾਂ ਅੰਦਰ ਵੀ ਪਾਣੀ ਵੱਧਣ ਕਾਰਨ ਬਿਜਲੀ ਜਨਰੇਸ਼ਨ ਵਿੱਚ ਵਾਧਾ ਹੋਣ ਦੀ ਆਸ ਹੈ।