ਰਾਜਧਾਨੀ ਵਿੱਚ ਚਾਰ ਤੋਂ ਪੰਜ ਦਿਨਾਂ ਤੱਕ ਮੀਂਹ (Rain) ਪੈ ਸਕਦਾ ਹੈ
ਨਵੀਂ ਦਿੱਲੀ (ਸੱਚ ਕਹੂੰ ਨਿਊਜ਼)। ਰਾਜਧਾਨੀ ਖੇਤਰ (ਐੱਨ.ਸੀ.ਆਰ.) ‘ਚ ਸ਼ੁੱਕਰਵਾਰ ਤੋਂ ਰੁਕ-ਰੁਕ ਕੇ ਹੋ ਰਹੀ ਬਾਰਿਸ਼ (Rain) ਕਾਰਨ ਸ਼ਨੀਵਾਰ ਦੀ ਸਵੇਰ ਨੂੰ ਲੋਕਾਂ ਨੇ ਕੜਾਕੇ ਦੀ ਠੰਢ ਮਹਿਸੂਸ ਕੀਤੀ। ਮੌਸਮ ਵਿਭਾਗ ਅਨੁਸਾਰ ਰਾਜਧਾਨੀ ਵਿੱਚ ਪਿਛਲੇ ਤਿੰਨ ਦਿਨਾਂ ਵਿੱਚ ਤਾਪਮਾਨ ਵਿੱਚ ਕਰੀਬ ਸੱਤ ਡਿਗਰੀ ਸੈਲਸੀਅਸ ਦੀ ਗਿਰਾਵਟ ਦਰਜ ਕੀਤੀ ਗਈ ਹੈ।
ਮੌਸਮ ਵਿਭਾਗ ਨੇ ਪਹਿਲਾਂ ਹੀ ਸ਼ਨਿੱਚਰਵਾਰ ਅਤੇ ਐਤਵਾਰ ਨੂੰ ਦਰਮਿਆਨੀ ਬਾਰਿਸ਼ ਦੀ ਭਵਿੱਖਬਾਣੀ ਕੀਤੀ ਸੀ। ਦਿੱਲੀ-ਐੱਨਸੀਆਰ ‘ਚ ਸ਼ੁੱਕਰਵਾਰ ਦੁਪਹਿਰ ਤੋਂ ਹੀ ਕਾਲੇ ਬੱਦਲ ਛਾਏ ਨਜ਼ਰ ਆ ਰਹੇ ਸਨ। ਬੀਤੀ ਰਾਤ ਤੋਂ ਕਈ ਇਲਾਕਿਆਂ ਵਿੱਚ ਹਲਕੀ ਬਾਰਿਸ਼ ਜਾਰੀ ਹੈ। ਵਿਭਾਗ ਮੁਤਾਬਕ ਬੱਦਲਵਾਈ ਅਤੇ ਮੌਸਮ ਦੇ ਮੱਦੇਨਜ਼ਰ ਰਾਜਧਾਨੀ ਵਿੱਚ ਚਾਰ ਤੋਂ ਪੰਜ ਦਿਨਾਂ ਤੱਕ ਮੀਂਹ ਪੈ ਸਕਦਾ ਹੈ।
ਵਿਭਾਗ ਨੇ 8 ਤੋਂ 12 ਅਕਤੂਬਰ ਦਰਮਿਆਨ ਹਲਕੀ ਬਾਰਿਸ਼ ਹੋਣ ਦੀ ਭਵਿੱਖਬਾਣੀ ਕੀਤੀ ਹੈ। ਜ਼ਿਕਰਯੋਗ ਹੈ ਕਿ ਮੌਨਸੂਨ ਨੇ 29 ਸਤੰਬਰ ਨੂੰ ਰਾਜਧਾਨੀ ਤੋਂ ਵਾਪਸੀ ਕਰ ਲਈ ਹੈ ਅਤੇ ਮਾਨਸੂਨ ਤੋਂ ਬਾਅਦ ਇਹ ਪਹਿਲੀ ਬਾਰਿਸ਼ ਹੋਵੇਗੀ। ਇਹ ਬਾਰਿਸ਼ ਬੰਗਾਲ ਦੀ ਖਾੜੀ ‘ਤੇ ਵਿਕਸਤ ਮੌਨਸੂਨ ਪ੍ਰਣਾਲੀਆਂ ਦੇ ਪ੍ਰਭਾਵ ਕਾਰਨ ਹੋਵੇਗੀ। ਇਸ ਪ੍ਰਭਾਵ ਕਾਰਨ ਦਿੱਲੀ ਸਮੇਤ ਉੱਤਰੀ ਭਾਰਤ ਵਿੱਚ ਕਈ ਥਾਵਾਂ ‘ਤੇ ਮੀਂਹ ਪਵੇਗਾ। ਲਗਾਤਾਰ ਬੱਦਲਵਾਈ ਅਤੇ ਮੀਂਹ ਕਾਰਨ ਵੱਧ ਤੋਂ ਵੱਧ ਅਤੇ ਘੱਟੋ-ਘੱਟ ਤਾਪਮਾਨ ਵਿੱਚ ਵੀ ਗਿਰਾਵਟ ਦਰਜ ਕੀਤੀ ਗਈ ਹੈ। ਤਾਪਮਾਨ ਵਿੱਚ ਗਿਰਾਵਟ ਕੁਝ ਦਿਨਾਂ ਤੱਕ ਜਾਰੀ ਰਹੇਗੀ। ਮੌਸਮ ਵਿਭਾਗ ਅਨੁਸਾਰ ਬਾਰਸ਼ ਤੋਂ ਬਾਅਦ ਵੱਧ ਤੋਂ ਵੱਧ ਤਾਪਮਾਨ 27 ਤੋਂ 28 ਡਿਗਰੀ ਦੇ ਆਸ-ਪਾਸ ਰਹੇਗਾ ਅਤੇ ਇਸ ਵਿੱਚ ਕਰੀਬ ਛੇ ਡਿਗਰੀ ਸੈਲਸੀਅਸ ਦੀ ਗਿਰਾਵਟ ਆਵੇਗੀ। ਘੱਟੋ-ਘੱਟ ਤਾਪਮਾਨ ਵੀ 20 ਡਿਗਰੀ ਸੈਲਸੀਅਸ ਦੇ ਆਸ-ਪਾਸ ਰਹੇਗਾ।
ਇਹ ਵੀ ਪੜ੍ਹੋ : ਬਲਾਕ ਨਿਹਾਲ ਸਿੰਘ ਵਾਲਾ ਦੀ ਸਾਧ-ਸੰਗਤ ਨੇ 20 ਲੋੜਵੰਦ ਪਰਿਵਾਰਾਂ ਨੂੰ ਦਿੱਤਾ ਰਾਸ਼ਨ
ਘੱਟੋ-ਘੱਟ ਤਾਪਮਾਨ 21.8 ਡਿਗਰੀ ਸੈਲਸੀਅਸ ਰਿਹਾ
ਰਾਜਧਾਨੀ ਵਿੱਚ ਸ਼ੁੱਕਰਵਾਰ ਨੂੰ ਵੱਧ ਤੋਂ ਵੱਧ ਤਾਪਮਾਨ 27.1 ਡਿਗਰੀ ਰਿਹਾ, ਜੋ ਆਮ ਨਾਲੋਂ ਸੱਤ ਡਿਗਰੀ ਘੱਟ ਸੀ। ਘੱਟੋ-ਘੱਟ ਤਾਪਮਾਨ 21.8 ਡਿਗਰੀ ਸੈਲਸੀਅਸ ਰਿਹਾ, ਜੋ ਆਮ ਹੈ। ਹਵਾ ਵਿੱਚ ਨਮੀ ਦਾ ਪੱਧਰ 81 ਤੋਂ 96 ਫੀਸਦੀ ਦੇ ਦਾਇਰੇ ਵਿੱਚ ਰਿਹਾ। ਪਿਛਲੇ 24 ਘੰਟਿਆਂ ਦੌਰਾਨ ਅਤੇ ਸਵੇਰੇ 8:30 ਵਜੇ ਤੋਂ ਬਾਅਦ ਵੀ ਰਾਜਧਾਨੀ ਦੇ ਕੁਝ ਇਲਾਕਿਆਂ ਵਿੱਚ ਬੂੰਦਾ-ਬਾਂਦੀ ਹੋਈ। ਸ਼ੁੱਕਰਵਾਰ ਸਵੇਰੇ 8.30 ਵਜੇ ਤੋਂ ਅੱਜ ਸਵੇਰੇ 8 ਵਜੇ ਤੱਕ ਸਫਦਰਜੰਗ 25.3 ਮਿ.ਮੀ., ਪਾਲਮ 0.4 ਮਿ.ਮੀ., ਲੋਦੀ ਰੋਡ 19.4 ਮਿ.ਮੀ., ਰਿਜ 29.0 ਮਿ.ਮੀ., ਆਯਾ ਨਗਰ 10.4 ਮਿ.ਮੀ., ਮੰਗੇਸ਼ਪੁਰ ‘ਚ 1.0 ਮਿਲੀਮੀਟਰ, ਨਜਫਗੜ੍ਹ ‘ਚ 5.0 ਮਿਲੀਮੀਟਰ ਅਤੇ ਗੁਰੂਗ੍ਰਾਮ ‘ਚ ਵੀ ਹਲਕੀ ਬਾਰਿਸ਼ ਦਰਜ ਕੀਤੀ ਗਈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ