ਕਿਸਾਨਾਂ ਦੀ ਚਿਤਾਵਨੀ, ਮੁਸਾਫਰ ਰੇਲ ਚਲਾਈ ਤਾਂ ਮੁੜ ਤੋਂ ਰੇਲ ਟਰੈਕ ‘ਤੇ ਲੱਗਣਗੇ ਧਰਨੇ
ਪੰਜਾਬ ਵਿੱਚ ਅਜੇ ਵੀ ਕਈ ਥਾਂਵਾਂ ‘ਤੇ ਟਰੈਕ ਬਲਾਕ, ਸਰਕਾਰ ਨਾਲ ਰਾਬਤਾ ਕਾਇਮ : ਚੇਅਰਮੈਨ
ਚੰਡੀਗੜ, (ਅਸ਼ਵਨੀ ਚਾਵਲਾ) ਪਿਛਲੇ ਡੇਢ ਮਹੀਨੇ ਤੋਂ ਪੰਜਾਬ ਵਿੱਚ ਚਲ ਰਿਹਾ ‘ਰੇਲ ਸੰਕਟ’ ਅਜੇ ਵੀ ਕਾਇਮ ਹੈ, ਹਾਲਾਂਕਿ ਕੇਂਦਰੀ ਰੇਲਵੇ ਵਲੋਂ ਪੰਜਾਬ ਵਿੱਚ ਮੁੜ ਤੋਂ ਰੇਲ ਦੀ ਬਹਾਲੀ ਦਾ ਐਲਾਨ ਕਰ ਦਿੱਤਾ ਗਿਆ ਹੈ ਪਰ ਕਿਸਾਨਾਂ ਅਤੇ ਰੇਲਵੇ ਦੀ ਆਪਸੀ ਵੱਖਰੇ ਵੱਖਰੇ ਸਟੈਂਡ ਕਰਨ ਇਹ ਸੰਕਟ ਖ਼ਤਮ ਹੁੰਦਾ ਨਜ਼ਰ ਨਹੀਂ ਆ ਰਿਹਾ ਹੈ। ਕੇਂਦਰੀ ਰੇਲਵੇ ਵਲੋਂ ਮਾਲ ਗੱਡੀਆਂ ਦੇ ਨਾਲ ਹੀ ਯਾਤਰੂ ਗੱਡੀਆਂ ਵੀ ਚਲਾਉਣ ਦਾ ਐਲਾਨ ਕੀਤਾ ਜਾ ਰਿਹਾ ਹੈ ਤੇ ਕਿਸਾਨਾਂ ਨੇ ਵੀ ਚਿਤਾਵਨੀ ਦੇ ਦਿੱਤੀ ਹੈ ਕਿ ਪੰਜਾਬ ਵਿੱਚ ਇੱਕ ਵੀ ਮੁਸਾਫਰੂ ਗੱਡੀ ਨਹੀਂ ਆਉਣ ਦਿੱਤੀ ਜਾਏਗੀ,
ਜੇਕਰ ਮੁਸਾਫਰ ਗੱਡੀ ਚਲਾਉਣ ਦੀ ਕੋਸ਼ਸ਼ ਕੀਤੀ ਗਈ ਤਾਂ ਪਹਿਲਾਂ ਵਾਂਗ ਪੰਜਾਬ ਦੇ ਸਾਰੇ ਰੇਲ ਟਰੈਕ ‘ਤੇ ਕਿਸਾਨ ਉੱਤਰਦੇ ਹੋਏ ਮੁੜ ਤੋਂ ਧਰਨਾ ਲਗਾ ਦਿੱਤਾ ਜਾਏਗਾ। ਦੂਜੇ ਪਾਸੇ ਰੇਲਵੇ ਨੇ ਸਾਫ਼ ਕਰ ਦਿੱਤਾ ਹੈ ਕਿ ਰੇਲ ਚਲਾਉਣ ਲਈ ਕਿਸੇ ਵੀ ਸ਼ਰਤ ਨੂੰ ਮੰਨਿਆ ਨਹੀਂ ਜਾ ਸਕਦਾ ਹੈ ਅਤੇ ਮਾਲ ਗੱਡੀਆਂ ਦੇ ਨਾਲ ਹੀ ਮੁਸਾਫਰ ਗੱਡੀਆਂ ਵੀ ਚਲਾਈ ਜਾਣਗੀਆਂ, ਕਿਉਂਕਿ ਪੰਜਾਬ ਵਿੱਚੋਂ ਵੱਡੀ ਗਿਣਤੀ ਵਿੱਚ ਲੋਕ ਤਿਊਹਾਰਾਂ ਕਾਰਨ ਆਪਣੇ ਘਰਾਂ ਨੂੰ ਜਾਣਾ ਚਾਹੁੰਦੇ ਹਨ।
ਜਾਣਕਾਰੀ ਅਨੁਸਾਰ ਪਿਛਲੀ 24 ਸਤੰਬਰ ਤੋਂ ਹੀ ਪੰਜਾਬ ਵਿੱਚ ਕਿਸਾਨਾਂ ਵਲੋਂ ਰੇਲਵੇ ਟਰੈਕ ਜਾਮ ਕੀਤੇ ਹੋਏ ਹਨ ਅਤੇ ਪੰਜਾਬ ਵਿੱਚ ਨਾ ਹੀ ਕੋਈ ਮੁਸਾਫਰ ਗੱਡੀ ਚਲ ਰਹੀ ਹੈ ਅਤੇ ਨਾ ਹੀ ਕੋਈ ਮਾਲ ਗੱਡੀ। ਹਾਲਾਂਕਿ ਕਿਸਾਨਾਂ ਵਲੋਂ 22 ਅਕਤੂਬਰ ਤੋਂ ਹੀ ਮਾਲ ਗੱਡੀਆਂ ਨੂੰ ਚਲਾਉਣ ਲਈ ਟਰੈਕ ਖ਼ਾਲੀ ਕੀਤੇ ਹੋਏ ਹਨ ਪਰ ਰੇਲਵੇ ਟਰੈਕ ਬਲਾਕ ਦੀ ਸੂਚਨਾ ਪੰਜਾਬ ਨੂੰ ਬਾਕੀ ਬੰਦ ਪਏੇ ਰੇਲਵੇ ਟਰੈਕ ਖਾਲੀ ਕਰਵਾਉਣ ਲਈ ਕਹਿ ਰਿਹਾ ਹੈ।
ਬੀਤੇ ਦੋ ਦਿਨਾਂ ਤੋਂ ਲਗਾਤਾਰ ਮੀਡੀਆ ਨਾਲ ਰੂ ਬਰੂ ਹੋ ਰਹੇ ਕੇਂਦਰੀ ਰੇਲਵੇ ਦੇ ਚੇਅਰਮੈਨ ਵਿਨੋਦ ਕੁਮਾਰ ਯਾਦਵ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਸੂਬਾ ਸਰਕਾਰ ਵੱਲੋਂ ਭਰੋਸਾ ਦਿੱਤਾ ਗਿਆ ਸੀ ਕਿ ਸ਼ੁੱਰਕਵਾਰ ਸਵੇਰ ਤੱਕ ਸਾਰੇ ਰੇਲ ਟਰੈਕ ਖ਼ਾਲੀ ਕਰਵਾ ਦਿੱਤੇ ਜਾਣਗੇ ਪਰ ਸ਼ੁੱਕਰਵਾਰ ਸਾਮ ਤੱਕ 15 ਤੋਂ ਜਿਆਦਾ ਰੇਲ ਟਰੈਕ ਬਲਾਕ ਸਨ। ਵਿਨੋਦ ਕੁਮਾਰ ਯਾਦਵ ਨੇ ਕਿਹਾ ਕਿ ਪੰਜਾਬ ਵਿੱਚ ਸਮਾਨ ਦੀ ਸਪਲਾਈ ਕਰਨ ਲਈ ਮਾਲ ਗੱਡੀਆਂ ਤਿਆਰ ਹਨ ਤਾਂ ਮੁਸਾਫਰਾਂ ਨੂੰ ਉਨਾਂ ਦੇ ਸ਼ਹਿਰ ਤੱਕ ਪਹੁੰਚਾਉਣ ਲਈ ਮੁਸਾਫਰ ਗੱਡੀਆ ਵੀ ਤਿਆਰ ਹਨ , ਇਸ ਲਈ ਵੱਡੇ ਪੱਧਰ ‘ਤੇ ਬੂਕਿੰਗ ਵੀ ਰੇਲਵੇ ਕੋਲ ਹੋਈ ਪਈ ਹੈ।
ਉਨਾਂ ਦੱਸਿਆ ਕਿ ਪੰਜਾਬ ਵਿੱਚ ਸਿਰਫ਼ ਮਾਲ ਗੱਡੀਆਂ ਨਹੀਂ ਚਲਾਈ ਜਾਣਗੀਆਂ ਸਗੋਂ ਮੁਸਾਫਰ ਰੇਲ ਨਾਲ ਹੀ ਚੱਲੇਗੀ। ਦੂਜੇ ਪਾਸੇ ਕਿਸਾਨ ਜਥੇਬੰਦੀਆਂ ਨੇ ਸਾਫ਼ ਕਰ ਦਿੱਤਾ ਹੈ ਕਿ ਉਹ ਇੱਕ ਵੀ ਮੁਸਾਫਰ ਗੱਡੀਆ ਪੰਜਾਬ ਵਿੱਚ ਨਹੀਂ ਚਲਣ ਦੇਣਗੇ, ਜੇਕਰ ਇਸ ਸਬੰਧੀ ਧੱਕਾ ਕੀਤਾ ਗਿਆ ਤਾਂ ਕਿਸਾਨ ਮੁੜ ਤੋਂ ਆਪਣੇ ਧਰਨੇ ਲਗਾਉਣਗੇ।
ਬਾਂਹ ਮਰੋੜ ਕੇ ਰੇਲ ਚਲਾਉਣਾ ਚਾਹੁੰਦੇ ਕੇਂਦਰ, 6 ਮਹੀਨੇ ਤੱਕ ਚੱਲੇਗਾ ਅੰਦੋਲਨ : ਰਾਜੇਵਾਲ
ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਪ੍ਰਧਾਨ ਬਲਬੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਕੇਂਦਰ ਸਰਕਾਰ ਮਾਲ ਗੱਡੀਆਂ ਦੇ ਬਹਾਨੇ ਪੰਜਾਬ ਵਿੱਚ ਮੁਸਾਫਰ ਰੇਲ ਚਲਾਉਣ ਦੀ ਕੋਸ਼ਸ਼ ਕਰ ਰਹੀ ਹੈ। ਇਸ ਤਰੀਕੇ ਨਾਲ ਕੇਂਦਰ ਸਰਕਾਰ ਨੂੰ ਬਾਂਹ ਮਰੋੜਨ ਦੀ ਇਜਾਜ਼ਤ ਨਹੀਂ ਦਿੱਤੀ ਜਾਏਗੀ। ਉਨਾਂ ਕਿਹਾ ਕਿ ਪੰਜਾਬ ਵਿੱਚ ਕਿਸਾਨ ਅੰਦੋਲਨ ਕਰ ਰਿਹਾ ਹੈ ਪਰ ਰੇਲ ਚਲਾਉਣ ਲਈ ਸ਼ਰਤ ਕੇਂਦਰ ਸਰਕਾਰ ਰੱਖਣ ਰੱਖ ਰਹੀ ਹੈ। ਇਸ ਤਰਾਂ ਕੇਂਦਰ ਨੂੰ ਕਿਸਾਨ ਆਪਣੀ ਬਾਂਹ ਨਹੀਂ ਮਰੋੜਨ ਨਹੀਂ ਦੇਵੇਗਾ।
ਉਨਾਂ ਕਿਹਾ ਕਿ ਪੰਜਾਬ ਵਿੱਚ ਇੱਕ ਵੀ ਮੁਸਾਫਰ ਰੇਲ ਨਹੀਂ ਚੱਲੇਗੀ, ਇਸ ਲਈ ਕਿਸਾਨ ਜਥੇਬੰਦੀਆਂ ਤਿਆਰ ਹਨ ਅਤੇ ਅੰਦੋਲਨ ਨੂੰ 6 ਮਹੀਨੇ ਤੱਕ ਚਲਾਉਣ ਲਈ ਰਣਨੀਤੀ ਤਿਆਰ ਹੈ। ਜੇਕਰ ਕੇਂਦਰ ਸਰਕਾਰ ਮਾਲ ਗੱਡੀਆਂ ਨਹੀਂ ਚਲਾਉਣਾ ਚਾਹੁੰਦੀ ਹੈ ਤਾਂ ਉਨਾਂ ਦੀ ਮਰਜ਼ੀ ਹੈ ਪਰ ਮਾਲ ਗੱਡੀਆਂ ਨੂੰ ਚਲਾਉਣ ਲਈ ਕੇਂਦਰ ਦੀ ਮੁਸਾਫਰ ਗੱਡੀਆਂ ਲਈ ਰਸਤੇ ਦੀ ਸ਼ਰਤ ਕਿਸੇ ਹਾਲਤ ਨਹੀਂ ਮੰਨੀ ਜਾਏਗੀ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.