ਹੜ੍ਹ ਦੇ ਮੁਆਵਜੇ, ਐੱਮ.ਐੱਸ.ਪੀ ਗਰੰਟੀ ਕਨੂੰਨ, ਕਿਸਾਨ ਮਜਦੂਰ ਦੀ ਕਰਜ਼ ਮੁਕਤੀ ਤੇ ਹੋਰ ਅਹਿਮ ਮੰਗਾਂ
ਅੰਮ੍ਰਿਤਸਰ (ਰਾਜਨ ਮਾਨ) ਉੱਤਰ ਭਾਰਤ ਦੀਆਂ 19 ਜਥੇਬੰਦੀਆਂ ਵੱਲੋਂ ਹੜ੍ਹ ਦੇ ਮੁਆਵਜੇ, ਐੱਮ.ਐੱਸ.ਪੀ ਗਰੰਟੀ ਕਨੂੰਨ, ਕਿਸਾਨ ਮਜਦੂਰ ਦੀ ਕਰਜ਼ ਮੁਕਤੀ ਤੇ ਹੋਰ ਅਹਿਮ ਮੰਗਾਂ ਨੂੰ ਲੈ ਕੇ ਅੱਜ ਪੰਜਾਬ ‘ਚ 17 ਥਾਵਾਂ ਤੇ ਰੇਲਾਂ ਦਾ ਚੱਕਾ ਜਾਮ ਕਰ ਦਿੱਤਾ ਗਿਆ ਹੈ। ਉੱਤਰ ਭਾਰਤ ਦੀਆਂ 19 ਕਿਸਾਨ ਜਥੇਬੰਦੀਆਂ ਵੱਲੋਂ ਅੰਮ੍ਰਿਤਸਰ ਦੇ ਦੇਵੀਦਾਸਪੁਰਾ ਅਤੇ ਮਜੀਠਾ, ਮੋਗਾ ਜਿਲੇ ਦੇ ਮੋਗਾ ਰੇਲ ਸਟੇਸ਼ਨ,ਅਜਿਤਵਾਲ ਅਤੇ ਡਗਰੂ, ਹੁਸ਼ਿਆਰਪੁਰ ਦੇ ਹੁਸ਼ਿਆਰਪੁਰ, ਗੁਰਦਾਸਪੁਰ ਦੇ ਗੁਰਦਾਸਪੁਰ ਅਤੇ ਡੇਰਾ ਬਾਬਾ ਨਾਨਕ , ਜਲੰਧਰ ਦੇ ਜਲੰਧਰ ਕੈਂਟ, ਤਰਨਤਾਰਨ ਵਿੱਚ ਤਰਨਤਾਰਨ , ਸੰਗਰੂਰ ਵਿੱਚ ਸੁਨਾਮ , ਪਟਿਆਲ਼ਾ ਦੇ ਨਾਭਾ, ਫਿਰੋਜਪੁਰ ਦੇ ਬਸਤੀ ਟੈਂਕਾਂ ਵਾਲੀ ਅਤੇ ਮੱਲਾਂਵਾਲਾ, ਬਠਿੰਡਾ ਦੇ ਰਾਮਪੁਰਾ ਫੂਲ, ਫਾਜ਼ਿਲਕਾ ਦੇ ਫਾਜ਼ਿਲਕਾ ਰੇਲ ਸਟੇਸ਼ਨ, ਮਲੇਰਕੋਟਲਾ ਦੇ ਅਹਿਮਦਗੜ੍ਹ ਵਿੱਚ ਰੇਲਾਂ ਦਾ ਤਿੰਨ ਦਿਨਾਂ ਲਈ ਚੱਕਾ ਜਾਮ ਕਰ ਦਿੱਤਾ ਗਿਆ |
ਇਹ ਵੀ ਪੜ੍ਹੋ : ਭਾਰਤ-ਕੈਨੇਡਾ ਸਬੰਧਾਂ ’ਚ ਬਰਕਰਾਰ ਰਿਹਾ ਤਣਾਅ ਤਾਂ ਦਾਲਾਂ ਦੀਆਂ ਕੀਮਤਾਂ ’ਤੇ ਪਾ ਸਕਦੈ ਅਸਰ!
ਇਸ ਸਬੰਧੀ ਜਾਣਕਾਰੀ ਦਿੰਦੇ ਤਾਲਮੇਲ ਕਮੇਟੀ ਦੇ ਆਗੂ ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਮੋਦੀ ਸਰਕਾਰ ਵੱਲੋਂ ਲੋਕ ਹਿੱਤਾਂ ਅਤੇ ਮਸਲਿਆਂ ਦੀ ਲਗਾਤਰ ਘੋਰ ਅਣਦੇਖੀ ਕਰਕੇ ਹੜ੍ਹ ਦੀ ਮਾਰ ਝੱਲ ਰਹੇ ਉੱਤਰੀ ਭਾਰਤ ਦੇ ਰਾਜਾਂ ਦੀ ਕੇਂਦਰ ਵੱਲੋਂ ਢੁਕਵੀਂ ਮਦਦ ਨਾ ਕਰਨ ਕਾਰਨ ਸਥਿਤੀ ਚਿੰਤਾਜਨਕ ਹੈ ਜਿਸ ਲਈ 50 ਹਜ਼ਾਰ ਕਰੋੜ ਦੇ ਰਾਹਤ ਪੈਕੇਜ਼, ਦਿੱਲੀ ਮੋਰਚੇ ਦੌਰਾਨ ਮੰਨੀ ਗਈ ਐੱਮ ਐੱਸ ਪੀ ਗਰੰਟੀ ਕਨੂੰਨ ਬਣਾਉਣ ਦੀ ਅਧੂਰੀ ਮੰਗ ਪੂਰੀ ਕਰਨ ਤੇ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਅਨੁਸਾਰ ਫਸਲਾਂ ਦੇ ਭਾਅ ਤਹਿ ਕਰਨ, ਕਿਸਾਨਾਂ ਮਜਦੂਰਾਂ ਦੀ ਪੂਰਨ ਕਰਜ਼ ਮੁਕਤੀ, ਮਨਰੇਗਾ ਤਹਿਤ ਸਾਲ ਦੇ 200 ਦਿਨ ਰੁਜਗਾਰ,
ਪੰਜਾਬ ਸਮੇਤ ਉਤਰੀ ਭਾਰਤ ਚ ਸਮੈਕ ਹੈਰੋਇਨ ਵਰਗੇ ਮਾਰੂ ਨਸ਼ਿਆਂ ਤੇ ਕੰਟਰੋਲ, ਦਿੱਲੀ ਅੰਦੋਲਨ ਦੌਰਾਨ ਬਣੇ ਕੇਸ ਰੱਦ ਕਰਨ ਅਤੇ ਲਖੀਮਪੁਰ ਕਤਲਕਾਂਡ ਦੇ ਦੋਸ਼ੀਆਂ ਤੇ ਕਾਰਵਾਈ, ਭਾਰਤ ਮਾਲਾ ਪ੍ਰੋਜੈਕਟ ਤਹਿਤ ਬਣ ਰਹੇ ਸੜਕ ਮਾਰਗਾਂ ਲਈ ਐਕੁਆਇਰ ਕੀਤੀਆਂ ਜਾ ਰਹੀਆਂ ਜਮੀਨਾਂ ਦੇ ਰੇਟ 6 ਗੁਣਾ ਵਾਧਾ ਕਰਕੇ ਦੇਣ ਅਤੇ ਭਾਰਤ ਭਰ ਦੇ ਅਬਾਦਕਾਰ ਕਿਸਾਨਾਂ ਮਜਦੂਰਾਂ ਨੂੰ ਆਬਾਦ ਕੀਤੀਆਂ ਜਮੀਨਾਂ ਦੇ ਪੱਕੇ ਮਾਲਕੀ ਹੱਕ ਦੇਣ ਦੀਆਂ ਮੰਗਾਂ ਨੂੰ ਲੈ ਕੇ ਭਾਰਤ ਪੱਧਰੀ ਰੇਲ ਰੋਕੋ ਮੋਰਚੇ ਦੀ ਪੰਜਾਬ ਤੋਂ ਸ਼ੁਰੂਆਤ ਕੀਤੀ ਗਈ ਹੈ ।
ਓਹਨਾ ਕਿਹਾ ਕਿ ਭਾਰਤ ਦੇ ਲੋਕ ਮੋਦੀ ਸਰਕਾਰ ਦੀਆਂ ਕਾਰਪੋਰੇਟ ਪੱਖੀ, ਲੋਕ ਮਾਰੂ ਅਤੇ ਭਾਈਚਾਰਕ ਸਾਂਝ ਤੋੜਨ ਵਾਲੀਆਂ ਨੀਤੀਆਂ ਨੂੰ ਸਮਝ ਚੁੱਕੇ ਹਨ | ਓਹਨਾ ਕਿਹਾ ਕਿ ਰੇਲਾਂ ਜਾਮ ਕਰਨਾ ਜਥੇਬੰਦੀਆਂ ਲਈ ਅਣਖ ਦਾ ਸਵਾਲ ਨਹੀਂ ਬਲਕਿ ਮੰਗਾਂ ਤੇ ਗੱਲ ਨਾ ਸੁਣੀ ਜਾਣ ਕਾਰਨ ਮਜਬੂਰੀ ਹੈ ਅਗਰ ਸਰਕਾਰ ਲੋਕਾਂ ਦੀ ਪ੍ਰੇਸ਼ਾਨੀ ਦਾ ਖਿਆਲ ਰੱਖਦੀ ਤਾਂ ਜਲਦ ਤੋਂ ਜਲਦ ਇਹਨਾਂ ਮੰਗਾਂ ਪ੍ਰਤੀ ਸੁਹਿਰਦਤਾ ਨਾਲ ਕੰਮ ਕਰੇ | ਓਹਨਾ ਕਿਹਾ ਕਿ ਭਾਰਤ ਪੱਧਰੀ ਸੰਘਰਸ਼ ਓਦੋਂ ਤੱਕ ਚੱਲਣਗੇ ਜਦੋ ਤੱਕ ਇਹਨਾਂ ਮੰਗਾਂ ਤੇ ਕੇਂਦਰ ਸਰਕਾਰ ਵੱਲੋਂ ਠੋਸ ਕਾਰਵਾਈ ਨਹੀਂ ਕੀਤੀ ਜਾਂਦੀ |
ਪੁਲਿਸ ਨੇ ਸੁਖਪਾਲ ਖਹਿਰਾ ਨੂੰ ਕੀਤਾ ਗ੍ਰਿਫ਼ਤਾਰ, ਜਾਣੋ ਕੀ ਹੈ ਮਾਮਲਾ?
ਇਸ ਮੌਕੇ ਵੱਖ ਥਾਵਾਂ ਤੇ ਸੁਰਜੀਤ ਸਿੰਘ ਫੂਲ, ਜਸਵਿੰਦਰ ਸਿੰਘ ਲੌਂਗੋਵਾਲ, ਜੰਗ ਸਿੰਘ ਭਟੇੜੀ, ਹਰਪਾਲ ਸਿੰਘ ਸੰਘਾ, ਚਮਕੌਰ ਸਿੰਘ ਬ੍ਰਹਮਕੇ,ਮਲਕੀਤ ਸਿੰਘ ਨਿਜ਼ਾਮੀਵਾਲਾ, ਬਲਬੀਰ ਸਿੰਘ ਰੰਧਾਵਾ, ਸੁਖਵਿੰਦਰ ਸਿੰਘ ਸਭਰਾ, ਸੁਰੇਸ਼ ਕੋਥ (ਹਰਿਆਣਾ) ਨੇ ਹਾਜ਼ਿਰ ਰਹੇ ਅਤੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ, ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ, ਭਾਰਤੀ ਕਿਸਾਨ ਯੂਨੀਅਨ ਏਕਤਾ ਆਜ਼ਾਦ, ਆਜ਼ਾਦ ਕਿਸਾਨ ਕਮੇਟੀ ਦੁਆਬਾ, ਭਾਰਤੀ ਕਿਸਾਨ ਯੂਨੀਅਨ ਬਹਿਰਾਮਕੇ,
ਭਾਰਤੀ ਕਿਸਾਨ ਯੂਨੀਅਨ ਸ਼ਹੀਦ ਭਗਤ ਸਿੰਘ, ਭਾਰਤੀ ਕਿਸਾਨ ਯੂਨੀਅਨ ਛੋਟੂ ਰਾਮ,ਭਾਰਤੀ ਕਿਸਾਨ ਮਜ਼ਦੂਰ ਯੂਨੀਅਨ, ਕਿਸਾਨ ਮਹਾਂ ਪੰਚਾਇਤ ਹਰਿਆਣਾ, ਪੱਗੜੀ ਸੰਭਾਲ ਜੱਟਾ ਹਰਿਆਣਾ, ਪ੍ਰੋਗਰੈਸਿਵ ਫਾਰਮਰ ਫਰੰਟ ਯੂ ਪੀ, ਥਰਾਈ ਕਿਸਾਨ ਮੰਚ ਯੂ. ਪੀ., ਭੂਮੀ ਬਚਾਓ ਮੁਹਿਮ ਉਤਰਾਖੰਡ, ਜੀ ਕੇ ਐਸ ਰਾਜਸਥਾਨ, ਆਜ਼ਾਦ ਕਿਸਾਨ ਯੂਨੀਅਨ ਹਰਿਆਣਾ, ਰਾਸ਼ਟਰੀ ਕਿਸਾਨ ਸਗੰਠਨ ਹਿਮਾਚਲ ਪ੍ਰਦੇਸ਼, ਕਿਸਾਨ ਮਜਦੂਰ ਮੋਰਚਾ ਪੰਜਾਬ, ਬੀ. ਕੇ. ਯੂ. ਭਟੇੜੀ, ਅਤੇ ਸੰਘਰਸ਼ ਨੂੰ ਪੰਜਾਬ ਕਿਸਾਨ ਮਜਦੂਰ ਯੂਨੀਅਨ ਦਾ ਸਹਿਜੋਗ ਰਿਹਾ |