ਬੱਧਨੀ ਕਲਾਂ ਤੋਂ ਟਰੈਕਟਰ ਰੈਲੀ ਸ਼ੁਰੂ ਕਰਕੇ ਪਟਿਆਲਾ ਵਿਖੇ ਹਰਿਆਣਾ ਬਾਰਡਰ ‘ਤੇ ਕਰਨਗੇ ਖ਼ਤਮ
ਪੰਜਾਬ ਵਿੱਚ ਲਗਭਗ 150 ਕਿਲੋਮੀਟਰ ਦਾ ਕਰਨਗੇ ਸਫ਼ਰ ਤੈਅ, ਕਈ ਥਾਂ ‘ਤੇ ਕਰਨਗੇ ਜਨਤਾ ਨੂੰ ਸੰਬੋਧਨ
ਚੰਡੀਗੜ, (ਅਸ਼ਵਨੀ ਚਾਵਲਾ)। ਪੰਜਾਬ ਵਿੱਚ ਵੱਡੇ ਪੱਧਰ ‘ਤੇ ਚੱਲ ਰਹੇ ਕਿਸਾਨੀ ਅੰਦੋਲਨ ਵਿੱਚ ਹੁਣ ਆਲ ਇੰਡੀਆ ਕਾਂਗਰਸ ਪਾਰਟੀ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਐਂਟਰੀ ਮਾਰਨ ਜਾ ਰਹੇ ਹਨ। ਰਾਹੁਲ ਗਾਂਧੀ ਕਿਸਾਨੀ ਦੇ ਮੁੱਦੇ ਨੂੰ ਲੈ ਕੇ ਨਾ ਸਿਰਫ਼ ਅੰਦੋਲਨ ਵਿੱਚ ਭਾਗ ਲੈਣਗੇ, ਸਗੋਂ ਪੰਜਾਬ ਵਿੱਚ 3 ਦਿਨ ਤੱਕ ਰਹਿਣਗੇ। ਸ੍ਰੀ ਗਾਂਧੀ ਖੁਦ ਟਰੈਕਟਰ ‘ਤੇ ਸਵਾਰ ਹੋ ਕੇ ਪੰਜਾਬ ਦੇ ਕਈ ਜ਼ਿਲੇ ਵਿੱਚੋਂ ਗੁਜ਼ਰਦੇ ਹੋਏ ਹਰਿਆਣਾ-ਪੰਜਾਬ ਬਾਰਡਰ ‘ਤੇ ਆਪਣੀ ਇਸ ਅੰਦੋਲਨ ਰੈਲੀ ਨੂੰ ਖ਼ਤਮ ਕਰਨਗੇ।
ਉਹ ਪੰਜਾਬ ਵਿੱਚ ਇਸ ਟਰੈਕਟਰ ਰੈਲੀ ਦੀ ਸ਼ੁਰੂਆਤ 2 ਅਕਤੂਬਰ ਨੂੰ ਸ਼ੁਰੂ ਕਰਨਗੇ ਤੇ 4 ਅਕਤੂਬਰ ਨੂੰ ਪਟਿਆਲਾ ਨੇੜੇ ਹਰਿਆਣਾ ਬਾਰਡਰ ‘ਤੇ ਇਸ ਨੂੰ ਖ਼ਤਮ ਕੀਤਾ ਜਾਏਗਾ। ਇਸ ਦੌਰਾਨ ਮੁੱਖ ਮੰਤਰੀ ਅਮਰਿੰਦਰ ਸਿੰਘ ਅਤੇ ਕਾਂਗਰਸ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਰਾਹੁਲ ਗਾਂਧੀ ਦੇ ਨਾਲ ਹੀ ਰਹੇਗੀ। ਉਹ ਪੰਜਾਬ ਵਿੱਚ ਲਗਭਗ 150 ਕਿਲੋਮੀਟਰ ਦਾ ਸਫ਼ਰ ਟਰੈਕਟਰ ‘ਤੇ ਕਰਦੇ ਨਜ਼ਰ ਆਉਣਗੇ।
ਜਾਣਕਾਰੀ ਅਨੁਸਾਰ ਕੇਂਦਰੀ 3 ਖੇਤੀਬਾੜੀ ਬਿੱਲਾਂ ਦੇ ਵਿਰੋਧ ਵਿੱਚ ਪੰਜਾਬ ਵਿੱਚ ਕਿਸਾਨਾਂ ਵਲੋਂ ਲਗਾਤਾਰ ਅੰਦੋਲਨ ਤੇਜ ਕੀਤਾ ਜਾ ਰਿਹਾ ਹੈ। ਪੰਜਾਬ ਅਤੇ ਹਰਿਆਣਾ ਤੋਂ ਬਾਅਦ ਹੁਣ ਇਹ ਕਿਸਾਨੀ ਅੰਦੋਲਨ ਦੇਸ਼ ਦੇ ਹੋਰ ਸੂਬਿਆਂ ਤੱਕ ਪੁੱਜਦਾ ਨਜ਼ਰ ਆ ਰਿਹਾ ਹੈ ਪਰ ਸਾਰਿਆਂ ਤੋਂ ਜਿਆਦਾ ਅਸਰ ਪੰਜਾਬ ਅਤੇ ਹਰਿਆਣਾ ਵਿੱਚ ਹੀ ਦੇਖਣ ਨੂੰ ਮਿਲ ਰਿਹਾ ਹੈ।
ਜਿਸ ਕਾਰਨ ਦੇਸ਼ ਦੀਆਂ ਸਾਰੀ ਵੱਡੀ ਪਾਰਟੀਆਂ ਦੀ ਹੁਣ ਨਜ਼ਰ ਪੰਜਾਬ ‘ਤੇ ਹੀ ਲੱਗੀ ਹੋਈ ਹੈ। ਕਾਂਗਰਸ ਪਾਰਟੀ ਨੇ ਵੀ ਇਸ ਅੰਦੋਲਨ ਵਿੱਚ ਵੱਡੇ ਪੱਧਰ ‘ਤੇ ਭਾਗ ਲੈਣ ਦਾ ਫੈਸਲਾ ਕਰ ਲਿਆ ਹੈ। ਹੁਣ ਤੱਕ ਕਾਂਗਰਸ ਦੀ ਪੰਜਾਬ ਲੀਡਰਸ਼ਿਪ ਇਸ ਕਿਸਾਨੀ ਅੰਦੋਲਨ ਵਿੱਚ ਭਾਗ ਲੈ ਰਹੀ ਸੀ ਪਰ ਹੁਣ ਇਸ ਅੰਦੋਲਨ ਵਿੱਚ ਕਾਂਗਰਸ ਦੇ ਵੱਡੇ ਚਿਹਰੇ ਰਾਹੁਲ ਗਾਂਧੀ ਵੀ ਇਸ ਅੰਦੋਲਨ ਵਿੱਚ ਭਾਗ ਲੈਣ ਲਈ ਪੰਜਾਬ ਵਿੱਚ ਪੁੱਜ ਰਹੇ ਹਨ। ਰਾਹੁਲ ਗਾਂਧੀ 2 ਅਕਤੂਬਰ ਨੂੰ ਸਵੇਰੇ ਹੀ ਪੰਜਾਬ ਆ ਜਾਣਗੇ ਅਤੇ ਇਸੇ ਦਿਨ ਤੋਂ ਪੰਜਾਬ ਵਿੱਚ ਟਰੈਕਟਰ ਰੈਲੀ ਦਾ ਆਗਾਜ਼ ਉਨਾਂ ਵਲੋਂ ਕੀਤਾ ਜਾਏਗਾ।
ਰਾਹੂਲ ਗਾਂਧੀ ਦੀ ਇਹ ਟਰੈਕਟਰ ਰੈਲੀ 2 ਅਕਤੂਬਰ ਨੂੰ ਬਧਨੀ ਕਲਾਂ ਤੋਂ ਸ਼ੁਰੂ ਹੁੰਦੇ ਹੋਏ ਨਿਹਾਲ ਸਿੰਘ ਵਾਲਾ, ਮੋਗਾ, ਰਾਏਕੋਟ ਹੁੰਦੇ ਹੋਏ ਲੁਧਿਆਣਾ ਪੁੱਜੇਗੀ। ਇਸ ਤੋਂ ਬਾਅਦ 3 ਅਕਤੂਬਰ ਨੂੰ ਧੂਰੀ ਤੋਂ ਟਰੈਕਟਰ ਰੈਲੀ ਸ਼ੁਰੂ ਹੋ ਕੇ ਸੰਗਰੂਰ, ਸਮਾਣਾ ਮੰਡੀ ਤੋਂ ਪਟਿਆਲਾ ਵਿਖੇ ਪੁੱਜੇਗੀ। ਅਗਲੇ ਦਿਨ 4 ਅਕਤੂਬਰ ਨੂੰ ਪਟਿਆਲਾ ਤੋਂ ਦੇਵੀਗੜ੍ਹ ਹੁੰਦੇ ਹੋਏ ਹਰਿਆਣਾ ਬਾਰਡਰ ‘ਤੇ ਪੁੱਜੇਗੀ। ਜਿਥੋਂ ਕਿ ਪੰਜਾਬ ਕਾਂਗਰਸ ਦਾ ਪ੍ਰੋਗਰਾਮ ਖ਼ਤਮ ਹੋਏਗਾ ਅਤੇ ਪੰਜਾਬ ਦੇ ਕਾਂਗਰਸੀ ਲੀਡਰ ਵਾਪਸ ਆ ਜਾਣਗੇ।
ਹਰਿਆਣਾ ਵਿੱਚ ਵੀ ਕਰਨਗੇ ਟਰੈਕਟਰ ਰੈਲੀ
ਰਾਹੁਲ ਗਾਂਧੀ 4 ਅਕਤੂਬਰ ਨੂੰ ਪੰਜਾਬ ਵਿੱਚ ਆਪਣੀ ਟਰੈਕਟਰ ਰੈਲੀ ਖ਼ਤਮ ਕਰਦੇ ਹੋਏ ਹਰਿਆਣਾ ਵਿੱਚ ਦਾਖ਼ਲ ਹੋ ਜਾਣਗੇ, ਜਿਥੋਂ ਕਿ ਹਰਿਆਣਾ ਕਾਂਗਰਸ ਦਾ ਪ੍ਰੋਗਰਾਮ ਸ਼ੁਰੂ ਹੋਏਗਾ। ਹਰਿਆਣਾ ਵਿੱਚ ਟਰੈਕਟਰ ਰੈਲੀ ਕਰਦੇ ਹੋਏ ਰਾਹੁਲ ਗਾਂਧੀ ਅਗਲੇ ਦਿਨ ਦਿੱਲੀ ਬਾਰਡਰ ਕੋਲ ਪੁੱਜਦੇ ਹੋਏ ਦਿੱਲੀ ਵਿੱਚ ਦਾਖਲ ਹੋਣਗੇ। ਹਾਲੇ ਤੱਕ ਹਰਿਆਣਾ ਦਾ ਪ੍ਰੋਗਰਾਮ ਤੈਅ ਨਹੀਂ ਹੋਇਆ ਹੈ, ਇਸ ਲਈ ਇਹ ਦੱਸਿਆ ਨਹੀਂ ਜਾ ਰਿਹਾ ਹੈ ਕਿ ਰਾਹੁਲ ਗਾਂਧੀ ਦੀ ਟਰੈਕਟਰ ਰੈਲੀ ਹਰਿਆਣਾ ਵਿੱਚ ਕਿੰਨੇ ਦਿਨ ਚੱਲੇਗੀ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.