ਕੇਂਦਰੀ ਚੋਣ ਅਥਾਰਟੀ ਨੇ ਦਿੱਤਾ ਸਰਟੀਫਿਕੇਟ
ਏਜੰਸੀ
ਨਵੀਂ ਦਿੱਲੀ, 16 ਦਸੰਬਰ।
ਕਾਂਗਰਸ ਦੇ ਨਵੇਂ ਚੁਣੇ ਪ੍ਰਧਾਨ ਰਾਹੁਲ ਗਾਂਧੀ ਦਾ ਤਾਜਪੋਸ਼ੀ ਸਮਾਰੋਹ ਇੱਥੇ ਪਾਰਟੀ ਹੈੱਡ ਕੁਆਰਟਰ ਵਿਖੇ ਹੋਇਆ। ਸਮਾਰੋਹ ਦੌਰਾਨ ਰਾਹੁਲ ਗਾਂਧੀ ਨੇ ਆਪਣੀ ਮਾਂ ਸੋਨੀਆ ਗਾਂਧੀ ਅਤੇ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੀ ਮੌਜ਼ੂਦਗੀ ਵਿੱਚ ਕਾਂਗਰਸ ਦੇ ਪ੍ਰਧਾਨ ਵਜੋਂ ਅਹੁਦਾ ਸੰਭਾਲ ਲਿਆ। ਤਾਜਪੋਸ਼ੀ ਸਮਾਰੋਹ ਸਵੇਰੇ 11 ਵਜੇ ਹੋਇਆ।
ਇਸ ਮੌਕੇ ਕਾਂਗਰਸ ਦੀ ਕੇਂਦਰੀ ਚੋਣ ਅਥਾਰਟੀ ਦੇ ਚੇਅਰਮੈਨ ਮੁੱਲਾਪੁੱਲੀ ਰਾਮਚੰਦਰਨ ਨੇ ਰਾਹੁਲ ਨੂੰ ਪਾਰਟੀ ਪ੍ਰਧਾਨ ਚੁਣੇ ਜਾਣ ਦਾ ਸਰਟੀਫਿਕੇਟ ਦਿੱਤਾ। ਸਰਟੀਫਿਕੇਟ ਲੈਣ ਲਈ ਕਾਂਗਰਸ ਵਿੱਚ ਪਹਿਲੀ ਵਾਰ ਵੱਖਰਾ ਪ੍ਰੋਗਰਾਮ ਹੋਇਆ।
ਇਸ ਤਾਜਪੋਸ਼ੀ ਨਾਲ ਰਾਹੁਲ ਗਾਂਧੀ ਨੇ 132 ਸਾਲ ਪੁਰਾਣੀ ਪਾਰਟੀ ਦੀ ਵਿਰਾਸਤ ਨੂੰ ਸੰਭਾਲ ਲਿਆ। ਰਾਹੁਲ ਦੀ ਤਾਜਪੋਸ਼ੀ ਲਈ ਕਾਂਗਰਸ ਦਫ਼ਤਰ ਨੂੰ ਸਜਾਇਆ ਗਿਆ। ਹੈੱਡ ਕੁਆਰਟਰ ‘ਤੇ ਸ਼ਨੀਵਾਰ ਦੀ ਸਵੇਰ ਲੋਕਾਂ ਦੀ ਭੀੜ ਲੱਗਣੀ ਸ਼ੁਰੂ ਹੋ ਗਈ ਸੀ।
ਸਮਰਥਕ ਬੈਂਡ-ਵਾਜਿਆਂ, ਪੋਸਟਰਾਂ ਅਤੇ ਬੈਨਰਾਂ ਨਾਲ ਪਾਰਟੀ ਦਫ਼ਤਰ ਪੁੱਜੇ। ਪਾਰਟੀ ਹੈੱਡ ਕੁਆਰਟਰ ਕੋਲ ਸੁਰੱਖਿਆ ਵੀ ਵਧਾਈ ਗਈ। ਇਸ ਸਮਾਰੋਹ ਵਿੱਚ ਪਾਰਟੀ ਦੇ ਸੀਨੀਅਰ ਨੇਤਾਵਾਂ ਤੋਂ ਇਲਾਵਾ ਹੋਰ ਰਾਜਾਂ ਦੇ ਮੁੱਖ ਲੀਡਰ ਅਤੇ ਵਰਕਰ ਸ਼ਾਮਲ ਹੋਏ।
ਅਹੁਦਾ ਸੰਭਾਲਣ ਪਿੱਛੋਂ ਪ੍ਰਧਾਨ ਮੰਤਰੀ ‘ਤੇ ਰਾਹੁਲ ਦਾ ਪਹਿਲਾ ਵਾਰ
ਇਸ ਮੌਕੇ ਸੰਬੋਧਨ ਕਰਦਿਆਂ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ‘ਤੇ ਵਰ੍ਹਦਿਆਂ ਕਿਹਾ ਕਿ ਕਾਂਗਰਸ ਦੇਸ਼ ਨੂੰ ਅੱਗੇ ਲਿਜਾਉਣਾ ਚਾਹੁੰਦੀ ਹੈ ਪਰ ਪ੍ਰਧਾਨ ਮੰਤਰੀ ਪਿੱਛੇ ਲਿਜਾ ਰਹੇ ਹਨ।। ਭਾਜਪਾ ਦੇ ਲੋਕ ਪੂਰੇ ਦੇਸ਼ ਵਿੱਚ ਅੱਗ ਲਗਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਉਹ ਅੱਗ ਲਗਾਉਂਦੇ ਹਨ, ਅਸੀਂ ਬੁਝਾਉਂਦੇ ਹਾਂ।
ਉਨ੍ਹਾਂ ਕਿਹਾ ਕਿ ਅੱਜ ਦੇਸ਼ ਵਿੱਚ ਲੋਕਾਂ ਨੂੰ ਇਸ ਲਈ ਕੁੱਟਿਆ ਜਾਂਦਾ ਹੈ ਕਿ ਉਨ੍ਹਾਂ ਦਾ ਭਰੋਸਾ ਵੱਖਰਾ ਹੈ ਅਤੇ ਉਨ੍ਹਾਂ ਨੂੰ ਖਾਣੇ ਲਈ ਵੀ ਮਾਰ ਦਿੱਤਾ ਜਾਂਦਾ ਹੈ।। ਅੱਜ ਲੋਕਾਂ ਦੀ ਸੇਵਾ ਲਈ ਰਾਜਨੀਤੀ ਦੀ ਵਰਤੋਂ ਨਹੀਂ ਹੋ ਰਹੀ ਹੈ ਸਗੋਂ ਜਨਤਾ ਨੂੰ ਕੁਚਲਿਆ ਜਾ ਰਿਹਾ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।