ਪ੍ਰਧਾਨ ਦੀ ਚੋਣ ਪ੍ਰਕਿਰਿਆ ਤੋਂ ਹਟੇ ਰਾਹੁਲ ਗਾਂਧੀ, ਸੋਨੀਆ

President, Selection Process, Removed Rahul Gandhi, Sonia

ਰਾਜਸਥਾਨ ਦੇ ਸੀਐਮ ਗਹਿਲੋਤ ਬੋਲੇ, ਮੈਂ ਪ੍ਰਧਾਨਗੀ ਅਹੁਦੇ ਦੀ ਦੌੜ ‘ਚ ਨਹੀਂ

ਨਵੀਂ ਦਿੱਲੀ (ਏਜੰਸੀ) ਨਵੇਂ ਕਾਂਗਰਸ ਪ੍ਰਧਾਨ ਦੀਆਂ ਚੋਣਾਂ ਲਈ ਪਾਰਟੀ ਦੀ ਸਰਵਉੱਚ ਨੀਤੀ-ਨਿਰਧਾਰਿਕ ਇਕਾਈ ਕਾਰਜ ਕਮੇਟੀ ਦੀ ਅੱਜ ਹੋਈ ਮੀਟਿੰਗ ‘ਚ ਕਿਸੇ ਨਾਂਅ ‘ਤੇ ਸਹਿਮਤੀ ਨਹੀਂ ਬਣ ਸਕੀ ਤੇ ਇਸ ਲਈ ਪੰਜ ਕਮੇਟੀਆਂ ਬਣਾਈਆਂ ਗਈਆਂ ਜੋ ਆਪਣੀ-ਆਪਣੀ ਸਲਾਹ ਦੇਣਗੀਆਂ ਤੇ ਇਸ ਤੋਂ ਬਾਅਦ ਕਾਰਜ ਕਮੇਟੀ ਅੰਤਿਮ ਫੈਸਲਾ ਲਵੇਗੀ ਕਾਂਗਰਸ ਸੰਸਦੀ ਦਲ ਦੀ ਆਗੂ ਸੋਨੀਆ ਗਾਂਧੀ ਨੇ ਕਿਹਾ ਕਿ ਨਵੇਂ ਕਾਂਗਰਸ ਪ੍ਰਧਾਨ ਦੇ ਚੋਣ ਦੀ ਪ੍ਰਕਿਰਿਆ ‘ਚ ਉਹ ਤੇ ਮੌਜ਼ੂਦਾ ਪ੍ਰਧਾਨ ਰਾਹੁਲ ਗਾਂਧੀ ਸ਼ਾਮਲ ਨਹੀਂ ਹੋਣਗੇ

ਪਾਰਟੀ ਦੀ ਸਰਵਉੱਚ ਨੀਤੀ ਤੈਅ ਇਕਾਈ ਕਾਰਜ ਕਮੇਟੀ ਦੀ ਪਾਰਟੀ ਦਫ਼ਤਰ ‘ਚ ਚੱਲ ਰਹੀ ਮੀਟਿੰਗ ਵਿਚਾਲੇ ਛੱਡ ਕੇ ਆਪਣੀ ਰਿਹਾਇਸ਼ ਵੱਲ ਨਿਕਲਦਿਆਂ ਸ੍ਰੀਮਤੀ ਗਾਂਧੀ ਨੇ ਕਿਹਾ, ਅਸੀਂ ਦੋਵੇਂ ਇਸ ਪ੍ਰਕਿਰਿਆ ਦਾ ਹਿੱਸਾ ਨਹੀਂ ਹੋ ਸਕਦੇ ਮੇਰੇ ਤੇ ਰਾਹੁਲ ਦੇ ਪ੍ਰਧਾਨ ਚੁਣਨ ‘ਚ ਰਹਿਣਾ ਸਹੀ ਨਹੀਂ ਹੈ ਇਸ ਲਈ ਅਸੀਂ ਲੋਕ ਬਾਹਰ ਜਾ ਰਹੇ ਹਾਂ ਇਸ ਦਰਮਿਆਨ ਕਾਰਜ ਕਮੇਟੀ ਦੀ ਮੀਟਿੰਗ ‘ਚ ਪੰਜ ਕਮੇਟੀਆਂ ਦਾ ਗਠਨ ਕੀਤਾ ਗਿਆ ਹੈ ਜੋ ਵੱਖ-ਵੱਖ ਵਿਚਾਰ-ਵਟਾਂਦਰਾ ਕਰਕੇ ਪਾਰਟੀ ਦੇ ਨਵੇਂ ਪ੍ਰਧਾਨ ਲਈ ਆਪਣੀ ਸਲਾਹ ਦੇਣਗੀਆਂ

ਮੀਟਿੰਗ ‘ਚ ਇਹ ਉੱਘੇ ਆਗੂ ਹੋਏ ਸ਼ਾਮਲ

ਕਾਂਗਰਸ ਦੇ ਸੂਤਰਾਂ ਅਨੁਸਾਰ ਪਾਰਟੀ ਦੇ ਨਵੇਂ ਪ੍ਰਧਾਨ ਨੂੰ ਲੈ ਕੇ ਮੁਕੁਲ ਵਾਸਨੀਕ, ਮਲਿਕਾਅਰਜੁਨ ਖੜਗੇ, ਅਸ਼ੋਕ ਗਹਿਲੋਤ, ਸੁਸ਼ੀਲ ਕੁਮਾਰ ਸ਼ਿੰਦੇ ਸਮੇਤ ਕਈ ਸੀਨੀਅਰ ਆਗੂਆਂ ਦੇ ਨਾਵਾਂ ਦੀ ਚਰਚਾ ਹੈ ਇਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਪਾਰਟੀ ਦੇ ਕਈ ਦਿੱਗਜ਼ ਆਗੂਆਂ ਨੇ ਯੂਪੀਏ ਦੀ ਚੇਅਰਪਰਸ਼ਨ ਸੋਨੀਆ ਗਾਂਧੀ ਨਾਲ ਮੁਲਾਕਾਤ ਕੀਤੀ ਸੀ ਕਾਂਗਰਸ ਕਾਰਜ ਕਮੇਟੀ ਦੀ ਮੀਟਿੰਗ ‘ਚ ਹਿੱਸਾ ਲੈਣ ਲਈ ਰਾਹੁਲ ਗਾਂਧੀ, ਸੋਨੀਆ ਗਾਂਧੀ, ਪ੍ਰਿਅੰਕਾ ਗਾਂਧੀ, ਕੇਸੀ ਵੇਣੂਗੋਪਾਲ, ਅਹਿਮਦ ਪਟੇਲ, ਰਣਦੀਪ ਸੂਰਜੇਵਾਲਾ, ਆਰਪੀਐਨ ਸਿੰਘ, ਹਰੀਸ਼ ਰਾਵਤ, ਮੀਰਾ ਕੁਮਾਰ ਵਰਗੇ ਦਿੱਗਜ਼ ਆਗੂ ਪਹੁੰਚੇ ਹਨ

ਮੀਟਿੰਗ ‘ਚ ਰਾਹੁਲ ਨੂੰ ਪ੍ਰਧਾਨ ਬਣੇ ਰਹਿਣ ਦੀ ਅਪੀਲ

ਕਾਂਗਰਸ ਸੰਚਾਰ ਵਿਭਾਗ ਦੇ ਮੁਖੀ ਰਣਦੀਪ ਸਿੰਘ ਸੂਰਜੇਵਾਲਾ ਨੇ ਪਾਰਟੀ ਦਫ਼ਤਰ ‘ਚ ਕਾਰਜ ਕਮੇਟੀ ਦੀ ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨੂੰ ਦੱਸਿਆ ਕਿ ਸਾਰੇ ਮੈਂਬਰਾਂ ਨੇ ਰਾਹੁਲ ਗਾਂਧੀ ਨੂੰ ਪ੍ਰਧਾਨ ਅਹੁਦੇ ‘ਤੇ ਬਣੇ ਰਹਿਣ ਦੀ ਅਪੀਲ ਕੀਤੀ ਪਰ ਉਨ੍ਹਾਂ ਕਿਹਾ ਕਿ ਉਹ ਆਪਣੇ ਅਸਤੀਫ਼ੇ ‘ਤੇ ਅਡੋਲ ਹਨ

ਮਹਾਂਰਾਸ਼ਟਰ, ਹਰਿਆਣਾ ਦੀਆਂ ਚੋਣਾਂ ਸਿਰ ‘ਤੇ

ਦਰਅਸਲ, ਰਾਹੁਲ ਗਾਂਧੀ ਦੇ ਅਸਤੀਫ਼ੇ ਤੋਂ ਬਾਅਦ ਬਣੀ ਸ਼ਸੋਪੰਜ ਦੀ ਸਥਿਤੀ ਤੇ ਅਗਵਾਈ ਦੇ ਸੰਕਟ ਨੇ ਪਾਰਟੀ ਦੀਆਂ ਮੁਸ਼ਕਲਾਂ ਵਧਾ ਦਿੱਤੀਆਂ ਹਨ ਆਰਟੀਕਲ 370 ਸਮੇਤ ਕਈ ਮੁੱਦਿਆਂ ‘ਤੇ ਪਾਰਟੀ ਦੇ ਆਗੂ ਵੱਖ-ਵੱਖ ਬਿਆਨ ਦੇ ਰਹੇ ਹਨ ਕਈ ਆਗੂ ਹੌਲੀ-ਹੌਲੀ ਪਾਰਟੀ ਨੂੰ ਅਲਵਿਦਾ ਵੀ ਕਹਿ ਰਹੇ ਹਨ ਰਾਹੁਲ ਗਾਂਧੀ ਦੇ ਅਸਤੀਫ਼ੇ ਤੋਂ ਬਾਅਦ ਅਗਲੇ ਪ੍ਰਧਾਨ ਦੀ ਚੋਣ ਸਬੰਧੀ ਕਈ ਦੌਰ ਦੀਆਂ ਮੀਟਿੰਗਾਂ ਹੋਈਆਂ, ਪਰ ਕਿਸੇ ਨਾਂਅ ‘ਤੇ ਸਹਿਮਤੀ ਨਹੀਂ ਬਣ ਸਕੀ ਪਾਰਟੀ ਲਈ ਇਹ ਇਸ ਵਜ੍ਹਾ ਨਾਲ ਵੀ ਚਿੰਤਾ ਦੀ ਗੱਲ ਹੈ ਕਿ ਮਹਾਂਰਾਸ਼ਟਰ, ਹਰਿਆਣਾ ਤੇ ਝਾਰਖੰਡ ਵਰਗੇ ਅਹਿਮ ਸੂਬਿਆਂ ‘ਚ ਛੇਤੀ ਹੀ ਵਿਧਾਨ ਸਭਾ ਦੀਆਂ ਚੋਣਾਂ ਹੋਣ ਵਾਲੀਆਂ ਹਨ