ਨਵੀਂ ਦਿੱਲੀ। ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਜੰਮੂ-ਕਸ਼ਮੀਰ ਜਾਣ ਦੀ ਆਪਣੀ ਮੰਗ ਬੁੱਧਵਾਰ ਨੂੰ ਫਿਰ ਦੋਹਰਾਈ ਅਤੇ ਰਾਜਪਾਲ ਸੱਤਿਆਪਾਲ ਮਲਿਕ ਤੋਂ ਪੁੱਛਿਆ ਕਿ ਉਹ ਕਦੋਂ ਆ ਸਕਦੇ ਹਨ। ਰਾਹੁਲ ਨੇ ਕਿਹਾ ਕਿ ਉਨ੍ਹਾਂ ਨੇ ਜੰਮੂ-ਕਸ਼ਮੀਰ ਆਉਣ ਅਤੇ ਲੋਕਾਂ ਨਾਲ ਮਿਲਣ ਦਾ ਮਲਿਕ ਦਾ ਸੱਦਾ ਬਿਨਾਂ ਕਿਸੇ ਸ਼ਰਤ ਦੇ ਸਵੀਕਾਰ ਕਰ ਲਿਆ ਹੈ। ਉਨ੍ਹਾਂ ਨੇ ਆਪਣੇ ਟਵੀਟ ਕਰਦੇ ਹੋਏ ਕਿਹਾ,”ਪ੍ਰਿਯ ਮਲਿਕ ਜੀ, ਮੈਂ ਆਪਣੇ ਟਵੀਟ ‘ਤੇ ਤੁਹਾਡਾ ਜਵਾਬ ਦੇਖਿਆ। ਮੈਂ ਜੰਮੂ-ਕਸ਼ਮੀਰ ਆਉਣ ਅਤੇ ਲੋਕਾਂ ਨੂੰ ਮਿਲਣ ਦੇ ਤੁਹਾਡੇ ਸੱਦੇ ਨੂੰ ਬਿਨਾਂ ਕਿਸੇ ਸ਼ਰਤ ਦੇ ਸਵੀਕਾਰ ਕਰਦਾ ਹਾਂ। ਮੈਂ ਕਦੋਂ ਆ ਸਕਦਾ ਹਾਂ? ਮਲਿਕ ਨੇ ਰਾਜ ਦਾ ਦੌਰਾ ਕਰਨ ਲਈ ਸ਼ਰਤਾਂ ਲਗਾਉਣ ਨੂੰ ਲੈ ਕੇ ਮੰਗਲਵਾਰ ਨੂੰ ਕਾਂਗਰਸ ਨੇਤਾ ਦੀ ਆਲੋਚਨਾ ਕੀਤੀ ਅਤੇ ਦੋਸ਼ ਲਗਾਇਆ।
ਕਿ ਗਾਂਧੀ ਵਿਰੋਧੀ ਨੇਤਾਵਾਂ ਦਾ ਵਫ਼ਦ ਲਿਆਉਣ ਦੀ ਮੰਗ ਕਰ ਕੇ ਅਸ਼ਾਂਤੀ ਪੈਦਾ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਕਸ਼ਮੀਰ ‘ਚ ਹਿੰਸਾ ਦੀਆਂ ਖਬਰਾਂ ਸੰਬੰਧੀ ਗਾਂਧੀ ਦੇ ਬਿਆਨ ‘ਤੇ ਮਲਿਕ ਨੇ ਸੋਮਵਾਰ ਨੂੰ ਕਿਹਾ ਸੀ ਕਿ ਉਹ ਰਾਹੁਲ ਗਾਂਧੀ ਲਈ ਇਕ ਜਹਾਜ਼ ਭੇਜਾਂਗੇ ਤਾਂ ਕਿ ਉਹ ਘਾਟੀ ਦਾ ਦੌਰਾ ਕਰਨ ਅਤੇ ਜ਼ਮੀਨੀ ਹਕੀਕਤ ਜਾਣਨ। ਰਾਜਪਾਲ ਨੇ ਇਕ ਬਿਆਨ ‘ਚ ਕਿਹਾ ਕਿ ਰਾਹੁਲ ਨੇ ਯਾਤਰਾ ਲਈ ਕਈ ਸ਼ਰਤਾਂ ਰੱਖੀਆਂ ਸਨ ਜਿਨ੍ਹਾਂ ‘ਚ ਨਜ਼ਰਬੰਦ ਮੁੱਖ ਧਾਰਾ ਦੇ ਨੇਤਾਵਾਂ ਨਾਲ ਮੁਲਾਕਾਤ ਵੀ ਸ਼ਾਮਲ ਹੈ। ਕਾਂਗਰਸ ਨੇ ਰਾਜ ਦਾ ਦੌਰਾ ਕਰਨ ਦੇ ਪ੍ਰਸਤਾਵ ‘ਤੇ ਯੂ-ਟਰਨ ਲੈਣ ਲਈ ਰਾਜਪਾਲ ‘ਤੇ ਪਲਟਵਾਰ ਕੀਤਾ ਅਤੇ ਕਿਹਾ ਕਿ ਉਨ੍ਹਾਂ ਨੂੰ ਆਪਣੀ ਗੱਲ ‘ਤੇ ਕਾਇਮ ਰਹਿਣਾ ਚਾਹੀਦਾ।