ਨਾਭਾ ਜੇਲ੍ਹ ਅੰਦਰ ਡੇਰਾ ਸ਼ਰਧਾਲੂ ਦੇ ਹੋਏ ਕਤਲ ਨੇ ਖੜ੍ਹੇ ਕੀਤੇ ਸੁਆਲ

Questions, Raised, Dera Folower, Killed, Nabha Jail

ਪੰਜਾਬ ਦੀ ਸ਼ਾਂਤੀ ਨੂੰ ਲਾਂਬੂ ਲਾਉਣ ਦੀ ਕੋਸ਼ਿਸ਼

ਪੰਜਾਬ ਦੇ ਖੁਫੀਆ ਤੰਤਰ ਦੀ ਵੀ ਖੁੱਲ੍ਹੀ ਪੋਲ, ਆਖਰ ਕਿਸ ਦੇ ਇਸ਼ਾਰੇ ‘ਤੇ ਦਿੱਤਾ ਗਿਆ ਇਸ ਕਤਲ ਨੂੰ ਅੰਜਾਮ

ਖੁਸ਼ਵੀਰ ਸਿੰਘ ਤੂਰ, ਪਟਿਆਲਾ

ਨਵੀਂ ਜ਼ਿਲ੍ਹਾ ਜੇਲ੍ਹ ਨਾਭਾ ਅੰਦਰ ਡੇਰਾ ਸ਼ਰਧਾਲੂ ਮਹਿੰਦਰਪਾਲ ਬਿੱਟੂ ਦਾ ਬੇਰਹਿਮੀ ਨਾਲ ਕੀਤੇ ਗਏ ਕਤਲ ਨਾਲ ਜਿੱਥੇ ਜੇਲ੍ਹ ਪ੍ਰਸ਼ਾਸਨ ਦੀ ਵੱਡੀ ਅਣਗਿਹਲੀ ਸਾਹਮਣੇ ਆਈ ਹੈ, ਉੱਥੇ ਪੰਜਾਬ ਦੇ ਖੁਫੀਆ ਤੰਤਰ ਦੇ ਵੀ ਸੁਆਲ ਖੜ੍ਹੇ ਹੋਏ ਹਨ। ਇੱਧਰ ਇਸ ਕਤਲ ਕਾਂਡ ਨੂੰ ਮ੍ਰਿਤਕ ਦੇ ਪਰਿਵਾਰ ਤੇ ਸਾਧ-ਸੰਗਤ ਵੱਲੋਂ ਇੱਕ ਸਾਜਿਸ਼ ਤਹਿਤ ਅੰਜਾਮ ਦਿੱਤੇ ਜਾਣ ਦੇ ਦੋਸ਼ ਲਾਏ ਜਾ ਰਹੇ ਹਨ। ਜਾਣਕਾਰੀ ਅਨੁਸਾਰ ਪਹਿਲਾਂ ਵੀ ਨਾਭਾ ਦੀ ਅਤੀ ਸਰੁੱਖਿਅਤ ਨਾਭਾ ਜੇਲ੍ਹ ਜਿੱਥੇ ਕਿ ਕੁਝ ਸਾਲ ਪਹਿਲਾਂ ਨਵੰਬਰ 2016 ਗੈਂਗਸਟਰ ਵਿੱਕੀ ਗੋਡਰ ਸਮੇਤ ਹੋਰਨਾਂ ਨੂੰ ਪੁਲਿਸ ਦੀ ਵਰਦੀ ‘ਚ ਉਨ੍ਹਾਂ ਦੇ ਸਾਥੀਆਂ ਵੱਲੋਂ ਹਮਲਾ ਕਰਕੇ ਛੁਡਾ ਲਿਆ ਜਾਂਦਾ ਹੈ ਤੇ ਇਸ ਮਾਮਲੇ ਨੇ ਵੀ ਜੇਲ੍ਹ ਦੇ ਸੁਰੱਖਿਆ ਪ੍ਰਬੰਧਾਂ ਦੀ ਪੋਲ ਖੋਲ੍ਹੀ ਸੀ। ਹੁਣ ਨਵੀਂ ਜ਼ਿਲ੍ਹਾ ਜੇਲ੍ਹ ਅੰਦਰ ਪ੍ਰਸ਼ਾਸਨ ਦੀਆਂ ਅੱਖਾਂ ਸਾਹਮਣੇ ਦਿਨ ਦਿਹਾੜੇ ਬਿੱਟੂ ਦੇ ਕਤਲ ਨੇ ਜੇਲ੍ਹ ਅੰਦਰ ਕਿੰਨੀ ਕੁ ਸੁਰੱਖਿਆ ਹੈ, ਨੂੰ ਸਭ ਦੇ ਸਾਹਮਣੇ ਬਿਆਨ ਕਰ ਦਿੱਤਾ ਹੈ।

ਜੇਲ੍ਹ ਪ੍ਰਸ਼ਾਸਨ ਦੀ ਸਭ ਤੋਂ ਵੱਡੀ ਨਲਾਇਕੀ ਇਹ ਹੈ ਕਿ ਜੇਕਰ ਜੇਲ੍ਹ ਅੰਦਰ ਕੰਸਟਰੱਕਸ਼ਨ ਦਾ ਕੰਮ ਚੱਲ ਰਿਹਾ ਸੀ ਤਾਂ ਉੱਥੋਂ ਪਹਿਲਾਂ ਕੈਂਦੀਆਂ ਜਾਂ ਬੰਦੀਆਂ ਨੂੰ ਕਿਧਰੇ ਹੋਰ ਸ਼ਿਫ਼ਟ ਕਰਨਾ ਚਾਹੀਦਾ ਸੀ। ਦੂਜਾ ਕੰਟਰੱਕਸ਼ਨ ਵਾਲੀ ਥਾਂ ਵੱਲ ਜਾਣ ਲਈ ਕਿਉਂ ਕਿਸੇ ਕੈਂਦੀ ਨੂੰ ਜੇਲ੍ਹ ਪ੍ਰਸ਼ਾਸਨ ਨੇ ਰੋਕਿਆ ਨਹੀਂ। ਸੁਆਲ ਇਹ ਵੀ ਖੜ੍ਹੇ ਹੋ ਰਹੇ ਹਨ ਕਿ ਇਹ ਬਿੱਟੂ ਦਾ ਕਤਲ ਸੋਚੀ ਸਮਝੀ ਸਾਜਿਸ਼ ਦਾ ਹਿੱਸਾ ਤਾਂ ਨਹੀਂ? ਕੀ ਕਿਤੇ ਸਮਾਜ ਵਿਰੋਧੀਆਂ ਵੱਲੋਂ ਪੰਜਾਬ ਦੀ ਸ਼ਾਂਤੀ ਨੂੰ ਲਾਬੂ ਲਾਉਣ ਦੀ ਕੋਸ਼ਿਸ਼ ਤਾਂ ਨਹੀਂ? ਡੇਰਾ ਸ਼ਰਧਾਲੂ ਮਹਿੰਦਰਪਾਲ ਬਿੱਟੂ ਦੇ ਕਤਲ ਨੇ ਪੰਜਾਬ ਦੇ ਖੁਫ਼ੀਆਂ ਤੰਤਰ ‘ਤੇ ਵੀ ਸੁਆਲ ਖੜ੍ਹੇ ਕਰ ਦਿੱਤੇ ਹਨ ਕਿ ਜੇਲ੍ਹ ਅੰਦਰ ਐਨੀ ਵੱਡੀ ਸਾਜਿਸ਼ ਨੂੰ ਅੰਜਾਮ ਦੇਣ ਦਾ ਪਲਾਨ ਚੱਲ ਰਿਹਾ ਸੀ, ਪਰ ਉਨ੍ਹਾਂ ਨੂੰ ਭਿਣਕ ਨਹੀਂ ਪਈ। ਜੇਕਰ ਬਿੱਟੂ ਕਿਸੇ ਸੰਵੇਦਨਸ਼ੀਲ ਮਾਮਲੇ ‘ਚ ਹਵਾਲਾਤੀ ਸੀ ਤਾਂ ਫਿਰ ਉਸ ਦੀ ਸੁਰੱਖਿਆ ਨੂੰ ਟਿੱਚ ਕਿਉਂ ਜਾਣਿਆ ਗਿਆ। ਜੇਲ੍ਹ ‘ਚ ਬੰਦ ਜਿਸ ਕੈਦੀ ਅਤੇ ਬੰਦੀ ਵੱਲੋਂ ਇਸ ਡੇਰਾ ਸ਼ਰਧਾਲੂ ਦੇ ਕਤਲ ਨੂੰ ਅੰਜਾਮ ਦਿੱਤਾ ਗਿਆ ਇਸ ਪਿੱਛੇ ਕਿਹੜੀਆਂ ਤਾਕਤਾਂ ਦਾ ਹੱਥ ਹੈ ਅਤੇ ਉਨ੍ਹਾਂ ਵੱਲੋਂ ਕਿਸ ਦੇ ਇਸ਼ਾਰੇ ‘ਤੇ ਕਾਂਡ ਨੂੰ ਅੰਜਾਮ ਦਿੱਤਾ ਗਿਆ ਹੈ।

ਇਨ੍ਹਾਂ ਸਾਰੇ ਸੁਆਲਾਂ ਨੇ ਪੰਜਾਬ ਸਰਕਾਰ ਸਮੇਤ ਜੇਲ੍ਹ ਮੰਤਰੀ ਦੀ ਕਾਰਗੁਜਾਰੀ ‘ਤੇ ਸਵਾਲੀਆ ਨਿਸ਼ਾਨ ਖੜ੍ਹੇ ਕਰ ਦਿੱਤੇ ਹਨ ਕਿ ਜੇਕਰ ਜੇਲ੍ਹਾਂ ਅੰਦਰ ਹੀ ਕਤਲਾਂ ਨੂੰ ਅੰਜਾਮ ਦਿੱਤੇ ਜਾਣ ਲੱਗੇ ਤਾਂ ਫਿਰ ਬਾਹਰ ਕਿੱਥੋਂ ਸੁਰੱਖਿਆ ਦੀ ਆਸ ਕੀਤੀ ਜਾ ਸਕਦੀ ਹੈ। ਇੱਧਰ ਬਿੱਟੂ ਦੇ ਪਰਿਵਾਰਕ ਮੈਂਬਰਾਂ ਵੱਲੋਂ ਕਤਲ ਨੂੰ ਵੱਡੀ ਸਾਜਿਸ਼ ਕਰਾਰ ਦਿੱਤਾ ਗਿਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਜਦੋਂ ਉਹ ਮੁਲਾਕਾਤ ਲਈ ਜਾਂਦੇ ਸਨ, ਤਾਂ ਬਿੱਟੂ ਨਾਲ 10 ਮੁਲਾਜ਼ਮਾਂ ਦੇ ਸਾਏ ਹੇਠ ਮੁਲਾਕਾਤ ਕਰਵਾਈ ਜਾਂਦੀ ਸੀ ਤਾਂ ਫਿਰ ਜੇਲ੍ਹ ਅੰਦਰ ਜੇਕਰ ਉਹ ਆਪਣੀ ਬੈਰਕ ਤੋਂ ਬਾਹਰ ਜਾਂਦਾ ਹੈ ਤਾਂ ਫਿਰ ਉਸ ਨਾਲ ਕੋਈ ਸੁਰੱਖਿਆ ਮੁਲਾਜ਼ਮ ਕਿਉਂ ਨਹੀਂ ਸੀ? ਉਂਜ ਭਾਵੇਂ ਮੁੱਖ ਮੰਤਰੀ ਵੱਲੋਂ ਜਾਂਚ ਦੇ ਆਦੇਸ਼ ਦਿੱਤੇ ਹਨ ਤੇ ਜੇਲ੍ਹ ਮੰਤਰੀ ਵੱਲੋਂ ਵੀ ਇਨ੍ਹਾਂ ਦੋਸ਼ੀਆਂ ਖਿਲਾਫ਼ ਸਖਤ ਕਾਰਵਾਈ ਦੀ ਗੱਲ ਆਖੀ ਗਈ ਹੈ, ਪਰ ਜੇਲ੍ਹ ‘ਚ ਹੋਏ ਇਸ ਕਤਲ ਨੇ ਕੈਂਦੀਆਂ ਦੀ ਸੁਰੱਖਿਆ ਦੀ ਪੋਲ ਖੋਲ੍ਹ ਦਿੱਤੀ ਹੈ। ਇਸ ਮਾਮਲੇ ਸਬੰਧੀ ਆਈਜੀ ਪਟਿਆਲਾ ਜੋਨ ਏ. ਐਸ. ਰਾਏ ਦਾ ਕਹਿਣਾ ਹੈ ਕਿ ਇਸ ਮਾਮਲੇ ਸਬੰਧੀ ਜਾਂਚ ਚੱਲ ਰਹੀ ਹੈ ਤੇ ਮੁੱਖ ਮੰਤਰੀ ਵੱਲੋਂ ਸਖਤ ਆਦੇਸ਼ ਜਾਰੀ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਪਹਿਲਾਂ ਹੀ ਜੇਲ੍ਹ ਅਧਿਕਾਰੀਆਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ, ਜੇਕਰ ਇਸ ਮਾਮਲੇ ਵਿੱਚ ਹੋਰ ਵੀ ਕੋਈ ਅਣਗਹਿਲੀ ਸਾਹਮਣੇ ਆਈ ਤਾਂ ਕਿਸੇ ਨੂੰ ਬਖਸ਼ਿਆ ਨਹੀਂ ਜਾਵੇਗਾ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।