ਲੋਕ ਨਿਰਮਾਣ ਵਿਭਾਗ ਵੱਲੋਂ ਸੜਕ ਚੌੜੀ ਕਰਨ ਲਈ ਨਹੀਂ ਵੱਢਿਆ ਜਾ ਰਿਹਾ ਕੋਈ ਦਰੱਖਤ: ਸਿੰਗਲਾ

ਲੋਕ ਨਿਰਮਾਣ ਵਿਭਾਗ ਵੱਲੋਂ ਸੜਕ ਚੌੜੀ ਕਰਨ ਲਈ ਨਹੀਂ ਵੱਢਿਆ ਜਾ ਰਿਹਾ ਕੋਈ ਦਰੱਖਤ: ਸਿੰਗਲਾ

ਸੰਗਰੂਰ, (ਗੁਰਪ੍ਰੀਤ ਸਿੰਘ) ਲੋਕ ਨਿਰਮਾਣ ਵਿਭਾਗ ਤੇ ਸਕੂਲ ਸਿੱਖਿਆ ਮੰਤਰੀ ਪੰਜਾਬ ਸ਼੍ਰੀ ਵਿਜੈ ਇੰਦਰ ਸਿੰਗਲਾ ਨੇ ਕਿਹਾ ਕਿ ਦਿਨੋ-ਦਿਨ ਵੱਧ ਰਹੀ ਟਰੈਫਿਕ ਦੀ ਸਮੱਸਿਆ ਤੋਂ ਨਿਜ਼ਾਤ ਪਾਉਣ ਲਈ ਸ਼ੁਰੂ ਕੀਤੇ ਗਏ ਸੜਕਾਂ ਚੌੜੀਆਂ ਕਰਨ ਦੇ ਪ੍ਰੋਜੈਕਟ ਲਈ ਲੋਕ ਨਿਰਮਾਣ ਵਿਭਾਗ ਵੱਲੋਂ ਕੋਈ ਦਰੱਖਤ ਜਾਂ ਬੂਟਾ ਪੁੱਟਿਆ ਨਹੀਂ ਜਾ ਰਿਹਾ। ਉਨ੍ਹਾਂ ਕਿਹਾ ਕਿ ਜਦੋਂ ਵੀ ਕਿਸੇ ਸੜਕ ਨੂੰ ਚੌੜਾ ਕਰਨ ਲਈ ਲੋਕ ਨਿਰਮਾਣ ਵਿਭਾਗ ਵੱਲੋਂ ਕੋਈ ਐਸਟੀਮੇਟ ਤਿਆਰ ਕੀਤਾ ਜਾਂਦਾ ਹੈ ਤਾਂ ਇਸ ਗੱਲ ਦਾ ਖ਼ਾਸ ਖਿਆਲ ਰੱਖਿਆ ਜਾਂਦਾ ਹੈ ਕਿ ਵੱਧ ਤੋਂ ਵੱਧ ਬੂਟਿਆਂ ਤੇ ਦਰੱਖਤਾਂ ਨੂੰ ਬਚਾਇਆ ਜਾ ਸਕੇ।

ਕੈਬਨਿਟ ਮੰਤਰੀ ਨੇ ਦੱਸਿਆ ਕਿ ਕੁਝ ਲੋਕਾਂ ਵੱਲੋਂ ਸੰਗਰੂਰ ਵਿਚਲੀ ਐਕਸਚੇਂਜ ਰੋਡ ‘ਤੇ ਲੱਗੇ ਬੂਟਿਆਂ ਨੂੰ ਸੜਕ ਚੌੜੀ ਕਰਨ ਲਈ ਪੁੱਟੇ ਜਾਣ ਬਾਰੇ ਗਲਤ ਅਫ਼ਵਾਹ ਫੈਲਾਈ ਜਾ ਰਹੀ ਹੈ ਜਦਕਿ ਹਕੀਕਤ ‘ਚ ਅਜਿਹਾ ਕੁਝ ਨਹੀਂ ਕੀਤਾ ਜਾ ਰਿਹਾ। ਉਨ੍ਹਾਂ ਕਿਹਾ ਕਿ ਲੋਕ ਨਿਰਮਾਣ ਵਿਭਾਗ ਵੱਲੋਂ ਸੜਕ ਨੂੰ ਚੌੜੀ ਕਰਨ ਦਾ ਕੰਮ ਇੰਟਰਲਾਕ ਟਾਈਲਾਂ ਲਗਾ ਕੇ ਪਹਿਲਾਂ ਹੀ ਮੁਕੰਮਲ ਕਰ ਲਿਆ ਗਿਆ ਹੈ ਅਤੇ ਹੁਣ ਸਿਰਫ ਸੜਕ ਦੇ ਵਿਚਕਾਰ ਲੱਗੀ ਬਿਜਲੀ ਦੀ ਸਪਲਾਈ ਲਾਈਨ ਦੇ ਖੰਭਿਆਂ ਨੂੰ ਪਿੱਛੇ ਹਟਾਇਆ ਜਾ ਰਿਹਾ ਹੈ।

ਕੈਬਨਿਟ ਮੰਤਰੀ ਨੇ ਦੱਸਿਆ ਕਿ ਬਿਜਲੀ ਸਪਲਾਈ ਲਾਈਨ ਪਿੱਛੇ ਹਟਾਉਣ ਨਾਲ ਵੀ ਕਿਸੇ ਬੂਟੇ ਨੂੰ ਪੁੱਟਣ ਜਾਂ ਵੱਢਣ ਦੀ ਜ਼ਰੂਰਤ ਨਹੀਂ ਪੈਣੀ ਕਿਉਂਕਿ ਲੋਕ ਨਿਰਮਾਣ ਵਿਭਾਗ ਵੱਲੋਂ ਖੰਭਿਆਂ ਦੀ ਉਚਾਈ 8 ਮੀਟਰ ਤੋਂ ਵਧਾ ਕੇ 11 ਮੀਟਰ ਕਰਨ ਦੇ ਨਾਲ-ਨਾਲ ਸਪੈਸ਼ਲ ਤਾਰ ਦੀ ਵਰਤੋਂ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਖ਼ਾਸ ਤਾਰ ਦੀ ਵਰਤੋਂ ਨਾਲ ਇਸ ਕੰਮ ‘ਤੇ ਲਾਗਤ ‘ਚ ਤਾਂ ਵਾਧਾ ਹੋਵੇਗਾ ਪਰ ਕੋਈ ਵੀ ਬੂਟਾ ਵੱਢਣਾ ਨਹੀਂ ਪਵੇਗਾ। ਲੋਕ ਨਿਰਮਾਣ ਮੰਤਰੀ ਨੇ ਕਿਹਾ ਕਿ ਜਿੱਥੋਂ ਤੱਕ ਬੂਟਿਆਂ ਦੀ ਕਾਂਟ-ਛਾਂਟ ਦੀ ਗੱਲ ਹੈ,

vijay inder singla

ਉਹ ਕਰਨੀ ਕਈ ਕਿਸਮਾਂ ਲਈ ਜ਼ਰੂਰੀ ਵੀ ਹੁੰਦੀ ਹੈ ਅਤੇ ਬਾਰਿਸ਼ ਦੇ ਮੌਸਮ ‘ਚ ਬਿਜਲੀ ਦੀਆਂ ਤਾਰਾਂ ਨੂੰ ਛੂੰਹਦੀਆਂ ਟਾਹਣੀਆਂ ਸੁਰੱਖਿਆ ਕਾਰਨਾਂ ਕਰਕੇ ਵੱਢਣੀਆਂ ਪੈਂਦੀਆਂ ਹਨ ਕਿਉਂਕਿ ਹਾਈ ਵੋਲਟੇਜ ਵਾਲੀ ਤਾਰ ਨਾਲ ਟਾਹਣੀ ਲੱਗਣ ਕਰਕੇ ਪੂਰੇ ਬੂਟੇ ‘ਚ ਕਰੰਟ ਆਉਣ ਦਾ ਖ਼ਤਰਾ ਬਣ ਜਾਂਦਾ ਹੈ। ਉਨ੍ਹਾਂ ਕਿਹਾ ਕਿ ਇਸਦੇ ਨਾਲ ਹੀ ਦਰੱਖਤ ਦੀਆਂ ਟਾਹਣੀਆਂ ਲੱਗਣ ਨਾਲ ਤਾਰਾਂ ਟੁੱਟਣ ਦਾ ਖ਼ਦਸ਼ਾ ਵੀ ਬਣ ਜਾਂਦਾ ਹੈ ਜੋ ਨੇੜਿਉਂ ਲੰਘਣ ਵਾਲੇ ਰਾਹਗੀਰਾਂ ਦੀ ਸੁਰੱਖਿਆ ਲਈ ਖ਼ਤਰਾ ਪੈਦਾ ਕਰਦਾ ਹੈ ਜਿਸ ਕਾਰਨ ਪੂਰਾ ਬੂਟਾ ਵੱਢਣ ਦੀ ਥਾਂ ਟਾਹਣੀਆਂ ਛਾਂਗਣੀਆਂ ਜ਼ਰੂਰੀ ਹੋ ਜਾਂਦੀਆਂ ਹਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ

LEAVE A REPLY

Please enter your comment!
Please enter your name here