ਕਿਹਾ, ਮੋਦੀ ਸਰਕਾਰ ਨੇ ਹਮੇਸ਼ਾ ਹੀ ਹਿੰਦੂ-ਸਿੱਖ ਏਕਤਾ ਨੂੰ ਕਾਇਮ ਰੱਖਣ ਦਾ ਕੰਮ ਕੀਤਾ
ਜੇਕਰ ਲੋਕਾਂ ਨੇ ਮੌਕਾ ਦਿੱਤਾ ਤਾਂ ਹਲਕਾ ਬੱਲੂਆਣਾ ਤੋਂ ਪੱਛੜਿਆ ਸ਼ਬਦ ਹਮੇਸ਼ਾ ਲਈ ਮਿਟਾ ਦੇਵਾਂਗੀ : ਵੰਦਨਾ ਸਾਂਗਵਾਲ
(ਸੁਧੀਰ ਅਰੋੜਾ) ਅਬੋਹਰ । ਭਾਰਤੀ ਜਨਤਾ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਜੇ.ਪੀ. ਨੱਡਾ (JP Nadda) ਨੇ ਕਿਹਾ ਕਿ ਇੱਕ ਪਾਸੇ ਜਿੱਥੇ ਦੁਨੀਆਂ ਦੇ ਕਈ ਦੇਸ਼ ਅੱਜ ਵੀ ਅੱਤਵਾਦੀ ਘਟਨਾਵਾਂ ਨਾਲ ਜੂਝ ਰਹੇ ਹਨ ਉਥੇ ਹੀ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਦੀਆਂ ਸਰਹੱਦਾਂ ਦੀ ਸੁਰੱਖਿਆ ਵਧਾ ਕੇ ਦੇਸ਼ ਵਾਸੀਆਂ ਨੂੰ ਪੂਰੀ ਤਰ੍ਹਾਂ ਸੁਰੱਖਿਅਤ ਕੀਤਾ ਹੈ। ਇਸ ਦੇ ਨਾਲ ਹੀ ਪਾਕਿਸਤਾਨ ਦੇ ਨਾਲ ਲੱਗਦੇ ਸਰਹੱਦੀ ਹਲਕੇ ਬੱਲੂਆਣਾ ਦੇ ਲੋਕਾਂ ਨੂੰ ਭਾਜਪਾ ਦਾ ਸਾਥ ਦੇ ਕੇ ਪ੍ਰਧਾਨ ਮੰਤਰੀ ਦੇ ਹੱਥ ਮਜਬੂਤ ਕਰਨੇ ਚਾਹੀਦੇ ਹਨ ਤਾਂ ਕਿ ਪੰਜਾਬ ਦਾ ਭਵਿੱਖ ਸੁਰੱਖਿਅਤ ਕੀਤਾ ਜਾ ਸਕੇ। ਸ਼੍ਰੀ ਨੱਢਾ ਮੰਗਲਵਾਰ ਨੂੰ ਵਿਧਾਨ ਸਭਾ ਹਲਕਾ ਬੱਲੂਆਣਾ ਤੋਂ ਭਾਜਪਾ ਦੀ ਉਮੀਦਵਾਰ ਸ਼੍ਰੀਮਤੀ ਵੰਦਨਾ ਸਾਂਗਵਾਲ ਦੇ ਸਮੱਰਥਨ ਵਿੱਚ ਪਿੰਡ ਸੀਤੋ ਗੁੰਨੋਂ ਦੀ ਦਾਣਾ ਮੰਡੀ ਵਿੱਚ ਇੱਕ ਜਨਸਭਾ ਨੂੰ ਸੰਬੋਧਿਤ ਕਰ ਰਹੇ ਸਨ।
ਸ਼੍ਰੀ ਨੱਢਾ (JP Nadda) ਨੇ ਕਿਹਾ ਕਿ ਪਿਛਲੇ ਕਈ ਸਾਲਾਂ ਤੋਂ ਦੇਸ਼ ਵਿਰੋਧੀ ਤਾਕਤਾਂ ਨਾਲ ਜੂਝ ਰਹੇ ਪੰਜਾਬ ਦਾ ਭਵਿੱਖ ਭਾਜਪਾ ਦੇ ਹੱਥਾਂ ਵਿੱਚ ਹੀ ਸੁਰੱਖਿਅਤ ਹੈ। ਕਿਉਂਕਿ ਦੇਸ਼ ਵਿਰੋਧੀ ਤਾਕਤਾਂ ਪੰਜਾਬ ਦੇ ਰਸਤੇ ਹੀ ਸਾਡੇ ਦੇਸ਼ ’ਤੇ ਹਮਲਾ ਕਰਦੀਆਂ ਹਨ। ਪ੍ਰਧਾਨ ਮੰਤਰੀ ਮੋਦੀ ਨੇ ਆਪਣੇ 8 ਸਾਲਾਂ ਦੇ ਕਾਰਜਕਾਲ ਵਿੱਚ 1 ਕਰੋੜ 42 ਲੱਖ ਲੋਕਾਂ ਨੂੰ ਮਕਾਨ ਬਣਾ ਕੇ ਦਿੱਤੇ ਜਦੋਂਕਿ ਆਜ਼ਾਦੀ ਦੇ ਬਾਅਦ ਤੋਂ ਲੈ ਕੇ ਅੱਜ ਤੱਕ ਹਨ੍ਹੇਰੇ ਵਿੱਚ ਡੁੱਬੇ ਰਹਿਣ ਵਾਲੇ 18 ਹਜਾਰ ਪਿੰਡਾਂ ਤੱਕ ਬਿਜਲੀ ਪਹੁੰਚਾਉਣ ਦਾ ਕੰਮ ਕੀਤਾ ਹੈ। ਸ਼੍ਰੀ ਨੱਢਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੇ ਦੇਸ਼ ਦੇ 50 ਕਰੋੜ ਲੋਕਾਂ ਨੂੰ 5 ਲੱਖ ਰੁਪਏ ਤੱਕ ਮੁਫ਼ਤ ਇਲਾਜ਼ ਦੀ ਸਹੂਲਤ ਦਿੱਤੀ ਹੈ ਜਿਸ ਵਿੱਚ 45 ਲੱਖ ਲੋਕ ਇਕੱਲੇ ਪੰਜਾਬ ਦੇ ਸ਼ਾਮਿਲ ਹਨ।
ਉਨ੍ਹਾਂ (JP Nadda) ਕਿਹਾ ਕਿ ਮੋਦੀ ਸਰਕਾਰ ਨੇ ਹਮੇਸ਼ਾ ਹੀ ਹਿੰਦੂ-ਸਿੱਖ ਏਕਤਾ ਨੂੰ ਕਾਇਮ ਰੱਖਣ ਦਾ ਕੰਮ ਕੀਤਾ ਹੈ। ਉਨ੍ਹਾਂ ਕਿਹਾ ਕਿ ਪੰਜਾਬੀਆਂ ਦੇ ਸੁਪਨਿਆਂ ਦਾ ਪੰਜਾਬ ਸਿਰਫ ਭਾਜਪਾ ਹੀ ਬਣਾ ਸਕਦੀ ਹੈ।ਇਸ ਲਈ ਆਉਣ ਵਾਲੀ 20 ਫਰਵਰੀ ਨੂੰ ਆਪਣਾ ਇੱਕ-ਇੱਕ ਕੀਮਤੀ ਵੋਟ ਭਾਜਪਾ ਉਮੀਦਵਾਰ ਵੰਦਨਾ ਸਾਂਗਵਾਲ ਨੂੰ ਪਾ ਕੇ ਨਰਿੰਦਰ ਮੋਦੀ ਦੇ ਹੱਥ ਮਜਬੂਤ ਕਰੋ। ਇਸ ਦੌਰਾਨ ਸ਼੍ਰੀਮਤੀ ਵੰਦਨਾ ਸਾਂਗਵਾਲ ਨੇ ਕਿਹਾ ਕਿ ਅੱਜ ਉਨ੍ਹਾਂ ਨੂੰ ਪੂਰੇ ਹਲਕੇ ਦੇ ਲੋਕਾਂ ਦਾ ਭਾਰੀ ਸਮੱਰਥਨ ਹਾਸਲ ਹੋ ਰਿਹਾ ਹੈ ਉਥੇ ਹੀ ਸ਼੍ਰੀ ਨੱਢਾ ਦੇ ਆਉਣ ਨਾਲ ਉਨ੍ਹਾਂ ਦੀ ਸਥਿਤੀ ਹੋਰ ਵੀ ਮਜਬੂਤ ਹੋਈ ਹੈ । ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਆਉਣ ਸਬੰਧੀ ਵੀ ਲੋਕਾਂ ਵਿੱਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ ਤੇ ਉਨ੍ਹਾਂ ਦੀ ਰੈਲੀ ਇਤਿਹਾਸਿਕ ਹੋਵੇਗੀ।ਸ਼੍ਰੀਮਤੀ ਸਾਂਗਵਾਲ ਨੇ ਕਿਹਾ ਕਿ ਜੇਕਰ ਲੋਕਾਂ ਨੇ ਉਨ੍ਹਾਂ ਨੂੰ ਮੌਕਾ ਦਿੱਤਾ ਤਾਂ ਉਹ ਹਲਕਾ ਬੱਲੂਆਣਾ ਤੋਂ ਪੱਛੜਿਆ ਸ਼ਬਦ ਹਮੇਸ਼ਾ ਲਈ ਮਿਟਾ ਦੇਣਗੇ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ