Punjab AQI: ਪੰਜਾਬ ਹੋਇਆ ਹਾਲੋਂ-ਬੇਹਾਲ, ਹਵਾ ਗੁਣਗੱਤਾ ਨੇ ਘੁੱਟਿਆ ਲੋਕਾਂ ਦਾ ਦਮ

Punjab AQI
Punjab AQI: ਪੰਜਾਬ ਹੋਇਆ ਹਾਲੋਂ-ਬੇਹਾਲ, ਹਵਾ ਗੁਣਗੱਤਾ ਨੇ ਘੁੱਟਿਆ ਲੋਕਾਂ ਦਾ ਦਮ

Punjab AQI: ਅੰਮ੍ਰਿਤਸਰ ਅਤੇ ਮੰਡੀ ਗੋਬਿੰਦਗੜ੍ਹ ਦਾ ਹਵਾ ਗੁਣਵੱਤਾ ਪੱਧਰ 300 ਨੂੰ ਪਾਰ

Punjab AQI: ਪਟਿਆਲਾ (ਖੁਸ਼ਵੀਰ ਸਿੰਘ ਤੂਰ)। ਸੂਬੇ ਅੰਦਰ ਧੁੰਦ ਅਤੇ ਧੂੰਏ ਕਾਰਨ ਸਥਿਤੀ ਮੁੜ ਖ਼ਰਾਬ ਪੱਧਰ ’ਤੇ ਪੁੱਜ ਗਈ ਹੈ। ਬੀਤੇ ਕੱਲ੍ਹ ਦੇਰ ਸ਼ਾਮ ਨੂੰ ਪੰਜਾਬ ਦੀ ਆਬੋ-ਹਵਾ ਬਦਹਾਲ ਹੋ ਗਈ ਅਤੇ ਧੂੰਆਂ ਲੋਕਾਂ ਦੇ ਘਰਾਂ ਅੰਦਰ ਦਾਖਲ ਹੋ ਗਿਆ ਇੱਧਰ ਅੱਜ ਮੰਡੀ ਗੋਬਿੰਦਗੜ੍ਹ ਅਤੇ ਅੰਮ੍ਰਿਤਸਰ ਅੰਦਰ ਹਵਾ ਗੁਣਵੱਤਾ ਦਾ ਪੱਧਰ (ਏਕਿਊਆਈ) 300 ਤੋਂ ਪਾਰ ਹੋ ਗਿਆ ਹੈ। ਅੱਜ ਸਵੇਰੇ ਆਲਮ ਇਹ ਰਿਹਾ ਕਿ ਧੁੰਦ ਕਾਰਨ ਦਿਸਣ ਦੂਰੀ ਬਹੁਤ ਘੱਟ ਰਹੀ ਅਤੇ ਸ਼ਾਮ ਚਾਰ ਵਜੇ ਦੇ ਕਰੀਬ ਹੀ ਸੂਰਜ ਦੇਵਤਾ ਦੇ ਕੁਝ ਸਮੇਂ ਲਈ ਹੀ ਦਰਸ਼ਨ ਹੋਏ।

Read Also : Abohar News: ਮੁਫ਼ਤ ਮੈਡੀਕਲ ਚੈਕਅੱਪ ਦੌਰਾਨ 133 ਮਰੀਜ਼ਾਂ ਨੂੰ ਵੰਡੀਆਂ ਮੁਫ਼ਤ ਦਵਾਈਆਂ

ਜਾਣਕਾਰੀ ਅਨੁਸਾਰ ਅੱਜ ਸਵੇਰੇ ਸੰਘਣੀ ਧੁੰਦ ਦੀ ਸ਼ੁਰੂਆਤ ਹੋ ਗਈ ਅਤੇ ਠੰਢ ਨੇ ਜ਼ੋਰ ਫੜ ਲਿਆ। ਧੁੰਦ ਕਾਰਨ ਆਉਣ ਜਾਣ ਵਾਲੇ ਵਾਹਨਾਂ ਦੀ ਰਫ਼ਤਾਰ ਘੱਟ ਰਹੀ ਅਤੇ ਕੰਮ-ਧੰਦਿਆਂ ’ਤੇ ਜਾਣ ਵਾਲੇ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਝੋਨੇ ਦੀ ਪਰਾਲੀ ਨੂੰ ਅੱਗਾਂ ਲਾਉਣ ਕਾਰਨ ਵਾਤਾਵਰਨ ਵਿੱਚ ਧੂੰਆਂ ਧਰੋਲ ਵਰਗੀ ਸਥਿਤੀ ਪੈਦਾ ਹੋ ਗਈ ਅਤੇ ਲੰਘੇ ਦੇਰ ਸ਼ਾਮ ਨੂੰ ਧੂੰਆਂ ਲੋਕਾਂ ਦੇ ਘਰਾਂ ਵਿੱਚ ਵੀ ਦਾਖਲ ਹੋ ਗਿਆ। ਇਸ ਦੇ ਨਾਲ ਹੀ ਜ਼ਹਿਰੀਲੇ ਵਾਤਾਵਰਨ ਕਾਰਨ ਸਾਹ ਅਤੇ ਦਮੇ ਦੇ ਮਰੀਜ਼ਾਂ ਸਮੇਤ ਬੱਚਿਆਂ ਨੂੰ ਖੰਘ-ਜੁਖਾਮ, ਬੁਖਾਰ ਆਦਿ ਜ਼ੋਰ ਫ਼ੜ ਰਿਹਾ ਹੈ। Punjab AQI

ਧੂੰਆਂ ਲੋਕਾਂ ਦੇ ਘਰਾਂ ਤੱਕ ਪੁੱਜਿਆ, ਸੂਰਜ ਦੇਵਤਾ ਦਾ ਵੀ ਸਾਹ ਘੁੱਟਿਆ | Punjab AQI

ਸੂਬੇ ਦੇ ਵੱਖ-ਵੱਖ ਜ਼ਿਲ੍ਹਿਆਂ ਅੰਦਰ ਜੇਕਰ ਹਵਾ ਗੁਣਵੱਤਾ ਪੱਧਰ ਦੀ ਗੱਲ ਕੀਤੀ ਜਾਵੇ ਤਾ ਸ਼ਾਮ ਚਾਰ ਵਜੇ ਦੀ ਰਿਪੋਰਟ ਮੁਤਾਬਿਕ ਅੰਮ੍ਰਿਤਸਰ ਦਾ ਏਕਿਊਆਈ ਪੱਧਰ ਸਭ ਤੋਂ ਖਰਾਬ ਦਰਜ ਕੀਤਾ ਗਿਆ ਹੈ। ਅੰਮ੍ਰਿਤਸਰ ਦਾ ਏਕਿਊਆਈ ਪੱਧਰ ਮੁੜ 340 ’ਤੇ ਪੱਜ ਗਿਆ ਹੈ, ਜੋਂ ਕਿ ਬਹੁਤ ਖ਼ਰਾਬ ਸਥਿਤੀ ਦਰਸਾ ਰਿਹਾ ਹੈ। ਇਸ ਤੋਂ ਇਲਾਵਾ ਮੰਡੀ ਗੋਬਿੰਦਗੜ੍ਹ ਦਾ ਏਕਿਊਆਈ ਪੱਧਰ 323 ’ਤੇ ਚੱਲ ਰਿਹਾ ਹੈ ਅਤੇ ਇੱਥੇ ਵੀ ਆਬੋ-ਹਵਾ ਜ਼ਹਿਰੀਲੀ ਬਣੀ ਹੋਈ ਹੈ। ਪਟਿਆਲਾ ਦਾ ਏਕਿਊਆਈ ਪੱਧਰ 250 ਜਦਕਿ ਜਲੰਧਰ ਦਾ ਏਕਿਊਆਈ ਪੱਧਰ 220 ਹੈ ਅਤੇ ਇੱਥੇ ਵੀ ਸਥਿਤੀ ਖਰਾਬ ਬਣੀ ਹੋਈ ਹੈ।

ਲੁਧਿਆਣਾ ਦਾ 218 ਅਤੇ ਬਠਿੰਡਾ ਵਿਖੇ ਏਕਿਊਆਈ ਪੱਧਰ 151 ’ਤੇ ਚੱਲ ਰਿਹਾ ਹੈ। ਜੇਕਰ ਚੰਡੀਗੜ੍ਹ ਦੇ ਹਵਾ ਗੁਣਵਤਾ ਪੱਧਰ ਦੀ ਗੱਲ ਕੀਤੀ ਜਾਵੇ ਤਾਂ ਇੱਥੇ ਏਕਿਊਆਈ ਪੱਧਰ 372 ’ਤੇ ਪੁੱਜ ਗਿਆ ਹੈ ਅਤੇ ਇੱਥੇ ਪੰਜਾਬ ਨਾਲੋਂ ਵੀ ਆਬੋ-ਹਵਾ ਜਹਿਰੀਲੀ ਬਣੀ ਹੋਈ ਹੈ। ਧੁੰਦ ਅਤੇ ਧੂੰਏ ਕਾਰਨ ਚਾਰੇ ਪਾਸੇ ਸਥਿਤੀ ਆਮ ਜਨ ਜੀਵਨ ਲਈ ਖਤਰਨਾਕ ਮੋੜ ਤੇ ਚੱਲ ਰਹੀ ਹੈ। ਵਾਤਾਵਰਨ ’ਚ ਆਏ ਵਿਗਾੜ ਲਈ ਝੋਨੇ ਦੀ ਪਰਾਲੀ ਨੂੰ ਲੱਗ ਰਹੀਆਂ ਅੱਗਾਂ ਨੂੰ ਜਿੰਮੇਵਾਰ ਠਹਿਰਾਇਆ ਜਾ ਰਿਹਾ ਹੈ।

ਦਿੱਲੀ ਦਾ ਸਭ ਤੋਂ ਵੱਧ ਮਾੜਾ ਹਾਲ | Punjab AQI

ਹਵਾ ਗੁਣਵੱਤਾ ਪੱਧਰ ਪੱਖੋਂ ਦਿੱਲੀ ਦੀ ਸਥਿਤੀ ਬੇਹੱਦ ਖ਼ਰਾਬ ਮੋੜ ’ਤੇ ਪੁੱਜੀ ਹੋਈ ਹੈ। ਦਿੱਲੀ ਅੰਦਰ ਹਵਾ ਗੁਣਵੱਤਾ ਪੱਧਰ ਸ਼ਾਮ 5 ਵਜੇ ਦੀ ਰਿਪੋਰਟ ਮੁਤਾਬਿਕ 429 ’ਤੇ ਪੁੱਜ ਗਿਆ ਸੀ ਅਤੇ ਦਿੱਲੀ ਦੇ ਵਸਨੀਕਾਂ ਨੂੰ ਸਾਹ ਲੈਣਾ ਮੁਸ਼ਕਲ ਬਣਿਆ ਹੋਇਆ ਹੈ। ਧੂੰਏ ਅਤੇ ਧੁੰਦ ਕਾਰਨ ਸ਼ਾਮ ਦੁਪਹਿਰ ਤੋਂ ਬਾਅਦ ਹੀ ਸ਼ਾਮ ਵਰਗਾ ਮਹੌਲ ਬਣਿਆ ਹੋਇਆ ਹੈ।

ਹਸਪਤਾਲਾਂ ਅੰਦਰ ਮਰੀਜ਼ਾਂ ਦੀ ਗਿਣਤੀ ਵਧੀ

ਜ਼ਿਲ੍ਹਾ ਐਪੀਡੋਮੋਲੋਜਿਸਟ ਡਾ. ਸੁਮੀਤ ਸਿੰਘ ਦਾ ਕਹਿਣਾ ਹੈ ਕਿ ਹਸਪਤਾਲਾਂ ਅੰਦਰ ਸਾਹ, ਛਾਤੀ, ਦਮੇ, ਅੱਖਾਂ ਆਦਿ ਰੋਗਾਂ ਨਾਲ ਪੀੜਤ ਮਰੀਜ਼ਾਂ ਦੀ ਗਿਣਤੀ ਵਿੱਚ ਵਾਧਾ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਇਹ ਧੰੂੰਆਂ ਬਿਮਾਰ ਬਜ਼ੁਰਗਾਂ ਅਤੇ ਬੱਚਿਆਂ ਲਈ ਜ਼ਿਆਦਾ ਖਤਰਨਾਕ ਹੋ ਰਿਹਾ ਹੈ। ਉਨ੍ਹਾਂ ਅਪੀਲ ਕੀਤੀ ਕਿ ਜੇਕਰ ਕਿਸੇ ਵਿਅਕਤੀ ਖਾਸਕਰ ਸਾਹ ਜਾਂ ਦਮੇ ਦੇ ਮਰੀਜ਼ਾਂ ਵੱਲੋਂ ਬਾਹਰ ਜਾਣਾ ਹੋਵੇ ਤਾ ਮਾਸਕ ਦੀ ਵਰਤੋਂ ਜ਼ਰੂਰ ਕੀਤੀ ਜਾਵੇ।

509 ਥਾਵਾਂ ’ਤੇ ਲੱਗੀ ਪਰਾਲੀ ਨੂੰ ਅੱਗ | Punjab AQI

ਪੰਜਾਬ ਰਿਮੋਟ ਸੈਂਸਿੰਗ ਸੈਂਟਰ ਮੁਤਾਬਿਕ ਸੂਬੇ ਅੰਦਰ ਅੱਜ 509 ਥਾਵਾਂ ’ਤੇ ਝੋਨੇ ਦੀ ਪਰਾਲੀ ਨੂੰ ਅੱਗ ਲਾਈ ਗਈ। ਇਸ ਦੇ ਨਾਲ ਹੀ ਪੰਜਾਬ ਅੰਦਰ ਅੱਗਾਂ ਲਾਉਣ ਦਾ ਕੁੱਲ ਅੰਕੜਾ 7621 ਤੱਕ ਪੁੱਜ ਗਿਆ ਹੈ ਸੂਬੇ ਅੰਦਰ ਅੱਜ ਸਭ ਤੋਂ ਵੱਧ ਅੱਗਾਂ ਫਰੀਦਕੋਟ ਅਤੇ ਫਿਰੋਜ਼ਪੁਰ ਜ਼ਿਲ੍ਹੇ ਵਿੱਚ 91-91 ਥਾਵਾਂ ’ਤੇ ਲੱਗੀਆਂ ਹਨ। ਇਸ ਤੋਂ ਇਲਾਵਾ ਮੋਗਾ ਜ਼ਿਲ੍ਹੇ ਵਿੱਚ 88, ਮੁਕਤਸਰ ਜਿਲ੍ਹੇ ਵਿੱਚ 79 ਅਤੇ ਬਠਿੰਡਾ ਜ਼ਿਲ੍ਹੇ ਵਿੱਚ 50 ਥਾਵਾਂ ’ਤੇ ਝੋਨੇ ਦੀ ਪਰਾਲੀ ਨੂੰ ਅੱਗ ਲਾਈ ਗਈ ਹਨ। ਤਰਨਤਾਰਨ ਜ਼ਿਲ੍ਹੇ ਵਿੱਚ 40 , ਮਾਨਸਾ ਜ਼ਿਲ੍ਹੇ ਵਿੱਚ 24, ਫਾਜ਼ਿਲਕਾ ਜ਼ਿਲ੍ਹੇ ਵਿੱਚ 14 ਅਤੇ ਹੋਰਨਾਂ ਜ਼ਿਲ੍ਹਿਆਂ ਵਿੱਚ ਵੀ ਪਰਾਲੀ ਨੂੰ ਅੱਗ ਲਾਉਣ ਦੀਆਂ ਘਟਨਾਵਾਂ ਸ਼ਾਮਲ ਹਨ। ਮੁੱਖ ਮੰਤਰੀ ਦੇ ਜ਼ਿਲ੍ਹੇ ਸੰਗਰੂਰ ਵਿੱਚ ਰਿਮੋਟ ਕੰਟਰੋਲ ਸੈਂਸਿਗ ਮੁਤਾਬਕ ਸਿਰਫ ਸੱਤ ਥਾਵਾਂ ’ਤੇ ਹੀ ਝੋਨੇ ਦੀ ਪਰਾਲੀ ਨੂੰ ਅੱਗ ਲਾਈ ਗਈ ਹੈ।